ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ ਭੇਟ
ਹਰਦਮ ਮਾਨ
ਸਰੀ: ਬੀਤੇ ਦਿਨ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵੈਨਕੂਵਰ ਖੇਤਰ ਦੇ ਲੇਖਕਾਂ, ਕਲਾਕਾਰਾਂ ਅਤੇ ਕਲਾ ਦੇ ਪ੍ਰਸੰਸਕਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੇ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੂੰ ਅਕੀਦਤ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਵੈਨਕੂਵਰ ਵਿਚਾਰ ਮੰਚ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸੱਦੇ ’ਤੇ ਪਹੁੰਚੇ ਕਲਾ-ਪ੍ਰੇਮੀਆਂ ਨੇ ਜਰਨੈਲ ਸਿੰਘ ਆਰਟਿਸਟ ਨਾਲ ਆਪਣੀ ਸਾਂਝ ਅਤੇ ਯਾਦਾਂ ਤਾਜ਼ੀਆਂ ਕੀਤੀਆਂ। ਇਸ ਇਕੱਤਰਤਾ ਵਿੱਚ ਮਰਹੂਮ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ ਪਨੇਸਰ, ਬੇਟੀ ਨੀਤੀ ਸਿੰਘ ਅਤੇ ਬੇਟਾ ਜੁਝਾਰ ਸਿੰਘ ਵੀ ਸ਼ਾਮਲ ਹੋਏ।
ਸ਼ਾਇਰ ਮੋਹਨ ਗਿੱਲ ਨੇ ਸਭਨਾਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨਾਲ ਆਪਣੀਆਂ ਆਖਰੀ ਮੁਲਾਕਾਤਾਂ ਅਤੇ ਮਹਿਫ਼ਿਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਦਾ ਬੇਵਕਤ ਚਲੇ ਜਾਣਾ ਸਮੁੱਚੇ ਪੰਜਾਬੀ ਜਗਤ ਲਈ ਨਾ ਪੂਰਿਆ ਜਾਣ ਵਾਲਾ ਖੱਪਾ ਹੈ। ਉਸ ਨੇ ਆਪਣੀਆਂ ਕਲਾਕ੍ਰਿਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਵਿਸ਼ੇਸ਼ ਕਰ ਕੇ ਸਿੱਖ ਇਤਿਹਾਸ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ। ਬੇਸ਼ੱਕ ਉਹ ਸਰੀਰਕ ਤੌਰ ’ਤੇ ਅਦਿੱਖ ਹੋ ਗਿਆ ਹੈ, ਪਰ ਆਪਣੀਆਂ ਕ੍ਰਿਤਾਂ ਰਾਹੀਂ ਉਹ ਪੰਜਾਬੀਆਂ ਦੇ ਹਿਰਦਿਆਂ ਵਿੱਚ ਹਮੇਸ਼ਾਂ ਵਸਦਾ ਰਹੇਗਾ।
ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਆਪਣੇ ਗੂੜ੍ਹੇ ਮਿੱਤਰ ਨੂੰ ਯਾਦ ਕਰਦਿਆਂ ਉਸ ਨਾਲ ਆਪਣੀ ਪਹਿਲੀ ਮਿਲਣੀ ਤੋਂ ਲੈ ਕੇ ਲੰਮਾਂ ਸਮਾਂ ਰਹੀ ‘ਦੋ ਜਰਨੈਲਾਂ ਦੀ ਜੋੜੀ’ ਤੱਕ ਦਾ ਸਫ਼ਰ ਬਹੁਤ ਹੀ ਭਾਵੁਕ ਲਫ਼ਜ਼ਾਂ ਰਾਹੀਂ ਬਿਆਨ ਕੀਤਾ। ਉਸ ਨੇ ਕਿਹਾ ਕਿ ਚਿੱਤਰ ਕਲਾ ਉਸ ਨੂੰ ਵਿਰਸੇ ਵਿੱਚ ਹੀ ਮਿਲੀ। ਉਸ ਦੇ ਪਿਤਾ ਕ੍ਰਿਪਾਲ ਸਿੰਘ ਮਹਾਨ ਚਿੱਤਰਕਾਰ ਸਨ ਜਿਨ੍ਹਾਂ ਨੇ ਆਪਣੇ ਚਿੱਤਰਾਂ ਰਾਹੀਂ ਸਿੱਖ ਇਤਿਹਾਸ ਨੂੰ ਰੂਪਮਾਨ ਕਰ ਕੇ ਪੰਜਾਬੀ ਜਗਤ ਵਿੱਚ ਨਾਮਣਾ ਖੱਟਿਆ। ਜਰਨੈਲ ਸਿੰਘ ਆਰਟਿਸਟ ਦੇ ਦਾਦਾ ਵੀ ਬਹੁਤ ਵੱਡੇ ਨੱਕਾਸ਼ ਸਨ ਅਤੇ ਉਨ੍ਹਾਂ ਦੀ ਕਲਾ ਅੱਜ ਵੀ ਪੰਜਾਬ ਵਿੱਚ ਪੁਰਾਣੇ ਦਰਵਾਜ਼ਿਆਂ ’ਤੇ ਦੇਖੀ ਜਾ ਸਕਦੀ ਹੈ।
ਅੰਗਰੇਜ਼ ਬਰਾੜ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਕਿਹਾ ਕਿ ਜਰਨੈਲ ਸਿੰਘ ਮਹਾਨ ਚਿੱਤਰਕਾਰ ਹੋਣ ਦੇ ਨਾਲ ਨਾਲ ਬਹੁਤ ਨਿਮਰ ਤੇ ਦਰਵੇਸ਼ ਇਨਸਾਨ ਸੀ। ਉਸ ਨੂੰ ਸਿਰਫ਼ ਚਿੱਤਰਕਲਾ ਵਿੱਚ ਹੀ ਮੁਹਾਰਤ ਨਹੀਂ ਸੀ ਸਗੋਂ ਸਾਹਿਤ, ਪੱਤਰਕਾਰੀ ਅਤੇ ਫਿਲਮਾਂ ਬਾਰੇ ਵੀ ਉਹ ਬੜੀ ਪਰਿਪੱਕ ਸੂਝ ਰੱਖਦਾ ਸੀ। ਐਡਵੋਕੇਟ ਰਾਜਵੀਰ ਢਿੱਲੋਂ ਨੇ ਕਿਹਾ ਕਿ ਜਰਨੈਲ ਸਿੰਘ ਦੀ ਕਲਾ, ਸ਼ਖ਼ਸੀਅਤ, ਨਿਮਰ ਸੁਭਾਅ ਅਤੇ ਉਸ ਦੀ ਸਮਾਜਿਕ ਸ਼ੈਲੀ ਤੋਂ ਉਸ ਨੇ ਬਹੁਤ ਕੁਝ ਗ੍ਰਹਿਣ ਕੀਤਾ। ਸ਼ਾਇਰ ਅਜਮੇਰ ਰੋਡੇ, ਗੁਰਨਾਮ ਥਾਂਦੀ, ਬਿੱਲਾ ਤੱਖੜ ਅਤੇ ਪਰਮਜੀਤ ਸੇਖੋਂ ਨੇ ਜਰਨੈਲ ਸਿੰਘ ਦੀ ਹਲੀਮੀ ਅਤੇ ਉਸ ਦੀ ਕਾਰਜ ਵਿਧੀ ਬਾਰੇ ਗੱਲ ਕੀਤੀ। ਸਰਵਣ ਸਿੰਘ ਰੰਧਾਵਾ ਅਤੇ ਸਰਬਜੀਤ ਕੌਰ ਰੰਧਾਵਾ ਨੇ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਅਤੇ ਉਸ ਦੀਆਂ ਕਲਾਕ੍ਰਿਤਾਂ ਨੂੰ ਕਿਤਾਬੀ ਰੂਪ ਦੇਣ ਦਾ ਸੁਝਾਅ ਦਿੱਤਾ ਅਤੇ ਉਸ ਦੀਆਂ ਕ੍ਰਿਤਾਂ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਵਿੱਚ ਲਾਉਣ ਲਈ ਆਪਣੀਆਂ ਸੇਵਾਵਾਂ ਦੇਣ ਦੀ ਗੱਲ ਕਹੀ। ਸ਼ਾਇਰ ਰਾਜਵੰਤ ਰਾਜ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਹਰ ਤਰ੍ਹਾਂ ਦੀ ਸੁਸਾਇਟੀ ਵਿੱਚ ਹਰਮਨ ਪਿਆਰਾ ਸੀ।
ਸਤੀਸ਼ ਗੁਲਾਟੀ ਨੇ ਕਿਹਾ ਕਿ ਜਰਨੈਲ ਸਿੰਘ ਅੱਜ ਵੀ ਆਪਣੇ ਸਦੀਵੀ ਚਿੱਤਰਾਂ ਨਾਲ ਸਾਡੇ ਵਿੱਚ ਮੌਜੂਦ ਹੈ। ਬਖਸ਼ਿੰਦਰ ਨੇ ਕਿਹਾ ਕਿ ਜਿਸ ਤਰ੍ਹਾਂ ਜਰਨੈਲ ਸਿੰਘ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅਗਾਂਹ ਤੋਰਿਆ, ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਬੇਟੀ ਨੀਤੀ ਸਿੰਘ ਵੀ ਇਹ ਜ਼ਿੰਮੇਵਾਰੀ ਨਿਭਾਏਗੀ।
ਸ਼ਾਇਰ ਇੰਦਰਜੀਤ ਧਾਮੀ, ਅਸ਼ੋਕ ਭਾਰਗਵ, ਗੁਰਲੀਨ ਕੌਰ, ਗੁਰਦੀਪ ਸਿੰਘ ਭੁੱਲਰ, ਚਮਕੌਰ ਸਿੰਘ ਸੇਖੋਂ, ਸੁਰਜੀਤ ਸਿੰਘ ਬਾਠ, ਮੂਰਤੀਕਾਰ ਪਰਵਿੰਦਰ ਸਿੰਘ ਰਾਏਕੋਟੀ, ਸੁਖਜੀਤ ਕੌਰ, ਬਲਬੀਰ ਸਿੰਘ ਸੰਘਾ, ਸੁਰਜੀਤ ਕਲਸੀ, ਅਵਨੀਤ ਤੇਜਾ, ਅਵਤਾਰ ਤਾਰੀ, ਪਰਮਿੰਦਰ ਸਵੈਚ, ਰਾਜਿੰਦਰ ਸਿੰਘ ਪੰਧੇਰ, ਤਰਲੋਚਨ ਤਰਨ ਤਾਰਨ, ਮੀਨੂੰ ਬਾਵਾ, ਬਿੰਦੂ ਮਠਾੜੂ ਅਤੇ ਅਮਰਜੀਤ ਕੌਰ ਸ਼ਾਂਤ ਨੇ ਮਹਾਨ ਆਰਟਿਸਟ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਆਪਣੇ ਚਿੱਤਰਾਂ ਰਾਹੀਂ ਹਮੇਸ਼ਾਂ ਸਾਡੇ ਦਿਲਾਂ ਵਿੱਚ ਧੜਕਦਾ ਰਹੇਗਾ। ਅੰਤ ਵਿੱਚ ਮੋਹਨ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਪ੍ਰਕਾਸ਼ਿਤ ਕਰਨ, ਉਸ ਦੀਆਂ ਕਲਾਕ੍ਰਿਤੀਆਂ ਨੂੰ ਪੁਸਤਕ ਅਤੇ ਡਿਜੀਟਲ ਰੂਪ ਦੇਣ ਦਾ ਕਾਰਜ ਜਲਦੀ ਹੀ ਕੀਤਾ ਜਾਵੇਗਾ। ਜਰਨੈਲ ਸਿੰਘ ਪਤਨੀ ਬਲਜੀਤ ਕੌਰ ਪਨੇਸਰ, ਬੇਟੀ ਨੀਤੀ ਸਿੰਘ ਅਤੇ ਬੇਟੇ ਜੁਝਾਰ ਸਿੰਘ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਭ ਦਾ ਸ਼ੁਕਰਾਨਾ ਕੀਤਾ। ਨੀਤੀ ਸਿੰਘ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਕਾਰਜ ਨੂੰ ਨਿਰਵਿਘਨ ਜਾਰੀ ਰੱਖੇਗੀ।
ਸੰਪਰਕ: 1 604 308 6663