ਮਸਨੂਈ ਬੁੱਧੀ ਤੋਂ ਫਾਇਦਾ ਉਠਾਉਣ ਦੀ ਲੋੜ ਹੈ ਨਾ ਕਿ ਡਰਨ ਦੀ
ਪਿਛਲੇ ਦਿਨੀਂ ਲੰਡਨ ਵਿੱਚ ਹੋਏ ਕੌਮਾਂਤਰੀ ਅਦਬੀ ਮੇਲੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’ ਵਿਸ਼ੇ ’ਤੇ ਗੱਲ ਕਰਦਿਆਂ ਕਈ ਨੁਕਤੇ ਉਠਾਏ। ਉਸ ਨੇ ਕਿਹਾ ‘ਇੱਕ ਕੁਦਰਤ ਬੰਦੇ ਦੇ ਅੰਦਰ ਹੈ ਅਤੇ ਇੱਕ ਕੁਦਰਤ ਬੰਦੇ ਦੇ ਬਾਹਰ ਹੈ। ਬਾਹਰੀ ਕੁਦਰਤ ਨੂੰ ਲੋੜੋਂ ਵੱਧ ਕਾਬੂ ਕਰਨ ਅਤੇ ਅੰਦਰ ਵਾਲੀ ਕੁਦਰਤ ਨੂੰ ਲੋੜੋਂ ਵੱਧ ਖੁੱਲ੍ਹੀ ਛੱਡਣ ਦੇ ਨਤੀਜੇ ਖ਼ਤਰਨਾਕ ਹੋ ਰਹੇ ਨੇ।’
ਉਸ ਨੇ ਕਿਹਾ ਕਿ ਮਸਨੂਈ ਬੁੱਧੀ ਤੋਂ ਫਾਇਦਾ ਉਠਾਉਣ ਦੀ ਲੋੜ ਹੈ ਨਾ ਕਿ ਡਰਨ ਦੀ, ਇਹ ਮਾਨਵੀ ਵਿਕਾਸ ਲਈ ਵਧੀਆ ਵੀ ਹੋ ਸਕਦੀ ਹੈ। ਇਸ ਤੋਂ ਸੰਵੇਦਨਸ਼ੀਲਤਾ ਅਤੇ ਰਚਨਾਤਮਕਤਾ ਨੂੰ ਕੋਈ ਖ਼ਤਰਾ ਨਹੀਂ। ਘਰਾਂ ਵਿੱਚ ਅੰਬੀ ਦੇ ਬੂਟੇ ਦੀ ਜਗ੍ਹਾ ਏਅਰ ਕੰਡੀਸ਼ਨਰ ਦਾ ਆਉਣਾ ਸਾਡੇ ਬਦਲ ਰਹੇ ਜੀਵਨ ਢੰਗ ਦਾ ਪ੍ਰਤੀਕ ਹੈ, ਪਰ ਮਸ਼ੀਨ ਦਾ ਅੰਨ੍ਹਾ ਵਿਰੋਧ ਨਹੀਂ ਕੀਤਾ ਜਾ ਸਕਦਾ।
ਡਾ. ਆਤਮਜੀਤ ਦੀ ਗੱਲਬਾਤ ਮਾਨਵੀ ਸਰੋਕਾਰਾਂ ਅਤੇ ਨਵੀਆਂ ਕੰਪਿਊਟਰੀ ਜੁਗਤਾਂ ਬਾਰੇ ਸੀ, ਪਰ ਉਸ ਦਾ ਅੰਦਾਜ਼ ਰੰਗਮੰਚੀ ਹੋਣ ਕਰਕੇ ਦਿਲਚਸਪ ਸੀ, ਸੰਚਾਰ ਸਮਰੱਥਾ ਤਕੜੀ ਹੋਣ ਕਰਕੇ ਹਰ ਗੱਲ ਫੱਟੀ ਦੇ ਕਿੱਲ ਵਾਂਗ ਦਿਮਾਗ਼ਾਂ ਵਿੱਚ ਠੁਕ ਰਹੀ ਸੀ। ਖ਼ੂਬਸੂਰਤੀ ਵਾਲੀ ਗੱਲ ਇਹ ਸੀ ਕਿ ਡਾ. ਆਤਮਜੀਤ ਨੇ ਵੱਖ ਵੱਖ ਮੁਲਕਾਂ ਤੋਂ ਆਏ ਸਾਹਮਣੇ ਬੈਠੇ ਪੰਜਾਬੀ ਸ਼ਾਇਰਾਂ ਦੀਆਂ ਕਾਵਿ ਟੁਕੜੀਆਂ ਨੂੰ ਆਪਣੇ ਪੇਪਰ ਦਾ ਹਿੱਸਾ ਬਣਾਇਆ, ਨਵੀਆਂ ਕਵਿਤਾਵਾਂ ਨੂੰ ਤਕਨਾਲੋਜੀ ਨਾਲ ਜੋੜ ਕੇ ਆਪਣੀ ਗੱਲ ਰੱਖੀ।
ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੋਰਮ ਯੂ ਕੇ ਵੱਲੋਂ ਕਰਵਾਏ ਇਸ ਅਦਬੀ ਮੇਲੇ ਦੀ ਮਹੱਤਵਪੂਰਨ ਅਤੇ ਕਮਾਲ ਦੀ ਗੱਲ ਇਹ ਰਹੀ ਕਿ ਡਾ. ਆਤਮਜੀਤ ਹਰ ਪਲ-ਹਰ ਘੜੀ ਇਸ ਮੇਲੇ ਵਿੱਚ ਹਾਜ਼ਰ ਰਹੇ। ਸਿਰਫ ਹਾਜ਼ਰ ਨਹੀਂ ਸਗੋਂ ਪਰਿਵਾਰ ਦੇ ਵਡੇਰਿਆਂ ਵਾਂਗ ਹਰ ਇੱਕ ਦੇ ਸਿਰ ’ਤੇ ਹੱਥ ਰੱਖਿਆ। ਮੰਚ ਤੋਂ ਕੋਈ ਵੀ ਕੁਝ ਪੇਸ਼ ਕਰਦਾ ਤਾਂ ਡਾਕਟਰ ਸਾਹਿਬ ਉਸ ਨੂੰ ਉਸਰ ਉਸਰ ਕੇ ਦਾਦ ਦਿੰਦੇ, ਕਈਆਂ ਤੋਂ ਦੁਬਾਰਾ ਸ਼ਿਅਰ ਸੁਣੇ, ਕਈਆਂ ਨੂੰ ਹੱਲਾਸ਼ੇਰੀ ਦਿੱਤੀ। ਮੇੇਲੇ ਦੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਲਈ ਉਹ ਵੱਡੀ ਧਿਰ ਬਣੇ ਰਹੇ। ਸਿਰਫ਼ ਪ੍ਰੋਗਰਾਮ ਵਾਲੇ ਹਾਲ ਵਿੱਚ ਹੀ ਨਹੀਂ ਬਲਕਿ ਚਾਹ ਪਾਣੀ ਪੀਂਦਿਆਂ, ਰੋਟੀ ਖਾਂਦਿਆਂ ਡਾ. ਆਤਮਜੀਤ ਦੇ ਦੁਆਲੇ ਮਹਿਫਲ ਜੁੜ ਜਾਂਦੀ, ਹੋਈਆਂ ਪੇਸ਼ਕਾਰੀਆਂ ’ਤੇ ਉਹ ਤਬਸਰਾ ਕਰਦੇ। ਉਸ ਕੋਲ ਨਾਟਕ, ਰੰਗਮੰਚ, ਕਵਿਤਾ, ਗੀਤ ਸੰਗੀਤ, ਕਹਾਣੀ, ਨਾਵਲ, ਲੋਕ ਧਾਰਾ, ਫਿਲਮਾਂ ਤੋਂ ਇਲਾਵਾ ਇਤਿਹਾਸ ਮਿਥਿਹਾਸ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਦਾ ਗਿਆਨ ਭੰਡਾਰ ਹੈ। ਚਾਹ-ਕੌਫ਼ੀ ਦੀਆਂ ਚੁਸਕੀਆਂ ਲੈਂਦਿਆਂ ਉਹ ਕਿਸੇ ਕੋਲ ਵੀ ਜਾ ਬੈਠਦੇ, ਭਵਿੱਖ ਵਿੱਚ ਲਿਖਣ ਪੜ੍ਹਨ ਬਾਰੇ ਪੁੱਛਦੇ, ਹੋਰ ਵਧੇਰੇ ਕਰਮਸ਼ੀਲ ਹੋਣ ਲਈ ਤਾਕਤ ਦਿੰਦੇ। ਡਾ. ਆਤਮਜੀਤ ਨੇ ਇਸ ਮੇਲੇ ਦੀ ਧੜਕਣ ਨੂੰ ਮੱਠੀ ਨਹੀਂ ਪੈਣ ਦਿੱਤਾ।
ਮੇਲੇ ਦੇ ਤੀਸਰੇ ਦਿਨ ਸ਼ਾਮ ਨੂੰ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਦੇ ਘਰ ਡਾ. ਆਤਮਜੀਤ ਨੇ ਆਪਣੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਪਾਠ ਕੀਤਾ। ਘਰ ਦੇ ਜਿਸ ਹਾਲ ਵਿੱਚ ਇਹ ਪਾਠ ਹੋਇਆ ਡਾ. ਆਤਮਜੀਤ ਨੇ ਖ਼ੁਦ ਉਸ ਹਾਲ ਨੂੰ ਰੰਗਮੰਚੀ ਮਾਹੌਲ ਦਿੱਤਾ। ਕੁਰਸੀਆਂ, ਟੇਬਲ, ਸੋਫੇ, ਲਾਈਟਾਂ ਦੀ ਸੈਟਿੰਗ ਇਸ ਢੰਗ ਨਾਲ ਆਪ ਕੀਤੀ ਕਿ ਉਸ ਹਾਲ ਵਿੱਚ ਵੜਦਿਆਂ ਕਿਸੇ ਸਹਿਜ ਕਾਰਜ ਹੋਣ ਦਾ ਅਹਿਸਾਸ ਹੁੰਦਾ ਸੀ। ਡਾ. ਦੀਵਾਨ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਪਾਤਰ ਆਤਮਜੀਤ ਰਾਹੀਂ ਮੁਖਾਤਿਬ ਹੋਣੇ ਸ਼ੁਰੂ ਹੋਏ ਤਾਂ ਇਹ ਉਸ ਦੀ ਪਾਠ-ਅਦਾਕਾਰੀ ਦਾ ਕਮਾਲ ਸੀ ਕਿ ਇੰਦਰ ਕੌਰ ਦੇ ਬੋਲਾਂ ਨੇ ਆਪਣੇ ਪਤੀ ਦੀਵਾਨ ਸਿੰਘ ਨੂੰ ਜੰਜ਼ੀਰਿਆਂ ਦੇ ਸਿਰਤਾਜ, ਅੰਬਰ ਦੀ ਪਰਵਾਜ਼, ਇਨਸਾਨੀਅਤ ਦੀ ਆਵਾਜ਼ ਤੇ ਕਿਸ਼ਤੀਆਂ ਵਿਚਲੇ ਜਹਾਜ਼ ਵਜੋਂ ਮੂਹਰੇ ਲਿਆ ਖੜ੍ਹਾ ਕੀਤਾ। ਡਾ. ਦੀਵਾਨ ਸਿੰਘ ਦੀ ਜ਼ਿੰਦਗੀ ਦੇ ਕਈ ਰਹੱਸ ਅੱਗੇ ਆ ਰਹੇ ਸਨ, ਉਸ ਦੀ ਮਹਾਨ ਕੁਰਬਾਨੀ ਨਾਲ ਨਾਲ ਤੁਰ ਰਹੀ ਸੀ। ਉਸ ਨਾਲ ਉਲਝ ਰਹੇ ਕਿਰਦਾਰਾਂ ਵਿੱਚੋਂ ਉਸ ਦਾ ਸ਼ੰਘਰਸ਼, ਲੋਕ ਪਿਆਰ ਡਾ. ਆਤਮਜੀਤ ਨੇ ਕਮਾਲ ਦੀ ਸ਼ਬਦਾਬਲੀ ਅਤੇ ਅਦਾਕਾਰੀ ਨਾਲ ਉਭਾਰਿਆ, ਪਾਲੀ ਖਾਦਿਮ ਦਾ ਸੰਗੀਤ ਸਹਾਈ ਹੋ ਰਿਹਾ ਸੀ। ਡਾ. ਦੀਵਾਨ ਸਿੰਘ ਦੇ ਅੰਦਰ ਜਗਦੀ ਮੁਹੱਬਤ ਦੀ ਜੋਤ ਰੋਸ਼ਨ ਹੋਈ, ‘ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਤਬਦੀਲੀ ਵਾਸਤੇ ਰਤਾ ਪਿਆਰ ਮੰਗਦੇ ਨੇ। ਕਿੰਨੇ ਲੋਕ ਕਾਤਲ ਬਣ ਕੇ ਆਏ ਸਨ, ਸੇਵਕ ਬਣ ਕੇ ਪੰਜਾਬ ਗਏ ਨੇ। ਆਪਾਂ ਪਿਆਰ ਈ ਦਿੱਤਾ ਉਨ੍ਹਾਂ ਨੂੰ। ਪਿਆਰ ਕਦੇ ਵੀ ਜਾਇਆ ਨਹੀਂ ਜਾਂਦਾ; ਵੰਡਿਆਂ ਵਧਦਾ ਏ ਪਿਆਰ।’
ਇੰਦਰ ਕੌਰ ਦੇ ਬੋਲਾਂ ਵਿੱਚ ਵੈਰਾਗ ਅਤੇ ਦਰਦ ਹੈ, ‘ਡਾਕਟਰ ਜੀ ਦਾ ਜਿਸਮ ਛਲਣੀ ਹੋ ਗਿਐ, ਪਰ ਉਨ੍ਹਾਂ ਦੇ ਅੰਦਰੋਂ ਆਵਾਜ਼ ਵਾਹਿਗੁਰੂ ਦੀ ਆ ਰਹੀ ਸੀ... ਪਰ ਨੇਤਾ ਜੀ! ਮੈਨੂੰ ਸਮਝਾਉ, ਤੁਸੀਂ ਕਿਉਂ ਨਹੀਂ ਗਏ? ਵਾਰਡ ਨੰਬਰ ਛੇ ਵਿੱਚ ਤੁਸੀਂ ਕਿਉਂ ਨਹੀਂ ਗਏ? ਕੀ ਮਜਬੂਰੀ ਸੀ ਤੁਹਾਡੀ? ਨੇਤਾ ਜੀ ਮੇਰਾ ਸਵਾਲ ਏ ਤੁਹਾਨੂੰ, ਤੁਸੀਂ ਚੁੱਪ ਕਿਉਂ ਹੋ?’
