ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਦਾਰੋ

ਕਹਾਣੀ ਜਦੋਂ ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਆਪਣੀ ਮੈਡੀਕਲ ਕਾਨਫਰੰਸ ਤੋਂ ਵਾਪਸ ਆਏ ਤਾਂ ਜੀਤੋ ਨੇ ਉਨ੍ਹਾਂ ਨੂੰ ਝਾਈ ਜੀ ਅਤੇ ਆਪਣੇ ਭਾਪਾ ਜੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਸਾਰੀ ਕਹਾਣੀ...
Advertisement

ਕਹਾਣੀ

ਜਦੋਂ ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਆਪਣੀ ਮੈਡੀਕਲ ਕਾਨਫਰੰਸ ਤੋਂ ਵਾਪਸ ਆਏ ਤਾਂ ਜੀਤੋ ਨੇ ਉਨ੍ਹਾਂ ਨੂੰ ਝਾਈ ਜੀ ਅਤੇ ਆਪਣੇ ਭਾਪਾ ਜੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਸਾਰੀ ਕਹਾਣੀ ਸੁਣ ਕੇ ਬੜੇ ਹੈਰਾਨ ਵੀ ਹੋਏ ਅਤੇ ਬੜੇ ਖ਼ੁਸ਼ ਵੀ ਹੋਏ ਕਿ ਉਨ੍ਹਾਂ ਦੇ ਝਾਈ ਜੀ ਅਤੇ ਭਾਪਾ ਜੀ ਦੀ ਦੋਸਤੀ ਕਿੰਨੀ ਪਵਿੱਤਰ ਹੈ।

Advertisement

ਅਗਲੇ ਮਹੀਨੇ ਝਾਈ ਜੀ ਦਾ ਜਨਮ ਦਿਨ ਆ ਰਿਹਾ ਸੀ। ਉਸ ਦਿਨ ਝਾਈ ਜੀ ਅੱਸੀ ਸਾਲਾਂ ਦੇ ਹੋ ਜਾਣਗੇ। ਡਾਕਟਰ ਸਤੀਸ਼ ਖੰਨਾ ਨੇ ਤਾਂ ਫ਼ੈਸਲਾ ਕਰ ਲਿਆ ਕਿ ਇਹ ਜਨਮ ਦਿਨ ਉਹ ਧੂਮ-ਧਾਮ ਨਾਲ ਮਨਾਉਣਗੇ। ਫਿਰ ਕੀ ਸੀ। ਜਨਮ ਦਿਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜਨਮ ਦਿਨ ਦੇ ਸੱਦਾ-ਪੱਤਰ ਛਪਵਾਏ ਗਏ ਅਤੇ ਵੰਡਣੇ ਸ਼ੁਰੂ ਹੋ ਗਏ। ਡਾਕਟਰ ਸਤੀਸ਼ ਖੰਨਾ ਗੁਰਦੁਆਰੇ ਵਿੱਚ ਕਾਰਡ ਵੰਡ ਰਿਹਾ ਸੀ। ਜਿਸ ਨੂੰ ਕਾਰਡ ਦਿੰਦਾ, ਉਸ ਨੂੰ ਬੜੇ ਪਿਆਰ ਨਾਲ ਬੇਨਤੀ ਵੀ ਕਰ ਦਿੰਦਾ;

‘‘ਝਾਈ ਜੀ ਦਾ ਅੱਸੀਵਾਂ ਜਨਮ ਦਿਨ ਹੈ। ਮਿਹਰਬਾਨੀ ਕਰਕੇ ਜ਼ਰੂਰ ਦਰਸ਼ਨ ਦੇਣਾ।’’

ਹਰ ਕੋਈ ਡਾਕਟਰ ਸਤੀਸ਼ ਖੰਨਾ ਦੀ ਮਾਂ ਨੂੰ ਝਾਈ ਜੀ ਹੀ ਕਹਿੰਦਾ ਸੀ ਅਤੇ ਸਾਰੇ ਉਨ੍ਹਾਂ ਦੀ ਬਹੁਤ ਇੱਜ਼ਤ ਵੀ ਕਰਦੇ ਸਨ। ਬਹੁਤਿਆਂ ਨੂੰ ਝਾਈ ਜੀ ਦਾ ਅਸਲੀ ਨਾਮ ਵੀ ਪਤਾ ਸੀ...ਕਾਂਤਾ ਦੇਵੀ..., ਪਰ ਜਦੋਂ ਉਨ੍ਹਾਂ ਕਾਰਡ ਖੋਲ੍ਹ ਕੇ ਪੜ੍ਹਿਆ ਤਾਂ ਝਾਈ ਜੀ ਦਾ ਨਾਮ ਪੜ੍ਹ ਕੇ ਹੈਰਾਨ ਹੋ ਗਏ। ਕਾਰਡ ਵਿੱਚ ਉਨ੍ਹਾਂ ਦਾ ਨਾਮ ‘ਸਰਦਾਰੋ ਕਾਂਤਾ ਦੇਵੀ’ ਲਿਖਿਆ ਹੋਇਆ ਸੀ।

ਇਹ ਉਹ ਸਮਾਂ ਸੀ ਜਦੋਂ ਆਸਟਰੇਲੀਆ ਦੀ ਵ੍ਹਾਈਟ ਪਾਲਿਸੀ ਨੂੰ ਖ਼ਤਮ ਹੋਇਆਂ ਜ਼ਿਆਦਾ ਦੇਰ ਨਹੀਂ ਸੀ ਹੋਈ। ਵ੍ਹਾਈਟ ਪਾਲਿਸੀ ਦੇ ਹੁੰਦਿਆਂ ਸਿਰਫ਼ ਚਿੱਟੀ ਚਮੜੀ ਵਾਲਾ ਹੀ ਆਸਟਰੇਲੀਆ ਵਿੱਚ ਆ ਸਕਦਾ ਸੀ ਜਾਂ ਇੱਥੇ ਰਹਿ ਸਕਦਾ ਸੀ। ਵ੍ਹਾਈਟ ਪਾਲਿਸੀ ਖ਼ਤਮ ਹੋਣ ਤੋਂ ਬਾਅਦ ਆਸਟਰੇਲੀਆ ਸਰਕਾਰ ਨੂੰ ਡਾਕਟਰਾਂ ਅਤੇ ਅਧਿਆਪਕਾਂ ਦੀ ਘਾਟ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਬਾਹਰਲੇ ਦੇਸ਼ਾਂ ਤੋਂ ਡਾਕਟਰ ਅਤੇ ਅਧਿਆਪਕ ਲਿਆਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਹੀ ਇੱਕ ਡਾਕਟਰ ਸਤੀਸ਼ ਖੰਨਾ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਲਕਸ਼ਮੀ ਖੰਨਾ ਸਨ ਜੋ ਅਫ਼ਰੀਕਨ ਦੇਸ਼ ਨੈਰੋਬੀ ਤੋਂ ਇੱਥੇ ਸਿਡਨੀ ਵਿੱਚ ਆ ਗਏ ਅਤੇ ਇਨ੍ਹਾਂ ਦੇ ਨਾਲ ਆਏ ਇਨ੍ਹਾਂ ਦੇ ਝਾਈ ਜੀ ਮਿਸਿਜ਼ ਕਾਂਤਾ ਦੇਵੀ ਜੋ ਕੁਝ ਸਾਲ ਪਹਿਲਾਂ ਵਿਧਵਾ ਹੋ ਚੁੱਕੇ ਸਨ।

ਅਧਿਆਪਕਾਂ ਵਿੱਚ ਹਰਜੀਤ ਕਾਲੜਾ ਅਤੇ ਉਨ੍ਹਾਂ ਦੀ ਪਤਨੀ ਜਤਿੰਦਰ ਕਾਲੜਾ ਅੰਮ੍ਰਿਤਸਰ ਤੋਂ ਇੱਥੇ ਆ ਗਏ। ਉਸ ਵੇਲੇ ਸਿਡਨੀ ਵਿੱਚ ਨਾ ਕੋਈ ਗੁਰਦੁਆਰਾ ਸੀ ਅਤੇ ਨਾ ਕੋਈ ਮੰਦਰ। ਘਰੋਂ ਬਾਹਰ ਨਿਕਲੋ ਤਾਂ ਸੜਕਾਂ ਸੁੰਨ-ਸਾਨ ਨਜ਼ਰ ਆਉਂਦੀਆਂ ਸਨ। ਕਾਰਾਂ, ਬਸਾਂ ਤੇ ਟਰੱਕ ਹੀ ਚੱਲਦੇ ਨਜ਼ਰ ਆਉਂਦੇ ਸਨ। ਪੈਦਲ ਤੁਰਦਾ ਜਾਂਦਾ ਤਾਂ ਕੋਈ ਨਜ਼ਰ ਨਹੀਂ ਸੀ ਆਉਂਦਾ। ਹਾਂ...ਕਦੇ ਕਦੇ ਜੇ ਕਿਸੇ ਨੂੰ ਟਰੇਨ ਵਿੱਚ ਕੋਈ ਸਰਦਾਰ ਜਾਂ ਕੋਈ ਹੋਰ ਇੰਡੀਅਨ ਮਿਲ ਜਾਂਦਾ ਤਾਂ ਸਮਝੋ ਕਿਸਮਤ ਦੇ ਬੂਹੇ ਖੁੱਲ੍ਹ ਜਾਂਦੇ। ਆਪਸ ਵਿੱਚ ਇੰਝ ਮਿਲਦੇ ਜਿਵੇਂ ਸਦੀਆਂ ਤੋਂ ਵਿੱਛੜੇ ਹੋਣ। ਬਸ ਦੋਸਤ ਬਣ ਜਾਂਦੇ, ਭਰਾ ਬਣ ਜਾਂਦੇ, ਭੈਣ-ਭਰਾ ਬਣ ਜਾਂਦੇ। ਇਸ ਤਰ੍ਹਾਂ ਨਵੇਂ ਰਿਸ਼ਤੇ ਬਣ ਜਾਂਦੇ।

