ਹੋਣ ਵਾਲੇ ਪਤੀ ਨੇ ਹੀ ਰਚੀ ਸੀ 72 ਸਾਲਾ ਮਹਿਲਾ ਦੇ ਕਤਲ ਦੀ ਸਾਜਿਸ਼
ਪੁਰਾਣੇ ਸਮਿਆਂ ਵਿੱਚ ਪਿਆਰ ’ਚ ਧੋਖੇ ਨੂੰ ਵੀ ਪ੍ਰੇਮੀਆਂ ਦੀ ਦੁਨੀਆ ਵੱਡੇ ਗੁਨਾਹ ਵਜੋਂ ਦੇਖਦੀ ਸੀ। ਪਰ ਹੁਣ ਪਿਆਰ ਵਿੱਚ ਕਤਲ ਦੀਆਂ ਖ਼ਬਰਾਂ ਵੀ ਆਮ ਸਾਹਮਣੇ ਆਉਂਣ ਲੱਗੀਆਂ ਹਨ। ਇਸੇ ਸਬੰਧਤ ਇੱਕ ਹੈਰਾਨੀਜਨਕ ਕਤਲ ਦੇ ਮਾਮਲੇ ਵਿੱਚ, ਇੱਕ 72 ਸਾਲਾ ਅਮਰੀਕੀ ਨਾਗਰਿਕ, ਰੁਪਿੰਦਰ ਕੌਰ ਪੰਧੇਰ, ਨੂੰ ਕਥਿਤ ਤੌਰ 'ਤੇ ਪੰਜਾਬ ਦੇ ਲੁਧਿਆਣਾ ਨੇੜੇ ਕਿਲ੍ਹਾ ਰਾਏਪੁਰ ਪਿੰਡ ਵਿੱਚ ਕਤਲ ਦਿੱਤਾ ਗਿਆ।
ਰੁਪਿੰਦਰ ਸੀਆਟਲ ਤੋਂ ਇੱਕ 75 ਸਾਲਾ ਯੂਕੇ-ਅਧਾਰਿਤ ਐੱਨ ਆਰ ਆਈ. ਨਾਲ ਵਿਆਹ ਕਰਾਉਣ ਲਈ ਆਈ ਸੀ।
ਪੁਲੀਸ ਅਨੁਸਾਰ ਇਹ ਕਤਲ ਇੱਕ ਚੰਗੀ ਤਰ੍ਹਾਂ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ, ਜਿਸਦਾ ਮੁੱਖ ਸਾਜ਼ਿਸ਼ਕਾਰ ਮਹਿਲਾ ਦਾ ਹੋਣ ਵਾਲਾ ਲਾੜਾ, ਚਰਨਜੀਤ ਸਿੰਘ ਗਰੇਵਾਲ ਸੀ। ਉਹ ਅਸਲ ਵਿੱਚ ਮਹਿਮਾ ਸਿੰਘ ਵਾਲਾ ਪਿੰਡ ਨਾਲ ਸਬੰਧਤ ਹੈ, ਪਰ ਹੁਣ ਇੰਗਲੈਂਡ ਵਿੱਚ ਰਹਿੰਦਾ ਹੈ।
ਗਰੇਵਾਲ ਨੇ ਕਥਿਤ ਤੌਰ ’ਤੇ ਆਪਣੇ ਸਾਥੀ ਸੁਖਜੀਤ ਸਿੰਘ ਸੋਨੂੰ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਜਿਸ ਤੋਂ ਬਾਅਦ ਇਸ ਕਤਲ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚੀ ਗਈ
ਪੁਲੀਸ ਦਾ ਕਹਿਣਾ ਹੈ ਕਿ ਸੋਨੂੰ ਨੇ 12-13 ਜੁਲਾਈ ਦੀ ਰਾਤ ਨੂੰ ਰੁਪਿੰਦਰ ਕੌਰ ਨੂੰ ਮਾਰਨ ਅਤੇ ਉਸ ਦੇ ਸਰੀਰ ਨੂੰ ਆਪਣੇ ਘਰ ਦੇ ਸਟੋਰ ਰੂਮ ਵਿੱਚ ਡੀਜ਼ਲ ਨਾਲ ਸਾੜ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕਬੂਲ ਕੀਤੀ।
