ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੱਤੀ ਤਵੀ ਅਤੇ ਗੋਲੀ ਦਾ ਅੰਤਰ-ਸੰਵਾਦ

ਡਾ. ਗੁਰਬਖਸ਼ ਸਿੰਘ ਭੰਡਾਲ ਗੂੜ੍ਹੀ ਨੀਂਦੇ ਸੁੱਤਿਆਂ ਸੁਪਨੇ ਵਿੱਚ ਤੱਤੀ ਤਵੀ ਅਤੇ ਗੋਲੀ ਦੀ ਘੁਸਰ ਮੁਸਰ ਅਵਾਜ਼ਾਰ ਕਰਦੀ ਹੈ, ਜਿਸ ਨਾਲ ਮੇਰੀ ਰੂਹ ਝਰੀਟੀ ਜਾਂਦੀ ਹੈ। ਤੱਤੀ ਤਵੀ ਕਹਿੰਦੀ ਹੈ ਕਿ ਮੈਨੂੰ ਉਹ ਪਲ ਅਜੇ ਤੀਕ ਨਹੀਂ ਭੁੱਲੇ, ਜਦੋਂ...
Advertisement

ਡਾ. ਗੁਰਬਖਸ਼ ਸਿੰਘ ਭੰਡਾਲ

Advertisement

ਗੂੜ੍ਹੀ ਨੀਂਦੇ ਸੁੱਤਿਆਂ ਸੁਪਨੇ ਵਿੱਚ ਤੱਤੀ ਤਵੀ ਅਤੇ ਗੋਲੀ ਦੀ ਘੁਸਰ ਮੁਸਰ ਅਵਾਜ਼ਾਰ ਕਰਦੀ ਹੈ, ਜਿਸ ਨਾਲ ਮੇਰੀ ਰੂਹ ਝਰੀਟੀ ਜਾਂਦੀ ਹੈ। ਤੱਤੀ ਤਵੀ ਕਹਿੰਦੀ ਹੈ ਕਿ ਮੈਨੂੰ ਉਹ ਪਲ ਅਜੇ ਤੀਕ ਨਹੀਂ ਭੁੱਲੇ, ਜਦੋਂ ਮੇਰੇ ਤਪਦੇ ਪਿੰਡੇ ’ਤੇ ਨੂਰਾਨੀ ਜੋਤ ਨੇ ਚੌਂਕੜਾ ਮਾਰਿਆ ਸੀ। ਹੇਠਲੀ ਅੱਗ ਮੇਰਾ ਪਿੰਡਾ ਲੂਹੇ, ਵਰ੍ਹਦੀ ਅੱਗ ਮੇਰੇ ਮਾਲਕ ’ਤੇ ਕਹਿਰ ਢਾਹੇ ਅਤੇ ਰੂਹਾਨੀ ਜਾਮਾ ਸ਼ਾਂਤ ਚਿੱਤ ਹੋ ਕੁਦਰਤ ਦੇ ਭਾਣੇ ਵਿੱਚ ਰੰਗਿਆ ਰੱਬ ਦੀ ਰਜ਼ਾ ਮੰਨ ਰਿਹਾ ਸੀ।

ਅਜਿਹੇ ਵਿੱਚ ਭਲਾ ਮੈਂ ਕੀ ਕਰਦੀ? ਮੈਂ ਤਾਂ ਹਾਕਮਾਂ ਦੀ ਬਾਂਦੀ ਸਾਂ। ਮੇਰੇ ਅੰਦਰਲੀ ਚੀਸ ਨੇ ਮੈਨੂੰ ਬਹੁਤ ਤੜਫਾਇਆ। ਮੈਂ ਜ਼ਾਰ ਜ਼ਾਰ ਰੋਈ, ਪਰ ਮੈਨੂੰ ਦੇਖ ਕੇ ਆਲ਼ੇ ਦੁਆਲੇ ਬੈਠਿਆਂ ਦੀ ਅੱਖ ਨਾ ਗਿੱਲੀ ਹੋਈ। ਸਿਰਫ਼ ਸਾਈਂ ਜੀ ਨੇ ਆਹ ਭਰੀ ਅਤੇ ਇਸ ਕਹਿਰੀ ਵਰਤਾਰੇ ਨੂੰ ਭਵਿੱਖੀ ਤਬਾਹੀ ਦਾ ਸੂਚਕ ਕਿਹਾ।

