ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਿਲਣੀ
ਸਰੀ : ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਨਕੋਦਰ ਤੋਂ ਆਏ ਸ਼ਾਇਰ ਕਰਨਜੀਤ ਸਿੰਘ ਨਾਲ ਵਿਸ਼ੇਸ਼ ਮਹਿਫ਼ਿਲ ਸਜਾਈ ਗਈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਰਨਜੀਤ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਸ ਬਾਰੇ ਸੰਖੇਪ ਜਾਣਕਾਰੀ ਮੰਚ ਦੇ ਮੈਂਬਰਾਂ ਨਾਲ ਸਾਂਝੀ ਕੀਤੀ।
ਕਰਨਜੀਤ ਸਿੰਘ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਸੰਖੇਪ ਗੱਲਬਾਤ ਕੀਤੀ। ਉਸ ਨੇ ਵਿਸ਼ੇਸ਼ ਤੌਰ ’ਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਕੱਕੀ ਰੇਤ ਦੇ ਵਰਕੇ’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਗ਼ਜ਼ਲਾਂ ਪੜ੍ਹ ਕੇ ਹੀ ਉਸ ਨੂੰ ਅਸਲ ਵਿੱਚ ਗ਼ਜ਼ਲ ਵਿਚਲੀ ਖ਼ਿਆਲ ਉਡਾਰੀ ਅਤੇ ਗਹਿਰਾਈ ਬਾਰੇ ਸਮਝ ਲੱਗੀ। ਉਸ ਨੇ ਨਕੋਦਰ ਦੇ ਸ਼ਾਇਰ ਹਰਦਿਆਲ ਸਾਗਰ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਉਸ ਇਲਾਕੇ ਦੀਆਂ ਸਾਹਿਤਕ ਸਰਗਰਮੀਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਸ ਨੇ ਆਪਣੀਆਂ ਦੋ ਗ਼ਜ਼ਲਾਂ ਤਰੰਨੁਮ ਪੇਸ਼ ਕਰ ਕੇ ਮੰਚ ਦੇ ਮੈਂਬਰਾਂ ਤੋਂ ਖ਼ੂਬ ਦਾਦ ਹਾਸਲ ਕੀਤੀ।
ਮੰਚ ਦੇ ਸ਼ਾਇਰ ਦਸਮੇਸ਼ ਗਿੱਲ ਫ਼ਿਰੋਜ਼ ਵੱਲੋਂ ਕਰਨਜੀਤ ਸਿੰਘ ਨੂੰ ਆਪਣੀ ਉਰਦੂ ਗ਼ਜ਼ਲਾਂ ਦੀ ਪੁਸਤਕ ਭੇਟ ਕੀਤੀ ਗਈ। ਇਸ ਮਹਿਫ਼ਿਲ ਵਿੱਚ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਸਮੇਸ਼ ਗਿੱਲ ਫ਼ਿਰੋਜ਼ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਹਾਜ਼ਰੀ ਲੁਆਈ। ਪ੍ਰਧਾਨ ਜਸਵਿੰਦਰ ਨੇ ਕਰਨਜੀਤ ਸਿੰਘ ਅਤੇ ਮੰਚ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਦੀ ਯਾਦ ’ਚ ਸ਼ਹੀਦੀ ਸਮਾਗਮ
ਸਰੀ: ਕੈਨੇਡਾ ਰਹਿੰਦੀ ਪਿੰਡ ਦੌਲਤਪੁਰ ਦੀ ਸਮੂਹ ਸੰਗਤ ਵੱਲੋਂ ਬੀਤੇ ਦਿਨੀਂ ਸ਼ਹੀਦ ਬੱਬਰ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਇਤਿਹਾਸਕ ਵਿਚਾਰਾਂ ਹੋਈਆਂ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਬੱਬਰ ਅਕਾਲੀ ਯੋਧਿਆਂ ਨੂੰ ਯਾਦ ਕੀਤਾ।
ਡਾ. ਗੁਰਵਿੰਦਰ ਸਿੰਘ ਨੇ ਬੱਬਰ ਅਕਾਲੀ ਲਹਿਰ ਤੇ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਘਰਸ਼ ਬਾਰੇ ਇਤਿਹਾਸਕ ਪੰਨਿਆਂ ’ਚੋਂ ਵਿਚਾਰ ਸਾਂਝੇ ਕੀਤੇ। ਉਸ ਨੇ ਕਿਹਾ ਕਿ 102 ਸਾਲ ਪਹਿਲਾਂ ਐਬਟਸਫੋਰਡ, ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਬੱਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ‘ਚੀਫ ਐਡੀਟਰ’ ‘ਬੱਬਰ ਅਕਾਲੀ ਲਹਿਰ’ ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ ‘ਬੱਬਰ ਅਕਾਲੀ’ ਨਾਂ ਵੀ ਉਨ੍ਹਾਂ ਦੀ ਹੀ ਦੇਣ ਹੈ।
ਭਾਈ ਕਰਮ ਸਿੰਘ, ਉਨ੍ਹਾਂ ਦੇ ਭਰਾ ਭਾਈ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਐਬਟਸਫੋਰਡ ਸ਼ਹਿਰ ਵਿੱਚ ਸਾਊਥ ਫਰੇਜ਼ਰ ਵੇਅ ’ਤੇ ਸੀ। ਉਨ੍ਹਾਂ ਨੇ ਇਹ ਜ਼ਮੀਨ ਸਿੱਖ ਕੌਮ ਅਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਰਾਵਾਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ ’ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਉਨ੍ਹਾਂ ਦੀ ਇੱਛਾ ਅਨੁਸਾਰ ਇੱਥੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 1982 ਵਿੱਚ ਉਸਾਰਿਆ ਗਿਆ।
ਬੱਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬੱਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਇਨਕਲਾਬੀ ਸੰਘਰਸ਼ ਕਰਦਿਆਂ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਨ੍ਹਾਂ ਬੱਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ।
ਦੌਲਤਪੁਰ ਵਾਸੀਆਂ ਵੱਲੋਂ ਇਸ ਮੌਕੇ ’ਤੇ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।