ਹੌਲੀ ਹੌਲੀ ਨਵੇਂ ਰਿਸ਼ਤੇਦਾਰਾਂ ਦੀ ਆਬਾਦੀ ਵਧਦੀ ਗਈ ਤੇ ਇੱਕ ਦਿਨ ਖ਼ਬਰ ਸੁਣੀ ਕਿ ਇੱਕ ਨਵਾਂ ਗੁਰਦੁਆਰਾ ਸਾਹਿਬ ਸ਼ੁਰੂ ਹੋ ਗਿਆ ਹੈ। ਐਤਵਾਰ ਵਾਲੇ ਦਿਨ ਸੰਗਤ ਗੁਰਦੁਆਰੇ ਆਉਣੀ ਸ਼ੁਰੂ ਹੋ ਗਈ, ਪਰ ਸੰਗਤ ਤਾਂ ਬਹੁਤ ਥੋੜ੍ਹੀ ਸੀ। ਸਿਰਫ਼ ਦਸ-ਪੰਦਰਾਂ ਜਣੇ ਹੀ ਹੁੰਦੇ ਸਨ। ਸਾਰੇ ਆਪੋ-ਆਪਣੇ ਘਰੋਂ ਲੰਗਰ ਤਿਆਰ ਕਰ ਕੇ ਲਿਆਉਂਦੇ। ਇੱਕ-ਦੋ ਦਿਨ ਪਹਿਲਾਂ ਹੀ ਫੋਨ ’ਤੇ ਇੱਕ ਦੂਜੇ ਨਾਲ ਸਲਾਹ ਕਰ ਲੈਂਦੇ ਕਿ ਕੌਣ ਕੀ ਲੈ ਕੇ ਆਏਗਾ? ਕੋਈ ਮਾਂਹ ਦੀ ਦਾਲ, ਕੋਈ ਚੌਲ, ਕੋਈ ਸਬਜ਼ੀ ਤੇ ਕੋਈ ਰੋਟੀਆਂ ਲੈ ਆਂਦਾ। ਗੁਰਦੁਆਰੇ ਦਾ ਗਿਆਨੀ ਜਿਸ ਨੂੰ ਭਾਈ ਜੀ ਵੀ ਕਿਹਾ ਜਾਂਦਾ ਹੈ, ਕੋਈ ਨਹੀਂ ਸੀ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਘਰੋਂ ਆਉਂਦੀ। ਇਹ ਜ਼ਿੰਮੇਵਾਰੀ ਡਾਕਟਰ ਹਰਪਾਲ ਸਿੰਘ ਸੇਖੋਂ ਨੇ ਲੈ ਰੱਖੀ ਸੀ। ਡਾਕਟਰ ਸੇਖੋਂ ਹੀ ਬਾਬਾ ਜੀ ਦੀ ਬੀੜ ਦਾ ਪ੍ਰਕਾਸ਼ ਕਰਦੇ, ਸਭ ਨਾਲ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ, ਉਹੀ ਅਰਦਾਸ ਕਰਦੇ ਤੇ ਉਹੀ ਹੁਕਮਨਾਮਾ ਲੈਂਦੇ। ਫਿਰ ਬਾਬਾ ਜੀ ਦੀ ਬੀੜ ਨੂੰ ਸੰਤੋਖ ਕੇ ਆਪਣੀ ਕਾਰ ਵਿੱਚ ਰੱਖ ਆਉਂਦੇ।

ਸੰਗਤ ਵਿੱਚ ਡਾਕਟਰ ਸਤੀਸ਼ ਖੰਨਾ, ਉਨ੍ਹਾਂ ਦੀ ਪਤਨੀ ਡਾਕਟਰ ਲਕਸ਼ਮੀ ਖੰਨਾ ਅਤੇ ਉਨ੍ਹਾਂ ਦੀ ਮਾਂ ਕਾਂਤਾ ਦੇਵੀ ਵੀ ਹੁੰਦੇ। ਕਦੇ ਕਦੇ ਕਾਂਤਾ ਦੇਵੀ, ਜਿਨ੍ਹਾਂ ਨੂੰ ਸਾਰੇ ਝਾਈ ਜੀ ਕਹਿੰਦੇ ਸਨ, ਇੱਕ ਸ਼ਬਦ ਜ਼ਰੂਰ ਪੜ੍ਹਦੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਹੋਇਆ ਸੀ ਕਿ ਉਹ ਅੰਮ੍ਰਿਤਸਰ ਦੇ ਜੰਮਪਲ ਹਨ ਅਤੇ ਉਨ੍ਹਾਂ ਦੇ ਵੱਡਿਆਂ ਨੂੰ ਦਰਬਾਰ ਸਾਹਿਬ ਨਾਲ ਬਹੁਤ ਲਗਾਵ ਹੁੰਦਾ ਸੀ। ਝਾਈ ਜੀ ਨੇ ਇਹ ਵੀ ਦੱਸਿਆ ਕਿ ਹਰ ਰੋਜ਼ ਸਵੇਰੇ ਉਨ੍ਹਾਂ ਦੇ ਪਿਤਾ ਜੀ ਜਿਨ੍ਹਾਂ ਨੂੰ ਸਾਰੇ ਬਾਊ ਜੀ ਕਹਿ ਕੇ ਬੁਲਾਉਂਦੇ ਸਨ, ਆਪਣੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਂਦੇ। ਦਰਬਾਰ ਸਾਹਿਬ ਦੇ ਅੰਦਰ ਇੱਕ ਫੁੱਲਾਂ ਦਾ ਸਿਹਰਾ ਚੜ੍ਹਾਉਂਦੇ ਜਿਸ ਦੇ ਬਦਲੇ ਉਨ੍ਹਾਂ ਨੂੰ ਇੱਕ ਹੋਰ ਫੁੱਲਾਂ ਦਾ ਸਿਹਰਾ ਮਿਲ ਜਾਂਦਾ।

ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ ਇੱਕ ਬੋਤਲ ਅੰਮ੍ਰਿਤ ਦੀ ਭਰ ਲਿਆਉਂਦੇ। ਫਿਰ ਦੁਕਾਨ ’ਤੇ ਆ ਕੇ ਫੁੱਲਾਂ ਦਾ ਸਿਹਰਾ ਦਰਬਾਰ ਸਾਹਿਬ ਦੀ ਤਸਵੀਰ ’ਤੇ ਚੜ੍ਹਾਅ ਦਿੰਦੇ ਅਤੇ ਸਾਰੀ ਦੁਕਾਨ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਬੋਲਦਿਆਂ ਅੰਮ੍ਰਿਤ ਦਾ ਛਿੜਕਾ ਕਰ ਦਿੰਦੇ। ਝਾਈ ਜੀ ਨੂੰ ਯਾਦ ਆਇਆ ਕਿ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਬਾਊ ਜੀ ਨੇ ਘਰ ਵਿੱਚ ਅਖੰਡ ਪਾਠ ਕਰਵਾਇਆ ਸੀ।

ਇਹ ਅੰਮ੍ਰਿਤਸਰ ਦਾ ਪਿਛੋਕੜ ਹੀ ਸੀ ਜੋ ਖੰਨਾ ਪਰਿਵਾਰ ਅਤੇ ਕਾਲੜਾ ਪਰਿਵਾਰ ਨੂੰ ਇੱਕ-ਦੂਜੇ ਦੇ ਬਹੁਤ ਨੇੜੇ ਲੈ ਆਇਆ। ਡਾਕਟਰ ਸਤੀਸ਼ ਖੰਨਾ ਤਾਂ ਜਤਿੰਦਰ ਕਾਲੜਾ ਨੂੰ ਆਪਣੀ ਭੈਣ ਹੀ ਮੰਨਣ ਲੱਗ ਪਿਆ। ਜਦੋਂ ਵੀ ਰੱਖੜੀ ਦਾ ਤਿਉਹਾਰ ਹੁੰਦਾ, ਜਤਿੰਦਰ ਡਾਕਟਰ ਖੰਨਾ ਨੂੰ ਰੱਖੜੀ ਬੰਨ੍ਹਦੀ। ਡਾਕਟਰ ਸਤੀਸ਼ ਖੰਨਾ ਦੀ ਮਾਂ ਕਾਂਤਾ ਦੇਵੀ ਜਾਂ ਝਾਈ ਜੀ ਕਹਿ ਲਓ, ਜਤਿੰਦਰ ਨੂੰ ਆਪਣੀ ਧੀ ਮੰਨਣ ਲੱਗ ਪਈ ਅਤੇ ਉਸ ਨੂੰ ਜੀਤੋ ਕਹਿ ਕੇ ਬੁਲਾਉਂਦੀ। ਇਹ ਦੋਵੇਂ ਪਰਿਵਾਰ ਇੱਕ-ਦੂਜੇ ਨਾਲ ਬਹੁਤ ਹੀ ਘੁਲ-ਮਿਲ ਗਏ। ਇੱਕ-ਦੂਜੇ ਦੇ ਘਰ ਆਉਣਾ-ਜਾਣਾ ਆਮ ਹੋ ਗਿਆ।

ਇੱਕ ਵਾਰੀ ਡਾਕਟਰ ਸਤੀਸ਼ ਖੰਨਾ ਆਪਣੀ ਪਤਨੀ ਡਾਕਟਰ ਲਕਸ਼ਮੀ ਖੰਨਾ ਅਤੇ ਆਪਣੇ ਝਾਈ ਜੀ ਨਾਲ ਹਰਜੀਤ ਕਾਲੜਾ ਅਤੇ ਜਤਿੰਦਰ ਕਾਲੜਾ ਨੂੰ ਮਿਲਣ ਉਨ੍ਹਾਂ ਦੇ ਘਰ ਆਏ। ਚਾਹ-ਪਾਣੀ ਪੀਤਾ ਗਿਆ, ਗੱਲਾਂ-ਬਾਤਾਂ ਹੋਈਆਂ। ਡਾਕਟਰ ਸਤੀਸ਼ ਖੰਨਾ ਆਪਣੀ ਮੂੰਹ ਬੋਲੀ ਭੈਣ ਜਤਿੰਦਰ ਨੂੰ ਕਹਿਣ ਲੱਗੇ, ‘‘ਭੈਣ ਜੀ! ਤੁਹਾਡੀ ਮਦਦ ਚਾਹੀਦੀ ਹੈ।’’

‘‘ਦੱਸੋ ਵੀਰ ਜੀ! ਮੈਂ ਕੀ ਸੇਵਾ ਕਰ ਸਕਦੀ ਹਾਂ।’’ ਜਤਿੰਦਰ ਨੇ ਬੜੇ ਪਿਆਰ ਨਾਲ ਪੁੱਛਿਆ।

‘‘ਭੈਣ ਜੀ! ਅਗਲੇ ਵੀਕਐਂਡ ਮੈਲਬੋਰਨ ਵਿੱਚ ਇੱਕ ਬਹੁਤ ਹੀ ਜ਼ਰੂਰੀ ਕਾਨਫਰੰਸ ਹੋ ਰਹੀ ਹੈ, ਜਿੱਥੇ ਸਾਡਾ ਡਾਕਟਰਾਂ ਦਾ ਜਾਣਾ ਬਹੁਤ ਜ਼ਰੂਰੀ ਹੈ।’’

ਸਤੀਸ਼ ਨੇ ਹੋਰ ਵੀ ਸਮਝਾਇਆ ਕਿ ਇੱਥੇ ਆਸਟਰੇਲੀਆ ਵਿੱਚ ਸਾਨੂੰ ਡਾਕਟਰਾਂ ਨੂੰ ਕੁਝ ਲੈਕਚਰ ਅਟੈਂਡ ਕਰਨੇ ਪੈਂਦੇ ਹਨ। ਜੇ ਅਸੀਂ ਸਰਕਾਰ ਦੇ ਦੱਸੇ ਮੁਤਾਬਕ ਲੈਕਚਰ ਅਟੈਂਡ ਨਹੀਂ ਕਰਦੇ ਤਾਂ ਅਸੀਂ ਡਾਕਟਰੀ ਵੀ ਨਹੀਂ ਕਰ ਸਕਦੇ।

‘‘ਇਹਦੇ ਵਿੱਚ ਮੈਂ ਕੀ ਕਰ ਸਕਦੀ ਹਾਂ?’’ ਜਤਿੰਦਰ ਨੇ ਪੁੱਛਿਆ।

ਸਤੀਸ਼ ਕਹਿਣ ਲੱਗਾ, ‘‘ਭੈਣ ਜੀ! ਜੇ ਤੁਸੀਂ ਦੋ ਦਿਨ ਲਈ ਸਾਡੇ ਘਰ ਆ ਕੇ ਝਾਈ ਜੀ ਨਾਲ ਰਹਿ ਲਉ ਤਾਂ ਬਹੁਤ ਮਿਹਰਬਾਨੀ ਹੋਵੇਗੀ।’’