ਇਹ ਸੁਣ ਕੇ ਗੋਲੀ ਕਹਿਣ ਲੱਗੀ ਮੈਂ ਵੀ ਕਿਹੜਾ ਚਾਹੁੰਦੀ ਸਾਂ ਕਿ ਆਪਣਿਆਂ ਦੀਆਂ ਲਾਸ਼ਾਂ ਵਿਛਾਵਾਂ। ਆਪਣਿਆਂ ਦੇ ਲਹੂ ਵਿੱਚ ਨਹਾਵਾਂ ਅਤੇ ਅੰਮ੍ਰਿਤ ਜਲ ਨੂੰ ਲਹੂ ਰੰਗਾਂ ਬਣਾਵਾਂ। ਇਹ ਤਾਂ ਮੇਰੀ ਲਾਚਾਰੀ ਸੀ ਕਿ ਮੈਂ ਉਨ੍ਹਾਂ ਦੇ ਹੱਥਾਂ ਵਿੱਚ ਸਾਂ ਜਿਹੜੇ ਆਪਣੇ ਹੋ ਕੇ ਆਪਣਿਆਂ ਨੂੰ ਹੀ ਮੁਕਾਉਣ ਤੁਰੇ ਸਨ। ਮੇਰਾ ਧਰਮ ਤਾਂ ਜ਼ਬਰ-ਜ਼ੁਲਮ ਢਾਹੁਣ ਵਾਲਿਆਂ ਦਾ ਖ਼ਾਤਮਾ ਕਰਨਾ ਹੁੰਦਾ ਹੈ। ਅਕਸਰ ਮੈਂ ਸ਼ਾਂਤ ਹੀ ਰਹਿੰਦੀ ਹਾਂ, ਪਰ ਕਦੇ ਕਦਾਈਂ ਹੀ ਮੈਂ ਆਪਣੀ ਹੋਂਦ ਨਾਲ ਜਿਊਣ ਨੂੰ ਮੌਤ ਦਾ ਦਰਜਾ ਦਿੰਦੀ ਹਾਂ। ਮੈਨੂੰ ਅੱਖਰਿਆ ਸੀ ਆਪਣਿਆਂ ਹੱਥੋਂ ਆਪਣਿਆਂ ਦੀਆਂ ਕਬਰਾਂ ਦੀ ਖ਼ੁਦਾਈ ਕਰਨਾ। ਪਤਾ ਨਹੀਂ ਬੰਦੇ ਦੀ ਕਿਹੜੀ ਮਾਨਸਿਕਤਾ ਆਪਣਿਆਂ ਦਾ ਸਿਵਾ ਸੇਕਣ ਲਈ ਉਤਾਵਲੀ ਹੁੰਦੀ ਹੈ?

ਤੱਤੀ ਤਵੀ ਨੇ ਆਪਣਾ ਦਰਦ ਫਰੋਲਦਿਆਂ ਕਿਹਾ ਕਿ ਮੈਨੂੰ ਤਾਂ ਅਜੇ ਤੀਕ ਯਾਦ ਨੇ ਪਾਤਸ਼ਾਹੀ ਚੌਂਕੜੇ ਦੇ ਨਕਸ਼, ਅਨੂਠੀ ਛੋਹ ਨਾਲ ਮੇਰੇ ਅੰਦਰਲੀ ਮਖ਼ਰੂਰੀ। ਕੋਮਲਤਾ ਦਾ ਅਹਿਸਾਸ, ਸ਼ਾਂਤੀ ਦੇ ਪੁੰਜ ਦੀ ਰਹਿਮ-ਦਿਲੀ, ਫ਼ਰਾਖ਼-ਦਿਲੀ ਅਤੇ ਦਰਿਆ-ਦਿਲੀ ਕਿ ਉਨ੍ਹਾਂ ਨੇ ਸੇਕ ਵਿੱਚ ਤਪਦਿਆਂ ਵੀ ਠੰਢ ਵਰਤਾਉਣ ਦੀ ਆਰਜਾ ਕੀਤੀ। ਵਰ੍ਹਦੀਆਂ ਅੱਗਾਂ ਅਤੇ ਕਹਿਰ ਦੀ ਰੁੱਤੇ ਕੋਈ ਵਿਰਲਾ ਹੀ ਹੁੰਦਾ ਹੈ ਜੋ ਸ਼ੀਤ ਹਵਾਵਾਂ ਦੀ ਅਰਦਾਸ ਕਰਦਿਆਂ, ਆਪਣੀ ਜਾਨ ਦੀ ਅਹੂਤੀ ਨੂੰ ਵੀ ਪਰਵਰਦਿਗਾਰ ਦਾ ਭਾਣਾ ਮੰਨਦਾ ਹੈ। ਚਿਹਰੇ ਦੇ ਨੂਰ ਅਤੇ ਹੋਠਾਂ ਵਿੱਚੋਂ ਝਰਦੇ ਅੰਮ੍ਰਿਤਮਈ ਬੋਲਾਂ ਵਿੱਚ ਮੈਂ ਖ਼ੁਦ ਨੂੰ ਗੁਆਚਿਆ ਮਹਿਸੂਸ ਕੀਤਾ ਸੀ। ਮੈਂ ਪੀੜਾ ਪੀੜਾ ਹੋਈ ਸੱਚੇ ਪਾਤਸ਼ਾਹ ’ਤੇ ਢਾਹੇ ਜਾ ਰਹੇ ਜ਼ਬਰ ਨੂੰ ਰੋਕਣ ਵਿੱਚ ਅਸਫਲ ਸਾਂ। ਮੈਂ ਗੁਰੂ ਜੀ ਦੇ ਅਤਿ ਨੇੜੇ ਹੋ ਕੇ ਵੀ ਨਿਕਰਮੀ ਜੂਨ ਹੰਢਾਉਣ ਜੋਗੀ ਹੀ ਰਹਿ ਗਈ।

