ਡਾ. ਕਰਨੈਲ ਸਿੰਘ ਸ਼ੇਰਗਿੱਲ ਦੀਆਂ ਤਿੰਨ ਕਿਤਾਬਾਂ ਰਿਲੀਜ਼
ਲੈਸਟਰ: ਇੱਥੇ ਡਾ. ਕਰਨੈਲ ਸਿੰਘ ਸ਼ੇਰਗਿੱਲ ਦੀਆਂ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ‘ਮੈਮੋਰੀ ਲੇਨ’ (ਕਹਾਣੀਆਂ), ‘ਪੰਦਰਵਾਂ ਲਾਲ ਕਰਾਸ’ ਕਹਾਣੀ ਸੰਗ੍ਰਹਿ (ਚੌਥਾ ਐਡੀਸ਼ਨ) ਤੇ ‘ਲੌਕਡਾਊਨ ਇੰਫਿਨਿਟੀ’ (ਨਾਵਲ) ਸ਼ਾਮਲ ਸਨ। ਇਸ ਮੌਕੇ ’ਤੇ ਇੱਕ ਹੋਰ ਸਾਹਿਤਕਾਰ ਡਾ. ਜਸਵੰਤ ਸਿੰਘ ਬਿਲਖੂ ਦੀ ਕਿਤਾਬ ‘ਹਾਸਿਆਂ ਦਾ ਗੁਲਦਸਤਾ’ ਵੀ ਰਿਲੀਜ਼ ਕੀਤੀ ਗਈ।
ਡਾ. ਕਰਨੈਲ ਸਿੰਘ ਸ਼ੇਰਗਿੱਲ ਉੱਚ ਸਿੱਖਿਆ ਪ੍ਰਾਪਤ ਮੈਡੀਕਲ ਸਪੈਸ਼ਲਿਸਟ ਵਜੋਂ ਜਿੱਥੇ ਡਾਕਟਰੀ ਕਿੱਤੇ ਨਾਲ ਜੁੜਿਆ ਹੋਇਆ ਹੈ, ਉੱਥੇ ਉਹ ਬਰਤਾਨਵੀ ਪੰਜਾਬੀ ਸਾਹਿਤ ਦਾ ਇੱਕ ਸਥਾਪਤ ਲੇਖਕ ਵੀ ਹੈ। ਉਹ ਸਥਾਪਿਤ ਕਵੀ, ਕਹਾਣੀਕਾਰ ਦੇ ਨਾਵਲਕਾਰ ਹੈ। ਉਸ ਨੇ ਪੰਜਾਬੀ ਵਿੱਚ ਮਨੁੱਖੀ ਰੋਗਾਂ ਸਬੰਧੀ ਵੀ ਕਿਤਾਬਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਹਨ। ਕਵਿਤਾ ਅਤੇ ਕਹਾਣੀ ਦੇ ਖੇਤਰ ਵਿੱਚ ਉਹ ਇੱਕ ਜਾਣਿਆ ਪਛਾਣਿਆ ਨਾਂ ਹੈ। ‘ਨਾਗਮਣੀ’ ਵਿੱਚ ਵੀ ਉਸ ਦੀਆਂ ਕਹਾਣੀਆਂ ਛਪਦੀਆਂ ਰਹੀਆਂ ਹਨ। ਆਪਣਾ ਪਲੇਠਾ ਨਾਵਲ ‘ਲੌਕਡਾਊਨ ਅਲਫਾ’ ਉਸ ਨੇ 2022 ਵਿੱਚ ਪ੍ਰਕਾਸ਼ਿਤ ਕੀਤਾ, ਜਿਸ ਦੀ ਚਰਚਾ ਸਾਹਿਤਕ ਹਲਕਿਆਂ ਵਿੱਚ ਖ਼ੂਬ ਹੋਈ ਹੈ। ਹੁਣ ਉਸ ਦਾ ਦੂਜਾ ਨਾਵਲ ‘ਲੌਕਡਾਊਨ ਇੰਫਿਨਿਟੀ’ ਛਪ ਕੇ ਆਇਆ ਹੈ ਜੋ ‘ਲੌਕਡਾਊਨ ਅਲਫਾ’ ਦਾ ਹੀ ਵਿਸਥਾਰ ਹੈ।