ਇਸ ਤੋਂ ਪਹਿਲਾਂ ਕਿ ਜਤਿੰਦਰ ਕੋਈ ਜਵਾਬ ਦੇਵੇ, ਹਰਜੀਤ ਬੋਲ ਪਏ, ‘‘ਡਾਕਟਰ ਵੀਰ ਜੀ! ਤੁਸੀਂ ਤਾਂ ਇਵੇਂ ਦੱਸ ਰਹੇ ਹੋ ਜਿਵੇਂ ਤੁਹਾਨੂੰ ਆਪਣੀ ਭੈਣ ’ਤੇ ਯਕੀਨ ਨਹੀਂ। ਤੁਸੀਂ ਹੁਕਮ ਕਰੋ ਕਿ ਝਾਈ ਜੀ ਦੀ ਜੀਤੋ ਨੇ ਕਦੋਂ ਤੁਹਾਡੇ ਘਰ ਪਹੁੰਚਣਾ ਹੈ। ਮੈਂ ਆਪ ਛੱਡ ਕੇ ਆਵਾਂਗਾ।’’

ਅਗਲੇ ਸ਼ੁੱਕਰਵਾਰ ਨੂੰ ਦੁਪਹਿਰ ਕੁ ਵੇਲੇ ਜੀਤੋ ਡਾਕਟਰ ਸਤੀਸ਼ ਖੰਨਾ ਦੇ ਘਰ ਪਹੁੰਚ ਗਈ ਅਤੇ ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਸ਼ਾਮ ਦੀ ਫਲਾਈਟ ਫੜ ਕੇ ਮੈਲਬੋਰਨ ਪਹੁੰਚ ਗਏ। ਪਿੱਛੇ ਰਹਿ ਗਏ ਝਾਈ ਜੀ ਤੇ ਜਤਿੰਦਰ। ਝਾਈ ਜੀ ਤਾਂ ਜਤਿੰਦਰ ਨੂੰ ਜੀਤੋ ਜੀਤੋ ਕਹਿੰਦੇ ਹੋਏ ਬਹੁਤ ਖ਼ੁਸ਼ ਹੁੰਦੇ।

ਅਗਲੇ ਦਿਨ ਕੋਈ ਦੁਪਹਿਰ ਦਾ ਵੇਲਾ ਹੋਵੇਗਾ। ਝਾਈ ਜੀ ਕੱਪੜੇ ਤਹਿ ਕਰ ਰਹੇ ਸਨ। ਝਾਈ ਜੀ ਦੀ ਜੀਤੋ ਰਸੋਈ ਵਿੱਚੋਂ ਬਾਹਰ ਆਈ ਅਤੇ ਝਾਈ ਜੀ ਨੂੰ ਕਹਿਣ ਲੱਗੀ, ‘‘ਚਲੋ ਝਾਈ ਜੀ! ਪਹਿਲਾਂ ਮੈਂ ਤੁਹਾਡੇ ਸਿਰ ਵਿੱਚ ਤੇਲ ਝੱਸ ਕੇ ਗੁੱਤ ਕਰ ਦਿਆਂ। ਨਾਲੇ ਐਹ ਕੱਪੜੇ ਕਿੱਥੇ ਸੰਭਾਲਣੇ ਨੇ ?’’

‘‘ਜੀਤੋ ਧੀਏ ! ਐਹ ਸਾਰੇ ਕੰਮ ਬਾਅਦ ਵਿੱਚ ਕਰੀਂ, ਪਹਿਲਾਂ ਐਹ ਐਲਬਮ ਸੰਭਾਲ ਦੇ। ਅੰਦਰ ਮੇਰੇ ਕਮਰੇ ਵਿੱਚ ਇੱਕ ਖਾਕੀ ਰੰਗ ਦਾ ਸੂਟਕੇਸ ਪਿਆ ਹੈ, ਉਸ ਵਿੱਚ ਰੱਖ ਦੇ...।’’ ਝਾਈ ਜੀ ਨੇ ਐਲਬਮ ਜੀਤੋ ਨੂੰ ਫੜਾਉਂਦਿਆਂ ਕਿਹਾ।

‘‘ਝਾਈ ਜੀ! ਇਹ ਐਲਬਮ ਮੈਂ ਸੰਭਾਲ ਦਿਆਂਗੀ, ਪਹਿਲਾਂ ਕੱਪੜੇ ਸੰਭਾਲ ਲਵਾਂ ਅਤੇ ਤੇਲ ਝੱਸ ਕੇ ਤੁਹਾਡੀ ਗੁੱਤ ਕਰ ਦਿਆਂ।’’

ਝਾਈ ਜੀ ਨੂੰ ਥੋੜ੍ਹਾ ਜਿਹਾ ਗੁੱਸਾ ਆ ਗਿਆ। ਕਹਿਣ ਲੱਗੇ, ‘‘ਤੈਨੂੰ ਕਿਹਾ ਹੈ ਕਿ ਬਾਕੀ ਸਭ ਕੰਮ ਬਾਅਦ ਵਿੱਚ ਕਰੀਂ। ਪਹਿਲਾਂ ਐਹ ਐਲਬਮ ਸੰਭਾਲ ਦੇ। ਤੂੰ ਨਹੀਂ ਸੰਭਾਲਣੀ ਤਾਂ ਮੈਂ ਆਪੇ ਸੰਭਾਲ ਲੈਨੀ ਆਂ।’’

‘‘ਤੁਸੀਂ ਤਾਂ ਝਾਈ ਜੀ। ਐਵੇਂ ਨਾਰਾਜ਼ ਹੋ ਗਏ। ਲਉ...ਮੈਂ ਪਹਿਲਾਂ ਐਲਬਮ ਸੰਭਾਲ ਆਉਂਦੀ ਹਾਂ। ਇੱਕ ਗੱਲ ਦੱਸੋ ਝਾਈ ਜੀ! ਐਸ ਐਲਬਮ ਵਿੱਚ ਐਡਾ ਕੀ ਜ਼ਰੂਰੀ ਹੈ ਜਿਸ ਲਈ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ ਹੋ!’’ ਜੀਤੇ ਨੇ ਬੜੇ ਪਿਆਰ ਨਾਲ ਪੁੱਛਿਆ।

‘‘ਨਹੀਂ ਧੀਏ! ਧੀਆਂ ਨਾਲ ਕਦੇ ਮਾਵਾਂ ਨਾਰਾਜ਼ ਹੋਈਆਂ ਨੇ? ਤੂੰ ਮੇਰੀ ਸਕੀ ਧੀ ਨਹੀਂ, ਪਰ ਸਕੀਆਂ ਤੋਂ ਘੱਟ ਵੀ ਨਹੀਂ। ਸਕੀਆਂ ਨਾਲੋਂ ਮੈਂ ਕਿਹੜੇ ਸੱਕ ਲਾਹ ਲੈਣੇ।’’ ਝਾਈ ਜੀ ਨੇ ਜੀਤੋ ਨੂੰ ਪਿਆਰ ਜਤਾਇਆ।

ਜੀਤੋ ਝਾਈ ਜੀ ਦੇ ਪਿਆਰ ਨਾਲ ਖ਼ੁਸ਼ ਹੋ ਗਈ। ਕਹਿਣ ਲੱਗੀ, ‘‘ਅੱਛਾ ਫਿਰ ਦੱਸੋ ਇਹ ਐਲਬਮ ਤੁਹਾਨੂੰ ਏਡੀ ਜ਼ਰੂਰੀ ਕਿਉਂ ਹੈ?’’

‘‘ਧੀਏ! ਇਹ ਐਲਬਮ ਤਾਂ ਮੈਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੀ ਏ। ਜਦੋਂ ਕਦੇ ਮੈਂ ਘਰ ਇਕੱਲੀ ਹੋਵਾਂ ਤਾਂ ਕਈ ਵਾਰੀ ਅੰਮ੍ਰਿਤਸਰ ਦੀ ਬਹੁਤ ਯਾਦ ਆਉਂਦੀ ਹੈ। ਉਦਾਸ ਹੋ ਜਾਂਦੀ ਹਾਂ ਤਾਂ ਇਹ ਆਪਣੇ ਵਿਆਹ ਦੀ ਐਲਬਮ ਕੱਢ ਕੇ ਵੇਖ ਲੈਨੀ ਹਾਂ। ਕੱਲ੍ਹ ਸਵੇਰੇ ਇਹਨੂੰ ਵੇਖ ਰਹੀ ਸੀ। ਸਤੀਸ਼ ਨੂੰ ਕਿਹਾ ਸੀ ਕਿ ਇਹਨੂੰ ਸੂਟਕੇਸ ਵਿੱਚ ਸੰਭਾਲ ਦੇਵੇ। ਉਹ ਮੈਲਬੋਰਨ ਜਾਣ ਦੀ ਕਾਹਲੀ ਵਿੱਚ ਭੁੱਲ ਗਿਆ ਤੇ ਮੈਂ ਵੀ ਭੁੱਲ ਗਈ।’’

ਜੀਤੋ ਨੇ ਝਾਈ ਜੀ ਦੀ ਐਲਬਮ ਵੇਖਣ ਦੀ ਖ਼ਾਹਸ਼ ਪ੍ਰਗਟ ਕੀਤੀ ਅਤੇ ਝਾਈ ਜੀ ਮੰਨ ਗਏ।

ਝਾਈ ਜੀ ਨੇ ਐਲਬਮ ਖੋਲ੍ਹ ਕੇ ਦੱਸਣੀ ਸ਼ੁਰੂ ਕੀਤੀ।

‘‘ਦੇਖ ਜੀਤੋ! ਇਹ ਮੇਰੇ ਬਾਊ ਜੀ ਨੇ, ਇਹ ਮੇਰੇ ਝਾਈ ਜੀ ਨੇ, ਇਹ ਮੇਰੀ ਨਿੰਮੀ ਮਾਸੀ ਏ ਅਤੇ ਐਹ ਮੇਰਾ ਉਮੀ ਚਾਚਾ।’’ ਝਾਈ ਜੀ ਐਲਬਮ ਦੇ ਵਰਕੇ ਪਲਟੀ ਜਾਣ ਅਤੇ ਜੀਤੋ ਨੂੰ ਦੱਸੀ ਜਾਣ। ਇੱਕ ਵਰਕੇ ’ਤੇ ਆ ਕੇ ਜੀਤੋ ਪੁੱਛਣ ਲੱਗੀ, ‘‘ਐਹ ਸਰਦਾਰ ਮੁੰਡਾ ਕੌਣ ਹੈ, ਜਿਸ ਦੇ ਮੋਢੇ ’ਤੇ ਬਾਊ ਜੀ ਨੇ ਹੱਥ ਰੱਖਿਆ ਹੋਇਆ ਹੈ।’’