ਤੱਤੀ ਤਵੀ ਦੀ ਹਿਰਦੇਵੇਧਕ ਵੇਦਨਾ ਨੂੰ ਸੁਣ ਕੇ ਗੋਲੀ ਬੋਲੀ ਕਿ ਤੇਰਾ ਦਰਦ ਮੇਰੇ ਦਰਦ ਸਾਹਵੇਂ ਤਾਂ ਤੁੱਛ ਵੀ ਨਹੀਂ। ਮੈਂ ਤਾਂ ਮੌਤ ਦਾ ਪੈਗ਼ਾਮ ਉਸ ਫ਼ਿਜ਼ਾ ਵਿੱਚ ਫੈਲਾਉਣ ਦੀ ਨਾਕਾਮ ਕੋਸ਼ਿਸ਼ ਹੀ ਕਰਦੀ ਰਹੀ ਜਿਸ ਤੋਂ ਹਰੇਕ ਨੂੰ ਜੀਵਨ ਦਾਨ ਮਿਲਦਾ ਹੈ। ਰੂਹਾਂ ਨੂੰ ਸਰਸ਼ਾਰ ਕਰਨ ਵਾਲੇ ਚੌਗਿਰਦੇ ਨੂੰ ਭੈਅਭੀਤ ਕਰਨ ਅਤੇ ਇਸ ਦੀ ਆਬੋ ਹਵਾ ਵਿੱਚ ਮੌਤ ਮੰਡਰਾਉਣ ਲਈ ਮੈਂ ਹੀ ਜ਼ਿੰਮੇਵਾਰ ਸਾਂ। ਕਾਸ਼! ਮੈਂ ਇਸ ਦੀ ਹਵਾ ਵਿੱਚ ਪਲ ਭਰ ਸਾਹ ਲੈ ਕੇ ਆਪਣੀ ਮਾਰੂ ਸੋਚ ਅਤੇ ਕਬਰਾਂ ਪੁੱਟਣ ਵਾਲੀ ਤਾਸੀਰ ਨੂੰ ਬਦਲ ਲੈਂਦੀ। ਮੈਂ ਕੇਹੀ ਅਭਾਗਣ ਕਿ ਵੈਰੀਆਂ ਦੀਆਂ ਲਾਸ਼ਾਂ ਵਿਛਾਉਣ ਵਾਲੀ ਆਪਣਿਆਂ ਦੀਆਂ ਲਾਸ਼ਾਂ ਦੀ ਗਿਣਤੀ ਵਿੱਚ ਹੀ ਉਲਝ ਕੇ ਰਹਿ ਗਈ। ਬਹੁਤ ਅਫ਼ਸੋਸ ਹੁੰਦਾ ਹੈ ਕਿ ਮੈਨੂੰ ਆਪਣੀ ਮਨਹੂਸ ਹੋਂਦ ਅਤੇ ਅਮਾਨਵੀ ਹਾਸਲਤਾ ’ਤੇ ਜਿਸ ਦੀ ਚਸਕ ਸਦੀਆਂ ਤੋਂ ਬਾਅਦ ਵੀ ਕਦੇ ਨਹੀਂ ਘਟਣੀ।

ਗੋਲੀ ਦੇ ਦਰਦ ਵਿੱਚ ਦਰਦਵੰਤੀ ਬਣੀ ਤੱਤੀ ਤਵੀ ਨੇ ਆਪਣੇ ਦਿਲ ਦੀ ਵੇਦਨਾ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਆਪਣੀ ਤਾਸੀਰ ਖ਼ੁਦ ਨਹੀਂ ਲਿਖ ਸਕਦੀਆਂ। ਸਾਡੀ ਤਕਦੀਰ ਤਾਂ ਸਾਡੇ ਮਾਲਕਾਂ ਨੇ ਲਿਖਣੀ ਹੁੰਦੀ ਹੈ। ਮੇਰੇ ’ਤੇ ਰੋਟੀਆਂ ਪਕਾ ਕੇ ਪੇਟ ਦੀ ਅੱਗ ਵੀ ਤਾਂ ਬੁਝਾਈ ਜਾ ਸਕਦੀ ਸੀ। ਮੇਰੇ ਉੱਪਰ ਬੱਚੇ ਆਟੇ ਦੀਆਂ ਚਿੜੀਆਂ ਬਣਾ ਕੇ ਪਰਿੰਦਿਆਂ ਨੂੰ ਚੋਗ ਵੀ ਪਾ ਸਕਦੇ ਸਨ, ਪਰ ਨਹੀਂ। ਇਹ ਹਾਕਮ ਦਾ ਹੁਕਮ ਸੀ ਕਿ ਮੈਂ ਆਪਣੇ ਤਪਦੇ ਲਾਲ ਸੂਹੇ ਪਿੰਡੇ ਉੱਪਰ ਰਹਿਮਤਾਂ ਦੇ ਮਾਲਕ ਨੂੰ ਬਿਠਾਉਣਾ ਸੀ। ਕੇਹਾ ਮੰਜ਼ਰ ਸੀ ਜਦ ਕੋਮਲ ਜੋਤ ਨੇ ਮਲਕੜੇ ਜਿਹੇ ਮੇਰੇ ’ਤੇ ਚੌਂਕੜਾ ਮਾਰਿਆ ਅਤੇ ਵਾਹਿਗੁਰੂ ਦਾ ਮੰਤਰ ਉਚਾਰਦਿਆਂ, ਜ਼ਾਲਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਦਿਖਾ ਕੇ ਜੋਤ, ਜੋਤ ਵਿੱਚ ਰਲ ਗਈ। ਤਾਰੀਖ਼ ਨੂੰ ਇਹ ਸਬਕ ਦੇ ਗਈ ਕਿ ਇੰਝ ਵੀ ਬੁੱਲ੍ਹਾਂ ਤੋਂ ਸੀ ਨਾ ਉਚਾਰਦਿਆਂ, ਜ਼ਬਰ ਤੇ ਤਸ਼ੱਦਦ ਨੂੰ ਸਹਿ ਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਕਰਜ਼ ਉਤਾਰਿਆ ਜਾ ਸਕਦਾ ਹੈ।

