ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਮਾਟਰਾਂ ਦੀ ਹੋਲੀ- ਲਾ-ਟੋਮਾਟਿਨਾ ਫੈਸਟੀਵਲ

ਲਾ-ਟੋਮਾਟਿਨਾ (ਟਮਾਟਰਾਂ ਦੀ ਲੜਾਈ) ਤਿਉਹਾਰ ਵੀ ਇੱਕ ਤਰ੍ਹਾਂ ਨਾਲ ਹੋਲੀ ਵਾਂਗ ਹੀ ਮਨਾਇਆ ਜਾਂਦਾ ਹੈ। ਅਸੀਂ ਹੋਲੀ ਇੱਕ ਦੂਜੇ ’ਤੇ ਰੰਗ ਪਾ ਕੇ ਮਨਾਉਂਦੇ ਹਾਂ ਤੇ ਇਸ ਤਿਉਹਾਰ ’ਤੇ ਟਨਾਂ ਦੇ ਟਨ ਟਮਾਟਰ ਟਰੱਕ ਭਰ ਕੇ ਲਿਆਂਦੇ ਜਾਂਦੇ ਹਨ ਤੇ...
Revellers throw tomatoes at each other during the annual "Tomatina", tomato fight fiesta in the village of Bunol near Valencia, Spain, Wednesday, Aug. 31, 2022. The tomato fight took place once again following a two-year suspension owing to the coronavirus pandemic. (AP Photo/Alberto Saiz)
Advertisement

ਲਾ-ਟੋਮਾਟਿਨਾ (ਟਮਾਟਰਾਂ ਦੀ ਲੜਾਈ) ਤਿਉਹਾਰ ਵੀ ਇੱਕ ਤਰ੍ਹਾਂ ਨਾਲ ਹੋਲੀ ਵਾਂਗ ਹੀ ਮਨਾਇਆ ਜਾਂਦਾ ਹੈ। ਅਸੀਂ ਹੋਲੀ ਇੱਕ ਦੂਜੇ ’ਤੇ ਰੰਗ ਪਾ ਕੇ ਮਨਾਉਂਦੇ ਹਾਂ ਤੇ ਇਸ ਤਿਉਹਾਰ ’ਤੇ ਟਨਾਂ ਦੇ ਟਨ ਟਮਾਟਰ ਟਰੱਕ ਭਰ ਕੇ ਲਿਆਂਦੇ ਜਾਂਦੇ ਹਨ ਤੇ ਹਜ਼ਾਰਾਂ ਦੀ ਸੰਖਿਆ ਵਿੱਚ ਗੋਰੇ ਇਹ ਤਿਉਹਾਰ ਮਨਾਉਣ ਲਈ ਸਥਾਨ ਬਨੋਲ (ਭੁਨੋਲ) ਜੋ ਇੱਕ ਛੋਟਾ ਜਿਹਾ ਪਿੰਡ ਹੈ, ਵਿਖੇ ਇਕੱਠੇ ਹੋ ਕੇ ਰੰਗਾਂ ਦੀ ਥਾਂ ਟਮਾਟਰਾਂ ਦੀ ਪੇਸਟ ਬਣਾ ਕੇ ਇੱਕ ਦੂਜੇ ’ਤੇ ਸੁੱਟ ਕੇ ਨੱਚ ਗਾ ਕੇ ਖ਼ੂਬ ਮਸਤੀ ਕਰਦੇ ਹਨ। ਇਸ ਕੰਮ ਲਈ 120 ਸ਼ਹਿਰਾਂ ਤੋਂ ਟਮਾਟਰ ਇੱਕਠੇ ਕੀਤੇ ਜਾਂਦੇ ਹਨ ਤੇ 25000 ਦੇ ਕਰੀਬ ਲੋਕ ਇਸ ਫੈਸਟੀਵਲ ਵਿੱਚ ਸ਼ਿਰਕਤ ਕਰਦੇ ਹਨ।

