ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਬੀ ਡੀ ਪੀ ਓ ਨੂੰ ਮਿਲਿਆ
ਪੇਂਡੂ ਮਜ਼ਦੂਰ ਯੂਨੀਅਨ ਦੇ ਵਫ਼ਦ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਹਿਤਪੁਰ ਨੂੰ ਮੰਗ ਪੱਤਰ ਦੇ ਕੇ ਮਨਰੇਗਾ ਕਾਮਿਆਂ ਨੂੰ 100 ਦਿਨ ਦਾ ਰੁਜ਼ਗਾਰ, ਉਨ੍ਹਾਂ ਦੇ ਪਿਛਲੇ ਬਕਾਏ ਦੇਣ, ਮਨਰੇਗਾ ਦਾ ਕੰਮ ਕਰਵਾਉਣ ਲਈ ਨਿਯੁਕਤ ਕੀਤੀਆਂ ਮੇਟਾਂ ਨੂੰ ਸਿੱਖਿਅਤ ਕਾਮਿਆਂ ਵਾਲੀ ਉਜ਼ਰਤ ਦੇਣ, ਅਤੇ ਹੜ੍ਹਾਂ ਅਤੇ ਬਾਰਸ਼ਾਂ ਨਾਲ ਗਾਡਰ/ਬਾਲਿਆਂ ਵਾਲੀਆਂ ਨੁਕਸਾਨੀਆਂ ਛੱਤਾਂ ਨੂੰ ਬਦਲਣ ਵਾਸਤੇ ਸਰਕਾਰੀ ਐਲਾਨ ਮੁਤਾਬਕ ਗਰਾਂਟਾਂ ਦੇਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਲੋੜਵੰਦ ਗ਼ਰੀਬਾਂ ਵੱਲੋਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਭੇਜੀਆਂ ਪਹਿਲੀਆਂ ਦਰਖਸਾਤਾਂ ’ਤੇ ਅਮਲ ਕਰਕੇ ਜੇਕਰ ਗਾਡਰ/ਬਾਲਿਆਂ ਵਾਲੇ ਗ਼ਰੀਬਾਂ ਨੂੰ ਗਰਾਂਟਾਂ ਜਾਰੀ ਕਰ ਦਿੰਦੀ ਤਾਂ ਬਾਰਸ਼ਾਂ ਦੌਰਾਨ ਗ਼ਰੀਬਾਂ ਦੇ ਘਰਾਂ ਦਾ ਇੰਨ੍ਹਾਂ ਵੱਡਾ ਨੁਕਸਾਨ ਨਹੀ ਹੋਣਾ ਸੀ। ਸਰਵੇ ਟੀਮਾਂ ਵੱਲੋਂ ਅਜੇ ਤੱਕ ਨੁਕਸਾਨੇ ਘਰਾਂ ਦਾ ਸਰਵਾ ਸ਼ੁਰੂ ਨਾ ਕਰਨ ਦੀ ਨਿਖੇਧੀ ਕਰਦਿਆ ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਸੰਘਰਸ਼ ਦੇ ਮੈਦਾਨ ਵਿਚ ਆਉਣਗੇ। ਇਸ ਮੌਕੇ ਵਿਜੇ ਬਾਠ, ਬਖ਼ਸ਼ੋੋ ਕਰਸੈਦਪੁਰ, ਹਰਵਿੰਦਰ ਕੌਰ, ਬਖ਼ਸ਼ੋੋ ਮੰਡਿਆਲਾ, ਪੂਜਾ, ਸੋਮਾ ਰਾਣੀ ਅਤੇ ਜਸਵਿੰਦਰ ਕੌਰ ਹਾਜ਼ਰ ਸਨ।