ਡਾ. ਸ਼ੇਰਗਿੱਲ ਮਨੁੱਖੀ ਸੁਭਾਅ ਤੇ ਵਿਹਾਰ ਦੀਆਂ ਦਾਰਸ਼ਨਿਕ ਰਮਜ਼ਾਂ ਨੂੰ ਸਮਝਣ ਵਾਲਾ ਕਵੀ ਹੈ। ਉਹ ਕਵਿਤਾ ਦੇ ਸਿਰਜਣ ਵਰਤਾਰੇ ਨਾਲ ਜੁੜਦਾ ਹੈ ਤਾਂ ਮਨੁੱਖੀ ਹੋਂਦ ਦੇ ਸਵਾਲਾਂ ਤੋਂ ਲੈ ਕੇ ਸਮਾਜਿਕ ਵਿਹਾਰ ਦੀਆਂ ਪਰਤਾਂ ਨੂੰ ਕਾਵਿ-ਬਿੰਬਾਂ ਵਿੱਚ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਕਵਿਤਾਵਾਂ ਰਾਹੀਂ ਪਾਠਕਾਂ ਨਾਲ ਸਿਰਫ਼ ਵਿਚਾਰਾਂ ਦੀ ਸਾਂਝ ਹੀ ਨਹੀਂ ਪਾਉਂਦਾ ਬਲਕਿ ਆਪਣੀ ਕਾਵਿਕ ਭਾਸ਼ਾ ਵਿੱਚ ਪਾਠਕਾਂ ਨੂੰ ਕੀਲਣ ਦੀ ਸਮਰੱਥਾ ਵੀ ਰੱਖਦਾ ਹੈ। ਕਵਿਤਾ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਉਸ ਦੀਆਂ ਪ੍ਰਕਾਸ਼ਿਤ ਹੁਣ ਤੱਕ ਦੀਆਂ ਸਾਰੀਆਂ ਰਚਨਾਵਾਂ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ‘ਮੈਮੋਰੀ ਲੇਨ’ ਡਾ. ਕਰਨੈਲ ਸਿੰਘ ਸ਼ੇਰਗਿੱਲ ਦਾ ਦੂਜਾ ਕਹਾਣੀ ਸੰਗ੍ਰਹਿ ਹੈ ਜੋ ਉਸ ਦੇ ਕਿੱਤੇ ਨਾਲ ਸਬੰਧਿਤ ਮਰੀਜ਼ਾਂ ਦੀਆਂ ਅਸਾਧਾਰਨ ਮਾਨਸਿਕਤਾ ਤੇ ਗਹਿਰੇ ਮਨੋਵਿਗਿਆਨ ਦਾ ਵਿਸ਼ਲੇਸ਼ਣ ਹੀ ਨਹੀਂ ਕਰਦਾ ਹੈ, ਬਲਕਿ ਕਹਾਣੀ ਲਿਖਦਿਆਂ ਉਹ ਮਰੀਜ਼ਾਂ ਦੀ ਸਿਹਤ ਸਬੰਧੀ ਫ਼ਿਕਰਮੰਦ ਵੀ ਰਹਿੰਦਾ ਹੈ ਅਤੇ ਪਾਠਕਾਂ ਨੂੰ ਸਿਹਤ ਸਬੰਧੀ ਸੁਚੇਤ ਵੀ ਕਰਦਾ ਹੈ।
ਕਰਨੈਲ ਦੀ ਕਵਿਤਾ ਦੀ ਕਿਤਾਬ ‘ਹੁਣ ਮੈਂ ਅਜਨਬੀ ਨਹੀਂ’ ਵੀ ਛਪੀ ਹੈ। ਉਸ ਪਿੱਛੋਂ ਕਵਿਤਾ ਦੀ ਦੂਜੀ ਕਿਤਾਬ ‘ਕੌਣ ਸੂਤਰਧਾਰ’ ਆਈ। ‘ਪੰਦਰਵਾਂ ਲਾਲ ਕਰਾਸ’ ਡਾ. ਕਰਨੈਲ ਦੇ ਕਹਾਣੀ ਸੰਗ੍ਰਹਿ ਦਾ ਚੌਥਾ ਐਡੀਸ਼ਨ ਛਪ ਚੁੱਕਿਆ ਹੈ ਜਿਸ ਵਿੱਚ 11 ਕਹਾਣੀਆਂ ਹਨ। ਇਹ ਕਹਾਣੀਆਂ ਕਥਾ ਸਾਹਿਤ ਵਾਲਿਆਂ ਲਈ ਪ੍ਰੇਰਨਾ ਬਣ ਸਕਦੀਆਂ ਹਨ, ਕਿਉਂਕਿ ਇਨ੍ਹਾਂ ਕਹਾਣੀਆਂ ਦੀ ਜੁਗਤ ਮਨੋਵਿਗਿਆਨਕ ਹੈ।
ਆਪਣੇ ਦੇਸ਼ ਨਾਲ ਉਸ ਦਾ ਦਿਲ ਦਾ ਰਿਸ਼ਤਾ ਹੈ ਤੇ ਹੁਣ ਪਰਵਾਸ ਨਾਲ ਦਿਮਾਗ਼ ਦਾ ਰਿਸ਼ਤਾ ਬਣਿਆ ਹੋਇਆ ਹੈ। ਆਪਣਾ ਪਲੇਠਾ ਨਾਵਲ ‘ਲੌਕਡਾਊਨ ਅਲਫਾ’ ਲਿਖ ਕੇ ਉਸ ਨੇ ਅਣਛੂਹੇ ਵਿਸ਼ੇ ਨੂੰ ਨਾਵਲ ਦੀ ਸਮੱਗਰੀ ਵਿੱਚ ਪੇਸ਼ ਕਰ ਦਿੱਤਾ ਹੈ। ਕਰੋਨਾ ਵਾਇਰਸ ਦਾ ਦੁਨੀਆ ’ਤੇ ਫੈਲਾਓ ਤੇ ਮਨੁੱਖੀ ਜ਼ਿੰਦਗੀ ਦੀ ਬਰਬਾਦੀ ਨੂੰ ਮਨੁੱਖਤਾ ਨੇ ਅੱਖੀਂ ਵੇਖਿਆ ਤੇ ਹੰਢਾਇਆ ਜਿਸ ਦੇ ਮਾਰੂ ਅਸਰਾਂ ’ਤੇ ਕਾਬੂ ਪਾਉਣ ਲਈ ਲੌਕਡਾਊਨ ਵਰਗੇ ਪ੍ਰਤੀਬੰਧ ਲਾਏ ਗਏ। ਡਾਕਟਰ ਕਰਨੈਲ ਕਰੋਨਾ ਵਾਇਰਸ ਅਤੇ ਲੌਕਡਾਊਨ ਵਰਗੇ ਸੰਕਲਪਾਂ ਨੂੰ ਮਨੁੱਖੀ ਰਿਸ਼ਤਿਆਂ ਨਾਲ ਜੋੜ ਕੇ ਅਨੋਖੀ ਕਿਸਮ ਦਾ ਬਿਰਤਾਂਤ ਸਿਰਜਦਾ ਹੈ ਤੇ ਨਾਵਲੀ ਬਿਰਤਾਂਤ ਵਿੱਚ ਪੇਸ਼ ਕਰਦਾ ਹੈ। ਉਸ ਦੀ ਕਵਿਤਾ ਤੇ ਨਾਵਲ ਨੂੰ ਤਾਂ ਪਾਠਕਾਂ ਨੇ ਹੁੰਗਾਰਾ ਦਿੱਤਾ ਹੀ ਹੈ, ਪਰ ਉਸ ਤੋਂ ਕਿਤੇ ਵੱਧ ਉਸ ਦੀ ਕਹਾਣੀ ਨੂੰ ਪਾਠਕਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ। ਉਸ ਦੇ ਨਿਵਾਸ ’ਤੇ ਰਿਲੀਜ਼ ਕੀਤੀਆਂ ਤਿੰਨ ਕਿਤਾਬਾਂ ਮੌਕੇ ਇੰ. ਕਿਰਪਾਲ ਸਿੰਘ ਪੂਨੀ ਕਵੈਂਟਰੀ ਵਾਲੇ ਤੇ ਡਾ. ਜਸਵੰਤ ਸਿੰਘ ਬਿਲਖੂ ਵਿਅੰਗ ਲੇਖਕ ਵੀ ਹਾਜ਼ਰ ਸਨ।
ਸੰਪਰਕ: 98156-29301