ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖੀ ਦੇ ਮਹਾਂ ਨਾਇਕ ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਵਣਜਾਰਾ

ਭਾਈ ਜੈਤਾ ਜੀ ਦੇ ਵੱਡ-ਵਡੇਰਿਆਂ ਦਾ ਸਿੱਖੀ ਵਿੱਚ ਪ੍ਰਵੇਸ਼ ਭਾਈ ਕਲਿਆਣਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦੇ ਸਮੇਂ ਗੁਰੂ ਘਰ ਨਾਲ ਜੁੜਨ ਨਾਲ ਹੋਇਆ। ਇਸ ਕਰਕੇ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ...
Advertisement

ਭਾਈ ਜੈਤਾ ਜੀ ਦੇ ਵੱਡ-ਵਡੇਰਿਆਂ ਦਾ ਸਿੱਖੀ ਵਿੱਚ ਪ੍ਰਵੇਸ਼ ਭਾਈ ਕਲਿਆਣਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦੇ ਸਮੇਂ ਗੁਰੂ ਘਰ ਨਾਲ ਜੁੜਨ ਨਾਲ ਹੋਇਆ। ਇਸ ਕਰਕੇ ਭਾਈ ਜੈਤਾ ਜੀ ਦੇ ਪਿਤਾ ਭਾਈ ਸਦਾ ਨੰਦ ਜੀ ਵੀ ਗੁਰੂ ਘਰ ਦੀ ਸੇਵਾ ਨੂੰ ਪੂਰਨ ਸਮਰਪਿਤ ਹੋਣ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿਨ ਸਿੱਖਾਂ ਵਿੱਚੋਂ ਇੱਕ ਸਨ। ਭਾਈ ਸਦਾ ਨੰਦ ਜੀ ਦਾ ਅਨੰਦ ਕਾਰਜ ਵੀ ਬੀਬੀ ਲਾਜਵੰਤੀ ਨਾਲ ਗੁਰੂ ਸਾਹਿਬ ਨੇ ਆਪਣੀ ਹੱਥੀਂ ਕਰਵਾਇਆ ਸੀ।

ਪੰਜ ਸਤੰਬਰ, 1661 ਈਸਵੀ ਨੂੰ ਪਿੰਡ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇਸ ਸੁਭਾਗੀ ਜੋੜੀ (ਭਾਈ ਸਦਾ ਨੰਦ ਜੀ ਤੇ ਬੀਬੀ ਲਾਜਵੰਤੀ) ਦੇ ਗ੍ਰਹਿ ਵਿਖੇ ਪੈਦਾ ਹੋਏ ਬਾਲਕ ਦਾ ਨਾਮਕਰਨ ‘ਜਯਤਾ/ਜੈਤਾ’ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਖ਼ੁਦ ਕੀਤਾ। ਭਾਈ ਸਦਾ ਨੰਦ ਜੀ ਦਾ ਪਰਿਵਾਰ ਗੁਰੂ ਜੀ ਦੇ ਪਰਿਵਾਰ ਨਾਲ ਪਟਨਾ ਸਾਹਿਬ ਵਿਖੇ ਹੋਣ ਕਰਕੇ ਭਾਈ ਜੈਤਾ ਜੀ ਦਾ ਬਚਪਨ ਵਧੇਰੇ ਕਰਕੇ ਉੱਥੇ ਹੀ ਗੁਰੂ ਪਰਿਵਾਰ ਨਾਲ ਬੀਤਿਆ। ਜਿੱਥੇ ਉਨ੍ਹਾਂ ਨੇ ਗੁਰਮਖੀ, ਗੁਰਬਾਣੀ ਤੇ ਸ਼ਸਤਰ ਵਿਦਿਆ ਹਾਸਲ ਕੀਤੀ। ਸਮੇਂ ਦੇ ਨਾਲ ਨਾਲ ਉਹ ਪੰਜਾਬੀ, ਹਿੰਦੀ, ਬ੍ਰਿਜ, ਸੰਸਕ੍ਰਿਤ ਆਦਿ ਭਾਸ਼ਾਵਾਂ ਸਿੱਖਦਿਆਂ ਸੰਗੀਤਕ ਵਿਦਿਆ ਦਾ ਗਿਆਨ ਵੀ ਹਾਸਲ ਕਰਦੇ ਗਏ।

