ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਮਰਾ ਨੰਬਰ ਸੈਂਤੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਾਡੀ ਅਮਰੀਕਨ ਨਾਵਲ ਦੀ ਜਮਾਤ ਮੈਡਮ ਡਾ. ਨਿਰਮਲ ਮੁਖਰਜੀ ਲੈਂਦੇ ਹੁੰਦੇ ਸਨ। ਸ਼ੁਰੂ ਸ਼ੁਰੂ ਵਿੱਚ ਤਾਂ ਉਹ ਵਾਲਟ ਵਿਟਮੈਨ ਤੇ ਹੈਨਰੀ ਜੇਮਸ ਪੜ੍ਹਾਉਂਦੇ ਰਹੇ, ਫਿਰ ਵਾਰੀ ਅਮਰੀਕਨ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ‘ਆਈਸਮੈਨ ਕਮਥ’ ਦੀ...
Advertisement

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਾਡੀ ਅਮਰੀਕਨ ਨਾਵਲ ਦੀ ਜਮਾਤ ਮੈਡਮ ਡਾ. ਨਿਰਮਲ ਮੁਖਰਜੀ ਲੈਂਦੇ ਹੁੰਦੇ ਸਨ। ਸ਼ੁਰੂ ਸ਼ੁਰੂ ਵਿੱਚ ਤਾਂ ਉਹ ਵਾਲਟ ਵਿਟਮੈਨ ਤੇ ਹੈਨਰੀ ਜੇਮਸ ਪੜ੍ਹਾਉਂਦੇ ਰਹੇ, ਫਿਰ ਵਾਰੀ ਅਮਰੀਕਨ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ‘ਆਈਸਮੈਨ ਕਮਥ’ ਦੀ ਆਉਣੀ ਸੀ। ਮਸਲਾ ਇਹ ਸੀ ਕਿ ਇਸ ਨਾਟਕ ਦੀ ਟੈਕਸਟ ਬਾਜ਼ਾਰ ਵਿੱਚ ਉਪਲੱਬਧ ਨਹੀਂ ਸੀ। ਜਦ ਮੈਂ ਡਾ. ਮੁਖਰਜੀ ਨੂੰ ਪੁੱਛਿਆ ਕਿ ਟੈਕਸਟ ਕਿੱਥੋਂ ਲਈਏ ਤਾਂ ਉਹ ਕਹਿਣ ਲੱਗੇ ਕਿ ਟੈਕਸਟ ਦੀਆਂ ਕੁਝ ਪਰਤਾਂ ਥੀਏਟਰ ਵਿਭਾਗ ਦੇ ਮੁਖੀ ਬਲਵੰਤ ਗਾਰਗੀ ਪਾਸ ਪਈਆਂ ਹਨ। ਉਹ ਕਹਿਣ ਲੱਗੇ, ‘‘ਬਲਵੰਤ ਨੇ ਸੋਮਵਾਰ ਨੂੰ ਇੰਗਲਿਸ਼ ਆਡੀਟੋਰੀਅਮ ਵਿੱਚ ਆਉਣਾ ਹੈ ਕਿਉਂਕਿ ਉਸ ਦਿਨ ਉੱਥੇ ਵਿਜ਼ਿਟਿੰਗ ਪ੍ਰੋਫੈਸਰ ਮੁਲਕ ਰਾਜ ਆਨੰਦ ਨੇ ਭਾਸ਼ਣ ਦੇਣਾ ਹੈ। ਮੈਂ ਤੁਹਾਨੂੰ ਉੱਥੇ ਗਾਰਗੀ ਨੂੰ ਮਿਲਾ ਦੇਵਾਂਗੀ ਤੇ ਕਹਿ ਦੇਵਾਂਗੀ ਕਿ ਉਹ ਤੁਹਾਨੂੰ ਨਾਟਕ ਦੀ ਇੱਕ ਪਰਤ ਦੇ ਦੇਵੇ। ਤੁਸੀਂ ਉਸ ਦੀ ਫੋਟੋ ਕਾਪੀ ਕਰਵਾ ਲੈਣੀ। ਹੋ ਸਕੇ ਤਾਂ ਹੋਰ ਵਿਦਿਆਰਥੀਆਂ ਨੂੰ ਵੀ ਇਹ ਪਰਤ ਦੇ ਦੇਣੀ ਤਾਂ ਕਿ ਉਹ ਵੀ ਉਸ ਦੀਆਂ ਫੋਟੋ ਕਾਪੀਆਂ ਕਰਾ ਲੈਣ।’’

ਮੈਨੂੰ ਵੀ ਪਤਾ ਸੀ ਕਿ ਡਾ. ਮੁਲਕ ਰਾਜ ਆਨੰਦ ਮੁੰਬਈ ਤੋਂ ਯੂਨੀਵਰਸਿਟੀ ਵਿੱਚ ਪੰਜ ਲੈਕਚਰ ਦੇਣ ਆਏ ਹੋਏ ਸਨ। ਮੈਂ ਉਸ ਦੇ ਪਹਿਲੇ ਦੋ ਲੈਕਚਰ ਗਾਂਧੀ ਭਵਨ ਵਿਖੇ ਸੁਣ ਚੁੱਕਾ ਸਾਂ। ਸੋਮਵਾਰ ਨੂੰ ਜਦ ਆਨੰਦ ਲੈਕਚਰ ਦੇ ਰਿਹਾ ਸੀ ਤਾਂ ਸਾਰਾ ਅੰਗਰੇਜ਼ੀ ਵਿਭਾਗ ਤੇ ਕੁਝ ਹੋਰ ਚਿੰਤਕ ਉਸ ਦਾ ਲੈਕਚਰ ਸੁਣ ਰਹੇ ਸਨ। 5 ਮਿੰਟ ਬਾਅਦ ਬਲਵੰਤ ਗਾਰਗੀ ਆਇਆ ਤੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਕੇ ਪਿਛਲੀ ਸੀਟ ’ਤੇ ਚੁੱਪਚਾਪ ਬੈਠ ਗਿਆ। ਜਦ ਆਨੰਦ ਦਾ ਲੈਕਚਰ ਖ਼ਤਮ ਹੋਇਆ ਤਾਂ ਮੈਡਮ ਨੇ ਆਡੀਟੋਰੀਅਮ ਤੋਂ ਬਾਹਰ ਆ ਕੇ ਮੈਨੂੰ ਗਾਰਗੀ ਨੂੰ ਮਿਲਾ ਦਿੱਤਾ ਤੇ ਨਾਟਕ ਦੀ ਟੈਕਸਟ ਦੀ ਗੱਲ ਕਰ ਦਿੱਤੀ।

Advertisement

ਮੈਂ ਤਾਂ ਗਾਰਗੀ ਨੂੰ ਪਹਿਲਾਂ ਹੀ ਜਾਣਦਾ ਸਾਂ ਕਿਉਂਕਿ ਉਸ ਦਾ ਥੀਏਟਰ ਹੋਸਟਲ ਦੋ ਦੇ ਤਿੰਨ ਨੰਬਰ ਬਲਾਕ ਵਿੱਚ ਮੇਰੇ 37 ਨੰਬਰ ਕਮਰੇ ਦੇ ਮੂਹਰੇ ਸੀ। ਥੀਏਟਰ ਅਤੇ ਸਾਡੇ ਹੋਸਟਲ ਵਿਚਕਾਰ ਇੱਕ ਛੋਟੀ ਜਿਹੀ ਸੜਕ ਤੇ ਕੰਡਿਆਲੀ ਵਾੜ ਹੀ ਸੀ। ਮੇਰੇ ਕਮਰੇ ਵਿੱਚੋਂ ਥੀਏਟਰ ਦੀ ਸਾਰੀ ਕਾਰਵਾਈ ਨਜ਼ਰ ਆਉਂਦੀ ਰਹਿੰਦੀ ਸੀ। ਥੀਏਟਰ ਓਪਨ ਏਅਰ ਏ ਤੇ ਕਿਰਦਾਰਾਂ ਦੀਆਂ ਉੱਚੀਆਂ ਆਵਾਜ਼ਾਂ ਬਲਾਕ ਤਿੰਨ ਦੇ ਪੂਰਬ ਵੱਲ ਦੀਆਂ ਉੱਪਰਲੀਆਂ ਦੋ ਮੰਜ਼ਲਾਂ ਦੇ 40 ਕਮਰਿਆਂ ਨੂੰ ਤੇ ਬਲਾਕ ਚਾਰ ਦੀਆਂ ਦੋਵੇਂ ਡੌਰਮਿਟਰੀਆਂ ਨੂੰ ਖਾਸੇ ਤੌਰ ’ਤੇ ਪਰੇਸ਼ਾਨ ਕਰਿਆ ਕਰਦੀਆਂ ਸਨ। ਇਹ 1973 ਦੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਦੇ ਦਿਨ ਸਨ। ਉੱਧਰ ਪਰੇਸ਼ਾਨ ਹੋਣ ਵਾਲੇ ਸਾਰੇ ਵਿਦਿਆਰਥੀਆਂ ਵਿੱਚ ਇਹ ਖੁਸਰ ਮੁਸਰ ਵੀ ਸੀ ਕਿ ਗਾਰਗੀ ਦੀ ਰਿਹਰਸਲ ਮਹੀਨੇ ਲਈ ਬੰਦ ਕਰਵਾਈ ਜਾਵੇ ਤਾਂ ਕਿ ਪਰਚੇ ਸੁਖਾਵੇਂ ਮਾਹੌਲ ਵਿੱਚ ਦਿੱਤੇ ਜਾ ਸਕਣ। ਕੁਝ ਸ਼ਰਾਰਤੀ ਹੋਸਟਲਰ ਤਾਂ ਸਾਹਮਣਿਓਂ ਆਪਣੀ ਡੌਰਮਿਟਰੀ ਵਿੱਚੋਂ ਥੋੜ੍ਹਾ ਜਿਹਾ ਬਾਹਰ ਨੂੰ ਨਿਕਲ ਕੇ ਗਾਰਗੀ ਨੂੰ ਜ਼ੋਰ ਦੀ ਬੁਰਾ ਭਲਾ ਆਖ ਕੇ ਅੰਦਰ ਵੜ ਜਾਇਆ ਕਰਦੇ ਸਨ। ਇੱਕ ਹਰਿਆਣੇ ਦੇ ਗੁੜਗਾਓਂ ਦਾ ਹਰੀਸ਼ ਕਟਾਰੀਆ (ਜਾਅਲੀ ਨਾਮ) ਤਾਂ ਆਪਣੇ ਘਰੋਂ ਟੇਪ ਰਿਕਾਰਡਰ ਵੀ ਲੈ ਕੇ ਆਇਆ ਸੀ। ਉਹ ਆਪਣੀ ਡੌਰਮਿਟਰੀ ’ਤੇ ਆਪਣਾ ਰਿਕਾਰਡਰ ਰੱਖ ਕੇ ਵਿੱਚ ਰਿਕਾਰਡ ਲਗਾ ਕੇ ਪੂਰੀ ਆਵਾਜ਼ ਛੱਡ ਦਿਆ ਕਰਦਾ ਸੀ:

ਹਮ ਤੁਮ ਇੱਕ ਕਮਰੇ ਮੇਂ ਬੰਦ ਹੋਂ

ਔਰ ਚਾਬੀ ਖੋਹ ਜਾਏ।

ਗਾਰਗੀ ਦੇ ਕਿਰਦਾਰ ਵੀ ਦੁਖੀ ਹੁੰਦੇ ਸਨ ਤੇ ਗਾਰਗੀ ਖ਼ੁਦ ਵੀ। ਮੈਨੂੰ ਇਹ ਡਰ ਸੀ ਕਿ ਗਾਰਗੀ ਨੂੰ ਮੇਰੇ ਕਮਰੇ ਦੀ ਲੋਕੇਸ਼ਨ ਦਾ ਪਤਾ ਨਾ ਲੱਗ ਜਾਵੇ, ਕਿਤੇ ਮੈਨੂੰ ਨਾਟਕ ਦੀ ਪਰਤ ਦੇਣ ਤੋਂ ਹੀ ਨਾ ਮੁੱਕਰ ਜਾਵੇ। ਮੈਂ ਚੁੱਪਚਾਪ ਜਾ ਕੇ ਉਸ ਤੋਂ ਨਾਟਕ ਦੀ ਪਰਤ ਲੈ ਲਈ ਤੇ ਆਪਣੀ ਬਾਲਕੋਨੀ ਵਿੱਚ ਨੂੰ ਨਿਕਲਣਾ ਵੀ ਘੱਟ ਕਰ ਦਿੱਤਾ। ਗਾਰਗੀ ਨੇ ਹਰੀਸ਼ ਦੇ ਕਮਰੇ ਦੀ ਲੋਕੇਸ਼ਨ ਦੱਸ ਕੇ ਹੋਸਟਲ ਦੇ ਵਾਰਡਨ ਪਾਸ ਸ਼ਿਕਾਇਤ ਕੀਤੀ। ਹਰੀਸ਼ ਵਾਰਡਨ ਅੱਗੇ ਪੇਸ਼ ਹੋ ਗਿਆ। ਅੱਗੇ ਪਤਾ ਨਹੀਂ ਕੀ ਹੋਇਆ। ਇੰਨਾ ਜ਼ਰੂਰ ਹੋਇਆ ਕਿ ਰਿਹਰਸਲ ਹਫ਼ਤਾ ਕੁ ਹੋਰ ਚੱਲੀ ਤੇ ਫਿਰ ਬੰਦ ਹੋ ਗਈ। ਮੈਨੂੰ ਇੱਕ ਹੈਰਾਨੀ ਜ਼ਰੂਰ ਹੋਈ, ਜਦੋਂ ਤਿੰਨ ਕੁ ਮਹੀਨੇ ਬਾਅਦ ਗਾਰਗੀ ਦੀ ਸਵੈਜੀਵਨੀ ‘ਨੰਗੀ ਧੁੱਪ’ ਬਾਜ਼ਾਰ ਵਿੱਚ ਆਈ ਤਾਂ ਉਹਦੇ ਵਿੱਚ ਇੱਕ ਪੂਰਾ ਕਾਂਡ ਹੋਸਟਲ ਦੇ ਮੁੰਡਿਆਂ ਦੀਆਂ ਸ਼ਰਾਰਤਾਂ ਤੇ ਬਦਦਿਮਾਗ਼ੀਆਂ ਬਾਰੇ ਸੀ। ਮੈਨੂੰ ਇਸ ਕਾਂਡ ਦਾ ਬਹੁਤਾ ਹਿੱਸਾ ਸਾਡੇ ਬਲਾਕਾਂ ਦੇ ਸ਼ਰਾਰਤੀਆਂ ਦੀਆਂ ਮਨਮਾਨੀਆਂ ਬਾਰੇ ਸਾਫ਼ ਸਾਫ਼ ਨਜ਼ਰ ਆਇਆ। ਖੈਰ! ਮੇਰਾ ਕਮਰਾ ਪੂਰੇ ਨਿਸ਼ਾਨੇ ’ਤੇ ਹੋ ਕੇ ਵੀ ਕਿਸੇ ਤੋਹਮਤ ਤੋਂ ਬਚ ਗਿਆ।

ਮੇਰੇ ਕਮਰੇ ਦੇ ਹੇਠਾਂ 13 ਨੰਬਰ ਕਮਰੇ ਵਿੱਚ ਟਾਂਡੇ ਨੇੜਲੇ ਇੱਕ ਪਿੰਡ ਦਾ ਮੁੰਡਾ ਮਨਜੀਤ ਸਿੰਘ (ਅਸਲੀ ਨਾਮ) ਰਹਿੰਦਾ ਸੀ। ਕਈ ਵਾਰ ਉਹਨੇ ਆਪਣੇ ਕਮਰੇ ਦੇ ਮੂਹਰੇ ਘਾਹ ’ਤੇ ਕੁਰਸੀ ਡਾਹ ਕੇ ਬੈਠਾ ਹੋਣਾ। ਮੈਂ ਉੱਪਰ ਆਪਣੀ ਬਾਲਕੋਨੀ ’ਤੇ ਖੜ੍ਹਾ ਹੋਣਾ। ਹੈਲੋ ਹਾਏ ਹੁੰਦੀ ਹੁੰਦੀ ਵਾਕਫੀਅਤ ਤੱਕ ਵਧ ਗਈ। ਜਦ ਮੈਂ ਪੁੱਛਿਆ ਕਿ ਕਾਹਦੀ ਪੜ੍ਹਾਈ ਕਰ ਰਹੇ ਹੋ ਤਾਂ ਉਹ ਕਹਿਣ ਲੱਗਾ ਕਿ ਉਹ ਪੰਜਾਬੀ ਦੀ ਐੱਮ. ਏ. ਕਰ ਰਿਹਾ ਏ। ਮੈਂ ਥੱਲੇ ਉਤਰ ਕੇ ਮੈੱਸ ਤੇ ਕੰਟੀਨ ਵੱਲ ਜਾਣਾ ਤਾਂ ਉਸ ਨੇ ਵੀ ਮੇਰੇ ਨਾਲ ਚੱਲ ਪੈਣਾ। ਵਾਕਫੀਅਤ ਵਧਦੀ ਗਈ। ਗੱਲਾਂ ਵੱਧ ਹੋਣ ਲੱਗ ਪਈਆਂ।

‘‘ਅੱਜ ਮਨ ਬੜਾ ਖ਼ਰਾਬ ਹੋਇਆ, ਭਾਅ ਜੀ।’’ ਇੱਕ ਦਿਨ ਸ਼ਾਮ ਨੂੰ ਮਨਜੀਤ ਕਹਿਣ ਲੱਗਾ।

‘‘ਕੀ ਗੱਲ ਹੋਈ?’’

‘‘ਹੁਣੇ ਹੁਣੇ ਹਸਪਤਾਲ ਤੋਂ ਆਇਆ ਹਾਂ। ਯਾਰ ਸ਼ਿਵ ਨੂੰ ਹੁਣੇ ਹਸਪਤਾਲ ਤੋਂ ਚੁੱਕ ਕੇ ਉਸ ਦੇ ਸਹੁਰੇ ਪਿੰਡ ਲੈ ਗਏ ਨੇ।’’

‘‘ਕਿਹੜਾ ਸ਼ਿਵ?’’

‘‘ਭਾਅ ਜੀ, ਸ਼ਿਵ ਬਟਾਲਵੀ।’’

‘‘ਅੱਛਾ ਮੈਂ ਉਹਦੇ ਬਾਰੇ ਥੋੜ੍ਹਾ ਥੋੜ੍ਹਾ ਜਾਣਦਾ ਹਾਂ। ਉਹਦੇ ਗੀਤ ਤੇ ਗ਼ਜ਼ਲਾਂ ਕਦੀ ਕਦੀ ਰੇਡੀਓ ’ਤੇ ਸੁਣੇ ਹਨ। ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਕੀ ਇਹ ਗ਼ਜ਼ਲ ਵੀ ਉਸ ਦੀ ਹੀ ਏ?’’

‘‘ਸਾਰੀ ਦੁਨੀਆ ਜਾਣਦੀ ਏ ਕਿ ਇਹ ਗ਼ਜ਼ਲ ਉਸ ਦੀ ਏ। ਆਸਾ ਸਿੰਘ ਮਸਤਾਨਾ ਨੇ ਇੰਨੀ ਵਧੀਆ ਗਾਈ ਏ।’’

