ਗੁਰੂ ਰਾਮਦਾਸ ਦੀ ਉਸਤਤ ਵਿੱਚ ਸ਼ਬਦ ਗਾਇਨ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਕਤੂਬਰ ਮਹੀਨੇ ਦੀ ਇਕੱਤਰਤਾ ਜਸਵੰਤ ਸਿੰਘ ਸੇਖੋਂ ਅਤੇ ਬੀਬੀ ਕਿਰਨਜੋਤ ਹੁੰਝਣ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਸੰਭਾਲਦਿਆਂ ਅਤੇ ਦੁੱਖ ਸੁੱਖ ਦੇ ਸੁਨੇਹੇ ਸਾਂਝੇ ਕਰਦਿਆਂ ਵਿੱਛੜੀਆਂ ਸ਼ਖ਼ਸੀਅਤਾਂ (ਰਾਜਬੀਰ ਜਵੰਦਾ, ਬਾਡੀ ਬਿਲਡਰ ਕੁਲਵਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ ਟਿਵਾਣਾ ਅਤੇ ਡਾ. ਪ੍ਰੀਤਮ ਸਿੰਘ ਕੈਂਬੋ) ਦੇ ਸਦੀਵੀ ਵਿਛੋੜੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਵੱਲੋਂ ਵਿੱਛੜੀਆਂ ਰੂਹਾਂ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਉਪਰੰਤ ਗੁਰੂ ਰਾਮਦਾਸ ਜੀ ਦੇ ਗੁਰਪੁਰਬ, ਦਸਹਿਰਾ ਅਤ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸੁਖਮੰਦਰ ਸਿੰਘ ਗਿੱਲ ਨੇ ਗੁਰੂ ਰਾਮਦਾਸ ਦੀ ਉਸਤਤ ਵਿੱਚ ਸ਼ਬਦ ਗਾਇਨ ਕੀਤਾ। ਇੰਜ. ਜੀਰ ਸਿੰਘ ਬਰਾੜ ਨੇ ਪੰਜਾਬ ਬਿਜਲੀ ਬੋਰਡ ਵਿੱਚ ਕੰਮ ਕਰਦਿਆਂ ਆਪਣੇ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ। ਸ਼ਾਇਰ ਤਾਜਬੀਰ ਨੇ ਆਪਣੀ ਕਵਿਤਾ ‘ਸਾਡੀ ਇੱਕੋ ਪੀੜ੍ਹੀ ਪਿੱਛੇ ਬੈਠ ਵਿਚਾਰ ਕਰ ਲਈਂ’ ਰਾਹੀਂ ਅੱਜ ਦੀ ਜੁਆਨੀ ਨੂੰ ਸੋਚਣ ਲਈ ਸੁਨੇਹਾ ਦਿੱਤਾ। ਜੈ ਸਿੰਘ ਉੱਪਲ ਨੇ ਧੀਆਂ ਬਾਰੇ ਇੱਕ ਸੰਵੇਦਨਾ ਭਰੀ ਕਵਿਤਾ ਪੇਸ਼ ਕੀਤੀ। ਬਲਕਾਰ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ। ਜਰਨੈਲ ਤੱਗੜ ਨੇ ਪੰਜਾਬੀ ਸੱਭਿਆਚਾਰ ਵਿੱਚ ਆ ਰਹੇ ਵਿਗਾੜ ਦੀ ਗੱਲ ਕੀਤੀ ਅਤੇ ਪੰਜਾਬੀ ਭਾਈਚਾਰੇ ਦੇ ਨੌਜੁਆਨਾਂ ਦੇ ਗ਼ਲਤ ਰੁਝਾਨ ’ਤੇ ਚਿੰਤਾ ਪ੍ਰਗਟ ਕੀਤੀ।
