ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਾਇਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ

ਕੈਲਗਰੀ: ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ।...
Advertisement

ਕੈਲਗਰੀ: ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘ ਸਹੋਤਾ, ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ। ਨੀਰ ਵੱਲੋਂ ਰਚੀਆਂ ਗਈਆਂ ਗ਼ਜ਼ਲਾਂ ਅਤੇ ਨਜ਼ਮਾਂ ਦੀ ਪੇਸ਼ਕਾਰੀ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਜਗਦੇਵ ਸਿੱਧੂ ਨੇ ਕਾਰਵਾਈ ਸ਼ੁਰੂ ਕੀਤੀ।

ਜਸਵੰਤ ਸਿੰਘ ਸੇਖੋਂ ਨੇ ਆਪਣੀ ਲਿਖੀ ਕਵਿਤਾ ‘ਕਵੀਸ਼ਰੀ ਰੰਗ’ ਵਿੱਚ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ ਬਾਠ, ਸੁਖਵਿੰਦਰ ਤੂਰ, ਜਰਨੈਲ ਤੱਗੜ, ਸੁਖਮੰਦਰ ਗਿੱਲ, ਹਰਮਿੰਦਰ ਪਾਲ ਸਿੰਘ ਅਤੇ ਡਾ. ਜੋਗਾ ਸਿੰਘ ਸਹੋਤਾ ਨੇ ਨੀਰ ਦੀਆਂ ਗ਼ਜ਼ਲਾਂ ਦੀ ਗਾਇਕੀ ਨਾਲ ਦਰਸ਼ਕਾਂ ਨੂੰ ਸੰਮੋਹਿਤ ਕੀਤਾ। ਹਰੇਕ ਨੇ ਗ਼ਜ਼ਲਾਂ ਨੂੰ ਆਪਣੇ ਨਿਵੇਕਲੇ ਲਹਿਜੇ ਅਤੇ ਕਮਾਲ ਦੇ ਅੰਦਾਜ਼ ਵਿੱਚ ਪੇਸ਼ ਕੀਤਾ ਅਤੇ ਹਰੇਕ ਵੰਨਗੀ ਨੇ ਦਰਸ਼ਕਾਂ ਨੂੰ ਵੱਖਰਾ ਸਰੂਰ ਦਿੱਤਾ। ਤਰਲੋਚਨ ਸੈਂਹਬੀ ਦੀ ਬੁਲੰਦ ਆਵਾਜ਼ ਨੇ ਗਾਇਕੀ ਦਾ ਜਾਦੂ ਬਿਖੇਰ ਦਿੱਤਾ। ਸਰਦੂਲ ਸਿੰਘ ਲੱਖਾ ਨੇ ਕਿਹਾ ਕਿ ਨੀਰ ਜਗਰਾਉਂ ਸਾਹਿਤ ਸਭਾ ਦੀ ਬਗੀਚੀ ਦਾ ਟੀਸੀ ਦਾ ਬੇਰ ਸੀ। ਜਗਰਾਉਂ ਸਾਹਿਤ ਸਭਾ ਲਈ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਸਵੀਰ ਸਿਹੋਤਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਨੀਰ ਦੀ ਸ਼ਖ਼ਸੀਅਤ ਨੂੰ ਉਜਾਗਰ ਕੀਤਾ। ਸੁਰਜੀਤ ਸਿੰਘ ਹੇਅਰ, ਡਾ. ਸੇਵਾ ਸਿੰਘ ਪ੍ਰੇਮੀ, ਸਵਰਨ ਸਿੰਘ ਧਾਲੀਵਾਲ ਅਤੇ ਗੁਰਚਰਨ ਕੌਰ ਥਿੰਦ ਨੇ ਨੀਰ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਦੁੱਤੀ ਸ਼ਖ਼ਸੀਅਤ ਸਨ ਜੋ ਆਪਣੀਆਂ ਲਿਖਤਾਂ ਰਾਹੀਂ ਅਮਰ ਰਹਿਣਗੇ। ਉਨ੍ਹਾਂ ਨੇ ਨੀਰ ਦੁਆਰਾ ਸਮਾਜ ਸੇਵਾ, ਅਧਿਆਪਨ, ਜਨਤਕ ਘੋਲਾਂ ਅਤੇ ਸਾਹਿਤਕ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ।