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਡੇ ਕਈ ਤਿਉਹਾਰ ਸੱਭਿਆਚਾਰ ਤੇ ਕਈ ਤਿਉਹਾਰ ਇਤਿਹਾਸਿਕ ਮਹੱਤਤਾ ਰੱਖਦੇ ਹਨ, ਪਰ ਅੰਗਰੇਜ਼ਾਂ ਦੇ ਅਜਿਹਾ ਕੁਝ ਵੀ ਨਹੀਂ ਹੈ। ਇਸ ਲਈ ਉਹ ਮੌਜ ਮਸਤੀ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਨ। ਲਾ-ਟੋਮਾਟਿਨਾ ਫੈਸਟੀਵਲ ਵੀ ਇੱਕ ਅਜਿਹਾ ਹੀ ਤਿਉਹਾਰ ਹੈ। ਇਹ ਸਪੇਨ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਨਾਉਣ ਵਾਲੇ ਇੱਕ ਦੂਜੇ ਉੱਪਰ ਟਮਾਟਰ ਸੁੱਟਦੇ ਹਨ, ਇਸ ਲਈ ਇਸ ਨੂੰ ‘ਟਮਾਟਰਾਂ ਦੀ ਲੜਾਈ’ ਜਾਂ ‘ ਟਮਾਟਰਾਂ ਦੀ ਹੌਲੀ’ ਲਾ-ਟੋਮਾਟਿਨਾ ਦਾ ਤਿਉਹਾਰ ਵੀ ਕਿਹਾ ਜਾ ਸਕਦਾ ਹੈ। ਇਸ ਤਿਉਹਾਰ ਦੇ ਪਿਛੋਕੜ ਦੇ ਕੋਈ ਪੁਖਤਾ ਸਬੂਤ ਤਾਂ ਨਹੀ ਮਿਲਦੇ, ਪਰ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਤਿਉਹਾਰ 1945 ਵਿੱਚ ਅਗਸਤ ਮਹੀਨੇ ਦੇ ਅਖੀਰਲੇ ਬੁੱਧਵਾਰ ਨੂੰ ਸ਼ੁਰੂ ਹੋਇਆ ਸੀ। ਇਸ ਤਿਉਹਾਰ ਵਿੱਚ ਟਮਾਟਰਾਂ ਦੀ ਲੜਾਈ ਇੱਕ ਮਜ਼ਬੂਤ ਪਰੰਪਰਾ ਹੈ। ਭਾਵੇਂ ਇਸ ਤਿਉਹਾਰ ਦੀ ਸ਼ੁਰੂਆਤ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ, ਪਰ ਇਸ ਤਿਉਹਾਰ ਬਾਰੇ ਇੱਕ ਗੱਲ ਜੋ ਬਹੁਤ ਮਸ਼ਹੂਰ ਹੈ, ਉਹ ਇਹ ਹੈ ਕਿ ਕਿਸੇ ਸਮੁਦਾਏ ਦੇ ਲੋਕ ਇਕੱਠੇ ਹੋ ਕੇ ਜਲੂਸ ਦੀ ਸ਼ਕਲ ਵਿੱਚ ਰੋਡ ’ਤੇ ਜਾ ਰਹੇ ਸਨ। ਕੁਝ ਸ਼ਰਾਰਤੀ ਕਿਸਮ ਦੇ ਲੋਕ ਵੀ ਨਾਲ ਜਾ ਰਲੇ। ਇੱਕ ਸ਼ਰਾਰਤੀ ਨੇ ਕੁਝ ਹੰਗਾਮਾ ਕਰ ਦਿੱਤਾ ਤੇ ਉੱਥੇ ਸ਼ੋਰ ਸ਼ਰਾਬਾ ਮਚ ਗਿਆ ਤੇ ਉਹ ਸ਼ਰਾਰਤੀ ਕਿਸਮ ਦੇ ਲੋਕਾਂ ਨੇ ਉਸ ਸਮੁਦਾਏ ਦੇ ਲੋਕਾਂ ’ਤੇ ਨੇੜੇ ਪਏ ਹੋਏ ਟਮਾਟਰਾਂ ਨਾਲ ਤਾਬੜ ਤੋੜ ਹਮਲਾ ਕਰ ਦਿੱਤਾ।