Advertisement

ਸੰਨ 1675 ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਬਰ ਜ਼ੁਲਮ ਦੇ ਵਿਰੋਧ ਵਿੱਚ ਦਿੱਲੀ ਪਹੁੰਚੇ ਤਾਂ ਉਲੀਕੀ ਰਣਨੀਤੀ ਤਹਿਤ 14 ਸਾਲਾ ਦਾ ਅੱਲ੍ਹੜ ਗੱਭਰੂ ਭਾਈ ਜੈਤਾ ਜੀ ਆਪਣੇ ਪਿਤਾ ਭਾਈ ਸਦਾ ਨੰਦ ਜੀ ਅਤੇ ਤਾਇਆ ਭਾਈ ਆਗਿਆ ਰਾਮ ਜੀ ਨਾਲ ਹੀ ਦਿੱਲੀ ਦੀ ਧਰਮਸ਼ਾਲਾ ਵਿੱਚ ਹੀ ਮੌਜੂਦ ਸਨ। ਮੁਗ਼ਲ ਹਕੂਮਤ ਔਰੰਗਜ਼ੇਬ ਦੀ ਕੈਦ ਵਿੱਚ ਗੁਰੂ ਸਾਹਿਬ ਨੂੰ ਭਾਈ ਜੈਤਾ ਜੀ ਅਕਸਰ ਗੁਪਤ ਰੂਪ ਵਿੱਚ ਜੇਲ੍ਹ ਵਿੱਚ ਮਿਲਦੇ ਰਹਿੰਦੇ ਸਨ। ਗੁਰੂ ਸਾਹਿਬ ਨੇ ਆਪਣੀ ਦਿਬ ਦ੍ਰਿਸ਼ਟੀ ਅਨੁਸਾਰ ਜਾਣ ਲਿਆ ਸੀ ਕਿ ਮੁਗ਼ਲ ਹਕੂਮਤ ਦੀ ਜ਼ੁਲਮੀ ਤਲਵਾਰ ਉਨ੍ਹਾਂ ’ਤੇ ਚੱਲੇਗੀ ਹੀ ਚੱਲੇਗੀ ਤਾਂ ਉਨ੍ਹਾਂ ਨੇ ਰਚੀ ਆਪਣੀ ਬਾਣੀ (ਕਰੀਬ ਸਤਵੰਜਾ ਸ਼ਲੋਕ) ਤੇ ਗੋਬਿੰਦ ਰਾਏ ਜੀ ਨੂੰ ਗੁਰ ਗੱਦੀ ਦੀ ਬਖ਼ਸ਼ਿਸ਼ ਲਈ ਨਾਰੀਅਲ ਤੇ ਪ੍ਰੇਮ ਭੇਟਾ (ਪੰਜ ਪੈਸੇ) ਦੇ ਕੇ ਭਾਈ ਜੈਤਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜਿਆ। ਭਾਈ ਜੈਤਾ ਜੀ ਗੁਰੂ ਸਾਹਿਬ ਦੁਆਰਾ ਭੇਜਿਆ ਉਕਤ ਸਭ ਕੁਝ ਗੁਰੂ ਪਰਿਵਾਰ ਦੇ ਹਵਾਲੇ ਕਰ ਕੇ ਛੇਤੀ ਹੀ ਅਨੰਦਪੁਰ ਸਾਹਿਬ ਤੋਂ ਫਿਰ ਦਿੱਲੀ ਵਾਪਸ ਆ ਗਏ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਸਿੱਦਕਵਾਨ ਸਿੱਖੀ ਸੇਵਕਾਂ ਲਈ ਇੱਕ ਗੰਭੀਰ ਚੁਣੌਤੀ ਸਾਹਮਣੇ ਆਣ ਖੜ੍ਹੀ ਹੋਈ ਕਿ ਗੁਰੂ ਜੀ ਦੇ ਪਵਿੱਤਰ ਸੀਸ ਅਤੇ ਪਵਿੱਤਰ ਧੜ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਵੇ? ਕਿਉਂਕਿ ਇਹ ਸਭ ਕੁਝ ਰੋਕਣ ਲਈ ਮੁਗ਼ਲ ਹਕੂਮਤ ਵੱਲੋਂ ਬਹੁਤ ਸਖ਼ਤ ਹੁਕਮ ਜਾਰੀ ਹੋ ਚੁੱਕੇ ਸਨ, ਪਰ ਇਨਸਾਨੀਅਤ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਕੁਝ ਨੇਕ ਦਿਲ ਤੇ ਇਨਸਾਫ਼ ਪਸੰਦ ਇਨਸਾਨਾਂ ਦੇ ਸਹਿਯੋਗ ਸਦਕਾ ਅਤੇ ਭਾਈ ਸਦਾ ਨੰਦ ਵੱਲੋਂ ਇਹ ਮੌਕਾ ਮੇਲ ਸੰਭਾਲਣ ਹਿੱਤ ਕੁਰਬਾਨ ਹੋਣ ਦੀ ਕਰੜੀ ਨਿਸ਼ਠਾ ਨਾਲ ਭਾਈ ਜੈਤਾ ਜੀ ਬੜੇ ਹੀ ਅਦਬ ਸਤਿਕਾਰ ਸਹਿਤ ਗੁਰੂ ਜੀ ਦਾ ‘ਸੀਸ’ ਸੰਭਾਲਣ ਅਤੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣ ਵਿੱਚ ਸਫਲ ਹੋ ਹੀ ਗਏ। ਕਰੀਬ 322 ਕਿਲੋਮੀਟਰ ਲੰਮੇਰਾ ਤੇ ਬਿਖੜਾ ਪੈਂਡਾ ਤੈਅ ਕਰਦਿਆਂ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪਹੁੰਚੇ। ਜਿੱਥੋਂ ਦਸਮ ਗੁਰੂ ਪਰਿਵਾਰ ਅਤੇ ਹੋਰ ਸਿੱਖਾਂ ਦਾ ਬਹੁਤ ਹੀ ਭਾਵੁਕ ਪਰ ‘ਤੇਰਾ ਕੀਆ ਮੀਠਾ ਲਾਗੈ।।’ ਮਾਹੌਲ ਵਿੱਚ ਮਿਲਣ ਹੋਇਆ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੰਗੀਠਾ ਤਿਆਰ ਕਰਕੇ ਮਨੁੱਖੀ ਹੱਕ (ਧਰਮ) ਦੀ ਰਾਖੀ ਹਿੱਤ ਆਪਾ ਕੁਰਬਾਨ ਕਰਨ ਵਾਲੇ ਨੌਵੇਂ ਗੁਰੂ ਸਾਹਿਬ ਦੇ ਪਵਿੱਤਰ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਇੱਥੇ ਭਾਈ ਜੈਤਾ ਜੀ ਦੀ ਲਾਸਾਨੀ ਕੁਰਬਾਨੀ ਤੇ ਕੀਤੇ ਅਣਖੀਲੇ ਕਾਰਜ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਘੁੱਟ ਕੇ ਹਿੱਕ ਨਾਲ ਲਾਉਂਦਿਆਂ ‘ਗੁਰੂ ਘਰ ਦੇ ਬੇਟੇ’ ਦਾ ਮਾਣ ਦਿੱਤਾ।

ਫਿਰ ਗੁਰੂ ਘਰ ਵੱਲੋਂ ਮਿਲੀ ਮੁੱਖ ਨਗਾਰਚੀ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਬਾਬਾ ਜੀਵਨ ਸਿੰਘ ਜੀ ਨੇ ਰਣਜੀਤ ਨਗਾਰੇ ਦੀ ਚੋਟ ਰਾਹੀਂ ਸਿੱਖ ਧਰਮ ਦੀ ਚੜ੍ਹਦੀਕਲਾ ਦੀ ਪ੍ਰਤੀਕ ਗੂੰਜ ਦੀਆਂ ਧੁੰਮਾਂ ਚੁਫੇਰੇ ਪਾਈਆਂ ਹੋਈਆਂ ਸਨ। ਜਦੋਂ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤਾਂ ਭਾਈ ਜੈਤਾ ਜੀ ਨੇ ਅੰਮ੍ਰਿਤਪਾਨ ਕੀਤਾ ਤਾਂ ਗੁਰੂ ਸਾਹਿਬ ਵੱਲੋਂ ਆਪ ਜੀ ਨੂੰ ਭਾਈ ਜੀਵਨ ਸਿੰਘ ਦਾ ਨਾਮ ਦੇ ਦਿੱਤਾ ਗਿਆ। ਕੁਝ ਨਾਮਵਰ ਲੇਖਕਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਬਾਬਾ ਜੀਵਨ ਸਿੰਘ ਜੀ ਨੂੰ ‘ਪੰਜਵਾ ਸਾਹਿਬਜ਼ਾਦਾ’ ਵਜੋਂ ਮਾਣ ਵੀ ਦਿੱਤਾ ਹੋਇਆ ਹੈ।

