ਪਠਾਨਕੋਟ ‘ਚ ਆਰਪੀ ਸ਼ਰਮਾ ਨੂੰ ਭਰਵੇਂ ਇਕੱਠ ਨੇ ਦਿੱਤੀ ਅੰਤਿਮ ਵਿਦਾਈ
ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰਪੀ ਸ਼ਰਮਾ (63) ਦਾ ਅੱਜ ਇੱਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਿਆਸਤ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ ਜੁੜੀਆਂ ਅਹਿਮ ਸਖਸ਼ੀਅਤਾਂ, ਸਨੇਹੀਆਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਨਮ ਅੱਖਾਂ ਨਾਲ ਆਰਪੀ ਸ਼ਰਮਾ ਨੂੰ ਅੰਤਿਮ ਵਿਦਾਈ ਦਿੱਤੀ।
ਅੰਤਿਮ ਸੰਸਕਾਰ ’ਚ ਭਾਰਤੀ ਜਨਤਾ ਪਾਰਟੀ ਦੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠਨ ਦੇ ਪ੍ਰਦੇਸ਼ ਜਨਰਲ ਸਕੱਤਰ ਸ਼੍ਰੀਨਿਵਾਸੂਲੂ, ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੇਂਦਰੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਤੇ ਘੱਟ ਗਿਣਤੀਆਂ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਤੇ ਸਤੀਸ਼ ਕੁਮਾਰ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਤੇ ਸ਼ਵੇਤ ਮਲਿਕ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁਰਜੀਤ ਜਿਆਨੀ ਤੇ ਤੀਕਸ਼ਣ ਸੂਦ, ਸਾਬਕਾ ਮੁੱਖ ਸੰਸਦੀ ਸਕੱਤਰ ਕੇਡੀ ਭੰਡਾਰੀ, ਜਗਦੀਪ ਸਿੰਘ ਨਕਈ ਅਤੇ ਮਹਿੰਦਰ ਕੌਰ ਜੋਸ਼ ਵੀ ਸ਼ਾਮਲ ਹੋਏ ।
ਇਸ ਤੋਂ ਇਲਾਵਾ ਭਾਜਪਾ ਕੋਰ ਕਮੇਟੀ ਮੈਂਬਰ ਕੇਵਲ ਢਿੱਲੋਂ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਵਿਧਾਇਕ ਜਗਵੀਰ ਬਰਾੜ, ਬਲਵਿੰਦਰ ਸਿੰਘ ਲਾਡੀ, ਹਰਮਿੰਦਰ ਜੱਸੀਆਂ ਤੇ ਸੀਮਾ ਕੁਮਾਰੀ, ਕੋਰ ਕਮੇਟੀ ਮੈਂਬਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਾਕੇਸ਼ ਰਾਠੌਰ ਤੇ ਜਗਮੋਹਨ ਰਾਜੂ, ਸੂਬਾ ਸਕੱਤਰ ਸੂਰਜ ਭਾਰਦਵਾਜ ਤੇ ਰਾਕੇਸ਼ ਸ਼ਰਮਾ, ਅਦਾਕਾਰ ਹੌਬੀ ਧਾਲੀਵਾਲ, ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ, ਬੁਲਾਰੇ ਯੋਗੇਸ਼ ਠਾਕੁਰ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਜ਼ਿਲ੍ਹਾ ਪ੍ਰਧਾਨ ਪਠਾਨਕੋਟ ਸੁਰੇਸ਼ ਸ਼ਰਮਾ, ਅਨਿਲ ਰਾਮਪਾਲ, ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿੱਜ ਤੇ ਮੇਅਰ ਪੰਨਾ ਲਾਲ ਭਾਟਂੀਆ ਆਦਿ ਆਗੂ ਸ਼ਾਮਲ ਹੋਏ।
ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਨੇ ਅਸ਼ਵਨੀ ਸ਼ਰਮਾ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਆਰ.ਪੀ. ਸ਼ਰਮਾ ਇੱਕ ਸਾਦਗੀ ਪਸੰਦ, ਇਮਾਨਦਾਰ ਅਤੇ ਮਿਲਣਸਾਰ ਵਿਅਕਤੀ ਸਨ। ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲੋਕਾਂ ਦੀ ਭਲਾਈ ਲਈ ਸਮਰਪਿਤ ਰਹੀ।
ਉਨ੍ਹਾਂ ਦੇ ਦੇਹਾਂਤ ਨਾਲ ਪਠਾਨਕੋਟ ਹੀ ਨਹੀਂ, ਸਗੋਂ ਸਾਰੇ ਸੂਬੇ ਨੇ ਇਕ ਸੱਚਾ ਸਮਾਜ ਸੇਵਕ ਗੁਆ ਦਿੱਤਾ ਹੈ। ਉਨ੍ਹਾਂ ਦੀ ਸਾਦਗੀ ਅਤੇ ਲੋਕ ਭਲਾਈ ਦੀ ਭਾਵਨਾ ਲੋਕਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ।
ਜ਼ਿਕਰਯੋਗ ਹੈ ਕਿ ਆਰਪੀ ਸ਼ਰਮਾ ਪਿਛਲੇ ਕੁੱਝ ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਸਨ, ਜਿੱਥੇ 28 ਅਗਸਤ ਦੀ ਸਵੇਰ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਏ।