ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਵਿੱਚ ਗੂੰਜੀ ‘ਸਮੇਂ ਦੀ ਅਵਾਜ਼’

ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਆ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫ਼ਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ...
Advertisement

ਅੱਜ ਕੈਨੇਡਾ ਦੇ ਪੰਜਾਬੀ/ਭਾਰਤੀ ਮੀਡੀਆ ਦੇ ਖੇਤਰ ਵਿੱਚ ਰੇਡੀਓ ਦਾ ਬੋਲਬਾਲਾ ਹੈ। ਹਫ਼ਤੇ ਦੇ 7 ਦਿਨ 24 ਘੰਟੇ ਪ੍ਰੋਗਰਾਮ ਚੱਲਦੇ ਹਨ ਅਤੇ ਪੰਜਾਬੀਆਂ/ਭਾਰਤੀਆਂ ਦੀ ਸੰਘਣੀ ਵਸੋਂ ਵਾਲੇ ਸਾਰੇ ਸ਼ਹਿਰਾਂ ਵਿੱਚ ਪੰਜਾਬੀਆਂ/ਭਾਰਤੀਆਂ ਨੂੰ ਸੇਵਾਵਾਂ ਦੇਣ ਵਾਲੇ ਰੇਡੀਓ ਦੇ ਕਈ ਕਈ ਸਟੇਸ਼ਨ ਹਨ, ਪਰ ਕੈਨੇਡਾ ਵਿੱਚ ਪੰਜਾਬੀ/ਭਾਰਤੀ ਰੇਡੀਓ ਦੀ ਅਜਿਹੀ ਸਥਿਤੀ ਹਮੇਸ਼ਾਂ ਨਹੀਂ ਸੀ।

ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਰੇਡੀਓ ਪ੍ਰੋਗਰਾਮ 1970ਵਿਆਂ ਦੇ ਪਹਿਲੇ ਸਾਲਾਂ ਵਿੱਚ ਸ਼ੁਰੂ ਹੋਏ। ਉਸ ਸਮੇਂ ਰੇਡੀਓ ਪ੍ਰੋਗਰਾਮ ਚਲਾਉਣ ਵਾਲੇ ਮੁੱਖ ਧਾਰਾ ਦੇ ਰੇਡੀਓ ਸਟੇਸ਼ਨਾਂ ਤੋਂ ਹਫ਼ਤੇ ਦਾ ਘੰਟਾ, ਦੋ ਘੰਟੇ ਜਾਂ ਕੁਝ ਘੰਟਿਆਂ ਦਾ ਸਮਾਂ ਕਿਰਾਏ ’ਤੇ ਲੈਂਦੇ ਸੀ ਅਤੇ ਉੱਥੋਂ ਰੇਡੀਓ ਪ੍ਰੋਗਰਾਮ ਕਰਦੇ ਸੀ। ਮੁੱਖ ਤੌਰ ’ਤੇ ਰੇਡੀਓ ਪ੍ਰੋਗਰਾਮਾਂ ਦਾ ਵਿਸ਼ਾ ਵਸਤੂ ਹੁੰਦਾ ਸੀ: ਪੰਜਾਬੀ-ਹਿੰਦੀ ਦਾ ਗੀਤ ਸੰਗੀਤ ਅਤੇ ਇਸ਼ਤਿਹਾਰਬਾਜ਼ੀ। ਪ੍ਰੋਗਰਾਮ ਕਰਨ ਵਾਲਿਆਂ ਦਾ ਮਕਸਦ ਵੱਧ ਤੋਂ ਵੱਧ ਇਸ਼ਤਿਹਾਰ ਇਕੱਤਰ ਕਰਕੇ ਆਪਣੀ ਰੋਟੀ ਰੋਜ਼ੀ ਕਮਾਉਣਾ ਸੀ। 1990ਵਿਆਂ ਤੱਕ ਕੈਨੇਡਾ ਵਿੱਚ ਪੰਜਾਬੀ/ਭਾਰਤੀ ਰੇਡੀਓ ਦੀ ਸਥਿਤੀ ਤਕਰੀਬਨ ਇਸ ਤਰ੍ਹਾਂ ਦੀ ਹੀ ਰਹੀ।

Advertisement

ਇਸ ਸਮੇਂ ਦੌਰਾਨ (1986-1989 ਵਿਚਕਾਰ) ਵੈਨਕੁਵਰ ਦੇ ਪੰਜਾਬੀ/ਭਾਰਤੀ ਰੇਡੀਓ ਦੇ ਦ੍ਰਿਸ਼ ’ਤੇ ਰੇਡੀਓ ਦੇ ਪ੍ਰਸਾਰਨ ਵਿੱਚ ਇੱਕ ਵਿਲੱਖਣ ਅਤੇ ਵੱਖਰਾ ਪ੍ਰੋਗਰਾਮ ਕਰਨ ਦਾ ਤਜਰਬਾ ਕੀਤਾ ਗਿਆ। ਇਸ ਪ੍ਰੋਗਰਾਮ ਦਾ ਨਾਂ ਸੀ, ‘ਸਮੇਂ ਦੀ ਅਵਾਜ਼’ (ਦਿ ਵੁਆਇਸ ਆਫ ਦਿ ਟਾਈਮਜ਼)। ਇਹ ਪ੍ਰੋਗਰਾਮ ਹਰ ਸ਼ਨਿਚਰਵਾਰ ਨੂੰ ਇੱਕ ਘੰਟੇ ਲਈ ਵੈਨਕੁਵਰ ਕੋਅਪ੍ਰੇਟਿਵ ਰੇਡੀਓ, 102.7 ਐੱਫ ਐੱਮ ’ਤੇ ਪੇਸ਼ ਕੀਤਾ ਜਾਂਦਾ ਸੀ। ਇਸ ਪ੍ਰੋਗਰਾਮ ਦੀ ਰੂਪਰੇਖਾ ਹਫ਼ਤਾਵਾਰੀ ਰੇਡੀਓ ਮੈਗਜ਼ੀਨ ਦੇ ਰੂਪ ਵਿੱਚ ਸੀ। ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੇਸ਼ ਕੀਤੇ ਜਾਂਦੇ ਇਸ ਪ੍ਰੋਗਰਾਮ ਦਾ ਵਿਸ਼ਾ ਵਸਤੂ ਕਮਿਊਨਿਟੀ ਨੂੰ ਪ੍ਰਭਾਵਿਤ ਕਰਨ ਵਾਲੇ ਸਥਾਨਕ ਅਤੇ ਅੰਤਰਰਾਸ਼ਟਰੀ ਮਸਲੇ ਹੁੰਦੇ ਸਨ। ਇਸ ਵਿੱਚ ਕੋਈ ਵੀ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਸੀ। ਪ੍ਰੋਗਰਾਮ ਦਾ ਮਕਸਦ ਪੈਸਾ ਕਮਾਉਣਾ ਨਹੀਂ ਸਗੋਂ ਕਮਿਊਨਿਟੀ ਨੂੰ ਉਸ ਦੇ ਦਰਪੇਸ਼ ਮਸਲਿਆਂ ਬਾਰੇ ਚੇਤਨ ਕਰਨਾ ਸੀ।

ਵੈਨਕੁਵਰ ਕੋਅਪ੍ਰੇਟਿਵ ਰੇਡੀਓ ਤੋਂ ਇਸ ਪ੍ਰੋਗਰਾਮ ਲਈ ਸਮਾਂ ਚਰਨਪਾਲ ਗਿੱਲ ਦੇ ਉੱਦਮ ਨਾਲ ਪਿਕਸ ਸੁਸਾਇਟੀ ਦੇ ਨਾਂ ’ਤੇ ਲਿਆ ਗਿਆ ਸੀ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਾਲੀ ਟੀਮ ਵਿੱਚ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਨੀਤਾ ਪੰਧੇਰ, ਰਾਣੀ ਗਿੱਲ, ਕੁਲਵਿੰਦਰ ਬੈਂਸ ਅਤੇ ਨਿੱਕ ਸਹੋਤਾ ਸ਼ਾਮਲ ਸਨ। ਉਸ ਤੋਂ ਬਾਅਦ ਰੀਤਾ ਗਿੱਲ, ਸੁਰਜੀਤ ਕਲਸੀ, ਹਰਜੀ ਸਾਂਗਰਾ ਅਤੇ ਮੱਖਣ ਟੁੱਟ ਵੀ ਇਸ ਨਾਲ ਆ ਜੁੜੇ। ਪ੍ਰੋਗਰਾਮ ਪੇਸ਼ ਕਰਨ ਵਾਲੀ ਇਸ ਟੀਮ ਤੋਂ ਬਿਨਾਂ ਕਮਿਊਨਿਟੀ ਵਿੱਚੋਂ ਹੋਰ ਕਈ ਲੋਕ ਵੀ ਸਮੇਂ ਸਮੇਂ ’ਤੇ ਇਸ ਪ੍ਰੋਗਰਾਮ ਲਈ ਸਮੱਗਰੀ ਤਿਆਰ ਕਰਨ ਵਿੱਚ ਮਦਦ ਕਰਦੇ ਰਹੇ। ਇਨ੍ਹਾਂ ਵਿੱਚ ਅਮਰਜੀਤ ਸੂਫੀ, ਸਾਧੂ ਬਿਨਿੰਗ, ਅਜਮੇਰ ਰੋਡੇ ਅਤੇ ਸਰਵਨ ਬੋਲ ਦੇ ਨਾਮ ਜ਼ਿਕਰਯੋਗ ਹਨ।

ਪਹਿਲੀ ਅਤੇ ਦੂਜੀ ਪੀੜ੍ਹੀ ਦੇ ਮੈਂਬਰਾਂ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ’ਤੇ ਪ੍ਰਭਾਵ ਪਾਉਣ ਵਾਲੇ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਸਥਾਨਕ ਅਤੇ ਕੈਨੇਡਾ ਦੀਆਂ ਫੇਰੀਆਂ ’ਤੇ ਆਏ ਅੰਤਰਰਾਸ਼ਟਰੀ ਵਿਚਾਰਵਾਨਾਂ, ਸਿਆਸੀ ਅਤੇ ਸਮਾਜਿਕ ਕਾਰਕੁਨਾਂ, ਲੇਖਕਾਂ, ਕਲਾਕਾਰਾਂ, ਔਰਤਾਂ ਦੇ ਮਸਲਿਆਂ ਬਾਰੇ ਕੰਮ ਕਰ ਰਹੇ ਵਰਕਰਾਂ, ਸੱਭਿਆਚਾਰਕ ਕਾਮਿਆਂ ਆਦਿ ਨਾਲ ਗੱਲਬਾਤ ਅਤੇ ਅਗਾਂਹਵਧੂ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਸੀ। ਇਸ ਵਿੱਚ ਕੈਨੇਡਾ ਵਿੱਚ ਪੰਜਾਬੀ/ਭਾਰਤੀ ਸਮਾਜ ਨਾਲ ਸਬੰਧਿਤ ਵਿਚਾਰੇ ਜਾਂਦੇ ਵਿਸ਼ਿਆਂ/ਪ੍ਰੋਗਰਾਮਾਂ ਦੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ: ਕੈਨੇਡਾ ਵਿੱਚ ਭਾਰਤੀ ਮੂਲ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ, ਨਸਲਵਾਦ, ਪਰਿਵਾਰਕ ਹਿੰਸਾ, ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਬਜ਼ੁਰਗਾਂ ਦੀਆਂ ਸੰਸਥਾਵਾਂ ਵੱਲੋਂ ਉਨ੍ਹਾਂ ਨਾਲ ਨਿਪਟਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ, ਸੱਭਿਆਚਾਰਕ ਵਖਰੇਵੇਂ ਕਾਰਨ ਪਹਿਲੀ ਪੀੜ੍ਹੀ ਦੇ ਮਾਪਿਆਂ ਅਤੇ ਦੂਜੀ ਪੀੜ੍ਹੀ ਦੇ ਬੱਚਿਆਂ ਵਿਚਕਾਰ ਤਣਾਅ, ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦਾ ਇਤਿਹਾਸ, ਇਮੀਗ੍ਰੇਸ਼ਨ, ਨਵੇਂ ਇੰਮੀਗ੍ਰੈਂਟਾਂ ਨੂੰ ਕੈਨੇਡਾ ਵਿੱਚ ਸੈਟਲ ਆਉਣ ਵਿੱਚ ਆਉਂਦੀਆਂ ਮੁਸ਼ਕਿਲਾਂ ਅਤੇ ਇਨ੍ਹਾਂ ਮੁਸ਼ਕਿਲਾਂ ਨਾਲ ਨਿਪਟਣ ਵਿੱਚ ਮਦਦ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਆਦਿ।

ਇਸ ਦੇ ਨਾਲ ਨਾਲ ਕੈਨੇਡਾ ਵਿੱਚ ਪ੍ਰਫੁੱਲਤ ਹੋ ਰਹੇ ਸਾਹਿਤ, ਨਾਟਕ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਬਾਰੇ ਇੰਟਰਵਿਊ/ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਂਦੀਆਂ ਸਨ। ਕਈ ਪ੍ਰੋਗਰਾਮਾਂ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੇ ਜੀਵਨ ਬਾਰੇ ਕੈਨੇਡਾ ਦੇ ਪੰਜਾਬੀ ਨਾਟਕਕਾਰਾਂ ਵੱਲੋਂ ਲਿਖੇ ਨਾਟਕ ਰੇਡੀਓ ਨਾਟਕਾਂ ਵਜੋਂ ਪ੍ਰਸਾਰਿਤ ਕੀਤੇ ਜਾਂਦੇ ਸਨ। ਇਸ ਤੋਂ ਬਿਨਾਂ ਕੈਨੇਡਾ ਵਿੱਚ ਆਏ ਮੋਢੀ ਪੰਜਾਬੀਆਂ ਨਾਲ ਗੱਲਬਾਤ ਕਰਨ ਦੀ ਖ਼ਾਸ ਕੋਸ਼ਿਸ਼ ਕੀਤੀ ਜਾਂਦੀ ਸੀ।

ਬੇਸ਼ੱਕ ‘ਸਮੇਂ ਦੀ ਅਵਾਜ਼’ ਵਿੱਚ ਹਿੰਦੁਸਤਾਨ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਸੀ, ਪਰ ਇਸ ਵਿੱਚ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦਾ ਮੁੱਖ ਧਿਆਨ ਕੈਨੇਡਾ ’ਤੇ ਕੇਂਦਰਿਤ ਹੁੰਦਾ ਸੀ। ਇਸ ਤਰ੍ਹਾਂ ਕਰਨ ਪਿੱਛੇ ਇਹ ਸੋਚ ਕੰਮ ਕਰਦੀ ਸੀ ਕਿ ਹੁਣ ਅਸੀਂ ਕੈਨੇਡਾ ਵਿੱਚ ਆ ਗਏ ਹਾਂ, ਅਸੀਂ ਇੱਥੇ ਹੀ ਰਹਿਣਾ ਹੈ, ਸਾਡੇ ਬੱਚਿਆਂ ਨੇ ਇੱਥੇ ਵੱਡੇ ਹੋਣਾ ਅਤੇ ਜਿਊਣਾ ਹੈ, ਇਸ ਲਈ ਸਾਨੂੰ ਇੱਥੋਂ ਦੇ ਸਮਾਜ ਬਾਰੇ ਜਾਣਨਾ ਅਤੇ ਸਿੱਖਣਾ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇੱਕ ਕਮਿਊਨਿਟੀ ਵਜੋਂ ਅਸੀਂ ਅਜਿਹਾ ਤਾਂ ਹੀ ਕਰ ਸਕਾਂਗੇ ਜੇ ਅਸੀਂ ਇਸ ਸਮਾਜ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਇਸ ਲਈ ‘ਸਮੇਂ ਦੀ ਅਵਾਜ਼’ ਦੇ ਬਹੁਗਿਣਤੀ ਪ੍ਰੋਗਰਾਮ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਜੀਵਨ ਅਤੇ ਸਥਿਤੀਆਂ ਬਾਰੇ ਹੁੰਦੇ ਸਨ। ‘ਸਮੇਂ ਦੀ ਅਵਾਜ਼’ ਵਿੱਚ ਪ੍ਰੋਗਰਾਮ ਤਿਆਰ ਕਰਨ ਵਾਲਿਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਕਿਉਂਕਿ ਅਸੀਂ ਪੰਜਾਬ/ਭਾਰਤ ਤੋਂ ਆਏ ਹਾਂ ਅਤੇ ਸਾਡੀ ਉਸ ਦੇਸ਼ ਨਾਲ ਇੱਕ ਜਜ਼ਬਾਤੀ ਸਾਂਝ ਹੈ ਅਤੇ ਉਸ ਦੇਸ਼ ਬਾਰੇ ਵੀ ਜਾਣਨਾ ਚਾਹੁੰਦੇ ਹਾਂ। ਇਸ ਲਈ ਇਸ ਵਿੱਚ ਪੰਜਾਬ/ਹਿੰਦੁਸਤਾਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਂਦੇ ਸਨ, ਪਰ ਜ਼ਿਆਦਾ ਪ੍ਰੋਗਰਾਮਾਂ ਦਾ ਵਿਸ਼ਾ-ਵਸਤੂ ਕੈਨੇਡਾ ਨਾਲ ਸਬੰਧਿਤ ਹੁੰਦਾ ਸੀ।

ਪ੍ਰੋਗਰਾਮ ਵਿੱਚ ਵਿਚਾਰੇ ਜਾਣ ਵਾਲੇ ਵਿਸ਼ਿਆਂ ਦੀ ਚੋਣ ਕਰਨ ਸਮੇਂ ਇੱਕ ਹੋਰ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਇਸ ਵਿੱਚ ਸਿਰਫ਼ ਪੰਜਾਬੀ/ਭਾਰਤੀ ਕਮਿਊਨਿਟੀ ਬਾਰੇ ਹੀ ਗੱਲਬਾਤ ਨਾ ਹੋਵੇ ਸਗੋਂ ਸਮੁੱਚੇ ਕੈਨੇਡੀਅਨ ਸਮਾਜ ਬਾਰੇ ਗੱਲਬਾਤ ਹੋਵੇ। ਇਸ ਲਈ ਇਸ ਵਿੱਚ ਕੈਨੇਡਾ ਦੀ ਮੁੱਖ ਧਾਰਾ ਦੀ ਵੱਡੀ ਕਮਿਊਨਿਟੀ ਅਤੇ ਕੈਨੇਡਾ ਦੀਆਂ ਹੋਰ ਬਹੁ-ਸੱਭਿਆਚਾਰਕ ਕਮਿਊਨਿਟੀਆਂ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਸੀ। ਇਸ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਉੱਤੇ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨਾਲ ਸਬੰਧਿਤ ਗੱਲਬਾਤ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਂਦਾ ਸੀ। ਅਜਿਹਾ ਕਰਨ ਪਿੱਛੇ ਇਹ ਸੋਚ ਕੰਮ ਕਰਦੀ ਸੀ ਕਿ ਅਸੀਂ ਕੈਨੇਡਾ ਵਿੱਚ ਇੱਕ ‘ਗੈਟੋਆਈਜ਼ਡ’ ਕਮਿਊਨਿਟੀ ਰਹਿ ਕੇ ਤਰੱਕੀ ਨਹੀਂ ਕਰ ਸਕਦੇ ਸਗੋਂ ਅਸੀਂ ਤਾਂ ਹੀ ਪ੍ਰਫੁੱਲਤ ਹੋਵਾਂਗੇ ਜੇ ਅਸੀਂ ਆਪਣੀ ਕਮਿਊਨਿਟੀ ਤੋਂ ਬਾਹਰਲੇ, ਦੇਸ਼-ਵਿਦੇਸ਼ ਦੇ ਮਸਲਿਆਂ ਤੋਂ ਵੀ ਜਾਣੂ ਹੋਵਾਂਗੇ।

ਜ਼ਿਕਰਯੋਗ ਕਿ ‘ਸਮੇਂ ਦੀ ਅਵਾਜ਼’ ਦੇ ਬਹੁਤੇ ਪ੍ਰੋਗਰਾਮਾਂ ਵਿੱਚ ਦੋ ਹੋਸਟ ਹੁੰਦੇ ਸਨ। ਇੱਕ ਪਹਿਲੀ ਪੀੜ੍ਹੀ ਵਿੱਚੋਂ ਪੰਜਾਬੀ ਬੋਲਣ ਵਾਲਾ ਅਤੇ ਦੂਸਰਾ ਦੂਜੀ ਪੀੜ੍ਹੀ ਵਿੱਚੋਂ ਅੰਗਰੇਜ਼ੀ ਬੋਲਣ ਵਾਲਾ। ਪ੍ਰੋਗਰਾਮ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਦਾ ਮਕਸਦ ਇਹ ਸੀ ਕਿ ਪ੍ਰੋਗਰਾਮ ਪਹਿਲੀ ਅਤੇ ਦੂਜੀ ਪੀੜ੍ਹੀ ਵਿਚਕਾਰ ਵਿਚਾਰ ਵਟਾਂਦਰੇ ਦਾ ਮੰਚ ਬਣ ਸਕੇ। ਪ੍ਰੋਗਰਾਮ ਵਿੱਚ ਦੋਹਾਂ ਪੀੜ੍ਹੀਆਂ ਨਾਲ ਸਬੰਧਿਤ ਸਰੋਕਾਰਾਂ ਬਾਰੇ ਗੱਲ ਹੋ ਸਕੇ ਅਤੇ ਕਮਿਊਨਿਟੀ ਦੇ ਮਸਲਿਆਂ ਬਾਰੇ ਦੋਹਾਂ ਪੀੜ੍ਹੀਆਂ ਦੇ ਨਜ਼ਰੀਏ ਦੀ ਨੁਮਾਇੰਦਗੀ ਹੋ ਸਕੇ।