ਆਪਣੀ ਜੰਗਜੂ ਕੁਸ਼ਲਤਾ ਸਦਕਾ ਹੀ ਬਾਬਾ ਜੀਵਨ ਸਿੰਘ ਜੰਗਾਂ ਦੇ ਜਰਨੈਲ ਬਣ ਕੇ ਉੱਭਰੇ। ਯੁੱਧ ਵਿੱਦਿਆ ਦੇ ਮਾਹਿਰ ਬਾਬਾ ਜੀਵਨ ਸਿੰਘ ਜੀ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਮੇਤ ਹੋਰ ਬਹੁਤ ਸਿੱਖਾਂ ਨੂੰ ਗੱਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ। ਦਸਮ ਗੁਰੂ ਸਾਹਿਬ ਵੱਲੋਂ ਜ਼ੁਲਮਾਂ ਵਿਰੁੱਧ ਭੰਗਾਣੀ ਤੋਂ ਲੈ ਕੇ ਚਮਕੌਰ ਸਾਹਿਬ ਦੀ ਗੜ੍ਹੀ ਤੱਕ ਲੜੇ ਗਏ ਸਾਰੇ ਧਰਮ ਯੁੱਧਾਂ ਵਿੱਚ ਉਨ੍ਹਾਂ ਨੇ ਵੱਧ ਚੜ੍ਹ ਕੇ ਭਾਗ ਲੈਂਦਿਆਂ ਆਪਣੇ ਜੰਗਜੂ ਜੌਹਰ ਵਿਖਾਏ। ਦਲੇਰੀ ਤੇ ਬਹਾਦਰੀ ਭਰੀ ਰਣਨੀਤੀ ਘੜਨ ਵਿੱਚ ਵੀ ਬਹੁਤ ਨਿਪੁੰਨਤਾ ਦੇ ਨਾਲ ਨਾਲ ਚੜ੍ਹਦੀਕਲਾ ਦੀ ਸੋਚ ਸਮਝ ਰੱਖਣ ਵਾਲੇ ਬਾਬਾ ਜੀਵਨ ਸਿੰਘ ਕਵੀ ਅਤੇ ਵਿਦਵਾਨ ਵੀ ਸਨ। ਉਨ੍ਹਾਂ ਨੇ ਅੱਖੀਂ ਡਿੱਠੀਂ ਅਤੇ ਤਨ ਮਨ ’ਤੇ ਹੰਢਾਈ ਸਿੱਖੀ ਬਾਰੇ ਕੁਝ ਰਚਨਾਵਾਂ ਵੀ ਰਚੀਆਂ।

ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ 20 ਦਸੰਬਰ 1704 ਨੂੰ ਦਸਮ ਗੁਰੂ ਸਾਹਿਬ ਸਿੱਖਾਂ ਤੇ ਪਰਿਵਾਰ ਸਮੇਤ ਸਰਸਾ ਨਦੀ ਦੇ ਕੰਢੇ ਪਹੁੰਚੇ ਤਾਂ ਇੱਥੇ ਮੁਗ਼ਲ ਫੌਜਾਂ ਦੇ ਕੀਤੇ ਹਮਲੇ ਵਿੱਚ ਬਹੁਤ ਸਾਰੇ ਸਿੰਘਾਂ ਸਮੇਤ ਬਾਬਾ ਜੀਵਨ ਸਿੰਘ ਜੀ ਦੇ ਮਾਤਾ ਜੀ ਅਤੇ ਉਨ੍ਹਾਂ ਦੇ ਦੋ ਸਪੁੱਤਰ ਭਾਈ ਗੁਲਜ਼ਾਰ ਸਿੰਘ ਜੀ ਤੇ ਭਾਈ ਗੁਰਦਿਆਲ ਸਿੰਘ ਜੀ ਸ਼ਹੀਦ ਹੋ ਗਏ ਅਤੇ ਧਰਮ ਪਤਨੀ ਬੀਬੀ ਰਾਜ ਕੌਰ ਵਿੱਛੜ ਗਏ। ਉਨ੍ਹਾਂ ਦੇ ਵੱਡੇ ਪੁੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਭਾਈ ਖਜ਼ਾਨ ਸਿੰਘ ਰਿਆੜ (ਵਾਸੀ ਪੱਟੀ) ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਦੌਰਾਨ ਸ਼ਹੀਦ ਹੋ ਗਏ।

ਚਮਕੌਰ ਸਾਹਿਬ ਦੀ ਗੜ੍ਹੀ ਦੇ ਘੇਰੇ ਦੌਰਾਨ ਖਾਲਸਾ ਪੰਥ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਭਾਈ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੇ ਬਸਤਰ ਆਪਣੇ ਹੱਥੀਂ ਸਜਾਏ, ਪਰ ਬਾਬਾ ਜੀ ਤੇ ਕੁਝ ਸਿੰਘਾਂ ਨੇ ਦੁਸ਼ਮਣ ਨੂੰ ਭੁਲੇਖੇ ਵਿੱਚ ਰੱਖਣ ਲਈ ਰਾਤ ਭਰ ਗੁਰੂ ਸਾਹਿਬ ਦੇ ਹਾਜ਼ਰ ਨਾਜ਼ਰ ਦੀ ਪ੍ਰਤੀਕ ਜੰਗੀ ਮਸ਼ਕ ਜਾਰੀ ਰੱਖੀ। ਅੰਤ 23 ਦਸੰਬਰ ਨੂੰ ਗੜ੍ਹੀ ਤੋਂ ਬਾਹਰ ਆ ਕੇ ਉਹ ਵੀ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ।