ਫਿਰ ਕੁਝ ਚੇਤੇ ਕਰਕੇ ਗੋਲੀ ਬੋਲੀ ਕਿ ਮੈਂ ਤਾਂ ਸਮਝਦੀ ਸਾਂ ਕਿ ਮੇਰੀ ਆਵਾਜ਼ ਹੀ ਮਨਾਂ ਵਿੱਚ ਅਜਿਹਾ ਡਰ ਪੈਦਾ ਕਰਦੀ ਹੈ ਕਿ ਹਰ ਕੋਈ ਆਪਣੀ ਜਾਨ ਲੁਕਾਉਣ ਲਈ ਦੌੜਦਾ ਹੈ, ਪਰ ਇਹ ਮੇਰਾ ਭਰਮ ਹੀ ਨਿਕਲਿਆ। ਉਹ ਕੇਹਾ ਮੰਜ਼ਰ ਸੀ ਕਿ ਮੈਂ ਹਿੱਕਾਂ ਨੂੰ ਛਣਨੀ ਕਰਦੀ ਰਹੀ ਅਤੇ ਰੂਹ-ਰੱਤੇ ਹਿੱਕ ਨੂੰ ਲੀਰਾਂ ਕਰਵਾਉਂਦਿਆਂ, ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪੀਂਦੇ ਰਹੇ। ਉਨ੍ਹਾਂ ਦੇ ਚਿਹਰਿਆਂ ਦਾ ਸਕੂਨ ਅਤੇ ਮੌਤ ਵਿਹਾਜਣ ਦੇ ਜਨੂੰਨ ਦੀ ਅਦਾ ਹੁਣ ਤੀਕ ਵੀ ਹੈਰਾਨ ਅਤੇ ਪਰੇਸ਼ਾਨ ਕਰਦੀ ਹੈ ਕਿ ਕੋਈ ਕੌਮ ਇੰਝ ਵੀ ਆਪਣੇ ਅਕੀਦਤ ਯੋਗ ਅਸਥਾਨ ਦੀ ਪਾਕੀਜ਼ਗੀ ਦੀ ਬਰਕਰਾਰੀ ਲਈ ਆਪਣੇ ਪਿੰਡਿਆਂ ਦੀ ਢਾਲ ਉਸਾਰ ਸਕਦੀ ਹੈ। ਮੇਰੇ ਅਵਚੇਤਨ ਵਿੱਚ ਬੈਠਾ ਇਹ ਦ੍ਰਿਸ਼ ਹੁਣ ਵੀ ਜਦ ਚੇਤੇ ਆਉਂਦਾ ਹੈ ਤਾਂ ਮਨ ਵਿੱਚ ਕੰਬਣੀ ਪੈਦਾ ਹੁੰਦੀ ਹੈ ਅਤੇ ਰੂਹ ਕੰਬ ਜਾਂਦੀ ਹੈ।

ਨਿਰਭੈਤਾ ਦਾ ਸਬਕ ਉਸ ਪਾਕ ਫ਼ਿਜ਼ਾ ਵਿੱਚ ਲੀਨ ਹੁੰਦਾ ਰਿਹਾ ਤੇ ਤੱਤੀ ਤਵੀ ਨੂੰ ਯਾਦ ਆਇਆ ਕਿ ਜਦੋਂ ਗੁਰੂ ਦੇ ਹਠ ਨੂੰ ਪਰਖਣ ਲਈ ਜ਼ਾਲਮ ਹੇਠਾਂ ਬਲਦੀ ਅੱਗ ਨੂੰ ਤੇਜ਼ ਕਰਦਾ ਰਿਹਾ ਅਤੇ ਉੱਪਰ ਤੱਤੀ ਰੇਤ ਛਾਲਿਆਂ ਨਾਲ ਭਰੇ ਜਿਸਮ ਨੂੰ ਪੀੜਾਂ ਨਾਲ ਵਿੰਨ੍ਹਦੀ ਰਹੀ ਤਾਂ ਗੁਰੂ ਜੀ ਦੇ ਹੋਠਾਂ ਵਿੱਚੋਂ ਅੰਮ੍ਰਿਤ ਬਾਣੀ ਝਰਦੀ ਰਹੀ। ਉਹ ਗੁਰੂ ਦੇ ਭਾਣੇ ਵਿੱਚ ਲੀਨ, ਰੱਬ ਦੀ ਇਬਾਦਤ ਕਰਦੇ ਰਹੇ। ਕਿਸੇ ਦਰਦ ਅਤੇ ਚੀਸ ਤੋਂ ਬੇਖ਼ਬਰ, ਉਨ੍ਹਾਂ ਦੇ ਚਿਹਰੇ ਦਾ ਨੂਰ ਜ਼ੁਲਮ ਢਾਹੁਣ ਵਾਲਿਆਂ ਨੂੰ ਅੱਗ ਲਾਉਂਦਾ ਰਿਹਾ। ਉਹ ਰੱਬ ਦੇ ਭਾਣੇ ਵਿੱਚ ਮਸਤ ਸਾਹਾਂ ਦੀ ਇਨਾਇਤ ਪੜ੍ਹਦੇ ਰਹੇ ਅਤੇ ਸਨੇਹੀਆਂ ਨੂੰ ਠੰਢ ਵਰਤਾਉਣ ਦਾ ਸੰਦੇਸ਼ਾ ਦਿੰਦੇ ਰਹੇ ਕਿਉਂਕਿ ਉਹ ਜਾਣਦੇ ਸਨ ਕਿ ਅੱਤ ਅਤੇ ਰੱਬ ਦਾ ਵੈਰ ਹੁੰਦਾ ਹੈ ਅਤੇ ਇੱਕ ਦਿਨ ਇਸ ਅੱਤ ਨੇ ਆਪਣੀ ਮੌਤੇ ਜ਼ਰੂਰ ਮਰਨਾ ਹੈ। ਜ਼ੁਲਮ ਦੀ ਹਨੇਰੀ ਸਾਹਵੇਂ ਬਾਣੀ ਦੀਆਂ ਰਮਜ਼ਾਂ ਦਾ ਪ੍ਰਸ਼ਾਦ ਵਰਤਾਉਣ ਵਾਲੇ ਕਦ ਬਿਫਰੀ ਮੌਤ ਤੋਂ ਡਰਦੇ ਨੇ ਅਤੇ ਅਜਿਹਾ ਭਾਣਾ ਮੈਂ ਆਪਣੀਆਂ ਅੱਖਾਂ ਸਾਹਵੇਂ ਵਾਪਰਦਾ ਦੇਖਿਆ ਹੈ।

ਤੇ ਗੋਲੀ ਨੂੰ ਯਾਦ ਆਇਆ ਕਿ ਜਦੋਂ ਮੇਰੇ ਸਾਹਵੇਂ ਹਿੱਕ ਡਾਹਿਆਂ ਦੇ ਸੀਨਿਆਂ ਨੂੰ ਮੈਂ ਚੀਰਦੀ ਸਾਂ ਤਾਂ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਨਿਕਲਦੇ ਵਾਹਿਗੁਰੂ ਦੇ ਜਾਪ ਨੂੰ ਸੁਣ ਕੇ ਮੈਂ ਸੁੰਨ ਹੋ ਜਾਂਦੀ ਸਾਂ। ਇਹ ਕੇਹਾ ਗ਼ਜ਼ਬ ਕਿ ਕੋਈ ਮੌਤ ਵਿੱਚੋਂ ਵਾਹਿਗੁਰੂ ਦਾ ਸ਼ੁਕਰਾਨਾ ਭਾਲ ਸਕਦਾ? ਆਪਣੇ ਆਖ਼ਰੀ ਸਾਹ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਣ ਲਈ, ਜਿਸਮਾਨੀ ਰੂਪ ਵਿੱਚੋਂ ਆਜ਼ਾਦ ਹੋ ਰੂਹਾਨੀ ਉਡਾਣ ਭਰ ਸਕਦਾ ਹੈ। ਇਹ ਅਚੰਭਾ ਕਦੇ ਨਾ ਹੀ ਸੁਣਿਆ ਅਤੇ ਨਾ ਹੀ ਕਦੇ ਡਿੱਠਾ ਸੀ, ਪਰ ਇਸ ਵਾਰ ਮੈਂ ਇਸ ਨੂੰ ਸ਼ਾਖ਼ਸਾਤ ਦੇਖਿਆ ਅਤੇ ਸੁਣਿਆ ਹੈ। ਧੰਨ ਨੇ ਇਹ ਲੋਕ ਅਤੇ ਧੰਨ ਹੈ ਇਨ੍ਹਾਂ ਦਾ ਆਪਣੇ ਅਕੀਦੇ ਪ੍ਰਤੀ ਸਮਰਪਣ ਅਤੇ ਅਕੀਦਤ ਪ੍ਰਤੀ ਅਦਬ ਅਤੇ ਅਦਾਇਗੀ। ਮੌਤ ਨੂੰ ਤਾਂ ਟਿੱਚ ਜਾਣਨ ਵਾਲਿਆਂ ਨਾਲ ਮੇਰਾ ਇਹ ਪਹਿਲਾ ਅਤੇ ਸ਼ਾਇਦ ਆਖ਼ਰੀ ਵਾਹ ਹੀ ਹੋਵੇ।

ਤੇ ਇੱਕ ਹਉਕਾ ਭਰ ਕੇ ਤੱਤੀ ਤਵੀ ਬੋਲੀ ਕਿ ਮੈਂ ਤਾਂ ਆਪਣੇ ਸੱਚੇ ਪਾਤਸ਼ਾਹ ਦੇ ਨਕਸ਼ ਆਪਣੇ ਉੱਪਰ ਉੱਕਰ ਲਏ ਸਨ। ਇਨ੍ਹਾਂ ਨਕਸ਼ਾਂ ’ਚੋਂ ਉੱਠਦੇ ਸੇਕ ਵਿੱਚੋਂ ਤਾਂ ਆਉਣ ਵਾਲੀਆਂ ਨਸਲਾਂ ਉਸ ਕਰੂਰਤਾ ਨੂੰ ਸੁਣਦੀਆਂ ਅਤੇ ਸਮਝਦੀਆਂ ਹਨ। ਮੈਂ ਆਪਣੇ ਅੰਤਰੀਵ ਰਾਹੀਂ ਨੂਰਾਨੀ ਪੈਗ਼ਾਮ ਹਰ ਤਹਿਜ਼ੀਬ ਦੇ ਵਰਕੇ ’ਤੇ ਉੱਕਰ ਰਹੀ ਹਾਂ, ਪਰ ਮੈਂ ਅਭਾਗਣ ਹੋ ਕੇ ਵੀ ਭਾਗਾਂ ਵਾਲੀ ਹਾਂ ਕਿ ਮੇਰੇ ਨਾਮ ਵਿੱਚੋਂ ਵੀ ਬੀਤੇ ਦੇ ਨਕਸ਼ ਦਿਖਾਈ ਦਿੰਦੇ ਹਨ।

