ਇਤਿਹਾਸ ਬਦਲਣ ਵਾਲੀ ਰੋਜ਼ਾ ਪਾਰਕਸ
ਇੱਕ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ! ਉਹ ਹੈ ਨਾਗਰਿਕ ਅਧਿਕਾਰ ਕਾਰਕੁਨ ਰੋਜ਼ਾ ਲੁਈਸ ਮੈਕੌਲੀ ਪਾਰਕਸ, ਇੱਕ ਅਮਰੀਕਨ ਔਰਤ ਜਿਸ ਦਾ ਜਨਮ 4 ਫਰਵਰੀ 1913 ਨੂੰ ਹੋਇਆ ਤੇ ਲੰਮਾ ਸੰਘਰਸ਼ ਕਰਨ ਵਾਲੀ ਇਹ ਔਰਤ 24 ਅਕਤੂਬਰ 2005 ਨੂੰ ਰੁਖ਼ਸਤ ਹੋ ਗਈ। ਉਸ ਨੂੰ ਬਹੁਤ ਸਾਰੇ ਇਨਾਮ ਮਿਲੇ, ਪਰ ਸਿਆਹਫਾਮ ਹੋਣ ਕਾਰਨ ਉਸ ਨੂੰ ਹਰ ਥਾਂ ’ਤੇ ਤ੍ਰਿਸਕਾਰਿਆ ਜਾਂਦਾ ਸੀ।
ਸਾਲ 1955 ਦੀ ਇੱਕ ਸ਼ਾਮ ਨੂੰ ਰੋਜ਼ਾ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਥੱਕੀ ਟੁੱਟੀ ਮੌਂਟਗੁਮਰੀ ਅਮਰੀਕਾ ਬਸ ਦੀ ਮੂਹਰਲੀ ਖਿੜਕੀ ਤੋਂ ਚੜ੍ਹ ਕੇ ਗੋਰਿਆਂ ਲਈ ਸਭ ਰਾਖਵੀਆਂ ਸੀਟਾਂ ਛੱਡ ਕੇ ਅਖੀਰਲੀ ਕਾਲਿਆਂ ਵਾਲੀਆਂ ਸੀਟਾਂ ’ਤੇ ਬੈਠ ਗਈ। ਅਮਰੀਕਾ ਦਾ ਇਹ ਉਹ ਸਮਾਂ ਸੀ ਜਦੋਂ ਗੋਰੇ ਤੇ ਕਾਲੇ ਕਦੇ ਇਕੱਠੇ ਨਹੀਂ ਬੈਠ ਸਕਦੇ ਸਨ। ਇਕੱਠੇ ਘਰ ਨਹੀਂ ਲੈ ਸਕਦੇ ਸਨ, ਖਾ ਨਹੀਂ ਸਕਦੇ ਸਨ ਤੇ ਹੋਰ ਬਹੁਤ ਕੁਝ। ਕਾਲਿਆਂ ਨੂੰ ਗੁਲਾਮੀ ਤੋਂ ਮੁਕਤੀ ਮਿਲੇ ਨੂੰ 100 ਸਾਲ ਹੋ ਗਏ ਸੀ, ਪਰ ਰੋਜ਼ਾ ਦੀ ਜ਼ਿੰਦਗੀ ’ਚ ਗ਼ੁਲਾਮੀ ਬਰਕਰਾਰ ਸੀ। ਇਸ ਲਈ ਬੱਸ ’ਚ ਕਾਲੇ ਲੋਕਾਂ ਨੂੰ ਸੀਟ ਬੱਸ ਦੇ ਬਿਲਕੁਲ ਪਿੱਛੇ ਮਿਲਦੀ ਸੀ ਤੇ ਜੇ ਕਿਸੇ ਗੋਰੇ ਨੂੰ ਅੱਗੇ ਸੀਟ ਨਾ ਮਿਲੇ ਤਾਂ ਉਸ ਲਈ ਸੀਟ ਛੱਡਣੀ ਪੈਂਦੀ ਸੀ।
