ਗੇਟ ’ਚ ਕੂੜਾ ਤੇ ਮਰੇ ਪਸ਼ੂ ਫਸਣ ਕਾਰਨ ਨਿੱਝਰਾਂ ਨੇੜੇ ਨਹਿਰ ’ਚ ਪਾੜ ਪਿਆ
ਨਹਿਰੀ ਵਿਭਾਗ ਨੇ ਕਥਿਤ ਤੌਰ ’ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਪਿੰਡ ਦੇ ਸਰਪੰਚ ਨੂੰ ਨਹਿਰ ਟੁੱਟਣ ਦਾ ਦੋਸ਼ੀ ਬਣਾ ਕੇ ਲਾਂਬੜਾ ਪੁਲੀਸ ਨੂੰ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਹੈ। ਇਸ ਕਾਰਨ ਪਿੰਡ ਦੀ ਪੰਚਾਇਤ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਪਿੰਡ ਨਿੱਝਰਾਂ ਦੇ ਕਿਸਾਨ ਮੁਕੰਦ ਸਿੰਘ, ਜਿਸ ਦਾ ਨਹਿਰ ਦੇ ਕੋਲ ਹੀ ਡੇਰਾ ਹੈ, ਨੂੰ ਸਵੇਰੇ ਪਸ਼ੂਆਂ ਨੂੰ ਪਾਣੀ ਪਿਲਾ ਕੇ ਮੁੜਨ ਵੇਲੇ ਪੁੱਲ ਨੇੜੇ ਪਏ ਪਾੜ ਦਾ ਪਤਾ ਲੱਗਿਆ ਸੀ। ਉਸ ਨੇ ਨਹਿਰ ਦੇ ਗੇਟ ਨੂੰ ਖਾਲੀ ਕਰਵਾਉਣ ਲਈ ਫੋਨ ’ਤੇ ਮਾਮਲਾ ਵਿਭਾਗ ਦੇ ਬੇਲਦਾਰ ਦੇ ਧਿਆਨ ਵਿੱਚ ਲਿਆਂਦਾ। ਨਹਿਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਲੱਲੀਆਂ ਕਲਾਂ ਵਾਲੇ ਪਾਸੇ ਝੋਨੇ ਦੀ ਪੱਕੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ।
ਮੌਕੇ ’ਤੇ ਪਹੁੰਚੇ ਪਿੰਡ ਨਿੱਝਰਾਂ ਦੇ ਸਰਪੰਚ ਹਰਨੇਕ ਸਿੰਘ ਨੇ ਨਹਿਰ ਟੁੱਟਣ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਸਰਪੰਚ ਦੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਕਥਿਤ ਬਹਿਸ ਤੋਂ ਖਫ਼ਾ ਹੋਏ ਅਧਿਕਾਰੀਆ ਨੇ ਪੁਲੀਸ ਵਿੱਚ ਸ਼ਿਕਾਇਤ ਦੇਣ ਦੀ ਗੱਲ ਕਹਿ ਦਿੱਤੀ ਸੀ। ਵਿਭਾਗ ਵੱਲੋਂ ਸ਼ਿਕਾਇਤ ਹੋਣ ਦੀ ਪੁਸ਼ਟੀ ਥਾਣਾ ਲਾਂਬੜਾ ਤੋਂ ਮੌਕੇ ’ਤੇ ਪੁੱਜੇ ਏਐੱਸਆਈ ਬਲਜਿੰਦਰ ਸਿੰਘ ਨੇ ਕੀਤੀ ਹੈ।
ਇਸ ਸਬੰਧੀ ਪਿੰਡ ਦੇ ਆਲੂ ਉਤਪਾਦਕ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਨਿੱਝਰ ਨੇ ਕਿਹਾ ਕਿ ਨਹਿਰ ਟੁੱਟਣ ਲਈ ਵਿਭਾਗ ਵੱਲੋਂ ਪਿੰਡ ਦੇ ਸਰਪੰਚ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦ ਕਿ ਪੰਚਾਇਤ ਦਾ ਨਹਿਰ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਵਿਭਾਗ ਦੇ ਉੱਚ ਅਧਿਕਾਰੀ ਹੀ ਕਥਿਤ ਜ਼ਿੰਮੇਵਾਰ ਹਨ। ਸਰਪੰਚ ਹਰਨੇਕ ਸਿੰਘ ਨਿੱਝਰ ਨੇ ਕਿਹਾ ਕਿ ਸ਼ਹਿਰ ਵੱਲੋਂ ਆਉਂਦੇ ਕੂੜੇ-ਕਰਕਟ ਅਤੇ ਮਰੇ ਹੋਏ ਪਸ਼ੂ ਗੇਟ ਵਿੱਚ ਫਸ ਜਾਂਦੇ ਹਨ। ਇਸ ਨੂੰ ਬੇਲਦਾਰ ਵੱਲੋਂ ਕੱਢ ਕੇ ਨਹਿਰ ਦੇ ਕੰਢਿਆਂ ’ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਹਿਰ ਦੀ ਦੇਖ-ਰੇਖ ਕਰਦੇ ਬੇਲਦਾਰ ਲੱਖਾ ਖੀਵਾ ਨੇ ਦੱਸਿਆ ਕਿ ਗੁਰਮੇਲ ਸਿੰਘ ਹੁਣਾਂ ਦੀ ਸੂਚਨਾ ਮਗਰੋਂ ਉਹ ਮੌਕੇ ’ਤੇ ਪਹੁੰਚੇ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਸਲਾ ਲਿਆਂਦਾ ਤਾਂ ਕਿ ਲੋੜੀਂਦੇ ਕਦਮ ਜਲਦੀ ਚੁੱਕੇ ਜਾ ਸਕਣ।