ਫਿਰ ਗ਼ਮਗੀਨ ਗੋਲੀ ਕਹਿਣ ਲੱਗੀ ਕਿ ਇਹ ਨਿਸ਼ਾਨ ਹੀ ਹੁੰਦੇ ਨੇ ਜੋ ਵਕਤ ਨਾਲ ਨਹੀਂ ਮਿਟਦੇ ਭਾਵੇਂ ਜ਼ਖ਼ਮ ਮਿਟ ਵੀ ਜਾਣ। ਰੂਹਾਂ ’ਤੇ ਲੱਗੇ ਫੱਟ ਕਦੇ ਨਹੀਂ ਮਿਟਦੇ। ਇਹ ਹਰਦਮ ਚਸਕਦੇ, ਪੀੜਤ ਕਰਦੇ, ਬੀਤੇ ਨੂੰ ਅੱਖਾਂ ਸਾਹਵੇਂ ਲਿਆ ਖੜ੍ਹਾ ਕਰ ਦਿੰਦੇ ਨੇ। ਫਿਰ ਭੂਤ ਦੀ ਕਸ਼ੀਦਗੀ ਵਿੱਚੋਂ ਬਹੁਤ ਕੁਝ ਪ੍ਰਾਪਤ ਕਰ ਕੇ ਮੌਜੂਦਾ ਦੌਰ ਦੇ ਵਰਤਾਰਿਆਂ ਨੂੰ ਪਰਿਭਾਸ਼ਿਤ ਕਰਨ ਲੱਗਦੇ ਹਨ। ਅਕੀਦਤ ਯੋਗ ਅਸਥਾਨ ’ਤੇ ਲੱਗੇ ਹੋਏ ਮੇਰੇ ਨਿਸ਼ਾਨ ਅਤੇ ਗੁਰਜੋਤ ਵਿੱਚ ਉੱਕਰੀ ਮੇਰੀ ਚੰਦਰੀ ਹੋਂਦ ਨੂੰ ਦੇਖ ਕੇ ਮੈਂ ਬਹੁਤ ਝੂਰਨ ਲੱਗਦੀ ਹਾਂ। ਤੂੰ ਸੋਚ ਕਿ ਜਦ ਕੋਈ ਗੁਰ ਜੋਤ ਵਿਚਲੇ ਮੇਰੇ ਨਿਸ਼ਾਨਾਂ ਨੂੰ ਦੇਖਦਾ ਹੋਵੇਗਾ ਜਾਂ ਦੀਵਾਰਾਂ ’ਤੇ ਮੇਰੇ ਨਿਸ਼ਾਨਾਂ ਵੰਨੀ ਕੈੜੀ ਨਜ਼ਰ ਨਾਲ ਦੇਖਦਾ ਹੋਵੇਗਾ ਤਾਂ ਸ਼ਰਧਾਲੂ ਦੇ ਮਨ ’ਤੇ ਕੀ ਬੀਤਦੀ ਹੋਵੇਗੀ? ਜਦੋਂ ਵੀ ਇਸ ਅਸਥਾਨ ਦੇ ਦਰਸ਼ ਦੀਦਾਰੇ ਲਈ ਆਉਂਦਾ ਹੋਵੇਗਾ ਤਾਂ ਇਨ੍ਹਾਂ ਨਿਸ਼ਾਨਾਂ ਨੂੰ ਦੇਖ ਕੇ ’ਕੇਰਾਂ ਜ਼ਰੂਰ ਮਰਦਾ ਹੋਵੇਗਾ ਅਤੇ ਮੈਨੂੰ ਕੋਸਦਾ ਹੋਵੇਗਾ ਭਾਵੇਂ ਕਿ ਮੇਰਾ ਤਾਂ ਕੋਈ ਕਸੂਰ ਨਹੀਂ ਸੀ। ਮੈਂ ਤਾਂ ਕਿਸੇ ਦੀ ਰਖੇਲ ਸਾਂ ਅਤੇ ਇਹ ਤਾਂ ਮਾਲਕ ਦੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਮੇਰੀ ਵਰਤੋਂ ਕਿਸੇ ਵੈਰੀ ਦੇ ਸ਼ਿਕਾਰ ਲਈ ਕਰਨੀ ਹੈ ਜਾਂ ਆਪਣੇ ਪੈਰਾਂ ਵਿੱਚ ਆਪਣਿਆਂ ਦੀਆਂ ਲਾਸ਼ਾਂ ਵਿਛਾਉਣੀਆਂ ਹਨ, ਪਰ ਨਾ ਮਿਟਣ ਵਾਲੇ ਮੇਰੇ ਨਿਸ਼ਾਨਾਂ ਨੇ ਸਦੀਆਂ ਤੀਕ ਮੈਨੂੰ ਤੁਹਮਤਾਂ ਲਾਉਂਦੇ ਰਹਿਣਾ ਅਤੇ ਮੈਂ ਬੇਆਬਰੂ ਹੁੰਦੀ ਰਹਿਣਾ, ਪਰ ਮੈਂ ਅਬੋਲ ਕਰ ਵੀ ਕੀ ਸਕਦੀ ਹਾਂ?