ਝਾਈ ਜੀ ਥੋੜ੍ਹਾ ਚੁੱਪ ਕਰ ਗਏ। ਅਗਲੇ ਵਰਕੇ ’ਤੇ ਚਲੇ ਗਏ।

ਫਿਰ ਦੱਸਣ ਲੱਗੇ, ‘‘ਇਹ ਮੇਰੀ ਵੀਨਾ ਮਾਮੀ...ਬੜੀ ਸੋਹਣੀ ਹੁੰਦੀ ਸੀ। ਇਹਦੇ ਸੁਹੱਪਣ ਦੀਆਂ ਧੁੰਮਾਂ ਪਈਆਂ ਹੁੰਦੀਆਂ ਸਨ। ਇਹਦੇ ਪਿੱਛੇ ਮੇਰਾ ਨਰੇਸ਼ ਮਾਮਾ ਖੜ੍ਹਾ ਏ। ਇਹ ਵੀ ਬਹੁਤ ਸੋਹਣਾ ਤੇ ਸੁਨੱਖਾ ਜਵਾਨ ਹੁੰਦਾ ਸੀ।’’

ਅਗਲਾ ਵਰਕਾ ਆਇਆ। ਝਾਈ ਜੀ ਦੱਸਣ ਲੱਗੇ, ‘‘ਇੱਥੇ ਮੇਰਾ ਵਿਆਹ ਸ਼ੁਰੂ ਹੋਇਆ। ਜੈ ਮਾਲਾ ਪਾ ਰਹੀ ਹਾਂ ਸਤੀਸ਼ ਦੇ ਪਿਉ ਨੂੰ। ਨੈਰੋਬੀ ਤੋਂ ਆਏ ਸਨ ਮੈਨੂੰ ਵਿਆਹੁਣ।’’

‘‘ਝਾਈ ਜੀ! ਤੁਸੀਂ ਤਾਂ ਇੱਥੇ ਬਹੁਤ ਛੋਟੇ ਲੱਗਦੇ ਹੋ। ਬਹੁਤ ਸੋਹਣੇ ਵੀ ਦਿੱਸ ਰਹੇ ਹੋ।’’ ਜੀਤੋ ਨੇ ਚੁਟਕੀ ਭਰੀ।

ਝਾਈ ਜੀ ਦੱਸਣ ਲੱਗੇ ਕਿ ਉਹ ਉਸ ਵੇਲੇ ਪੰਦਰਾਂ ਸਾਲਾਂ ਦੀ ਸੀ। ਉਨ੍ਹਾਂ ਨੂੰ ਤਾਂ ਨੱਕ ਪੂੰਝਣਾ ਵੀ ਨਹੀਂ ਸੀ ਆਉਂਦਾ। ਵਿਆਹ ਦਾ ਮਤਲਬ ਜਾਣਨਾ ਤਾਂ ਬਹੁਤ ਦੂਰ ਦੀ ਗੱਲ ਸੀ। ਝਾਈ ਜੀ ਦਾ ਥੋੜ੍ਹਾ ਹਲਕਾ ਜਿਹਾ ਹਾਸਾ ਵੀ ਨਿਕਲ ਗਿਆ। ਐਲਬਮ ਦਾ ਅਗਲਾ ਵਰਕਾ ਪਲਟਿਆ ਤਾਂ ਦੱਸਣ ਲੱਗੇ ਕਿ ਇੱਥੇ ਜੰਞ ਰੋਟੀ ਖਾ ਰਹੀ ਹੈ। ਜੀਤੋ ਨੂੰ ਫਿਰ ਉਹੀ ਸਰਦਾਰ ਮੁੰਡਾ ਨਜ਼ਰ ਆਇਆ ਜਿਹੜਾ ਰੋਟੀ ਵਰਤਾ ਰਿਹਾ ਸੀ। ਜੀਤੋ ਨੇ ਫਿਰ ਪੁੱਛਿਆ,

‘‘ਝਾਈ ਜੀ! ਐਹ ਸੋਹਣਾ ਜਿਹਾ ਸਰਦਾਰ ਮੁੰਡਾ ਕੌਣ ਏ? ਕਿੰਨੀ ਸੋਹਣੀ ਪੱਗ ਬੰਨ੍ਹੀ ਹੋਈ ਐ। ਇਹਦੀ ਸ਼ਕਲ ਤਾਂ ਬਿਲਕੁਲ ਮੇਰੇ ਭਰਾ ਗੁੱਡੂ ਨਾਲ ਮਿਲਦੀ ਏ...।’’

ਝਾਈ ਜੀ ਨੇ ਜੀਤੋ ਦੇ ਚਿਹਰੇ ਵੱਲ ਵੇਖਿਆ ਤੇ ਕਹਿਣ ਲੱਗੇ, ‘‘ਤੇਰਾ ਮੁਹਾਂਦਰਾ ਵੀ ਤਾਂ ਇਹਦੇ ਵਰਗਾ ਈ ਏ।’’ ਕਹਿ ਕੇ ਝਾਈ ਜੀ ਫਿਰ ਚੁੱਪ ਕਰ ਗਏ। ਫਿਰ ਹੌਲੀ ਜਿਹੇ ਕਹਿਣ ਲੱਗੇ, ‘‘ਪਤਾ ਨਹੀਂ ਸਾਡਾ ਸਰਦਾਰ ਅੱਜਕੱਲ੍ਹ ਕਿੱਥੇ ਹੋਵੇਗਾ?’’

ਜੀਤੋ ਨੂੰ ਲੱਗਾ ਕਿ ਝਾਈ ਜੀ ਸਰਦਾਰ ਮੁੰਡੇ ਬਾਰੇ ਕੁਝ ਲੁਕੋ ਰਹੇ ਹਨ। ਜੀਤੋ ਦੇ ਅੰਦਰ ਕੁਝ ਉਤਸੁਕਤਾ ਜਾਗੀ। ਫਿਰ ਝਾਈ ਜੀ ਨੂੰ ਪੁੱਛਣ ਲੱਗੀ, ‘‘ਦੱਸੋ ਨਾ ਝਾਈ ਜੀ! ਇਹ ਸਰਦਾਰ ਕੌਣ ਸੀ। ਪਹਿਲਾਂ ਤੁਸੀਂ ਇਸ ਬਾਰੇ ਦੱਸੋ। ਬਾਕੀ ਫੋਟੋਆਂ ਅਸੀਂ ਬਾਅਦ ਵਿੱਚ ਵੇਖਾਂਗੇ।’’

ਝਾਈ ਜੀ ਐਲਬਮ ਜੀਤੋ ਨੂੰ ਫੜਾ ਕੇ ਆਪ ਰਸੋਈ ਵਿੱਚ ਚਲੇ ਗਏ। ਇੱਕ ਗਲਾਸ ਪਾਣੀ ਦਾ ਪੀਤਾ। ਮਿੰਟ ਕੁ ਕੁਝ ਸੋਚਿਆ, ਫਿਰ ਜੀਤੋ ਕੋਲ ਆ ਕੇ ਬੈਠ ਗਏ। ਉਸ ਕੋਲੋਂ ਐਲਬਮ ਲੈ ਕੇ ਆਪਣੀ ਝੋਲੀ ਵਿੱਚ ਰੱਖ ਲਈ। ਜੀਤੋ ਹੈਰਾਨ ਹੋਈ ਝਾਈ ਜੀ ਵੱਲ ਵੇਖੀ ਜਾਏ।

ਝਾਈ ਜੀ ਨੇ ਹੌਲੀ ਹੌਲੀ ਸਰਦਾਰ ਮੁੰਡੇ ਬਾਰੇ ਦੱਸਣਾ ਸ਼ੁਰੂ ਕੀਤਾ, ‘‘ਇਹ ਬੜੇ ਅਮੀਰ ਘਰਾਣੇ ਦਾ ਮੁੰਡਾ ਸੀ। ਅੰਤਾਂ ਦੀ ਜਾਇਦਾਦ ਤੇ ਜ਼ਮੀਨ। ਇੱਕ ਭੈਣ ਵਿਆਹੀ ਹੋਈ ਸੀ। ਬਦਕਿਸਮਤੀ ਨਾਲ ਇਨ੍ਹਾਂ ਦੇ ਪਿੰਡ ਵਿੱਚ ਪਲੇਗ ਆ ਵੜੀ ਅਤੇ ਕਈਆਂ ਨੂੰ ਆਪਣੇ ਨਾਲ ਲੈ ਗਈ। ਇਸ ਸਰਦਾਰ ਦੇ ਮਾਂ-ਬਾਪ ਵੀ ਪਲੇਗ ਦਾ ਸ਼ਿਕਾਰ ਹੋ ਗਏ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸ ਵਕਤ ਇਹ ਬਹੁਤ ਛੋਟਾ ਸੀ। ਰਿਸ਼ਤੇਦਾਰ ਇੰਝ ਜਾਇਦਾਦ ਨੂੰ ਪਏ ਜਿਵੇਂ ਗੁੜ ਨੂੰ ਮੱਖੀਆਂ। ਸਰਦਾਰ ਨੂੰ ਉਨ੍ਹਾਂ ਨੇ ਖ਼ੂਬ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਕੂਲ ਜਾਂਦਾ ਸੀ, ਉੱਥੋਂ ਉਠਾ ਲਿਆ। ਘਰ ਵਿੱਚ ਨੌਕਰਾਂ ਤੋਂ ਵੀ ਮਾੜਾ ਸਲੂਕ ਹੁੰਦਾ ਸੀ। ਜੀਜਾ ਇਹਦਾ ਤਾਂ ਇਹਨੂੰ ਬਹੁਤ ਮਾਰਦਾ ਕੁੱਟਦਾ ਸੀ। ਜੇ ਇਹਦੀ ਭੈਣ ਰੋਕਦੀ ਤਾਂ ਉਸ ਨੂੰ ਵੀ ਕੁੱਟ ਪੈ ਜਾਂਦੀ। ਸਭ ਨੂੰ ਡਰ ਸੀ ਕਿ ਵੱਡਾ ਹੋ ਕੇ ਜਾਇਦਾਦ ਨਾ ਸੰਭਾਲ ਲਏ। ਇੱਕ ਦਿਨ ਤੰਗ ਆ ਕੇ ਘਰੋਂ ਦੌੜ ਗਿਆ ਅਤੇ ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਵਿੱਚ ਰਹਿਣ ਲੱਗ ਪਿਆ। ਲੰਗਰ ਵਿੱਚੋਂ ਰੋਟੀ ਖਾ ਲੈਂਦਾ ਤੇ ਪਰਿਕਰਮਾ ਦੀ ਕਿਸੇ ਨੁੱਕਰ ਵਿੱਚ ਸੌਂ ਛੱਡਦਾ।’’

ਜੀਤੋ ਨੇ ਹੈਰਾਨ ਹੋ ਕੇ ਝਾਈ ਜੀ ਨੂੰ ਪੁੱਛਿਆ ਕਿ ਉਹ ਸਰਦਾਰ ਮੁੰਡਾ ਉਨ੍ਹਾਂ ਦੇ ਘਰ ਕਿਵੇਂ ਪਹੁੰਚ ਗਿਆ। ਝਾਈ ਜੀ ਨੇ ਦੱਸਿਆ ਕਿ ਇੱਕ ਦਿਨ ਦਰਬਾਰ ਸਾਹਿਬ ਅੰਦਰ ਉਸ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਚਾਚੇ ਨੇ ਉਸ ਨੂੰ ਪਛਾਣ ਲਿਆ ਤੇ ਉਹ ਉਸ ਨੂੰ ਆਪਣੇ ਘਰ ਲੈ ਗਿਆ, ਪਰ ਉਸ ਦੀ ਘਰਵਾਲੀ ਨੇ ਸਰਦਾਰ ਨੂੰ ਪਸੰਦ ਨਹੀਂ ਕੀਤਾ। ਹਰ ਵੇਲੇ ਤਾਹਨੇ ਮਿਹਣੇ ਮਾਰਦੀ ਰਹਿੰਦੀ। ਉਸ ਨੂੰ ਵਹਿਮ ਸੀ ਕਿ ਇਹ ਮੁੰਡਾ ਆਪਣੇ ਮਾਂ-ਬਾਪ ਨੂੰ ਖਾ ਗਿਆ ਤੇ ਹੁਣ ਪਤਾ ਨਹੀਂ ਕਿਹਨੂੰ ਖਾ ਜਾਵੇ। ਇੱਕ ਦਿਨ ਤਾਂ ਉਸ ਨੇ ਸਰਦਾਰ ਨੂੰ ਕੱਪੜੇ ਧੋਣ ਵਾਲੀ ਥਾਪੀ ਨਾਲ ਹੀ ਕੁੱਟ ਸੁੱਟਿਆ।

ਚਾਚਾ ਇਹਦਾ ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਵਿਖੇ ਕੱਪੜੇ ਦਾ ਵਪਾਰ ਕਰਦਾ ਸੀ। ਝਾਈ ਜੀ ਦੇ ਬਾਊ ਜੀ ਦੀ ਵੀ ਕੱਪੜੇ ਦੀ ਦੁਕਾਨ ਹੁੰਦੀ ਸੀ। ਚਾਚਾ ਇਸ ਸਰਦਾਰ ਮੁੰਡੇ ਨੂੰ ਬਾਊ ਜੀ ਕੋਲ ਲੈ ਆਇਆ। ਬਾਊ ਜੀ ਨੂੰ ਇਹ ਬਹੁਤ ਪਸੰਦ ਆਇਆ ਤੇ ਉਹ ਇਸ ਨੂੰ ਘਰ ਲੈ ਆਏ। ਘਰ ਵਿੱਚ ਸਾਰਿਆਂ ਨੂੰ ਬਹੁਤ ਪਸੰਦ ਆਇਆ। ਇਹ ਸਭ ਦਾ ਕੰਮ ਕਰ ਦਿੰਦਾ। ਕੋਈ ਚੀਜ਼ ਬਾਜ਼ਾਰੋਂ ਲਿਆਉਣੀ ਹੁੰਦੀ ਤਾਂ ਇਹ ਲੈ ਆਉਂਦਾ। ਕਦੇ ਸਬਜ਼ੀ ਮੰਡੀ ਜਾ ਕੇ ਉੱਥੋਂ ਸਬਜ਼ੀ ਤੇ ਫਲ ਲੈ ਆਉਂਦਾ।

ਝਾਈ ਜੀ ਨੇ ਦੱਸਿਆ ਕਿ ਉਨ੍ਹਾਂ ਨਾਲ ਇਸ ਸਰਦਾਰ ਦੀ ਬਹੁਤ ਬਣਦੀ ਸੀ। ਉਨ੍ਹਾਂ ਦੇ ਕਈ ਕੰਮ ਇਹ ਕਰ ਦਿੰਦਾ ਸੀ। ਕਦੇ ਕਹਿੰਦੇ, ‘‘ਸਰਦਾਰ! ਮੈਨੂੰ ਕਿਤਾਬ ਦੀ ਬਹੁਤ ਲੋੜ ਹੈ। ਮੈਨੂੰ ਇਹ ਕਿਤਾਬ ਮਾਈ ਸੇਵਾਂ ਦੇ ਬਾਜ਼ਾਰ ਵਿੱਚੋਂ ਲਿਆ ਦੇ।’’ ਜਾਂ ਫਿਰ ਕਦੇ ਕਹਿੰਦੇ, ‘‘ਸਰਦਾਰ ਮੇਰੀ ਸੈਂਡਲ ਟੁੱਟ ਗਈ ਏ। ਆਹ ਜਿਹੜਾ ਗਲੀ ਦੀ ਨੁੱਕਰ ’ਤੇ ਮੋਚੀ ਬੈਠਾ ਹੈ ਨਾ, ਓਸ ਕੋਲੋਂ ਠੀਕ ਕਰਵਾ ਲਿਆ।’’

ਤੇ ਸਰਦਾਰ ਬਾਕੀ ਸਭ ਕੰਮ ਛੱਡ ਕੇ ਮੇਰਾ ਕੰਮ ਪਹਿਲਾਂ ਕਰ ਦਿੰਦਾ। ਸਾਰੀ ਕਹਾਣੀ ਸੁਣ ਕੇ ਜੀਤੋ ਭਾਵੁਕ ਜਿਹੀ ਹੋ ਗਈ। ਫਿਰ ਪੁੱਛਣ ਲੱਗੀ,

‘‘ਝਾਈ ਜੀ! ਇਹ ਸਰਦਾਰ ਕਿਹੜੇ ਸ਼ਹਿਰ ਜਾਂ ਪਿੰਡ ਦਾ ਸੀ?’’

ਝਾਈ ਜੀ ਨੇ ਦੱਸਿਆ ਕਿ ਰੋਪੜ ਦੇ ਕੋਲ ਕੋਈ ਬੇਲਾ ਨਾਮ ਦਾ ਪਿੰਡ ਸੀ ਜਿੱਥੇ ਇਨ੍ਹਾਂ ਦੀ ਜ਼ਮੀਨ ਹੁੰਦੀ ਸੀ। ਵੈਸੇ ਇੱਕ ਮਕਾਨ ਰੋਪੜ ਵਿੱਚ ਵੀ ਸੀ ਤੇ ਇੱਕ ਮਕਾਨ ਅਨੰਦਪੁਰ ਸਾਹਿਬ ਵਿੱਚ ਵੀ ਸੀ। ਜਿੱਥੋਂ ਤੱਕ ਝਾਈ ਜੀ ਨੂੰ ਯਾਦ ਆਇਆ, ਉਨ੍ਹਾਂ ਦੱਸਿਆ ਕਿ ਅਨੰਦਪੁਰ ਸਾਹਿਬ ਵਿੱਚ ਦੋ ਦੁਕਾਨਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਸਨ। ਸਾਰਾ ਕੁਝ ਇਸ ਦਾ ਜੀਜਾ ਸੰਭਾਲ ਗਿਆ। ਝਾਈ ਜੀ ਦੇ ਬਾਊ ਜੀ ਨੇ ਸਲਾਹ ਦਿੱਤੀ ਕਿ ਅਦਾਲਤ ਵਿੱਚ ਜਾ ਕੇ ਸਰਦਾਰ ਆਪਣੇ ਜੀਜੇ ’ਤੇ ਕੇਸ ਕਰ ਕੇ ਆਪਣੀ ਜਾਇਦਾਦ ਲੈ ਸਕਦਾ ਹੈ, ਪਰ ਸਰਦਾਰ ਨਾ ਮੰਨਿਆ। ਕਹਿਣ ਲੱਗਾ ਕਿ ਉਹ ਜੀਜੇ ਨਾਲ ਕੋਈ ਲੜਾਈ ਝਗੜਾ ਨਹੀਂ ਕਰੇਗਾ। ਆਖ਼ਰ ਇਹ ਸਾਰੀ ਜਾਇਦਾਦ ਉਸ ਦੀ ਭੈਣ ਕੋਲ ਹੈ।

ਜੀਤੋ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਜਦੋਂ ਉਸ ਨੇ ਸਰਦਾਰ ਦੀ ਕਹਾਣੀ ਸੁਣੀ। ਝਾਈ ਜੀ ਨੂੰ ਉਸ ਦਾ ਨਾਮ ਪੁੱਛਣ ਲੱਗੀ। ਝਾਈ ਜੀ ਨੇ ਦੱਸਿਆ ਕਿ ਸਾਰੇ ਉਸ ਨੂੰ ਦਲਜੀਤ ਕਹਿ ਕੇ ਬੁਲਾਉਂਦੇ ਸਨ, ਪਰ ਮੈਂ ਪਹਿਲੇ ਦਿਨ ਤੋਂ ਹੀ, ਜਿਸ ਦਿਨ ਇਹ ਸਾਡੇ ਘਰ ਆਇਆ ਸੀ, ਇਸ ਨੂੰ ਸਰਦਾਰ ਕਹਿਣਾ ਸ਼ੁਰੂ ਕਰ ਦਿੱਤਾ। ਝਾਈ ਜੀ ਲਈ ਤਾਂ ਸਾਰੇ ਸਿੱਖ ਜਿਹੜੇ ਪੱਗ ਬੰਨ੍ਹਦੇ ਸਨ, ਸਰਦਾਰ ਹੁੰਦੇ ਸਨ। ਝਾਈ ਜੀ ਜੀਤੋ ਨੂੰ ਦੱਸਣ ਲੱਗੇ, ਇੱਕ ਦਿਨ ਸਰਦਾਰ ਕਹਿਣ ਲੱਗਾ, ‘‘ਵੇਖ ਸਾਰੇ ਮੈਨੂੰ ਮੇਰੇ ਨਾਮ ਨਾਲ ਬੁਲਾਉਂਦੇ ਹਨ। ਤੂੰ ਵੀ ਮੈਨੂੰ ਦਲਜੀਤ ਕਿਹਾ ਕਰ। ਕਾਂਤਾ! ਤੂੰ ਮੈਨੂੰ ਸਰਦਾਰ ਨਾ ਕਿਹਾ ਕਰ।’’

ਝਾਈ ਜੀ ਨੇ ਅੱਗੋਂ ਠੋਕ ਕੇ ਜਵਾਬ ਦਿੱਤਾ, ‘‘ਬਾਕੀ ਸਾਰੇ ਜੋ ਮਰਜ਼ੀ ਕਹਿਣ, ਪਰ ਮੇਰੇ ਲਈ ਤੂੰ ਸਰਦਾਰ ਹੈਂ ਤੇ ਮੈਂ ਹਮੇਸ਼ਾਂ ਤੈਨੂੰ ਸਰਦਾਰ ਹੀ ਕਹਾਂਗੀ।’’ ਤਾਂ ਅੱਗੋਂ ਜੀਤੋ! ਪਤੈ ਉਸ ਨੇ ਕੀ ਕਿਹਾ? ਇਸ ਤੋਂ ਪਹਿਲਾਂ ਕਿ ਝਾਈ ਜੀ ਕੁਝ ਕਹਿਣ, ਜੀਤੋ ਬੋਲ ਪਈ, ‘‘ਅੱਗੋਂ ਉਸ ਨੇ ਕਿਹਾ ਕਿ ਜੇ ਤੂੰ ਮੈਨੂੰ ਸਰਦਾਰ ਕਹੇਂਗੀ ਤਾਂ ਮੈਂ ਤੈਨੂੰ ਸਰਦਾਰੋ ਕਿਹਾ ਕਰਾਂਗਾ। ਸਰਦਾਰ ਦੀ ਸਰਦਾਰੋ। ਉਸ ਤੋਂ ਬਾਅਦ ਉਹ ਹਮੇਸ਼ਾਂ ਤੁਹਾਨੂੰ ਸਰਦਾਰੋ ਕਹਿੰਦਾ ਸੀ ਤੇ ਤੁਸੀਂ ਉਸ ਨੂੰ ਸਰਦਾਰ।’’

ਜੀਤੋ ਦੇ ਮੂੰਹੋਂ ਇਹ ਸੁਣ ਕੇ ਝਾਈ ਜੀ ਤਾਂ ਸੁੰਨ ਹੋ ਕੇ ਰਹਿ ਗਏ। ਹੈਰਾਨ ਜਿਹੇ ਹੋਏ ਜੀਤੋ ਦੀ ਸ਼ਕਲ ਵੇਖੀ ਜਾਣ। ਮੂੰਹੋਂ ਕੋਈ ਗੱਲ ਨਾ ਨਿਕਲੇ। ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਦਿਆਂ ਜੀਤੋ ਨੂੰ ਪੁੱਛਣ ਲੱਗੇ ਕਿ ਉਸ ਨੂੰ ਇਹ ਸਭ ਕਿਵੇਂ ਪਤਾ? ਜੀਤੋ ਨੇ ਬਹੁਤ ਭਾਵੁਕ ਹੁੰਦਿਆਂ ਝਾਈ ਜੀ ਨੂੰ ਦੱਸਿਆ ਕਿ ਉਸ ਸਰਦਾਰ ਦਲਜੀਤ ਸਿੰਘ ਨੇ ਹੀ ਉਸ ਨੂੰ ਇਹ ਸਭ ਕੁਝ ਦੱਸਿਆ ਹੈ।

ਝਾਈ ਜੀ ਤਾਂ ਹੋਰ ਵੀ ਜਜ਼ਬਾਤੀ ਹੋ ਗਏ। ਅੱਖਾਂ ਵਿਚ ਹੰਝੂ ਛਲਕ ਆਏ। ਕਹਿਣ ਲੱਗੇ, ‘‘ਨੀਂ ਤੂੰ ਦਲਜੀਤ ਦੀ ਧੀ ਏਂ?’’ ਤੇ ਫਿਰ ਅਚਾਨਕ ਹੀ ਝਾਈ ਜੀ ਦੇ ਮੂੰਹੋਂ ਨਿਕਲਿਆ, ‘‘ਨੀਂ ਤੂੰ ਸਰਦਾਰ ਦੀ ਧੀ ਏਂ?’’

ਜੀਤੋ ਨੇ ਘੁੱਟ ਕੇ ਝਾਈ ਜੀ ਨੂੰ ਜੱਫੀ ਪਾ ਲਈ ਤੇ ਭਾਵੁਕ ਹੋਈ ਕਹਿਣ ਲੱਗੀ, ‘‘ਝਾਈ ਜੀ! ਮੈਂ ਤੁਹਾਡੀ ਵੀ ਤਾਂ ਧੀ ਹਾਂ।’’

ਝਾਈ ਜੀ ਨੇ ਜੀਤੋ ਨੂੰ ਆਪਣੀਆਂ ਬਾਹਵਾਂ ਵਿੱਚ ਹੋਰ ਵੀ ਘੁੱਟ ਲਿਆ। ਦੋਵੇਂ ਜਣੀਆਂ ਭਾਵੁਕ ਹੋਈ ਜਾਣ ਤੇ ਰੋਈ ਜਾਣ।

ਥੋੜ੍ਹੀ ਦੇਰ ਬਾਅਦ ਦੋਵਾਂ ਨੇ ਆਪਣੇ ਆਪ ਨੂੰ ਸੰਭਾਲਿਆ। ਜੀਤੋ ਕਹਿਣ ਲੱਗੀ, ‘‘ਝਾਈ ਜੀ! ਭਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਰਹਿੰਦੇ ਹਨ। ਜਦੋਂ ਦੇ ਸਾਡੇ ਬੀਜੀ ਇਹ ਦੁਨੀਆ ਛੱਡ ਕੇ ਗਏ ਹਨ ਸਾਡੇ ਭਾਪਾ ਜੀ ਆਪਣੇ ਆਪ ਨੂੰ ਬਹੁਤ ਇਕੱਲੇ ਮਹਿਸੂਸ ਕਰਦੇ ਹਨ। ਬੀਜੀ ਦੀ ਘਾਟ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਪਰ ਆਪਣੀ ਸਰਦਾਰੋ ਬਾਰੇ ਵੀ ਬਹੁਤ ਗੱਲਾਂ ਕਰਦੇ ਹਨ।’’

ਝਾਈ ਜੀ ਨੂੰ ਜਦ ਇਹ ਸਭ ਪਤਾ ਲੱਗਾ ਤਾਂ ਜੀਤੋ ਨੂੰ ਕਹਿਣ ਲੱਗੇ ਕਿ ਉਹ ਆਪਣੇ ਭਾਪਾ ਜੀ ਨੂੰ ਇੱਥੇ ਆਸਟਰੇਲੀਆ ਵਿੱਚ ਲੈ ਆਏ। ਜੀਤੋ ਨੇ ਦੱਸਿਆ ਕਿ ਉਸ ਨੇ ਬਹੁਤ ਕਿਹਾ ਕਿ ਉਹ ਥੋੜ੍ਹੀ ਦੇਰ ਲਈ ਆ ਜਾਣ, ਪਰ ਉਹ ਨਹੀਂ ਮੰਨੇ। ਕਦੇ ਕਹਿੰਦੇ ਕਿ ਉਨ੍ਹਾਂ ਨੂੰ ਹਵਾਈ ਜਹਾਜ਼ ਦੇ ਸਫ਼ਰ ਤੋਂ ਬਹੁਤ ਡਰ ਲੱਗਦਾ ਹੈ। ਕਦੇ ਕਹਿੰਦੇ ਕਿ ਉਹ ਆਪਣੇ ਪੁੱਤਰ ਅਤੇ ਨੂੰਹ ਕੋਲ ਬਹੁਤ ਖ਼ੁਸ਼ ਹਨ ਤੇ ਕਦੇ ਕਹਿੰਦੇ ਕਿ ਉਹ ਦਰਬਾਰ ਸਾਹਿਬ ਤੋਂ ਦੂਰ ਨਹੀਂ ਹੋ ਸਕਦੇ। ਇੱਕ ਵਾਰੀ ਜੀਤੋ ਨੇ ਹੱਸਦਿਆਂ ਭਾਪਾ ਜੀ ਨੂੰ ਕਿਹਾ ਕਿ ਜੇ ਤੁਹਾਨੂੰ ਹਵਾਈ ਜਹਾਜ਼ ਦੇ ਸਫ਼ਰ ਤੋਂ ਡਰ ਲੱਗਦਾ ਹੈ ਤਾਂ ਮੈਂ ਤੁਹਾਨੂੰ ਸਮੁੰਦਰੀ ਜਹਾਜ਼ ਵਿੱਚ ਲੈ ਚੱਲਦੀ ਹਾਂ। ਅੱਗੋਂ ਭਾਪਾ ਜੀ ਚੁੱਪ ਕਰ ਗਏ। ਫਿਰ ਕੁਝ ਯਾਦ ਕਰ ਕੇ ਕਹਿਣ ਲੱਗੇ, ‘‘ਸਰਦਾਰੋ ਸਮੁੰਦਰੀ ਜਹਾਜ਼ ਵਿੱਚ ਨੈਰੋਬੀ ਗਈ ਸੀ। ਸੱਠ ਸਾਲ ਤੋਂ ਉੱਪਰ ਹੋ ਗਏ ਹਨ, ਸਰਦਾਰੋ ਦੀ ਸ਼ਕਲ ਵੇਖਿਆਂ।’ ਝਾਈ ਜੀ! ਤੁਹਾਨੂੰ ਯਾਦ ਕਰ ਕੇ ਭਾਪਾ ਜੀ ਦੀਆਂ ਅੱਖਾਂ ਭਰ ਆਈਆਂ ਸਨ।’’

ਝਾਈ ਜੀ ਜੀਤੋ ਨੂੰ ਕਹਿਣ ਲੱਗੇ ਕਿ ਉਹ ਟੈਲੀਫੋਨ ਕਰ ਕੇ ਉਨ੍ਹਾਂ ਦੀ ਆਪਣੇ ਭਾਪਾ ਜੀ ਨਾਲ ਗੱਲ ਕਰਵਾਏ। ਝਾਈ ਜੀ ਨੂੰ ਯਕੀਨ ਹੈ ਕਿ ਜਦੋਂ ਉਹ ਆਪਣੇ ਸਰਦਾਰ ਨੂੰ ਉਸ ਦਾ ਵਾਅਦਾ ਯਾਦ ਕਰਵਾਉਣਗੇ ਤਾਂ ਉਹ ਆਪਣਾ ਵਾਅਦਾ ਨਹੀਂ ਤੋੜੇਗਾ। ਜੀਤੋ ਬੜੀ ਹੈਰਾਨ ਜਿਹੀ ਹੋ ਗਈ। ਇਹੋ ਜਿਹਾ ਕਿਹੜਾ ਵਾਅਦਾ ਕੀਤਾ ਸੀ ਭਾਪਾ ਜੀ ਨੇ ਜਿਸ ਨੂੰ ਯਾਦ ਕਰ ਕੇ ਉਹ ਹਵਾਈ ਜਹਾਜ਼ ਦਾ ਸਫ਼ਰ ਕਰ ਕੇ ਇੱਥੇ ਆਸਟਰੇਲੀਆ ਆ ਜਾਣਗੇ।

ਝਾਈ ਜੀ ਨੇ ਜੀਤੋ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਦੀ ਡੋਲੀ ਜਾਣ ਲੱਗੀ ਸੀ ਤਾਂ ਉਨ੍ਹਾਂ ਨੇ ਸਰਦਾਰ ਨੂੰ ਕਿਹਾ ਸੀ ਕਿ ਉਹ ਉਸ ਕੋਲ ਨੈਰੋਬੀ ਜ਼ਰੂਰ ਆਏ।

ਅੱਗੋਂ ਸਰਦਾਰ ਨੇ ਕਿਹਾ ਸੀ ਕਿ ਜੇ ਸਰਦਾਰੋ ਬੁਲਾਏਗੀ ਤਾਂ ਉਹ ਜ਼ਰੂਰ ਆਏਗਾ।’’

ਫਿਰ ਝਾਈ ਜੀ ਨੇ ਸਰਦਾਰ ਨੂੰ ਵਾਅਦਾ ਕਰਨ ਲਈ ਕਿਹਾ ਤਾਂ ਅੱਗੋਂ ਸਰਦਾਰ ਕਹਿਣ ਲੱਗਾ, ‘‘ਪੱਕਾ! ਵਾਅਦਾ ਸਰਦਾਰੋ! ਸਰਦਾਰ ਕਦੇ ਵਾਅਦਾ ਨਹੀਂ ਤੋੜਦਾ।’’ ਤੇ ਸਰਦਾਰੋ ਦੇ ਦਿਲ ਵਿੱਚ ਪਤਾ ਨਹੀਂ ਕੀ ਆਈ ਕਿ ਉਸ ਨੇ ਆਪਣਾ ਇੱਕ ਕੰਗਣ ਉਤਾਰ ਕੇ ਸਰਦਾਰ ਨੂੰ ਫੜਾਉਂਦਿਆਂ ਕਿਹਾ ਕਿ ਐਹ ਕੰਗਣ ਉਹ ਆਪਣੀ ਵਹੁਟੀ ਨੂੰ ਦੇ ਦੇਵੇ।’’