Advertisement

ਸਤਨਾਮ ਢਾਅ ਨੇ ਨੀਰ ਬਾਰੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਉਹ ਅਰਪਨ ਲਿਖਾਰੀ ਸਭਾ ਦੇ ਮੋਢੀ ਸਨ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੈਲਗਰੀ ਦੇ ਸਾਹਿਤਕ ਭਾਈਚਾਰੇ ਵਿੱਚੋਂ ਇਕੱਲੇ ਹੀ ਅਜਿਹੇ ਸਾਹਿਤਕਾਰ ਸਨ ਜਿਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੇ ਅਧਿਆਪਨ ਸਮੇਂ ਕੀਤੇ ਕਾਰਜ ਅਤੇ ਸ਼ਾਇਰੀ ਅੱਜ ਦੇ ਹਨੇਰਿਆਂ ਵਿੱਚ ਇੱਕ ਰੋਸ਼ਨੀ ਦੀ ਕਿਰਨ ਵਾਂਗ ਚਮਕਦੀ ਰਹੇਗੀ।

ਐਡਮਿੰਟਨ ਤੋਂ ਆਈ ਕੇਸਰ ਸਿੰਘ ਨੀਰ ਦੀ ਸਪੁੱਤਰੀ ਜਸਜੀਤ ਕੌਰ ਭੰਵਰਾ ਅਤੇ ਕੈਲਗਰੀ ਤੋਂ ਬੇਟੇ ਅਰਸ਼ਦੀਪ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਜੀਆਂ ਦੀ ਕਾਮਯਾਬੀ ਵਿੱਚ ਸਾਡੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਹੈ। ਭੰਵਰਾ ਨੇ ਆਖਿਆ ਕਿ ਉਨ੍ਹਾਂ ਨੇ ਅਧਿਆਪਕ ਯੂਨੀਅਨ ਸਮੇਂ ਘਰੋਂ ਬਾਹਰ ਰਹਿ ਕੇ ਲੋਕ-ਹਿੱਤਾਂ ਲਈ ਸੰਘਰਸ਼ ਕੀਤਾ ਅਤੇ ਜੇਲ੍ਹ ਯਾਤਰਾਵਾਂ ਕੀਤੀਆਂ। ਬੱਚੇ ਅਰਮਾਨ, ਵਾਣੀ ਅਤੇ ਇਸ਼ਟਪ੍ਰੀਤ ਨੇ ਨੀਰ ਦੇ ਲਿਖੇ ਬਾਲ- ਸਾਹਿਤ ਵਿੱਚੋਂ ਬਾਲ-ਕਵਿਤਾਵਾਂ ਜੋ ਬੱਚਿਆਂ ਨੂੰ ਚੰਗੀ ਸੇਧ ਅਤੇ ਪੜ੍ਹਨ ਲਈ ਉਤਸ਼ਾਹਿਤ ਕਰਦੀਆਂ ਹਨ, ਸੁਣਾਈਆਂ। ਕੁਲਦੀਪ ਕੌਰ ਘਟੌੜਾ ਨੇ ਨੀਰ ਨਾਲ ਬਿਤਾਈ ਸ਼ਾਨਦਾਰ ਜ਼ਿੰਦਗੀ ਦੀਆਂ ਕੁਝ ਤਫਸੀਲਾਂ ਸਾਂਝੀਆਂ ਕੀਤੀਆਂ। ਅਖੀਰ ਵਿੱਚ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਵੱਖ ਵੱਖ ਸਾਹਿਤਕ, ਸਮਾਜਿਕ ਅਤੇ ਭਾਈਚਾਰਕ ਜਥੇਬੰਦੀਆਂ ਦੇ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।

Advertisement
Show comments