ਉਸ ਦਿਨ ਰੋਜ਼ਾ ਬੇਹੱਦ ਥੱਕੀ ਹੋਈ ਸੀ। ਇੱਕ ਗੋਰਾ ਆਇਆ ਤੇ ਉਸ ਨੂੰ ਸੀਟ ਛੱਡਣ ਲਈ ਕਿਹਾ ਤੇ ਉਸ ਸੀਟ ਤੋਂ ਹੋਰ ਪਿੱਛੇ ਹੋਣ ਲਈ ਕਿਹਾ। ਨਿਯਮ ਮੁਤਾਬਿਕ ਸੀਟ ਛੱਡਣੀ ਬਣਦੀ ਸੀ, ਪਰ ਉਸ ਦਿਨ ਅਚਾਨਕ ਇੱਕ ਖ਼ਿਆਲ ਆਇਆ ਤੇ ਰੋਜ਼ਾ ਨੇ ਸੀਟ ਛੱਡਣ ਤੋਂ ਇਨਕਾਰ ਕਰ ਦਿੱਤਾ। ਗੋਰੇ ਉਸ ਦੀ ਹਿਮਾਕਤ ਦੇਖ ਕੇ ਦੰਗ ਰਹਿ ਗਏ। ਡਰਾਈਵਰ ਖ਼ੁਦ ਆਇਆ ਤੇ ਉਸ ਨੂੰ ਸੀਟ ਛੱਡਣ ਲਈ ਕਿਹਾ, ਪਰ ਉਸ ਨੇ ਨਾ ਛੱਡੀ। ਪੂਰੀ ਬੱਸ ਦੇ ਗੋਰੇ ਉਸ ਨੂੰ ਬੁਰਾ ਭਲਾ ਆਖਣ ਲੱਗੇ, ਪਰ ਉਸ ਨੇ ਫਿਰ ਵੀ ਸੀਟ ਨਾ ਛੱਡੀ। ਅਜਿਹਾ ਕਰਦੇ ਸਮੇਂ ਉਸ ਦੇ ਅੰਦਰ ਦਾ ਡਰ ਖ਼ਤਮ ਹੋ ਗਿਆ ਸੀ। ਪਹਿਲੇ ਇਨਕਾਰ ਮਗਰੋਂ ਹੀ ਉਸ ਨੇ ਉਹ ਖ਼ਤਮ ਕਰ ਲਿਆ ਸੀ।
ਡਰਾਈਵਰ ਨੇ ਪੁਲੀਸ ਬੁਲਾਈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫ਼ਤਾਰੀ ਦੀ ਗੱਲ ਅੱਗ ਵਾਂਗ ਫੈਲ ਗਈ। ਸ਼ਾਮ ਤੱਕ ਉਸ ਨੂੰ ਭਾਵੇਂ ਜ਼ਮਾਨਤ ਮਿਲ ਗਈ, ਪਰ ਕਾਲੇ ਲੋਕਾਂ ਲਈ ਜਿਵੇਂ ਇਹ ਇੱਕ ਨਵੀਂ ਚੋਟ ਸੀ। ਉਨ੍ਹਾਂ ਨੇ ਉਸ ਦਿਨ ਤੋਂ ਇਸ ਭੇਦਭਾਵ ਵਾਲੇ ਕਾਨੂੰਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ।
ਅਗਲੇ ਦਿਨ ਤੋਂ ਬੱਸਾਂ ’ਚ ਨਾ ਜਾਣ ਦੀ ਅਪੀਲ ਕੀਤੀ ਗਈ। ਕਿਸੇ ਵੀ ਕਾਲੇ ਨੇ ਬੱਸ ਦੀ ਵਰਤੋਂ ਨਾ ਕੀਤੀ। ਰੋਜ਼ਾ ’ਤੇ ਮੁਕੱਦਮਾ ਹੋਇਆ। ਉਸ ਨੂੰ ਜ਼ੁਰਮਾਨਾ ਵੀ ਹੋਇਆ ਤੇ ਕੇਸ ਉੱਪਰਲੀ ਅਦਾਲਤ ’ਚ ਚਲਾ ਗਿਆ, ਪਰ ਬੱਸਾਂ ’ਚ ਨਾ ਚੜ੍ਹਨ ਦਾ ਫ਼ੈਸਲਾ ਬਰਕਰਾਰ ਰਿਹਾ। ਬਹੁਤ ਬੱਸਾਂ ਬੇਕਾਰ ਹੋ ਗਈਆਂ ਤੇ ਇਹ ਹੜਤਾਲ 381 ਦਿਨ ਤੱਕ ਚੱਲੀ। ਅਖੀਰ ਸਰਕਾਰ ਨੂੰ ਉਹ ਕਾਨੂੰਨ ਬਦਲਣਾ ਪਿਆ। ਜੋ ਬੱਸਾਂ ਵਿੱਚ ਗੋਰਿਆਂ ਤੇ ਕਾਲਿਆਂ ਨੂੰ ਅੱਡ ਬੈਠਣ ਲਈ ਕਹਿੰਦਾ ਸੀ।