‘‘ਉਹ ਕੰਗਣ ਤਾਂ ਮੇਰੇ ਕੋਲ ਹੈ। ਆਹ ਵੇਖੋ ਝਾਈ ਜੀ! ਇਹ ਮੈਨੂੰ ਮੇਰੇ ਬੀਜੀ ਨੇ ਮੇਰੇ ਵਿਆਹ ’ਤੇ ਦਿੱਤਾ ਸੀ। ਮੈਂ ਤਾਂ ਇਹਨੂੰ ਹਰ ਵੇਲੇ ਪਾਈ ਰੱਖਦੀ ਹਾਂ।’’ ਜੀਤੋ ਉਹ ਕੰਗਣ ਝਾਈ ਜੀ ਨੂੰ ਵਿਖਾਉਣ ਲੱਗ ਪਈ ਤੇ ਝਾਈ ਜੀ ਉਸ ਕੰਗਣ ਨੂੰ ਚੁੰਮਣ ਲੱਗ ਪਏ। ਜੀਤੋ ਫਿਰ ਝਾਈ ਜੀ ਨੂੰ ਕਹਿਣ ਲੱਗੀ, ‘‘ਝਾਈ ਜੀ! ਤੁਸੀਂ ਭਾਪਾ ਜੀ ਨੂੰ ਜ਼ਰੂਰ ਵਾਅਦਾ ਯਾਦ ਕਰਾਓ। ਉਨ੍ਹਾਂ ਨੂੰ ਇੱਥੇ ਆਉਣ ਲਈ ਕਹੋ।’’

ਜੀਤੋ ਨੇ ਟੈਲੀਫੋਨ ਦਾ ਨੰਬਰ ਘੁਮਾ ਦਿੱਤਾ। ਅੱਗੋਂ ਜੀਤੋ ਦੇ ਭਰਾ ਗੁੱਡੂ ਨੇ ਫੋਨ ਚੁੱਕਿਆ। ਜੀਤੋ ਨੇ ਉਸ ਨੂੰ ਸਰਦਾਰੋ ਬਾਰੇ ਸਾਰੀ ਕਹਾਣੀ ਦੱਸ ਦਿੱਤੀ। ਗੁੱਡੂ ਨੇ ਵੀ ਇਹ ਸਭ ਕੁਝ ਭਾਪਾ ਜੀ ਕੋਲੋਂ ਸੁਣਿਆ ਹੋਇਆ ਸੀ। ਜੀਤੋ ਨੇ ਗੁੱਡੂ ਨੂੰ ਕਿਹਾ ਕਿ ਉਹ ਭਾਪਾ ਜੀ ਦੀ ਸਰਦਾਰੋ ਨਾਲ ਗੱਲ ਕਰਾਏ। ਅੱਗੋਂ ਗੁੱਡੂ ਨੇ ਦੱਸਿਆ ਕਿ ਭਾਪਾ ਜੀ ਨੂੰ ਤਾਂ ਕੁਝ ਦਿਨਾਂ ਤੋਂ ਡਾਇਮੈਨਸ਼ੀਆ ਹੋ ਗਿਆ ਹੈ। ਉਹ ਕਿਸੇ ਨੂੰ ਨਾ ਤਾਂ ਪਛਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਯਾਦ ਹੈ। ਉਨ੍ਹਾਂ ਦੀ ਯਾਦਾਸ਼ਤ ਕੰਮ ਨਹੀਂ ਕਰ ਰਹੀ। ਇਹ ਸਭ ਸੁਣ ਕੇ ਜੀਤੋ ਤਾਂ ਇਕਦਮ ਗੁੰਮ ਸੁੰਮ ਜਿਹੀ ਹੋ ਗਈ। ਫਿਰ ਹੌਸਲਾ ਕਰ ਕੇ ਪੁੱਛ ਹੀ ਲਿਆ ਕਿ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਗੁੱਡੂ ਕਹਿਣ ਲੱਗਾ ਕਿ ਡਾਕਟਰਾਂ ਦੀ ਸਲਾਹ ਸੀ ਕਿ ਅਜੇ ਭਾਪਾ ਜੀ ਦੀ ਬਿਮਾਰੀ ਦੱਸ ਕੇ ਕਿਸੇ ਨੂੰ ਤੰਗ ਨਾ ਕਰੋ।

ਡਾਕਟਰਾਂ ਦੇ ਮੁਤਾਬਕ ਭਾਪਾ ਜੀ ਕੁਝ ਦਿਨਾਂ ਵਿੱਚ ਠੀਕ ਹੋ ਜਾਣਗੇ। ਉਨ੍ਹਾਂ ਦੀ ਸਲਾਹ ਸੀ ਕਿ ਜਦੋਂ ਭਾਪਾ ਜੀ ਠੀਕ ਹੋ ਜਾਣ ਉਦੋਂ ਸਭ ਨੂੰ ਦੱਸ ਦਿਆਂਗੇ। ਜੀਤੋ ਨੂੰ ਡਾਕਟਰਾਂ ਦੀ ਸਲਾਹ ਨਾਲ ਥੋੜ੍ਹਾ ਜਿਹਾ ਹੌਸਲਾ ਹੋਇਆ। ਗੁੱਡੂ ਨੂੰ ਕਹਿਣ ਲੱਗੀ ਕਿ ਉਹ ਟੈਲੀਫੋਨ ਭਾਪਾ ਜੀ ਦੇ ਕੰਨਾਂ ਨੂੰ ਲਾ ਦੇਵੇ। ਸਰਦਾਰੋ ਕੁਝ ਕਹਿਣਾ ਚਾਹੁੰਦੀ ਹੈ। ਗੁੱਡੂ ਨੇ ਟੈਲੀਫੋਨ ਭਾਪਾ ਜੀ ਦੇ ਕੰਨ ਨਾਲ ਲਾ ਦਿੱਤਾ।

ਭਾਪਾ ਜੀ ਪਲੰਘ ’ਤੇ ਲੇਟੇ ਹੋਏ ਸਨ। ਉਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ ਹੈ। ਬਸ ਬਿੱਟ ਬਿੱਟ ਕਰਕੇ ਗੁੱਡੂ ਦੀ ਸ਼ਕਲ ਵੇਖੀ ਜਾਣ। ਇੱਧਰੋਂ ਸਰਦਾਰੋ ਬੋਲ ਰਹੀ ਸੀ, ‘‘ਸਰਦਾਰ! ਮੈਂ ਤੇਰੀ ਸਰਦਾਰੋ ਬੋਲ ਰਹੀ ਹਾਂ। ਤੈਨੂੰ ਯਾਦ ਹੈ ਕਿ ਤੂੰ ਇੱਕ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ ਸਰਦਾਰ ਕਦੇ ਵਾਅਦਾ ਨਹੀਂ ਤੋੜਦਾ।’’

ਗੁੱਡੂ ਦੀ ਸਮਝ ਵਿੱਚ ਵੀ ਕੁਝ ਨਹੀਂ ਆਇਆ। ਭਾਪਾ ਜੀ ਦੇ ਕੰਨ ਤੋਂ ਟੈਲੀਫੋਨ ਹਟਾ ਕੇ ਆਪਣੇ ਕੰਨ ਨਾਲ ਲਾ ਲਿਆ। ਜੀਤੋ ਨੇ ਗੁੱਡੂ ਨੂੰ ਡਾਕਟਰ ਸਤੀਸ਼ ਖੰਨਾ ਦੇ ਘਰ ਦਾ ਟੈਲੀਫੋਨ ਨੰਬਰ ਲਿਖਵਾ ਦਿੱਤਾ। ਨਾਲ ਪੱਕਾ ਕਰ ਲਿਆ ਕਿ ਜਦੋਂ ਭਾਪਾ ਜੀ ਠੀਕ ਹੋ ਜਾਣ, ਇਸ ਨੰਬਰ ’ਤੇ ਉਨ੍ਹਾਂ ਦੀ ਗੱਲ ਸਰਦਾਰੋ ਨਾਲ ਕਰਵਾ ਦੇਵੇ। ਥੋੜ੍ਹੀ ਜਿਹੀ ਗੱਲਬਾਤ ਜੀਤੋ ਤੇ ਉਸ ਦੇ ਭਰਾ ਗੁੱਡੂ ਵਿਚਾਲੇ ਹੋਰ ਹੋਈ ਤੇ ਫਿਰ ਟੈਲੀਫੋਨ ਬੰਦ ਕਰ ਦਿੱਤਾ ਗਿਆ।

ਜਦੋਂ ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਆਪਣੀ ਮੈਡੀਕਲ ਕਾਨਫਰੰਸ ਤੋਂ ਵਾਪਸ ਆਏ ਤਾਂ ਜਤਿੰਦਰ ਨੇ ਉਨ੍ਹਾਂ ਨੂੰ ਝਾਈ ਜੀ ਅਤੇ ਆਪਣੇ ਭਾਪਾ ਜੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਸਾਰੀ ਕਹਾਣੀ ਸੁਣ ਕੇ ਬੜੇ ਹੈਰਾਨ ਵੀ ਹੋਏ ਅਤੇ ਬੜੇ ਖ਼ੁਸ਼ ਵੀ ਹੋਏ ਕਿ ਉਨ੍ਹਾਂ ਦੇ ਝਾਈ ਜੀ ਅਤੇ ਭਾਪਾ ਜੀ ਦੀ ਬਚਪਨ ਦੀ ਦੋਸਤੀ ਕਿੰਨੀ ਪਵਿੱਤਰ ਹੈ।

ਅਗਲੇ ਮਹੀਨੇ ਝਾਈ ਜੀ ਦਾ ਜਨਮ ਦਿਨ ਆ ਰਿਹਾ ਸੀ। ਉਸ ਦਿਨ ਝਾਈ ਜੀ ਅੱਸੀ ਸਾਲਾਂ ਦੇ ਹੋ ਜਾਣਗੇ। ਡਾਕਟਰ ਸਤੀਸ਼ ਖੰਨਾ ਅਤੇ ਡਾਕਟਰ ਲਕਸ਼ਮੀ ਖੰਨਾ ਨੇ ਤਾਂ ਫ਼ੈਸਲਾ ਕਰ ਲਿਆ ਕਿ ਇਹ ਜਨਮ ਦਿਨ ਉਹ ਖ਼ੂਬ ਧੂਮਧਾਮ ਨਾਲ ਮਨਾਉਣਗੇ। ਫਿਰ ਕੀ ਸੀ, ਜਨਮ ਦਿਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜਨਮ ਦਿਨ ਦੇ ਸੱਦਾ-ਪੱਤਰ ਛਪਵਾਏ ਗਏ। ਵੰਡਣੇ ਸ਼ੁਰੂ ਹੋ ਗਏ ਅਤੇ ਵੰਡੇ ਵੀ ਗਏ।

ਸਭ ਦੋਸਤ ਮਿੱਤਰ ਝਾਈ ਜੀ ਦਾ ਅੱਸੀਵਾਂ ਜਨਮ ਦਿਨ ਮਨਾਉਣ ਲਈ ਡਾਕਟਰ ਸਤੀਸ਼ ਖੰਨਾ ਦੇ ਘਰ ਪਹੁੰਚ ਗਏ। ਖ਼ੂਬ ਜਸ਼ਨ ਮਨਾਇਆ ਗਿਆ।