‘‘ਮਨਜੀਤ ਮੇਰਾ ਬਹੁਤਾ ਵਾਹ ਅੰਗਰੇਜ਼ੀ ਸਾਹਿਤ ਨਾਲ ਹੀ ਰਿਹਾ ਏ। ਮੈਂ ਅੰਗਰੇਜ਼ੀ ਦੀ ਆਨਰਜ਼ ਫਸਟ ਕਲਾਸ ਵਿੱਚ ਕਰਕੇ ਤੇਰੇ ਇਲਾਕੇ ਤੋਂ ਹੀ ਇੱਥੇ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਆਇਆ ਸੀ। ਹੁਣ ਐੱਮ. ਏ. ਅੰਗਰੇਜ਼ੀ ਫਾਈਨਲ ਵਿੱਚ ਹੋਣ ਜਾ ਰਿਹਾ ਹਾਂ। ਭਾਵੇਂ ਪੰਜਾਬੀ ਸਾਹਿਤ ਬਾਰੇ ਥੋੜ੍ਹਾ ਕੁ ਹੀ ਜਾਣਦਾ ਹਾਂ। ਤੂੰ ਤਾਂ ਐੱਮ. ਏ. ਹੀ ਪੰਜਾਬੀ ਦੀ ਕਰ ਰਿਹਾ ਏਂ। ਤੇਰਾ ਸ਼ਿਵ ਨਾਲ ਬੜਾ ਲਗਾਅ ਲੱਗਦਾ ਏ।’’

‘‘ਭਾਅ ਜੀ, ਮੈਂ ਤਾਂ ਸ਼ਿਵ ’ਤੇ ਥੀਸਿਸ ਵੀ ਲਿਖਣਾ ਏ।’’

‘‘ਰੀਅਲੀ? ਇਸ ਦਾ ਮਤਲਬ ਇਹ ਕਿ ਤੇਰੇ ਪਾਸ ਤਾਂ ਸ਼ਿਵ ਦਾ ਸਾਰਾ ਸਾਹਿਤ ਮੌਜੂਦ ਹੋਵੇਗਾ?’’

‘‘ਹਾਂ, ਮੇਰੇ ਪਾਸ ਸ਼ਿਵ ਦੀਆਂ ਸਾਰੀਆਂ ਪੁਸਤਕਾਂ ਹਨ।’’

‘‘ਕੀ ਮੈਂ ਵੀ ਇਨ੍ਹਾਂ ਪੁਸਤਕਾਂ ’ਤੇ ਨਜ਼ਰ ਮਾਰ ਸਕਦਾ ਹਾਂ?’’

‘‘ਕਿਉਂ ਨਹੀਂ? ਹੁਣ ਵਾਪਸ ਜਾਂਦੇ ਜਾਂਦੇ ਮੇਰੇ ਕਮਰੇ ਵਿੱਚ ਸ਼ਿਵ ਦੀਆਂ ਪੁਸਤਕਾਂ ’ਤੇ ਨਜ਼ਰ ਮਾਰ ਜਾਵੀਂ।’’

‘‘ਚੰਗਾ।’’

ਅਸੀਂ ਮੈੱਸ ਵਿੱਚ ਖਾਣਾ ਖਾਧਾ। ਫਿਰ ਅੱਧੇ ਕੁ ਘੰਟੇ ਲਈ ਕਾਮਨ ਰੂਮ ਵਿੱਚ ਬੈਠ ਗਏ। ਮੈਂ ਅਖ਼ਬਾਰਾਂ ’ਤੇ ਨਜ਼ਰ ਮਾਰਦਾ ਰਿਹਾ। ਉਹ ਟੀ. ਵੀ. ਦੇਖਦਾ ਰਿਹਾ। ਟ੍ਰਿਬਿਊਨ ਵਿੱਚ ਖ਼ਬਰ ਸੀ;

‘‘ਸ਼ਿਵ ਬਟਾਲਵੀ ਦੀ ਸਿਹਤ ਖ਼ਰਾਬ, ਫੇਫੜੇ ਛਲਣੀ, ਬਿਮਾਰ ਕਵੀ ਨੂੰ ਹਸਪਤਾਲ ਤੋਂ ਛੁੱਟੀ।’’

ਜਦ ਅਸੀਂ ਕਾਮਨ ਰੂਮ ’ਚੋਂ ਉੱਠ ਕੇ ਆਪਣੇ ਕਮਰਿਆਂ ਵੱਲ ਨੂੰ ਤੁਰੇ ਤਾਂ ਮੈਥੋਂ ਦੱਸਣੋਂ ਨਾ ਰਿਹਾ ਗਿਆ।

‘‘ਮਨਜੀਤ, ਤੇਰਾ ਸ਼ਿਵ ਤਾਂ ਜ਼ਿਆਦਾ ਹੀ ਗੰਭੀਰ ਏ। ਬਿਮਾਰੀ ਲਾਇਲਾਜ ਲੱਗਦੀ ਏ।’’

‘‘ਕਿਉਂ ਕੀ ਗੱਲ ਹੋਈ?’’