Advertisement

ਹੌਲੀ-ਹੌਲੀ ਇਹ ਗੱਲ ਸਾਰੇ ਸਪੇਨ ਵਿੱਚ ਫੈਲ ਗਈ ਤੇ ਕੁਝ ਕੁ ਸਾਲਾਂ ਵਿੱਚ ਹੀ ਇਹ ਇੱਕ ਪਰੰਪਰਾ ਜਿਹੀ ਬਣ ਗਈ। ਲੋਕਾਂ ਨੂੰ ਇਹ ਗੱਲ ਚੰਗੀ ਲੱਗੀ ਤੇ ਲੋਕ ਇਸ ਗੱਲ ਦਾ ਮਜ਼ਾ ਲੈਣ ਲੱਗੇ। ਫਿਰ ਹੌਲੀ-ਹੌਲੀ ਇਸ ਨੂੰ ਹਰ ਸਾਲ ਇੱਕ ਤਿਉਹਾਰ ਵਾਂਗ ਸਭ ਰਲ-ਮਿਲ ਕੇ ਮਨਾਉਣ ਲੱਗ ਪਏ। ਫਿਰ ਅਗਲੇ ਸਾਲਾਂ ਵਿੱਚ ਇਹ ਪੱਕਾ ਹੋ ਗਿਆ ਕਿ ਅਗਸਤ ਮਹੀਨੇ ਦੇ ਅਖੀਰਲੇ ਬੁੱਧਵਾਰ ਨੂੰ ਇਹ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਣ ਲੱਗ ਪਿਆ। ਸ਼ੁਰੂ ਵਿੱਚ ਤਾਂ ਸਪੇਨ ਵਿੱਚ ਇਸ ਦਿਨ ਦੀ ਛੁੱਟੀ ਬੈਨ ਕਰ ਦਿੱਤੀ ਗਈ ਸੀ ਕਿਉਂਕਿ ਇਸ ਤਿਉਹਾਰ ਦੀ ਕੋਈ ਧਾਰਮਿਕ ਮਹੱਤਤਾ ਨਹੀਂ ਸੀ, ਪਰ ਇਸ ਆਪੇ ਬਣੇ ਤਿਉਹਾਰ ਦੀ ਉਸ ਵਕਤ ਤੱਕ ਬਹੁਤ ਜ਼ਿਆਦਾ ਮਸ਼ਹੂਰੀ ਹੋ ਚੁੱਕੀ ਸੀ। ਇਸ ਲਈ 1970 ਵਿੱਚ ਇਸ ਤਿਉਹਾਰ ਉੱਤੇ ਸਪੇਨ ਵਿੱਚ ਛੁੱਟੀ ਹੋਣੀ ਆਰੰਭ ਹੋ ਗਈ। ਇਸ ਤਿਉਹਾਰ ਨੂੰ ਮਨਾਉਣ ਵਾਲਿਆਂ ਦੀ ਗਿਣਤੀ 1970 ਤੱਕ ਬਹੁਤ ਵਧ ਗਈ ਸੀ।