ਕਵੀਸ਼ਰ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਕਵੀਸ਼ਰੀ ਰੰਗ ਵਿੱਚ ਜੋਗਾ ਸਿੰਘ ਜੋਗੀ ਦੀ ਇੱਕ ਕਵਿਤਾ ‘ਤੋੜੀ ਜਾਂਦਾ ਫੁੱਲ ਫੁਲੇਰਾ, ਦੁਨੀਆ ਇੱਕ ਫੁਲਵਾੜੀ ਹੈ’ ਸੁਣਾ ਕੇ ਨਿਹਾਲ ਕੀਤਾ। ਸਰਦੂਲ ਸਿੰਘ ਲੱਖਾ ਨੇ ਨਿੱਕੀਆਂ ਨਿੱਕੀਆਂ ਨਜ਼ਮਾਂ ਵਿੱਚ ਭਾਵਪੂਰਤ ਅਤੇ ਹਲੂਣਾ ਦੇਣ ਵਾਲੇ ਵਿਚਾਰ ਪੇਸ਼ ਕੀਤੇ। ਮਾ. ਹਰਭਜਨ ਸਿੰਘ ਬਿਹਾਲਾ ਨੇ ਬਲਦੇਵ ਸੜਕਨਾਮੇ ਦੀ ਲਿਖੀ ‘ਦਾਵਤ’ ਪੇਸ਼ ਕਰਕੇ ਵਿਅੰਗ ਅਤੇ ਹਾਸਰਸ ਦਾ ਨਵਾਂ ਰੰਗ ਬੰਨ੍ਹਿਆ। ਗੁਰਚਰਨ ਸਿੰਘ ਹੇਰਾਂ ਨੇ ਕਿਸਾਨੀ ਦਾ ਸੰਕਟ ਅਤੇ ਸਰਕਾਰਾਂ ਦੀ ਬੇਧਿਆਨੀ ’ਤੇ ਲਿਖੀ ਕਵਿਤਾ ਵਿਲੱਖਣ ਢੰਗ ਨਾਲ ਸੁਣਾ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ। ਬਲਜਿੰਦਰ ਮਾਂਗਟ ਨੇ ਵੀ ਆਪਣੇ ਕੀਮਤੀ ਅਤੇ ਸਾਹਿਤਕ ਵਿਚਾਰਾਂ ਨਾਲ ਸਾਂਝ ਪਾਈ।
ਸਤਨਾਮ ਸਿੰਘ ਢਾਅ ਨੇ ਪਾਲ ਸਿੰਘ ਪੰਛੀ ਦੀ ਮਕਬੂਲ ਰਚਨਾ ਸ਼ਹੀਦ ਭਗਤ ਸਿੰਘ ਦੇ ਜਨਮ ’ਤੇ ਜਸਵੰਤ ਸੇਖੋਂ ਨਾਲ ਮਿਲ ਕੇ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ। ਪ੍ਰਿੰਸੀਪਲ ਬਲਦੇਵ ਸਿੰਘ ਦੁਲੱਟ ਨੇ ਆਪਣੀ ਕਵਿਤਾ ਰਾਹੀਂ ਕਿਸਾਨੀ ਸੰਕਟ ਨੂੰ ‘ਪੰਜਾਬ ਸਿਹਾਂ’ ਨਾਲ ਸੰਬੋਧਨ ਕਰਕੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ। ਦਰਸ਼ਨ ਸਿੰਘ ਬਰਾੜ ਨੇ ਆਪਣੀ ਕਵਿਤਾ ‘ਪੁੱਤ ਸਾਡਾ ਚੰਡੀਗੜ੍ਹ ਨੇ ਪੱਟਿਆ’ ਰਾਹੀਂ ਗ਼ਲਤ ਕੰਮਾਂ ਵਿੱਚ ਪੈ ਕੇ ਆਪਣੇ ਮਾਪਿਆਂ ਦੇ ਪੈਸੇ ਅਤੇ ਆਪਣੇ ਸਮੇਂ ਦੀ ਬਰਬਾਦੀ ਦੇ ਯਥਾਰਥ ਦੀ ਦਾਸਤਾਨ ਸਾਂਝੀ ਕੀਤੀ। ਅੰਗਰੇਜ਼ ਸਿੰਘ ਸੀਤਲ ਨੇ ਉਰਦੂ ਦੀ ਗ਼ਜ਼ਲ ਅਤੇ ਗੀਤ ਪੇਸ਼ ਕੀਤਾ। ਇਸ ਸਾਹਿਤਕ ਵਿਚਾਰ ਚਰਚਾ ਵਿੱਚ ਮੁਖਵਿੰਦਰ ਸਿੰਘ ਉੱਪਲ, ਮਹਿੰਦਰ ਕੌਰ ਕਾਲੀਰਾਏ ਅਤੇ ਸੁਖਦੇਵ ਕੌਰ ਢਾਅ ਨੇ ਵੀ ਸ਼ਮੂਲੀਅਤ ਕੀਤੀ। ਅਖ਼ੀਰ ’ਤੇ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ, ਕੈਲਗਰੀ