ਉਦਾਸੀਨਤਾ ਦੀ ਮੂਰਤ ਬਣੀ ਤੱਤੀ ਤਵੀ ਕਹਿਣ ਲੱਗੀ ਕਿ ਮੈਂ ਆਪਣੇ ਪਾਪਾਂ ਦਾ ਰਿਣ ਉਤਾਰਨ ਅਤੇ ਮਨ ਦਾ ਬੋਝ ਹਲਕਾ ਕਰਨ ਲਈ ਹੁਣ ਲੰਗਰ ਦਾ ਹਿੱਸਾ ਬਣ ਚੁੱਕੀ ਹਾਂ। ਨਿੱਤ ਦਿਨ ਮੈਂ ਲੰਗਰ ਬਣਾਉਂਦੀ ਹਾਂ, ਭੁੱਖਿਆਂ ਨੂੰ ਛਕਾਉਂਦੀ ਹਾਂ, ਗੁਨਾਹਾਂ ਦਾ ਭਾਰ ਘਟਾਉਂਦੀ ਹਾਂ ਅਤੇ ਰੱਬ ਦਾ ਸ਼ੁਕਰ ਮਨਾਉਂਦੀ ਹਾਂ ਕਿ ਮੈਨੂੰ ਇਹ ਸੇਵਾ ਮਿਲੀ ਹੈ। ਵਰਨਾ ਮੈਂ ਤਾਂ ਸਾਰੀ ਉਮਰ ਤਰਾਸਦੀ ਦੀ ਜੂਨ ਹੰਢਾਉਣੀ ਸੀ। ਜਦ ਮੇਰੇ ਉੱਪਰ ਪਕਾਏ ਫੁਲਕੇ ਦੀ ਬੁਰਕੀ ਕਿਸੇ ਭੁੱਖੇ ਦੀ ਅਸੀਸ ਦਾ ਰੂਪ ਧਾਰਦੀ ਹੈ ਤਾਂ ਮੈਂ ਬੀਤੇ ਪਲਾਂ ਨੂੰ ਚਿਤਾਰਦਿਆਂ ਵੀ ਵਰਤਮਾਨ ਵਿੱਚੋਂ ਸੁਖਨ ਦੀ ਪ੍ਰਾਪਤੀ ਕਰਦੀ ਹਾਂ। ਇਹ ਗੁਰਘਰਾਂ ਦੀ ਦਰਿਆ ਦਿਲੀ ਹੀ ਹੈ ਕਿ ਮੇਰੇ ਉੱਪਰ ਬੈਠ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਗੁਰੂ ਦੇ ਗੁਰਸਿੱਖਾਂ ਨੇ ਮੈਨੂੰ ਆਪਣੇ ਗਲ਼ ਨਾਲ ਲਾਇਆ ਹੈ। ਮੈਂ ਆਪਣਾ ਹਰ ਪਲ ਅਤੇ ਸਾਹ ਗੁਰੂ ਜੀ ਨੂੰ ਅਰਪਿਤ ਕਰ ਕੇ ਖ਼ੁਦ ਨੂੰ ਧੰਨਭਾਗਾ ਸਮਝਦੀ ਹਾਂ। ਅਰਦਾਸ ਕਰਦੀ ਹਾਂ ਕਿ ਸਾਰੀ ਹਯਾਤੀ ਇੰਝ ਹੀ ਗੁਰੂ ਜੀ ਦੇ ਅਕੀਦੇ ਨੂੰ ਮਨ ਵਿੱਚ ਵਸਾਈ ਸ਼ੁਕਰਗੁਜ਼ਾਰੀ ਵਿੱਚੋਂ ਸਾਹਾਂ ਨੂੰ ਸੰਤੋਖਦੀ ਤੁਰ ਜਾਵਾਂ। ਫਿਰ ਉਹ ਸਿਸਕਦਿਆਂ ਕਹਿਣ ਲੱਗੀ;