‘ਸਮੇਂ ਦੀ ਅਵਾਜ਼’ ਪ੍ਰੋਗਰਾਮ ਦੀ ਇੱਕ ਹੋਰ ਵਿਸ਼ੇਸ਼ਤਾ-ਫੀਲਡ ਵਰਕ ਵੀ ਜ਼ਿਕਰਯੋਗ ਹੈ। ਇਸ ਵਿੱਚ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਸਿਰਫ਼ ਸਟੂਡੀਓ ਵਿੱਚ ਬਹਿ ਕੇ ਹੀ ਤਿਆਰ ਨਹੀਂ ਕੀਤੇ ਜਾਂਦੇ ਸਨ ਸਗੋਂ ਇਸ ਨਾਲ ਕੰਮ ਕਰਨ ਵਾਲੇ ਵਾਲੰਟੀਅਰ ਕਮਿਊਨਿਟੀ ਵਿੱਚ ਹੋ ਰਹੀਆਂ ਮੀਟਿੰਗਾਂ, ਸਮਾਗਮਾਂ, ਮੁਜ਼ਾਹਰਿਆਂ, ਜਲਸੇ ਅਤੇ ਜਲੂਸਾਂ ਵਿੱਚ ਜਾਂਦੇ ਸਨ ਅਤੇ ਉੱਥੋਂ ਜੋ ਕੁਝ ਹੁੰਦਾ ਸੀ ਉਸ ਨੂੰ ਰਿਕਾਰਡ ਕਰ ਕੇ ਲਿਆਉਂਦੇ ਸਨ। ਫਿਰ ਉਨ੍ਹਾਂ ਰਿਕਾਰਡਿੰਗਾਂ ਨੂੰ ਐਡਿਟ ਕਰਕੇ ਪ੍ਰੋਗਰਾਮ ਲਈ ਰਿਪੋਰਟਾਂ ਤਿਆਰ ਕਰਦੇ ਸਨ। ਇਸ ਨਾਲ ਇਨ੍ਹਾਂ ਮੀਟਿੰਗਾਂ/ਸਮਾਗਮਾਂ ਆਦਿ ਦੀ ਰਿਪੋਰਟਿੰਗ ਦੀ ਪ੍ਰਮਾਣਿਕਤਾ ਵਿੱਚ ਵਾਧਾ ਹੁੰਦਾ ਸੀ। ਅਜਿਹਾ ਕਰਨ ਦਾ ਕਾਰਜ ਬੜਾ ਦਿਲਚਸਪ ਹੁੰਦਾ ਸੀ। ਇਸ ਦੇ ਵਾਲੰਟੀਅਰਾਂ ਕੋਲ ਨਾ ਤਾਂ ਕੈਸੇਟਾਂ ਨੂੰ ਐਡਿਟ ਕਰਨ ਦੀਆਂ ਸਹੂਲਤਾਂ ਸਨ ਅਤੇ ਨਾ ਹੀ ਇੰਨੀ ਜ਼ਿਆਦਾ ਜਾਚ। ਉਹ ਇਹ ਕੰਮ ਕੈਸੇਟ ਟੇਪਾਂ ਚਲਾਉਣ ਵਾਲੀਆਂ ਡਬਲ ਡੈੱਕ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਕਰਦੇ ਸਨ। ਇੱਕ ਡੈਕ ਵਿੱਚ ਮੀਟਿੰਗ/ਸਮਾਗਮ ਆਦਿ ਦੀ ਅਸਲੀ ਰਿਕਾਰਡਿੰਗ ਵਾਲੀ ਕੈਸੇਟ ਪਾ ਦੇਣੀ ਅਤੇ ਦੂਜੇ ਡੈੱਕ ਵਿੱਚ ਉਹ ਟੇਪ ਪਾ ਦੇਣੀ ਜਿਸ ਵਿੱਚ ਐਡਿਟ ਕੀਤੀ ਸਮੱਗਰੀ ਰਿਕਾਰਡ ਕਰਨੀ ਹੁੰਦੀ ਸੀ ਅਤੇ ਉਸ ਉੱਤੇ ਲੋੜੀਂਦੀ ਸਮੱਗਰੀ ਰਿਕਾਰਡ ਕਰੀ ਜਾਣੀ। ਇਸ ਲਈ ਹੋ ਸਕਦਾ ਹੈ ਕਿ ਅੱਜ ਜਦੋਂ ਕੋਈ ਸਰੋਤਾ ਇਸ ਪ੍ਰੋਗਰਾਮ ਦੀਆਂ ਫੀਲਡ ਵਿੱਚ ਜਾ ਕੇ ਰਿਕਾਰਡ ਕੀਤੀਆਂ ਟੇਪਾਂ ਤੋਂ ਤਿਆਰ ਕੀਤੀਆਂ ਰਿਪੋਰਟਾਂ ਨੂੰ ਸੁਣੇ ਤਾਂ ਉਸ ਨੂੰ ਇਹ ਰਿਪੋਰਟਾਂ ਥੋੜ੍ਹੀਆਂ ਜਿਹੀਆਂ ਅਣਘੜਤ ਲੱਗਣ, ਪਰ ਇਸ ਬਾਰੇ ਕੀ ਕੀਤਾ ਜਾ ਸਕਦਾ ਸੀ। ਉਸ ਵੇਲੇ ਦੀਆਂ ਹਾਲਤਾਂ ਵਿੱਚ ‘ਸਮੇਂ ਦੀ ਅਵਾਜ਼’ ਦੇ ਵਾਲੰਟੀਅਰ ਇਹ ਹੀ ਕਰ ਸਕਦੇ ਸਨ।

‘ਸਮੇਂ ਦੀ ਅਵਾਜ਼’ ਨੂੰ ਪੇਸ਼ ਕਰਨ ਵਾਲੇ ਲੋਕਾਂ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਸੀ ਕਿ ਉਨ੍ਹਾਂ ਵਿੱਚੋਂ ਬਹੁਤੇ ਕਮਿਊਨਿਟੀ ਦੀ ਬਿਹਤਰੀ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸੱਭਿਆਚਾਰਕ ਅਤੇ ਸਾਹਿਤਕ ਸੰਸਥਾਵਾਂ ਨਾਲ ਮੁੱਖ ਕਾਰਕੁਨਾਂ ਜਾਂ ਹਮਦਰਦੀ ਰੱਖਣ ਵਾਲੇ ਕਾਰਕੁਨਾਂ ਵਜੋਂ ਜੁੜੇ ਹੋਏ ਸਨ। ਇਸ ਲਈ ਉਹ ਬਹੁਤੀ ਵਾਰ ਆਪਣੀ ਪਛਾਣ ਰੇਡੀਓ ਬ੍ਰਾਡਕਾਸਟਰਾਂ ਵਜੋਂ ਘੱਟ ਅਤੇ ਸਮਾਜਿਕ ਕਾਰਕੁਨਾਂ ਵਜੋਂ ਜ਼ਿਆਦਾ ਕਰਦੇ ਸਨ ਅਤੇ ਰੇਡੀਓ ਬ੍ਰਾਡਕਾਸਟਿੰਗ ਨੂੰ ਕਮਿਊਨਿਟੀ ਵਿੱਚ ਵੱਖ ਵੱਖ ਮਸਲਿਆਂ ਬਾਰੇ ਜਾਗਰੂਕਤਾ ਲਿਆਉਣ ਦਾ ਵਸੀਲਾ ਸਮਝਦੇ ਸਨ। ਇਸ ਦੇ ਬਹੁਤੇ ਪ੍ਰੋਗਰਾਮਾਂ ’ਤੇ ਉਨ੍ਹਾਂ ਦੇ ਇਸ ਨਜ਼ਰੀਏ ਦਾ ਪ੍ਰਭਾਵ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ।