ਸੋ ਸਿੱਖੀ ਦੇ ਮਹਾਨਾਇਕ ਤੇ ਬੇਮਿਸਾਲ ਸੂਰਮਾ ਬਾਬਾ ਜੀਵਨ ਸਿੰਘ ਜੀ ਦੇ ਪੁਰਖਿਆਂ ਭਾਈ ਕਲਿਆਣਾ ਜੀ ਤੋਂ ਲੈ ਕੇ ਤੇ ਉਨ੍ਹਾਂ ਦੇ ਪਰਿਵਾਰ ਤੇ ਖ਼ੁਦ ਉਨ੍ਹਾਂ ਵੱਲੋਂ ਸਿੱਖੀ ਨਾਲ ਤਨੋਂ ਮਨੋਂ ਜੁੜਨ, ਅਦੁੱਤੀ ਸੇਵਾ ਕਰਨ ਅਤੇ ਸਿੱਖੀ ਨੂੰ ਅੰਤਿਮ ਸੁਆਸਾਂ ਤੱਕ ਹੰਢਾਉਣ ਤੇ ਨਿਭਾਉਣ ਦੇ ਜਜ਼ਬੇ ਨੂੰ ਅਦਬ ਸਤਿਕਾਰ ਨਾਲ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਭਾਈ ਲੱਖੀ ਸ਼ਾਹ ਵਣਜਾਰਾ

ਚੱਕਰਵਰਤੀ (ਤੁਰ ਫਿਰ ਕੇ) ਵਣਜ ਵਪਾਰ ਕਰਨ ਵਾਲੇ ਰਾਜਪੂਤ ਘਰਾਣੇ ਨਾਲ ਸਬੰਧਿਤ ਭਾਈ ਲੱਖੀ ਸ਼ਾਹ ਵਣਜਾਰਾ (ਭਾਈ ਲੱਖੀ ਰਾਏ) ਮੰਨੇ ਪ੍ਰਮੰਨੇ ਧਨਾਢ ਵਪਾਰੀ ਤੇ ਖਾਨਦਾਨੀ ਸਿੱਖ ਸਨ। ਜਿਨ੍ਹਾਂ ਉੱਦਮ, ਲਗਨ, ਮਿਹਨਤ ਤੇ ਇਮਾਨਦਾਰੀ ਸਦਕਾ ਵਣਜ ਨੂੰ ਭਾਰਤ ਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਦੂਰ ਦੂਰ ਤੱਕ ਫੈਲਾਇਆ ਹੋਇਆ ਸੀ। ਸਿੱਟੇ ਵਜੋਂ ਵੱਡੀ ਤਦਾਦ ਵਿੱਚ ਕਿਰਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਵਪਾਰ ਦੇ ਨਾਲ ਨਾਲ ਹਿੰਦੁਸਤਾਨ ਦੇ ਬਹੁਤ ਸਾਰੇ ਰਜਵਾੜਿਆਂ ਦੀਆਂ ਫ਼ੌਜਾਂ ਨੂੰ ਹਥਿਆਰ ਅਤੇ ਰਸਦ ਪਾਣੀ ਪਹੁੰਚਾਉਣਾ ਦਾ ਠੇਕਾ ਵੀ ਭਾਈ ਲੱਖੀ ਸ਼ਾਹ ਵਣਜਾਰੇ ਦੇ ਕਾਰੋਬਾਰ ਤੰਤਰ ਦਾ ਇੱਕ ਮਹੱਤਵਪੂਰਨ ਜੱਦੀ ਪੁਸ਼ਤੀ ਕਾਰੋਬਾਰ ਸੀ। ਜਿੱਥੇ ਇਮਾਰਤਸਾਜ਼ੀ ਵਜੋਂ ਉਨ੍ਹਾਂ ਮਖਲਿਖਸ (ਲੋਹਗੜ੍ਹ) ਸਮੇਂ ਦਾ ਸਭ ਤੋਂ ਵੱਡਾ ਕਿਲ੍ਹਾ ਬਣਾਇਆ, ਉੱਥੇ ਲਾਲ ਕਿਲ੍ਹੇ ਤੇ ਹੋਰਾਂ ਇਤਿਹਾਸਕ ਇਮਾਰਤਾਂ ਦੀ ਉਸਾਰੀ ਵਾਸਤੇ ਲੋੜੀਂਦੇ ਸਾਜ਼ੋ ਸਾਮਾਨ ਦੀ ਢੋਆ ਢੁਆਈ ਵਿੱਚ ਵੱਡਾ ਯੋਗਦਾਨ ਵੀ ਪਾਇਆ। ਨੇਕ ਸੋਚ ਤਹਿਤ ਦੂਰ ਦੂਰ ਤੱਕ ਸਰਾਵਾਂ ਬਣਾਉਣਾ, ਪਾਣੀ ਲਈ ਖੂਹ ਲਵਾਉਣੇ, ਪਾਣੀ ਇਕੱਤਰ ਲਈ ਤਲਾਬ/ ਝੀਲਾਂ ਖੁਦਵਾਉਣਾ ਆਦਿ ਪਰਉਪਕਾਰੀ ਕਾਰਜਾਂ ਨੂੰ ਨੇਪਰੇ ਚੜ੍ਹਾਇਆ।