ਮੈਂ ਤੱਤੜੀ ਨੇ

ਦਗਦੇ ਚਿਹਰੇ ਅਤੇ ਚੌਂਕੜੇ ਦੇ ਨਕਸ਼

ਆਪਣੇ ਪਿੰਡੇ ’ਤੇ ਖੁਣ ਲਏ

ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ

ਇਨ੍ਹਾਂ ਨਕਸ਼ਾਂ ਵਿੱਚੋਂ ਨਿਕਲਦੇ

ਸੇਕ ਦੀ ਇਬਾਰਤ ਪੜ੍ਹ ਸਕਣ।

ਉੱਬਲਦੇ ਪਾਣੀ ’ਚ

ਸੀਤ ਦਾ ਮੁਜੱਸਮਾ

ਭਾਫ਼ ਤੇ ਭਵਿੱਖ ਖੁਣਦਾ

ਦੇਗ ਨੂੰ ਸ਼ਬਦ ਸੁਣਾਉਂਦਾ

ਤਸਲੀਮੀ ਤਾਰੀਖ਼ ਸਿਰਜ ਗਿਆ

ਤਾਂ ਕਿ ਉਸ ਦੇ ਵਾਰਿਸ

ਉੱਬਲਦੇ ਪਾਣੀਆਂ ਦੀ ਤਾਸੀਰ ਨੂੰ

ਮਨ-ਸੋਚਾਂ ਦਾ ਤਖ਼ੱਲਸ ਦੇ ਸਕਣ।

ਰਾਵੀ ’ਚ ਚੁੱਭੀ ਲਾਉਂਦਿਆਂ

ਰੂਹਾਨੀ ਨੂਰ ਨੇ

ਰਾਵੀ ਨੂੰ ਗਲ ਨਾਲ ਲਾ

ਸ਼ਹਾਦਤ ਦੀ ਦਾਸਤਾਂ

ਧਰਤ ’ਚ ਜੀਰਨ ਲਈ ਕਿਹਾ ਹੋਵੇਗਾ

ਤੇ ਦਰਦਵੰਤੀ ਰਾਵੀ

ਹਟਕੋਰੇ ਭਰਦਿਆਂ

ਜੋਤ ਨੂੰ ਆਪਣੇ ’ਚ ਸਮਾ

ਸਦੀਵ-ਸਮਾਧੀ ਤੋਂ ਦੂਰ ਚਲੇ ਗਈ

ਤਾਂ ਕਿ ਉਸ ਦੀਆਂ ਸਿਸਕੀਆਂ

ਸੱਚੇ ਪਾਤਸ਼ਾਹ ਦੀ ਸੁੰਨ-ਸਮਾਧੀ ਨੂੰ ਭੰਗ ਨਾ ਕਰਨ।

ਤੇ ਗੋਲੀ ਨੇ ਤੱਤੀ ਤਵੀ ਨੂੰ ਬੁੱਕਲ ਵਿੱਚ ਲੈ ਕੇ ਕਿਹਾ ਕਿ ਆ ਆਪਾਂ ਦੋਵੇਂ ਅਰਦਾਸ ਕਰੀਏ ਕਿ ਕਦੇ ਵੀ ਕਾਲੇ ਪਹਿਰਾਂ ਅਤੇ ਤੱਤੀਆਂ ਹਵਾਵਾਂ ਦੀ ਰੁੱਤ ਵਕਤ ਦੇ ਵਿਹੜੇ ਦਸਤਕ ਨਾ ਦੇਵੇਂ। ਸਗੋਂ ਇਸ ਦੇ ਚੌਗਿਰਦੇ ਵਿੱਚ ਮਹਿਕਦੀਆਂ ਰੁੱਤਾਂ ਅਤੇ ਠੰਢੜੀਆਂ ਪੌਣਾਂ ਦਾ ਸੁਰ-ਸੰਗੀਤ ਵੱਜਦਾ ਰਹੇ। ਗੁਰਬਾਣੀ ਦੀ ਨਿਰੰਤਰਤਾ ਮਨ-ਰੂਹਾਂ ਵਿੱਚ ਵਿਸਮਾਦ ਅਤੇ ਵਜਦ ਪੈਦਾ ਕਰਦੀ ਰਹੇ। ਲੋਹ-ਲੰਗਰ ਸਦਾ ਚੱਲਦਾ ਰਹੇ ਅਤੇ ਅਰਜੋਈਆਂ ਕਰਦੇ ਹਰ ਲੋੜਵੰਦ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਰਹਿਣ। ਜਿਊਣ ਦੀ ਆਰਜਾ ਰਹਿਬਰੀ ਨਿਆਮਤਾਂ ਸੰਗ ਭਰਪੂਰ ਹੋ ਕੇ ਸਮੁੱਚੀ ਮਾਨਵਤਾ ਦੀ ਸਦੀਵਤਾ ਦੀ ਹਾਮੀ ਭਰਦੀ ਰਹੇ। ਮਨ ਵਿੱਚ ਕਦੇ ਵੀ ਨਫ਼ਰਤ, ਈਰਖਾ, ਦਵੈਤ ਜਾਂ ਖ਼ੌਫ਼ ਦਾ ਧੁੰਦੂਕਾਰਾ ਨਾ ਹੋਵੇ। ਹਰ ਹੋਂਠ ’ਤੇ ਸ਼ੁਕਰਾਨੇ ਦਾ ਨਾਦ ਗੂੰਜਦਾ ਰਹੇ ਅਤੇ ਸਰਬੱਤ ਦੇ ਭਲੇ ਦੇ ਬੋਲਬਾਲੇ ਗੁਣਗੁਣਾਉਂਦੇ ਰਹਿਣ।

ਇਹ ਸੁਣਦਿਆਂ ਹੀ ਮੇਰੀ ਅੱਖ ਖੁੱਲ੍ਹ ਗਈ। ਮੈਂ ਸੋਚਣ ਲੱਗਾ ਕਿ ਕਾਸ਼! ਤੱਤੀ ਤਵੀ ਅਤੇ ਗੋਲੀ ਦੇ ਸਾਂਝੇ ਬੋਲ ਹਰ ਸਮੇਂ ਵਿੱਚ ਸੱਚੇ ਰਹਿਣ। ਮਨ ਵਿੱਚ ਬੀਤੇ ਦੀਆਂ ਪਰਤਾਂ ਫਰੋਲਦਿਆਂ ਹੀ ਸਵੇਰ ਦੀ ਲੋਅ ਨਿਕਲ ਆਈ।

ਸੰਪਰਕ: 216-556-2080

Advertisement