ਰਸਾਇਣ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗੀ
ਇੱਥੇ ਜੀ ਟੀ ਰੋਡ ’ਤੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਜੀ ਟੀ ਰੋਡ ਪੁਲ ’ਤੇ ਜਾ ਰਹੇ ਕੈਮੀਕਲ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ਬੁਝਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਇੱਕ ਰਾਹਗੀਰ ਸੰਤੋਖ ਸਿੰਘ ਨੇ ਦਫ਼ਤਰ ਵਿੱਚ ਪਹੁੰਚ ਕੇ ਸੂਚਨਾ ਦਿੱਤੀ ਕਿ ਜੀ ਟੀ ਰੋਡ ਸਾਹਮਣੇ ਓਹਰੀ ਟਾਵਰ ਪੁੱਲ ’ਤੇ ਇੱਕ ਟਰੱਕ ਨੂੰ ਅੱਗ ਲੱਗੀ ਹੋਈ ਹੈ। ਇਹ ਸੂਚਨਾ ਮਿਲਣ ’ਤੇ ਉਨ੍ਹਾਂ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਪਵਨ ਕੁਮਾਰ ਦੇ ਦੱਸਣ ਮੁਤਾਬਕ ਟਰੱਕ ਦੇ ਕੈਬਿਨ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਟਰੱਕ ’ਚ ਬਹੁਤ ਹੀ ਖ਼ਤਰਨਾਕ ਰਸਾਇਣ ਭਰਿਆ ਹੋਇਆ ਸੀ ਜੋ ਡੇਰਾ ਬੱਸੀ ਤੋਂ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜੇ ਟਰੱਕ ’ਚ ਪਏ ਕੈਮੀਕਲ ਤੱਕ ਅੱਗ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵੀ ਪੁਰਾਣੇ ਮਾਡਲ ਦਾ ਹੈ ਤੇ ਉਸ ਦੀ ਹਾਲਤ ਵੀ ਖ਼ਸਤਾ ਹੈ।