ਭਾਈ ਲੱਖੀ ਸ਼ਾਹ ਵਣਜਾਰਾ ਦਾ ਜਨਮ 1580 ਨੂੰ ਚਨਾਬ ਤੇ ਸਿੰਧ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਮੁਜ਼ੱਫਰਗੜ੍ਹ ਦੇ ਪਿੰਡ ਖ਼ੈਰਪੁਰ (ਹੁਣ ਤਹਿਸੀਲ ਮੁਜ਼ੱਫਰਪੁਰ ਜ਼ਿਲ੍ਹਾ ਅਲੀਪੁਰਾ ਪਾਕਿਸਤਾਨ) ਵਿਖੇ ਉੱਥੋਂ ਦੇ ਵਸਨੀਕ ਭਾਈ ਗੋਧੂ ਰਾਮ ਜੀ ਦੇ ਘਰ ਹੋਇਆ। ਹੋਸ਼ ਸੰਭਾਲਣ ਤੋਂ ਹੀ ਆਪਣੇ ਵਣਜ ਵਪਾਰ ਦੇ ਕਾਰੋਬਾਰ ਨੂੰ ਹੋਰ ਵਧਾਉਣ ਫੈਲਾਉਣ ਦੇ ਮੱਦੇਨਜ਼ਰ ਉਹ ਪਰਿਵਾਰ ਸਮੇਤ ਖੈਰਪੁਰ ਤੋਂ ਉੱਠ ਕੇ ਮੁਗ਼ਲ ਸਲਤਨਤ ਦੀ ਰਾਜਧਾਨੀ ਦਿੱਲੀ ਨੇੜੇ ਰਾਇ ਸੀਨਾ ਪਿੰਡ ਵਿੱਚ ਆ ਵਸੇ ਸਨ।

ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਸਾਨੀਅਤ ਧਰਮ ਨਿਭਾਉਂਦਿਆਂ ਗ਼ੁਲਾਮ ਬਣਾਏ ਜਾ ਰਹੇ ਹਿੰਦੂ ਧਰਮ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਬਲੀਦਾਨ ਦਿੱਤਾ, ਉਸ ਸਮੇਂ ਲੱਖੀ ਸ਼ਾਹ ਦੇ ਗੱਡਿਆਂ ਦੇ ਇੱਕ ਵੱਡੇ ਕਾਫਲੇ ਰਾਹੀਂ ਰਾਜਸਥਾਨ ਤੋਂ ਚੂਨਾ ਕਲੀ ਤੇ ਹੋਰ ਸਾਜ਼ੋ ਸਾਮਾਨ ਲਿਆਂਦਾ ਜਾ ਰਿਹਾ ਸੀ। ਹਿਰਦੇ ਵਲੂੰਧਰਨ ਵਾਲੇ ਇਸ ਸ਼ਹੀਦੀ ਕਾਂਡ ਦੀ ਖ਼ਬਰ ਜਦ ਲੱਖੀ ਸ਼ਾਹ ਨੂੰ ਮਿਲੀ ਤਾਂ ਉਨ੍ਹਾਂ ਦਾ ਮਨ ਵੀ ਗ਼ਮਗੀਨ ਤੇ ਉਦਾਸ ਜ਼ਰੂਰ ਹੋਇਆ, ਪਰ ਸੰਗਤ ਨਾਲ ਸਲਾਹ ਮਸ਼ਵਰਾ ਕਰਕੇ ਗੁਰੂ ਸਾਹਿਬ ਦਾ ਪਵਿੱਤਰ ਸਰੀਰ ਸਤਿਕਾਰ ਅਦਬ ਨਾਲ ਉਠਾਉਣ ਦੇ ਯਤਨ ਵਜੋਂ ਗੱਡਿਆਂ ਦੇ ਆਪਣੇ ਇਸ ਕਾਫਲੇ ਨੂੰ ਚਾਂਦਨੀ ਚੌਕ ਵਿੱਚੋਂ ਲੰਘਾਉਣ ਦਾ ਫ਼ੈਸਲਾ ਕਰ ਲਿਆ ਅਤੇ ਵਿਵੇਕ ਬੁੱਧੀ ਦੀ ਵਰਤੋਂ ਕਰਦਿਆਂ ਵਿਉਂਤਬੰਦੀ ਨਾਲ ਕਾਫਲੇ ਦੇ ਇੱਕ ਗੱਡੇ ਵਿੱਚ ਗੁਪਤ ਜਗ੍ਹਾ ਬਣਾ ਕੇ ਰੂੰਅ ਨਾਲ ਭਰ ਲਈ ਗਈ। ਇਨਸਾਨੀਅਤ ਨੂੰ ਧਰਮ ਵਜੋਂ ਮੰਨਣ ਵਾਲੇ ਨੇਕ ਦਿਲ ਲੋਕਾਂ ਦੇ ਸਹਿਯੋਗ ਸਦਕਾ ਅਤੇ ਆਪਣੇ ਸਪੁੱਤਰ ਭਾਈ ਨਗਾਹੀਆ ਜੀ ਤੇ ਭਾਈ ਹੇਮਾ ਜੀ ਅਤੇ ਭਾਈ ਹਾੜੀ ਤੇ ਭਾਈ ਧੁੰਮਾ (ਪੁੱਤਰ ਕਾਹਨਾ ਕੇ) ਦੀ ਸਹਾਇਤਾ ਨਾਲ ਗੁਰੂ ਜੀ ਦਾ ਪਾਵਨ ਸਰੀਰ ਸਤਿਕਾਰ ਤਹਿਤ ਉਠਾ ਕੇ ਬਣਾਈ ਹੋਈ ਗੱਡੇ ਦੀ ਗੁਪਤ ਜਗ੍ਹਾ ਵਿੱਚ ਰੱਖ ਲਿਆ ਤੇ ਕਾਫਲੇ ਨਾਲ ਹੀ ਉੱਥੋਂ ਨਿਕਲ ਗਏ। ਇਸ ਤਰ੍ਹਾਂ ਉਹ ਗੁਰੂ ਜੀ ਦੇ ਸਰੀਰ ਨੂੰ ਆਪਣੇ ਘਰ ਰਾਇ ਸੀਨਾ ਪਿੰਡ ਪਹੁੰਚਾਉਣ ਵਿੱਚ ਸਫਲ ਹੋ ਗਏ।