‘‘ਮੈਂ ਅਖ਼ਬਾਰ ਵਿੱਚ ਖ਼ਬਰ ਪੜ੍ਹ ਕੇ ਆਇਆ ਹਾਂ।’’

‘‘ਸੱਚੀਂ?’’

‘‘ਹਾਂ।’’

‘‘ਯਾਰ, ਅਸੀਂ ਤਾਂ ਕੱਲ੍ਹ ਨੂੰ ਹਸਪਤਾਲ ਜਾਣ ਬਾਰੇ ਸੋਚਿਆ ਸੀ। ਮੇਰਾ ਇੱਕ ਹੋਰ ਦੋਸਤ ਹੋਸਟਲ ਨੰਬਰ 3 ਵਿੱਚ ਰਹਿੰਦਾ ਏ। ਉਹ ਵੀ ਸ਼ਿਵ ਦਾ ਭਗਤ ਏ। ਉਹ ਤਾਂ ਉਸ ਦੇ ਕਈ ਕਵੀ ਦਰਬਾਰਾਂ ਵਿੱਚ ਵੀ ਸ਼ਿਰਕਤ ਕਰ ਚੁੱਕਾ ਏ।’’

‘‘ਮਨਜੀਤ, ਤੁਸੀਂ ਸ਼ਿਵ ਨੂੰ ਮਿਲਣ ਲਈ ਬਹੁਤ ਦੇਰ ਕਰ ਦਿੱਤੀ। ਜੇ ਤੁਸੀਂ ਹਸਪਤਾਲ ਵਿੱਚ ਚਲੇ ਵੀ ਜਾਂਦੇ ਤਾਂ ਵੀ ਸ਼ਾਇਦ ਤੁਸੀਂ ਉਸ ਨੂੰ ਨਾ ਮਿਲ ਸਕਦੇ। ਅਗਲਿਆਂ ਨੇ ਆਈ. ਸੀ. ਯੂ. ਵਿੱਚ ਰੱਖਿਆ ਹੋਇਆ ਹੋਊ। ਇਸ ਪ੍ਰਕਾਰ ਦੇ ਗੰਭੀਰ ਰੋਗੀਆਂ ਨੂੰ ਹਸਪਤਾਲ ਕਿੱਥੇ ਮਿਲਣ ਦਿੰਦਾ ਹੋਊ। ਹੁਣ ਤਾਂ ਤੁਸੀਂ ਉਸ ਦੇ ਦਰਸ਼ਨ ਉਸ ਦੇ ਪਿੰਡ ਬਟਾਲੇ ਜਾ ਕੇ ਜਾਂ ਉਹਦੇ ਸਹੁਰੇ ਪਿੰਡ ਕੀਰ ਮੰਘਿਆਲ ਹੀ ਕਰ ਸਕਦੇ ਹੋ। ਆਪਣਾ ਇਲਾਕਾ ਵੀ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਹੀ ਲੱਗਦਾ ਏ। ਥੋੜ੍ਹਾ ਠੀਕ ਹੋ ਲੈਣ ਦੇ, ਫਿਰ ਆਪਾਂ ਕਿਤੇ ਗੇੜਾ ਮਾਰ ਆਵਾਂਗੇ।’’

‘‘ਚਲੋ ਠੀਕ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਉਹਦੇ ਸਹੁਰੇ ਪਿੰਡ ਲੈ ਕੇ ਗਏ ਹੋਣਗੇ। ਇਹ ਪਿੰਡ ਪਠਾਨਕੋਟ ਦੇ ਨੇੜੇ ਪੈਂਦਾ ਏ।’’