ਇਹ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ 1986-1989 ਵਿਚਕਾਰ ‘ਸਮੇਂ ਦੀ ਅਵਾਜ਼’ ਵਿੱਚ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮਾਂ ਵਿੱਚੋਂ 70 ਦੇ ਕਰੀਬ ਪ੍ਰੋਗਰਾਮਾਂ ਦੀ ਆਰਕਾਈਵ ਤਿਆਰ ਹੋ ਚੁੱਕੀ ਹੈ। ਭਾਵ ਇਨ੍ਹਾਂ ਪ੍ਰੋਗਰਾਮਾਂ ਨੂੰ ਆਨਲਾਈਨ ਪਾਉਣ ਲਈ ਡਿਜੀਟਾਈਜ਼ ਕਰ ਲਿਆ ਗਿਆ ਹੈ। ਪੁਰਾਣੇ ਪ੍ਰੋਗਰਾਮਾਂ ਦੀ ਇਸ ਆਰਕਾਈਵ ਵਿੱਚ ਉਸ ਸਮੇਂ ਦੀ ਕੈਨੇਡਾ ਦੀ ਪੰਜਾਬੀ/ਭਾਰਤੀ/ਸਾਊਥ ਏਸ਼ੀਅਨ ਕਮਿਊਨਿਟੀ ਦੇ ਸੱਭਿਆਚਰਕ ਜੀਵਨ ਅਤੇ ਸਮਾਜਿਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮੌਜੂਦ ਹੈ। ਸਾਨੂੰ ਆਸ ਹੈ ਕਿ ਇਹ ਆਰਕਾਈਵ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ 1980ਵਿਆਂ ਦੇ ਸਮੇਂ ਵਿੱਚ ਕੈਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ਕਿਸ ਤਰ੍ਹਾਂ ਦੀ ਸੀ? ਇਸ ਦੇ ਸਾਹਮਣੇ ਕੀ ਮਸਲੇ ਸਨ? ਇਹ ਉਨ੍ਹਾਂ ਨਾਲ ਨਿਪਟਣ ਲਈ ਕੀ ਕਰ ਰਹੀ ਸੀ? ਇਹ ਆਰਕਾਈਵ ਆਮ ਲੋਕਾਂ, ਕਮਿਊਨਿਟੀ ਦੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਖੋਜੀਆਂ ਲਈ ਇੱਕ ਪ੍ਰਮਾਣਿਕ ਅਤੇ ਕੀਮਤੀ ਜਾਣਕਾਰੀ ਦਾ ਸਰੋਤ ਬਣੇਗੀ। ਇਹ ਆਰਕਾਈਵ 17 ਅਗਸਤ ਨੂੰ ਆਨਲਾਈਨ ਰੂਪ ਵਿੱਚ ਲਾਂਚ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲਾ ਵਿਅਕਤੀ ਇਸ ਦੀ ਸਾਈਟ ’ਤੇ ਆਨਲਾਈਨ ਜਾ ਕੇ ਇਨ੍ਹਾਂ ਪ੍ਰੋਗਰਾਮਾਂ ਨੂੰ ਬਿਨਾਂ ਕੋਈ ਫੀਸ ਦਿੱਤਿਆਂ ਸੁਣ ਸਕੇਗਾ।

Advertisement