ਅਗਸਤ 2002 ਵਿੱਚ ਲਾ-ਟੋਮਾਟਿਨਾ ਆਫ ਬਨੋਲ ਨੂੰ ‘ਫੈਸਟੀਵਲ ਆਫ ਇੰਟਰਨੈਸ਼ਨਲ ਟੂਰਿਸਟ ਇਨਟਰੱਸਟ’ ਦਾ ਨਾਂ ਦਿੱਤਾ ਗਿਆ। 2003 ਤੋਂ ਇਹ ਤਿਉਹਾਰ ਕਮਾਈ ਦਾ ਸਾਧਨ ਵੀ ਬਣ ਗਿਆ। ਇਸ ਤਿਉਹਾਰ ਨੂੰ ਮਨਾਉਣ ਵਾਲਿਆਂ ਤੋਂ ਐਂਟਰੀ ਫੀਸ ਵੀ ਲਈ ਜਾਣ ਲੱਗ ਪਈ ਤੇ ਕੁਝ ਗਿਣਤੀ ਦੇ ਲੋਕ ਹੀ ਇਸ ਤਿਉਹਾਰ ਵਿੱਚ ਹਿੱਸਾ ਲੈ ਸਕਦੇ ਸਨ। ਲੋਕੀਂ ਜਦ ਇਸ ਤਿਉਹਾਰ ਨੂੰ ਮਨਾਉਣ ਸਮੇਂ ਇੱਕ ਦੂਜੇ ’ਤੇ ਟਮਾਟਰ ਸੁੱਟਦੇ ਸਨ ਤਾਂ ਟਮਾਟਰਾਂ ਦੀ ਪੇਸਟ ਨਾਲ ਭਰ ਜਾਂਦੇ ਸਨ। ਉੱਥੇ ਉਸੇ ਸਮੇਂ ਨਹਾਉਣ ਨਾਲ ਇਹ ਰੰਗ ਉਤਰ ਜਾਂਦਾ ਸੀ ਤੇ ਲੋਕ ਪਲਾਂ ਵਿੱਚ ਹੀ ਸਾਫ਼ ਸੁਥਰੇ ਹੋ ਜਾਂਦੇ ਕਿਉਂਕਿ ਟਮਾਟਰਾਂ ਦੀ ਪੇਸਟ ਗਿੱਲੀ ਹੁੰਦੀ ਤੇ ਜਲਦੀ ਸਾਫ਼ ਹੋ ਜਾਂਦੀ ਸੀ, ਜਦ ਕਿ ਸੁੱਕੀ ਹੋਈ ਪੇਸਟ ਸਰੀਰ ਤੋਂ ਉਤਾਰਨੀ ਥੋੜ੍ਹੀ ਮੁਸ਼ਕਿਲ ਹੋ ਜਾਂਦੀ ਸੀ। ਇਸ ਲਈ ਇਹ ‘ਟਮਾਟਰਾਂ ਦੀ ਹੋਲੀ’ ਖ਼ਤਮ ਹੋਣ ਉਪਰੰਤ ਉੱਥੇ ਹੀ ਚਾਰ ਚੁਫ਼ੇਰੇ ਤੋਂ ਪ੍ਰੈੱਸ਼ਰ ਵਾਲੀਆਂ ਪਾਈਪਾਂ ਨਾਲ ਸਾਰੀ ਭੀੜ ’ਤੇ ਪਾਣੀ ਦੀ ਬੁਛਾਰ ਕੀਤੀ ਜਾਂਦੀ ਹੈ। ਇਸ ਨਾਲ ਲੋਕ ਉੱਥੇ ਹੀ ਸਾਫ਼ ਸੁਥਰੇ ਹੋ ਜਾਂਦੇ ਹਨ। ਇਸ ਤਿਉਹਾਰ ਨੂੰ ਮਨਾਉਣ ਲਈ ਵਰਤੇ ਗਏ ਟਮਾਟਰਾਂ ਦਾ ਜਦ 2015 ਵਿੱਚ ਲੇਖਾ-ਜੋਖਾ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਲਗਭਗ ਇੱਕ ਲੱਖ ਪੰਜਤਾਲੀ ਹਜ਼ਾਰ ਕਿਲੋ ਟਮਾਟਰ ਇੱਕ ਦੂਜੇ ’ਤੇ ਸੁੱਟਣ ਲਈ ਇਸਤੇਮਾਲ ਕੀਤੇ ਗਏ ਸਨ।

ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇੱਕ ਦੂਜੇ ’ਤੇ ਟਮਾਟਰ ਸੁੱਟਣ ਲੱਗਿਆਂ ਕਿਸੇ ਦੇ ਮੂੰਹ ਜਾਂ ਹੋਰ ਕਿਸੇ ਨਾਜ਼ੁਕ ਹਿੱਸੇ ’ਤੇ ਚੋਟ ਨਾ ਲੱਗ ਜਾਵੇ, ਇਸ ਲਈ ਇੱਕ ਦੂਜੇ ’ਤੇ ਸੁੱਟਣ ਤੋਂ ਪਹਿਲਾਂ ਇਨ੍ਹਾਂ ਟਮਾਟਰਾਂ ਨੂੰ ਮਸਲ ਲਿਆ ਜਾਂਦਾ ਹੈ ਤਾਂ ਜੋ ਇਹ ਖੇਡ ਖੇਡਣ ਵਾਲੇ ਸੱਟ ਆਦਿ ਤੋਂ ਬਚੇ ਰਹਿਣ। ਸਾਬਤ ਟਮਾਟਰ ਸੁੱਟਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ। ਇਹ ਖੇਡ ਖੇਡਣ ਲਈ ਕੁਝ ਨਿਯਮ ਵੀ ਬਣਾਏ ਗਏ ਹਨ। ਜੋ ਇਸ ਫੈਸਟੀਵਲ ਵਿੱਚ ਜਾਂਦੇ ਹਨ, ਉਹ ਟੀ ਸ਼ਰਟ, ਪੁਰਾਣੇ ਕੱਪੜੇ ਜਾਂ ਫਿਰ ਆਪਣੀ ਮਰਜ਼ੀ ਮੁਤਾਬਿਕ ਡਰੈੱਸ ਪਹਿਨ ਸਕਦੇ ਹਨ। ਇਹ ਖੇਡ ਤੁਸੀਂ ਜੁੱਤੀਆਂ ਪਾ ਕੇ ਜਾਂ ਨੰਗੇ ਪੈਰ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਆਰਾਮਦਾਇਕ ਸਮਝੋ, ਖੇਡ ਸਕਦੇ ਹੋ। ਜੇਕਰ ਤੁਸੀਂ ਇਸ ਖੇਡ ਪ੍ਰੋਗਰਾਮ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਵਾਟਰ ਪਰੂਫ ਕੈਮਰਾ ਲੈ ਕੇ ਬਣਾ ਸਕਦੇ ਹੋ।