ਇੱਕ-ਦੋ ਨੇ ਕੁਝ ਗਾਣੇ ਸੁਣਾਏ, ਕੁਝ ਨੇ ਚੁਟਕਲੇ ਸੁਣਾਏ ਤੇ ਕੁਝ ਨੇ ਸ਼ਾਇਰੀ ਕੀਤੀ। ਜਸ਼ਨ ਮਨਾਇਆ ਜਾ ਰਿਹਾ ਸੀ। ਜਨਮ ਦਿਨ ਦਾ ਕੇਕ ਕੱਟਣ ਦਾ ਵਕਤ ਆ ਗਿਆ। ਇਸ ਤੋਂ ਪਹਿਲਾਂ ਕਿ ਝਾਈ ਜੀ ਕੇਕ ਕੱਟਣ, ਕਿਸੇ ਨੇ ਸੱਦਾ ਪੱਤਰ ਨੂੰ ਹਵਾ ਵਿੱਚ ਉਛਾਲਦਿਆਂ ਤੇ ਉਸ ਵਿੱਚ ਛਪੇ ਹੋਏ ਝਾਈ ਜੀ ਦੇ ਨਾਮ ’ਤੇ ਉਂਗਲ ਰੱਖਦਿਆਂ ਪੁੱਛ ਲਿਆ, ‘‘ਡਾਕਟਰ ਖੰਨਾ ਸਾਹਿਬ! ਇਹ ਸਰਦਾਰੋ ਦਾ ਕੀ ਚੱਕਰ ਹੈ? ਇਸ ’ਤੇ ਕੁਝ ਚਾਨਣ ਪਾਉ।’’

ਡਾਕਟਰ ਸਤੀਸ਼ ਖੰਨਾ ਨੇ ਸਾਰਿਆਂ ਨੂੰ ਸਰਦਾਰੋ ਦੀ ਕਹਾਣੀ ਸੁਣਾ ਦਿੱਤੀ।

ਸਾਰਿਆਂ ਨੇ ਸਰਦਾਰੋ ਤੇ ਸਰਦਾਰ ਦੀ ਬਚਪਨ ਵਾਲੀ ਪਵਿੱਤਰ ਦੋਸਤੀ ਦੀ ਆਪਣੇ ਆਪਣੇ ਢੰਗ ਨਾਲ ਤਾਰੀਫ਼ ਕਰ ਦਿੱਤੀ। ਸਾਰੇ ਖ਼ੁਸ਼ ਵੀ ਹੋਏ ਤੇ ਰੱਬ ਦੇ ਕਿਸੇ ਰੰਗ ਨੂੰ ਵੇਖ ਕੇ ਹੈਰਾਨ ਵੀ ਹੋਏ। ਸਰਦਾਰੋ ਨੇ ਕੇਕ ਕੱਟਿਆ। ਸਾਰਿਆਂ ਨੇ ਬੜੇ ਜੋਸ਼ ਨਾਲ ਕਿਹਾ, ‘‘ਹੈਪੀ ਬਰਥ ਡੇ ਟੂ ਯੂ! ਹੈਪੀ ਬਰਥ ਡੇ ਟੂ ਯੂ ! ਹੈਪੀ ਬਰਥ ਡੇ ਟੂ ਸਰਦਾਰੋ!’’

ਡਾਕਟਰ ਲਕਸ਼ਮੀ ਖੰਨਾ ਨੇ ਕੇਕ ਦੇ ਪੀਸ ਪਲੇਟਾਂ ਵਿੱਚ ਪਾ ਕੇ ਜਤਿੰਦਰ ਨੂੰ ਫੜਾਉਣੇ ਸ਼ੁਰੂ ਕੀਤੇ ਤੇ ਜਤਿੰਦਰ ਨੇ ਅੱਗੇ ਪ੍ਰਾਹੁਣਿਆ ਨੂੰ ਪਲੇਟਾਂ ਫੜਾਉਣੀਆਂ ਸ਼ੁਰੂ ਕੀਤੀਆਂ। ਅਜੇ ਇੱਕ ਦੋ ਪਲੇਟਾਂ ਹੀ ਫੜਾਈਆਂ ਸਨ ਕਿ ਟੈਲੀਫੋਨ ਦੀ ਘੰਟੀ ਵੱਜ ਗਈ। ਡਾਕਟਰ ਸਤੀਸ਼ ਖੰਨਾ ਨੇ ਟੈਲੀਫੋਨ ਫੜਿਆ, ਆਪਣੇ ਕੰਨ ਨਾਲ ਲਾਇਆ ਅਤੇ ਹੈਲੋ ਕਿਹਾ। ਅੱਗੋਂ ਆਵਾਜ਼ ਆਈ;

‘‘ਮੈਂ ਅੰਮ੍ਰਿਤਸਰ ਤੋਂ ਜਤਿੰਦਰ ਭੈਣ ਜੀ ਦਾ ਛੋਟਾ ਭਰਾ ਗੁੱਡੂ ਬੋਲ ਰਿਹਾ ਹਾਂ ਜੀ। ਕੀ ਮੈਂ ਸ੍ਰੀਮਤੀ ਕਾਂਤਾ ਦੇਵੀ ਨਾਲ ਗੱਲ ਕਰ ਸਕਦਾ ਹਾਂ?’’

‘‘ਗੁੱਡੂ ਜੀ! ਸਤਿ ਸ੍ਰੀ ਅਕਾਲ। ਮੈਂ ਡਾਕਟਰ ਸਤੀਸ਼ ਖੰਨਾ ਬੋਲ ਰਿਹਾ ਹਾਂ। ਜਤਿੰਦਰ ਭੈਣ ਜੀ ਵੀ ਇੱਥੇ ਹਨ। ਲਉ ਤੁਸੀਂ ਪਹਿਲਾਂ ਆਪਣੇ ਭੈਣ ਜੀ ਨਾਲ ਗੱਲ ਕਰ ਲਉ।’’

ਡਾਕਟਰ ਸਤੀਸ਼ ਖੰਨਾ ਨੇ ਟੈਲੀਫੋਨ ਜਤਿੰਦਰ ਨੂੰ ਫੜਾ ਦਿੱਤਾ। ਜਤਿੰਦਰ ਦੇ ਭਰਾ ਗੁੱਡੂ ਨੇ ਦੱਸਿਆ ਕਿ ਭਾਪਾ ਜੀ ਹੁਣ ਕਾਫ਼ੀ ਠੀਕ ਹੋ ਗਏ ਹਨ। ਉਨ੍ਹਾਂ ਦੀ ਯਾਦਾਸ਼ਤ ਵਾਪਸ ਆ ਗਈ ਹੈ। ਅੱਜ ਸਵੇਰੇ ਸੁੱਤੇ ਉੱਠੇ ਤਾਂ ਇੱਕ ਕੱਪ ਚਾਹ ਦਾ ਮੰਗਿਆ। ਚਾਹ ਪੀ ਕੇ ਭਾਪਾ ਜੀ ਇੱਕ ਸੂਟਕੇਸ ਤਿਆਰ ਕਰਨ ਲੱਗ ਪਏ। ਜਦੋਂ ਪੁੱਛਿਆ ਕਿ ਉਹ ਸੂਟਕੇਸ ਕਿਉਂ ਤਿਆਰ ਕਰ ਰਹੇ ਹਨ ਤਾਂ ਕਹਿਣ ਲੱਗੇ ਕਿ ਉਨ੍ਹਾਂ ਨੂੰ ਸਰਦਾਰੋ ਨੇ ਬੁਲਾਇਆ ਹੈ। ਉਹ ਆਪਣਾ ਵਾਅਦਾ ਨਹੀਂ ਤੋੜ ਸਕਦੇ। ਭੈਣ ਜੀ! ਕੀ ਇਹ ਠੀਕ ਹੈ ਕਿ ਭਾਪਾ ਜੀ ਦੱਸ ਰਹੇ ਹਨ ਕਿ ਅੱਜ ਸਰਦਾਰੋ ਦਾ ਜਨਮ ਦਿਨ ਹੈ।

ਜਤਿੰਦਰ, ਗੁੱਡੂ ਕੋਲੋਂ ਭਾਪਾ ਜੀ ਦੇ ਠੀਕ ਹੋ ਜਾਣ ਬਾਰੇ ਸੁਣ ਕੇ ਬਹੁਤ ਖ਼ੁਸ਼ ਵੀ ਹੋਈ ਤੇ ਬਹੁਤ ਹੈਰਾਨ ਵੀ ਹੋਈ ਕਿ ਭਾਪਾ ਜੀ ਸਰਦਾਰੋ ਦੀ ਆਵਾਜ਼ ਸੁਣ ਕੇ ਠੀਕ ਹੋ ਗਏ। ਇੱਥੋਂ ਤੱਕ ਕਿ ਉਨ੍ਹਾਂ ਨੂੰ ਸਰਦਾਰੋ ਦਾ ਜਨਮ ਦਿਨ ਵੀ ਯਾਦ ਆ ਗਿਆ।

ਜਤਿੰਦਰ ਨੇ ਗੁੱਡੂ ਨੂੰ ਕਿਹਾ ਕਿ ਉਹ ਟੈਲੀਫੋਨ ਭਾਪਾ ਜੀ ਨੂੰ ਫੜਾ ਦੇਵੇ।

ਗੁੱਡੂ ਨੇ ਟੈਲੀਫੋਨ ਭਾਪਾ ਜੀ ਨੂੰ ਫੜਾ ਦਿੱਤਾ। ਜਤਿੰਦਰ ਕਹਿਣ ਲੱਗੀ, ‘‘ਭਾਪਾ ਜੀ! ਸਤਿ ਸ੍ਰੀ ਅਕਾਲ। ਮੈਂ ਜਤਿੰਦਰ ਬੋਲ ਰਹੀ ਹਾਂ।’’

ਅੱਗੋਂ ਭਾਪਾ ਜੀ ਦੀ ਕੰਬਦੀ ਹੋਈ ਆਵਾਜ਼ ਆਈ, ‘‘ਸਰਦਾਰੋ ਬੋਲ ਰਹੀ ਹੈਂ ?’’

ਜਤਿੰਦਰ ਨੇ ਝਾਈ ਜੀ ਨੂੰ ਆਵਾਜ਼ ਦਿੱਤੀ, ‘‘ਝਾਈ ਜੀ! ਜਲਦੀ ਆਉ। ਸਰਦਾਰ ਆਪਣੀ ਸਰਦਾਰੋ ਨਾਲ ਗੱਲ ਕਰਨੀ ਚਾਹੁੰਦਾ।’’

‘‘ਮੈਂ ਕਹਿੰਦੀ ਸੀ ਕਿ ਮੇਰਾ ਸਰਦਾਰ ਕਦੇ ਆਪਣਾ ਵਾਅਦਾ ਨਹੀਂ ਤੋੜੇਗਾ।’’ ਇਹ ਕਹਿੰਦਿਆਂ ਹੋਇਆਂ ਸਰਦਾਰੋ ਨੇ ਹੱਥ ਵਿੱਚ ਫੜੀ ਹੋਈ ਪਲੇਟ ਮੇਜ਼ ’ਤੇ ਰੱਖੀ ਤੇ ਜਲਦੀ ਨਾਲ ਜਾ ਕੇ ਜਤਿੰਦਰ ਦੇ ਹੱਥੋਂ ਟੈਲੀਫੋਨ ਫੜ ਕੇ ਆਪਣੇ ਕੰਨ ਨਾਲ ਲਾ ਲਿਆ।

ਸੰਪਰਕ: 61403125209

Advertisement
Show comments