ਇੰਝ ਪੱਖਪਾਤ ਦਾ ਪਹਿਲਾ ਕਾਨੂੰਨ ਰੱਦ ਹੋਇਆ, ਫਿਰ ਉਸ ਤੋਂ ਮਗਰੋਂ ਅੱਡ ਰਹਿਣ, ਖਾਣ ਪੀਣ ਤੇ ਹੋਰ ਵੀ ਕਿੰਨਾ ਹੀ ਕੁਝ ਹੌਲੀ ਹੌਲੀ ਰੱਦ ਹੋਇਆ। ਰੋਜ਼ਾ ਉਨ੍ਹਾਂ ਸਭ ਅੰਦੋਲਨਾਂ ਦੀ ਇੱਕ ਪ੍ਰਮੁੱਖ ਹਸਤੀ ਬਣ ਗਈ, ਜਿਸ ਨੇ ਅਮਰੀਕਾ ’ਚ ਇਸ ਭੇਦਭਾਵ ਨੂੰ ਖ਼ਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਨਾਗਰਿਕ ਅਧਿਕਾਰਾਂ ਲਈ ਚੱਲ ਰਹੀ ਮੁਹਿੰਮ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਤੇ 10 ਸਾਲਾਂ ਬਾਅਦ ਕਾਲਿਆਂ ਦੀ ਗੁਲਾਮੀ ਦੇ ਸਾਰੇ ਕਾਨੂੰਨ ਖ਼ਤਮ ਹੋਏ ਤੇ ਸਭ ਨੂੰ ਬਰਾਬਰਤਾ ਦੇ ਹੱਕ ਮਿਲੇ। ਰੋਜ਼ਾ ਨੂੰ ਨਾਗਰਿਕ ਅਧਿਕਾਰਾਂ ਦੀ ਰੱਖਿਅਕ ਸਮਝਦੇ ਹੋਏ ਉਸ ਨੂੰ ਪ੍ਰੈਜੀਡੈਂਟਲ ਮੈਡਲ ਆਫ ਫਰੀਡਮ, ਕਾਂਗਰੇਸਨਲ ਗੋਲਡ ਮੈਡਲ ਨਾਲ ਸਨਮਾਨਤ ਵੀ ਕੀਤਾ ਗਿਆ ਵਾਸ਼ਿੰਗਟਨ ਡੀ ਸੀ ਵਿੱਚ ਉਸ ਦੀ ਯਾਦਗਾਰ ਬਣਾਈ ਗਈ।
ਇਸ ਲਈ ਇਨਸਾਨ ਦੀ ਜ਼ਿੰਦਗੀ ’ਚ ਜੇ ਕੁਝ ਗ਼ਲਤ ਹੋ ਰਿਹੈ ਤਾਂ ਉਸ ਵਿਰੁੱਧ ਆਵਾਜ਼ ਉਠਾ ਕੇ ਹੀ ਅੱਗੇ ਵਧਿਆ ਜਾ ਸਕਦਾ। ਜਦੋਂ ਤੱਕ ਆਵਾਜ਼ ਨਹੀਂ ਉਠੇਗੀ, ਕੋਈ ਤੁਹਾਡੀ ਨਹੀਂ ਸੁਣੇਗਾ, ਪਰ ਜੇਕਰ ਆਵਾਜ਼ ਉੱਠੇਗੀ ਤਾਂ ਤੁਹਾਡੇ ਮਨ ਦਾ ਡਰ ਖ਼ਤਮ ਹੋ ਜਾਏਗਾ ਅਤੇ ਤੁਹਾਡੇ ਨਾਲ ਹੋ ਰਹੀ ਜ਼ਿਆਦਤੀ ਵੀ ਖ਼ਤਮ ਹੋ ਜਾਵੇਗੀ।