ਹਕੂਮਤ ਦੀ ਵੀ ਪੂਰੀ ਦਹਿਸ਼ਤ ਸੀ। ਮੁਗ਼ਲ ਸਰਕਾਰ ਦੇ ਹੁਕਮਾਂ/ਜ਼ੁਲਮਾਂ ਕਾਰਨ ਗੁਰੂ ਸਾਹਿਬ ਦੇ ‘ਪਾਵਨ ਸਰੀਰ’ ਦਾ ਬਾਹਰ ਖੁੱਲ੍ਹੀ ਥਾਂ ਉੱਤੇ ਖੁੱਲ੍ਹੇਆਮ ਸੰਸਕਾਰ ਕਰਨਾ ਸੰਭਵ ਨਹੀਂ ਸੀ। ਇਸ ਲਈ ਗੁਰੂ ਪਿਆਰ ਵਿੱਚ ਭਿੱਜੇ ਭਾਈ ਲੱਖੀ ਸ਼ਾਹ ਜੀ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਕਰਕੇ ਅਸਥੀਆਂ ਨੂੰ ਇੱਕ ਗਾਗਰ ਵਿੱਚ ਸੰਭਾਲਣ ਦਾ ਮਹਾਨ ਕਾਰਜ ਕਰਦਿਆਂ ਇੱਕ ਅਨਿਨ ਸਿੱਖ ਹੋਣ ਦਾ ਸਬੂਤ ਦਿੱਤਾ। ਕਰਮ ਧਰਮ ਲਈ ਕੁਝ ਕਰ ਗੁਜ਼ਰਨ ਲਈ ਉਨ੍ਹਾਂ ਦਾ ਜਜ਼ਬਾ ਤੇ ਹੌਸਲਾ ਅੰਤਿਮ ਸੁਆਸਾਂ ਤੱਕ ਪੂਰਾ ਬੁਲੰਦ ਸੀ। ਅੰਤ 28 ਮਈ, 1680 ਨੂੰ ਕਰਮ ਧਰਮ ਤੇ ਸੇਵਾ ਭਾਵਨਾ ਸਮਰਪਿਤ ਭਾਈ ਲੱਖੀ ਸ਼ਾਹ ਵਣਜਾਰਾ ਜੀ ਦਿੱਲੀ ਵਿੱਚ ਹੀ ਅਕਾਲ ਚਲਾਣਾ ਕਰ ਗਏ।

