ਸਾਈਬਰ ਠੱਗ ਗਰੋਹ ਦੇ 39 ਮੈਂਬਰ ਕਾਬੂ
ਸਾਈਬਰ ਸੈੱਲ ਕਪੂਰਥਲਾ ਨੇ ਪਲਾਹੀ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਲੋਕਾਂ ਨਾਲ ਸਾਈਬਰ ਠੱਗੀ ਮਾਰਨ ਵਾਲੇ ਗਰੋਹ ਦੇ 39 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਲੈਪਟਾਪ, ਮੋਬਾਈਲ ਫ਼ੋਨ ਤੇ ਨਕਦੀ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਮੁਤਾਬਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਲਾਹੀ ਰੋਡ ’ਤੇ ਸਥਿਤ ਇਕ ਹੋਟਲ ਵਿੱਚ ਸਾਈਬਰ ਧੋਖਾਧੜੀ ਦਾ ਕੌਮਾਂਤਰੀ ਪੱਧਰ ਦਾ ਗਰੋਹ ਚੱਲ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਦੇਰ ਰਾਤ ਪੁਲੀਸ ਨੇ ਛਾਪਾ ਮਾਰਿਆ। ਇਸ ਦੌਰਾਨ ਹੋਟਲ ’ਚੋਂ 39 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚ ਛੇ ਮਹਿਲਾਵਾਂ ਵੀ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸਨ। ਮੁਲਜ਼ਮਾਂ ਕੋਲੋਂ 40 ਲੈਪਟਾਪ, 67 ਮੋਬਾਈਲ ਫ਼ੋਨ ਅਤੇ 10 ਲੱਖ ਰੁਪਏ ਬਰਾਮਦ ਕੀਤੇ ਗਏ। ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਪੁਲੀਸ ਵਲੋਂ ਫਗਵਾੜਾ ਪੁਲੀਸ ਦੀ ਸਾਂਝੀ ਟੀਮ ਨਾਲ ਕਈ ਘੰਟਿਆਂ ਤੱਕ ਇਹ ਅਪਰੇਸ਼ਨ ਚਲਾਇਆ ਗਿਆ।
ਪੁਲੀਸ ਵਲੋਂ ਇਸ ਸਬੰਧ ’ਚ ਸਾਈਬਰ ਅਪਰਾਧ ਸ਼ਾਖਾ ਕਪੂਰਥਲਾ ਵਿੱਚ ਭਾਰਤੀ ਨਿਆਂ ਸੰਹਿਤਾ ਤੇ ਆਈ ਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ ਵਾਸੀ ਮੁਹੱਲਾ ਗੁਜਰਾਤੀਆਂ ਜੋ ਕਿ ਇਸ ਹੋਟਲ ਨੂੰ ਲੀਜ਼ ’ਤੇ ਲੈ ਕੇ ਚਲਾ ਰਿਹਾ ਸੀ, ਨੇ ਹੋਟਲ ਦੀ ਪਹਿਲੀ ਮੰਜ਼ਿਲ ’ਤੇ ਕਾਲ ਸੈਂਟਰ ਬਣਾਇਆ ਹੋਇਆ ਸੀ।
ਇਸ ਕਾਲ ਸੈਂਟਰ ਰਾਹੀਂ ਇਹ ਗਰੋਹ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨਾਲ ਸਾਫ਼ਟਵੇਅਰ ਸੋਲਿਊਸ਼ਨ ਮੁਹੱਈਆ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਕਰ ਰਿਹਾ ਸੀ। ਇਨ੍ਹਾਂ ਦੇ ਲੈਣ-ਦੇਣ ਮੁੱਖ ਤੌਰ ’ਤੇ ਬਿਟਕੁਆਇਨ ਰਾਹੀਂ ਹੁੰਦੇ ਸਨ ਤੇ ਹਵਾਲਾ ਚੈਨਲਾਂ ਰਾਹੀਂ ਵੀ ਪੈਸੇ ਟਰਾਂਸਫਰ ਕੀਤੇ ਜਾਂਦੇ ਸਨ।