ਜ਼ੁਲਮ ਤੇ ਹੰਕਾਰ ਦੇ ਪ੍ਰਤੀਕਰਮ ਵਜੋਂ ਡਾ. ਦੀਵਾਨ ਸਿੰਘ ਦੀ ਕਵਿਤਾ ਹਾਲ ਵਿੱਚ ਗੂੰਜੀ, ‘ਮੈਂ ਸੌਂ ਗਿਆ ਤੇ ਸੁਫ਼ਨਾ ਆਇਆ ਕਿ ਜ਼ਿੰਦਗੀ ਆਜ਼ਾਦ ਸੀ, ਕਿ ਜ਼ਿੰਦਗੀ ਆਬਾਦ ਸੀ, ਕਿ ਜ਼ਿੰਦਗੀ ਸਵਾਦ ਸੀ। ਮੈਂ ਜਾਗਿਆ ਤੇ ਵੇਖਿਆ ਕਿ ਜ਼ਿੰਦਗੀ ਇੱਕ ਫਰਜ਼ ਸੀ, ਕਿ ਜ਼ਿੰਦਗੀ ਇੱਕ ਕਰਜ਼ ਸੀ, ਕਿ ਜ਼ਿੰਦਗੀ ਇੱਕ ਮਰਜ਼ ਸੀ।’
ਆਖੀਰ ਇੰਦਰ ਕੌਰ ਦੇ ਬੋਲ ਸਰਕਾਰਾਂ ਦੇ ਮਨਾਂ ਦੀ ਮੈਲ ਨੂੰ ਧਰਤੀ ’ਤੇ ਖਿਲਾਰ ਦਿੰਦੇ ਹਨ, ‘ਮੇਰੇ ਬਹੁਤ ਪਿਆਰੇ ਦੀਵਾਨ ਸਿੰਘ! ਮੈਂ ਜਦੋਂ ਟਾਪੂਆਂ ਵੱਲ ਨਜ਼ਰ ਮਾਰਦੀ ਆਂ ਤਾਂ ਖ਼ੁਸ਼ ਹੁੰਦੀ ਆਂ ਪਈ ਓਥੇ ਹੁਣ ਆਜ਼ਾਦੀ ਏ। ਨਹਿਰੂ ਤੇ ਗਾਂਧੀ ਓਥੇ ਕਦੇ ਨਹੀਂ ਗਏ, ਪਰ ਉਨ੍ਹਾਂ ਦੇ ਬੁੱਤ ਲਾ ਕੇ ਇੱਕ ਸਰਕਾਰ ਨੇ ਉਨ੍ਹਾਂ ਦਾ ਸਨਮਾਨ ਕੀਤੈ। ਵੀਰ ਸਾਵਰਕਰ ਓਥੇ ਗਿਆ ਸੀ, ਪਰ ਭੱਜ ਆਇਆ ਸੀ ; ਉਹਦੇ ਨਾਂ ’ਤੇ ਹਵਾਈ ਅੱਡਾ ਬਣਾ ਕੇ ਦੂਜੀ ਸਰਕਾਰ ਨੇ ਉਹਨੂੰ ਯਾਦ ਕੀਤਾ...ਪਰ ਮੈਂ ਲੋਕਾਂ ਦੀ ਕਰਜ਼ਦਾਰ ਆਂ, ਉਨ੍ਹਾਂ ਤੇਰੇ ਬਣਾਏ ਗੁਰਦੁਆਰੇ ਨੂੰ ਤੇਰਾ ਨਾਂ ਦੇ ਦਿੱਤੈ। ਤੂੰ ਇਸ ਗੁਰਦੁਆਰੇ ਨਾਲ ਦੁਨੀਆ ਦੇ ਚੇਤਿਆਂ ਵਿੱਚ ਵੱਸੇਂਗਾ। ਦੀਵਾਨ ਸਿੰਘ! ਤੂੰ ਨਾਟਕਾਂ ਵਿੱਚ ਜੀਵੇਂਗਾ! ਤੇਰੇ ’ਤੇ ਕਿੱਸੇ ਜ਼ਰੂਰ ਲਿਖੇ ਜਾਣਗੇ! ਤੇਰੇ ਨਾਲ ਮੈਂ ਵੀ ਜ਼ਿੰਦਾ ਰਹਾਂਗੀ!’