ਨਿਯਮਾਂ ਅਨੁਸਾਰ ਹੀ ਤੁਹਾਨੂੰ ਖੇਡਣਾ ਹੋਵੇਗਾ, ਜਿਵੇਂ ਖੇਡਣ ਸਮੇਂ ਹੁੜਦੰਗ ਨਹੀਂ ਮਚਾਉਣਾ ਤੇ ਉੱਥੇ ਖੜ੍ਹੇ ਵਹੀਕਲਾਂ ਬੱਸਾਂ, ਟਰੱਕਾਂ ਤੋਂ ਦੂਰੀ ਬਣਾ ਕੇ ਹੀ ਖੇਡਣਾ ਹੈ। ਇਸ ਖੇਡ ਵਿੱਚ ਭਾਗ ਲੈਣ ਸਮੇਂ ਆਪਣੇ ਨਾਲ ਕੋਈ ਵੀ ਚੀਜ਼ ਜਿਵੇਂ ਮੋਬਾਈਲ, ਕੈਮਰਾ, ਲੈਪਟੌਪ ਜਾਂ ਕੋਈ ਵੀ ਕੀਮਤੀ ਸਾਮਾਨ ਲੈ ਕੇ ਜਾਣ ’ਤੇ ਮਨਾਹੀ ਹੈ। ਇਸ ਤਿਉਹਾਰ ਨੂੰ ਫਿਲਮਾਂ ਵਾਲਿਆਂ ਨੇ ਵੀ ਕੈਸ਼ ਕੀਤਾ ਹੈ, ਭਲਾਂ ਉਹ ਕਿਵੇਂ ਪਿੱਛੇ ਰਹਿ ਸਕਦੇ ਸਨ।

ਫਿਲਮ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਜੋ ਜੁਲਾਈ 2011 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਰਿਤਿਕ ਰੌਸ਼ਨ, ਕੈਟਰੀਨਾ ਕੈਫ, ਫਰਹਾਨ ਅਖ਼ਤਰ, ਅਭੈ ਦਿਓਲ, ਕਲਕੀ ’ਤੇ ਸਪੇਨ ਵਿੱਚ ਇੱਕ ਗੀਤ ‘ਇੱਕ ਜਨੂੰਨ’ ਸਪੈਸ਼ਲ ਤੌਰ ’ਤੇ ਲਾ-ਟੋਮਾਟਿਨਾ ਫੈਸਟੀਵਲ ਦੌਰਾਨ ਫਿਲਮਾਇਆ ਗਿਆ, ਜਿਸ ਵਿੱਚ ਸਾਰੇ ਗੀਤ ਦੀ ਸ਼ੂਟਿੰਗ ਦੌਰਾਨ 16 ਟਨ ਟਮਾਟਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਤੇ ਇਹ ਟਮਾਟਰ ਪੁਰਤਗਾਲ ਤੋਂ ਮੰਗਵਾਏ ਗਏ ਸਨ। ਲਗਭਗ ਇੱਕ ਕਰੋੜ ਰੁਪਿਆ ਇਸ ਗੀਤ ਨੂੰ ਫਿਲਮਾਉਣ ’ਤੇ ਖ਼ਰਚ ਕੀਤਾ ਗਿਆ ਸੀ। ਇਸ ਵਾਰ ਇਹ ਤਿਉਹਾਰ ਸਪੇਨ ਵਿੱਚ 27 ਅਗਸਤ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ।

Advertisement
Show comments