ਵਰਨਣਯੋਗ ਹੈ ਕਿ ਭਾਈ ਲੱਖੀ ਸ਼ਾਹ ਵਣਜਾਰਾ ਦੇ ਵੱਡੇ ਵਡੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ। ਸੇਵਾ ਭਾਵਨਾ ਤਹਿਤ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਲਈ ਸਮੇਂ ਸਮੇਂ ਗੁਰੂ ਘਰ ਬੇਸ਼ੁਮਾਰ ਭੇਟਾਵਾਂ ਵੀ ਅਰਪਣ ਕਰਦੇ ਰਹੇ। ਸੋ ਗੁਰੂ-ਘਰ ਪ੍ਰਤੀ ਅਥਾਹ ਸ਼ਰਧਾ ਤੇ ਸੇਵਾ ਭਾਵਨਾ ਲੱਖੀ ਸ਼ਾਹ ਵਣਜਾਰੇ ਨੂੰ ਜੱਦੀ ਪੁਸ਼ਤੀ ਵਿਰਾਸਤ ਵਿੱਚ ਮਿਲੀ ਹੋਈ ਸੀ, ਉੱਥੇ ਉਨ੍ਹਾਂ ਵੀ ਜੀਵਨ ਦੇ ਕਰੀਬ ਨੌਂ ਦਹਾਕੇ ਲੰਮੇ ਸਮੇਂ ਤੱਕ ਆਪਣੇ ਸਮਕਾਲੀ ਵੱਖ ਵੱਖ ਸਿੱਖ ਗੁਰੂ ਸਾਹਿਬਾਨ ਦੇ ਸਨਮੁੱਖ ਸਮੇਂ ਸਮੇਂ ਹਾਜ਼ਰੀ ਭਰਦਿਆਂ ਤਨ ਮਨ ਤੇ ਧਨ ਨਾਲ ਸੇਵਾ ਕਰਨ ਦੀ ਅਭਿਆਸ ਕਰਦਿਆਂ ਸਿੱਖੀ ਸੇਵਕੀ ਨਿਭਾਈ, ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਦਾ ਸਿੱਖੀ ਸਿਦਕ ਵਾਲਾ ਪਿਆਰ ਦਾ ਵਹਿਣ ਗੁਰੂ ਘਰ ਨਾਲ ਅਟੁੱਟ ਜੁੜਿਆ ਰਿਹਾ। ਗੁਰਮਤਿ ਵਿਚਾਰਧਾਰਾ ਵਿੱਚ ਢਲਦਿਆਂ ਉਨ੍ਹਾਂ ਦੇ ਅਗਲੇਰੇ ਵੰਸ਼ ਨੇ ਵੀ ਪੀੜ੍ਹੀ ਦਰ ਪੀੜ੍ਹੀ ਸਿੱਖ ਸਿਧਾਤਾਂ ਨਾਲ ਗੂੜ੍ਹਾ ਨਾਤਾ ਜੋੜੀ ਰੱਖਿਆ ਤੇ ਪੰਜਾਹ ਦੇ ਕਰੀਬ ਜੀਆਂ ਵੱਲੋਂ ਤਾਂ ਸਮੇਂ ਸਮੇਂ ਜ਼ੁਲਮ ਵਿਰੁੱਧ ਖਾਲਸਾ ਪੰਥ ਵੱਲੋਂ ਲੜੀਆਂ ਗਈਆਂ ਜੰਗਾਂ ਵਿੱਚ ਮਾਣਯੋਗ ਹਿੱਸਾ ਪਾ ਕੇ ਸਿੱਖੀ ਸਿੱਦਕ ਨਿਭਾਉਂਦਿਆਂ ਅਕਿਹ ਤੇ ਅਸਿਹ ਜ਼ੁਲਮ ਝੱਲਦਿਆਂ ਸ਼ਹੀਦੀਆਂ ਵੀ ਪਾਈਆਂ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੋ ਸੇਵਾ ਭਾਵਨਾ ਭਾਈ ਲੱਖੀ ਸ਼ਾਹ ਦੇ ਪੁਰਖਿਆਂ ਤੋਂ ਸ਼ੁਰੂ ਹੋਈ, ਉਸ ਸੇਵਾ ਭਾਵਨਾ ਨੇ ਸ਼ਹਾਦਤਾਂ ਨਾਲ ਸੰਪੂਰਨਤਾ ਦਾ ਮਾਣ ਹਾਸਲ ਕੀਤਾ।

ਦਿੱਲੀ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਨੇ ਕਰੀਬ ਇੱਕ ਸਦੀ ਬਾਅਦ ਸੰਨ 1783 ’ਚ ਭਾਈ ਲੱਖੀ ਸ਼ਾਹ ਵਣਜਾਰੇ ਦੇ ਘਰ ਦੀ ਨਿਸ਼ਾਨਦੇਹੀ ਕੀਤੀ ਅਤੇ ਫਿਰ ਗੁਰਦੁਆਰਾ ਸਾਹਿਬ ਉਸਾਰਨ ਦੀ ਸੇਵਾ ਕਰਵਾਈ। ਇਹ ਗੁਰਦੁਆਰਾ ਸਾਹਿਬ ‘ਰਕਾਬ ਗੰਜ ਸਾਹਿਬ’ ਦੇ ਨੇੜੇ ਨਵੀਂ ਦਿੱਲੀ ਵਿਖੇ ਸੁਸ਼ੋਭਿਤ ਹੈ।

ਸੰਪਰਕ: 98764-74858

Advertisement
Show comments