ਫਿਰ ਉਸ ਨੇ ਕਥਿਤ ਤੌਰ 'ਤੇ ਅਸਥੀਆਂ(ਪਿੰਜਰ ਦੇ ਹਿੱਸੇ) ਨੂੰ ਪਾਣੀ ਨਾਲ ਠੰਡਾ ਕੀਤਾ ਅਤੇ ਨੇੜੇ ਦੇ ਲਹਿਰਾ ਪਿੰਡ ਦੇ ਇੱਕ ਨਾਲੇ ਵਿੱਚ ਸੁੱਟ ਦਿੱਤਾ। ਜਾਂਚਕਰਤਾਵਾਂ ਨੇ ਫੋਰੈਂਸਿਕ ਜਾਂਚ ਲਈ ਅੰਸ਼ਕ ਪਿੰਜਰ ਦੇ ਹਿੱਸੇ ਬਰਾਮਦ ਕੀਤੇ ਹਨ।
ਭੈਣ ਨਾਲ ਸੰਪਰਕ ਨਾ ਹੋਣ ’ਤੇ ਸਾਹਮਣੇ ਆਇਆ ਮਾਮਲਾ
ਇਹ ਅਪਰਾਧ 28 ਜੁਲਾਈ ਨੂੰ ਸਾਹਮਣੇ ਆਇਆ, ਜਦੋਂ ਰੁਪਿੰਦਰ ਕੌਰ ਦੀ ਭੈਣ ਕਮਲ ਕੌਰ ਖਹਿਰਾ ਨੇ ਉਸ ਨਾਲ ਸੰਪਰਕ ਟੁੱਟਣ ਤੋਂ ਬਾਅਦ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਡੇਹਲੋਂ ਪੁਲਿਸ ਦੁਆਰਾ ਸੋਨੂੰ ਦੀ ਹਿਰਾਸਤ ਬਾਰੇ ਇੱਕ ਜਾਣਕਾਰੀ ਨਾਲ ਇਸ ਮਾਮਲੇ ਦੀ ਜਾਂਚ ਦਾ ਖੁਲਾਸਾ ਹੋਇਆ।
ਪੁਲੀਸ ਨੇ ਖੁਲਾਸਾ ਕੀਤਾ ਕਿ ਰੁਪਿੰਦਰ ਕੌਰ ਨੂੰ ਵਿਆਹ ਦੇ ਝੂਠੇ ਵਾਅਦੇ ਤਹਿਤ ਭਾਰਤ ਬੁਲਾਇਆ ਗਿਆ ਸੀ। ਇਸ ਸਮੇਂ ਦੌਰਾਨ ਉਸ ਨੇ ਸੋਨੂੰ ਅਤੇ ਉਸ ਦੇ ਭਰਾ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਵੱਡੀਆਂ ਰਕਮਾਂ ਟ੍ਰਾਂਸਫਰ ਕੀਤੀਆਂ ਸਨ। ਹੁਣ ਮੰਨਿਆ ਜਾ ਰਿਹਾ ਹੈ ਕਿ ਪੈਸਾ ਹੀ ਕਤਲ ਦਾ ਮੁੱਖ ਮਕਸਦ ਹੋ ਸਕਦਾ ਹੈ।
ਅਧਿਕਾਰੀਆਂ ਵੱਲੋਂ ਜਾਂਚ ਜਾਰੀ
ਪੁਲੀਸ ਅਧਿਕਾਰੀਆਂ ਨੇ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਵਿੱਤੀ ਰਿਕਾਰਡ ਅਤੇ ਫੋਰੈਂਸਿਕ ਨਮੂਨੇ ਸ਼ਾਮਲ ਹਨ। ਉਹ ਚਰਨਜੀਤ ਸਿੰਘ ਗਰੇਵਾਲ ਇਸ ਸਮੇਂ ਯੂਕੇ ਵਿਚ ਫਰਾਰ ਹੈ ਅਤੇ ਪੁਲੀਸ ਕੋਮਾਂਤਰੀ ਪੱਧਰ ’ਤੇ ਸਹਿਯੋਗ ਲੈਣ ਦੀ ਵੀ ਤਿਆਰੀ ਕਰ ਰਹੇ ਹਨ।