ਨਾਟਕ ਪਾਠ ਸਿਖਰ ’ਤੇ ਪਹੁੰਚਦਿਆਂ ਜਦੋਂ ਇੰਦਰ ਕੌਰ ਨੇ ਕਿਹਾ ਕਿ ‘ਮੈਨੂੰ ਮਾਣ ਏ ਮੇਰਾ ਬੰਦਾ ਕਿਸ਼ਤੀ ਨਹੀਂ ਸੀ, ਕਿਸ਼ਤੀਆਂ ਵਿੱਚ ਜਹਾਜ਼ ਸੀ।’ ਤਾਂ ਸਾਰਾ ਹਾਲ ਗੂੰਜ ਰਿਹਾ ਸੀ। ਸਮਾਪਤੀ ’ਤੇ ਆਤਮਜੀਤ ਡਾਇਸ ’ਤੇ ਖੜ੍ਹੇ ਸਨ, ਚੁੱਪ ਏਨੀ ਕਿ ਜਿਵੇਂ ਹਾਲ ਵਿੱਚ ਕੋਈ ਵੀ ਨਾ ਹੋਵੇ। ਇਸ ਚੁੱਪ ਨੂੰ ਡਾ. ਕੁਲਦੀਪ ਦੀਪ ਨੇ ਇਹ ਐਲਾਨ ਕਰਕੇ ਤੋੜਿਆ ਕਿ ਅੱਜ ਇਸ ਕੌਮਾਂਤਰੀ ਅਦਬੀ ਮੇਲੇ ਵਿੱਚ ਅਸੀਂ ਇਹ ਮਤਾ ਪਾਸ ਕਰਦੇ ਹਾਂ ਕਿ ਅੰਡੇਮਾਨ ਨਿੱਕੋਬਾਰ ਦੇ ਟਾਪੂਆਂ ਦਾ ਨਾਮ ਡਾ. ਦੀਵਾਨ ਸਿੰਘ ਦੇ ਨਾਮ ’ਤੇ ਹੋਵੇ।
ਨਾਟਕ ਦੇ ਸੰਵਾਦ ਅਜੇ ਵੀ ਮੇਰੇ ਖ਼ਿਆਲਾਂ ਵਿੱਚ ਘੁੰਮ ਰਹੇ ਸੀ। ਸੁਲਤਾਨ ਵੱਲੋਂ ਮਿਸਤੂਬਾਸੀ ਕੋਲ ਡਾ. ਦੀਵਾਨ ਸਿੰਘ ਬਾਰੇ ਕੀਤੀ ਚੁਗਲੀ ਯਾਦ ਆਉਂਦੀ ਹੈ ,‘...ਰਾਤ ਨੂੰ ਬਾਗੀਆਂ ਦੇ ਛੋਟੇ ਛੋਟੇ ਜਹਾਜ਼ ਆਉਂਦੇ ਨੇ ਤੇ ਇੱਕ ਪਗੜੀਧਾਰੀ ਉਨ੍ਹਾਂ ਨੂੰ ਟਾਰਚ ਨਾਲ ਟਿਕਾਣਾ ਦਿਖਾਉਂਦੈ।’ ਸਾਹਮਣੇ ਡਾ. ਆਤਮਜੀਤ ਅਦੀਬਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ। ਅਦਬ ਦੀ ਫੌਜ ਤਿਆਰ ਕਰ ਰਹੇ ਨੇ ਤਾਂ ਕਿ ਦੁਨੀਆ ਨੂੰ ਆਕਸੀਜਨ ਮਿਲਦੀ ਰਹੇ, ਚਾਨਣ ਹੁੰਦਾ ਰਹੇ, ਮੋਮਬੱਤੀਆਂ ਜਗਾਉਣ ਵਾਲੇ ਜਿਊਂਦੇ ਰਹਿਣ।
ਸੰਪਰਕ: 98140-78799