ਅਸੀਂ ਮਨਜੀਤ ਦੇ ਕਮਰੇ ਵਿੱਚ ਪਹੁੰਚ ਗਏ। ਮਨਜੀਤ ਦੀ ਅਲਮਾਰੀ ਵਿੱਚ ਸ਼ਿਵ ਦੀਆਂ ਸਾਰੀਆਂ ਪੁਸਤਕਾਂ ਦੇ ਟਾਈਟਲ ਨਜ਼ਰ ਆ ਰਹੇ ਸਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਦਾ ਸੁਲਤਾਨ, ਲੂਣਾ, ਮੈਂ ਤੇ ਮੈਂ, ਆਰਤੀ, ਸੋਗ, ਚੁੱਪ ਦੀ ਆਵਾਜ਼, ਅਲਵਿਦਾ ਅਤੇ ਅਸਾਂ ਜੋਬਨ ਰੁੱਤੇ ਮਰਨਾ। ਮੈਂ ਸਾਰੀਆਂ ਪੁਸਤਕਾਂ ਵਿੱਚੋਂ ‘ਆਰਤ’ ਤੇ ‘ਪੀੜਾਂ ਦਾ ਪਰਾਗਾ’ ਖਿੱਚੀਆਂ। ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਹਫ਼ਤੇ ਬਾਅਦ ਮੈਂ ਇਹ ਮਨਜੀਤ ਨੂੰ ਮੋੜ ਦਿੱਤੀਆਂ ਤੇ ਦੋ ਹੋਰ ਲੈ ਲਈਆਂ। ਇੰਜ ਦੋ-ਦੋ ਕਰਕੇ ਮੈਂ ਪੜ੍ਹਦਾ ਗਿਆ। ਪ੍ਰਭਾਵਸ਼ਾਲੀ ਸਤਰਾਂ ਮੈਂ ਆਪਣੀ ਡਾਇਰੀ ’ਤੇ ਲਿਖਦਾ ਗਿਆ। ਆਖਰ ‘ਲੂਣਾ’ ਪੜ੍ਹ ਕੇ ਤਾਂ ਮੈਂ ਸੋਚਦਾ ਹੀ ਰਹਿ ਗਿਆ। ਮੈਂ ਇਸ ਦੀ ਤੁਲਨਾ ਅੰਗਰੇਜ਼ੀ ਸਾਹਿਤ ਦੇ ਵੱਡੇ ਜਗਿਆਸੂਆਂ ਸ਼ੇਕਸਪੀਅਰ ਦੇ ‘ਹੈਮਲਟ’ ਤੇ ਮਿਲਟਨ ਦੇ ‘ਪੈਰਾਡਾਈਜ਼ ਲੌਸਟ’ ਨਾਲ ਵੀ ਕਰਦਾ ਗਿਆ। ‘ਲੂਣਾ’ ਪੜ੍ਹ ਕੇ ਮੈਂ ਸ਼ਿਵ ਦਾ ਕਾਇਲ ਹੀ ਹੋ ਗਿਆ। ਜਦ ਨੂੰ ਮਈ ਮਹੀਨੇ ਦੀ 6 ਤਾਰੀਖ ਆ ਗਈ। ਰੇਡੀਓ ’ਤੇ ਸ਼ਾਮ ਨੂੰ ਖ਼ਬਰ ਆਈ;

‘ਪੰਜਾਬ ਦਾ ਪ੍ਰਸਿੱਧ ਕਵੀ ਸ਼ਿਵ ਨਹੀਂ ਰਿਹਾ।’ ਸਵੇਰੇ ਅਖ਼ਬਾਰਾਂ ਸ਼ਿਵ ਬਾਰੇ ਸੋਗਮਈ ਖ਼ਬਰਾਂ ਤੇ ਤਬਸਰਿਆਂ ਨਾਲ ਭਰੀਆਂ ਪਈਆਂ ਸਨ। ਮੇਰਾ ਕਮਰਾ ਨੰਬਰ 37 ਸੀ। 37 ਨੂੰ ਉਲਟਾ ਦਿਓ ਤਾਂ 73 ਬਣਦਾ ਹੈ, ਉਸ ਦੀ 1973 ਵਿੱਚ ਮੌਤ ਹੋਈ। ਸ਼ਿਵ ਦੀ ਮੌਤ 37ਵੇਂ ਸਾਲ ਵਿੱਚ ਤੇ ਮੇਰਾ ਕਮਰਾ ਨੰਬਰ ਵੀ 37 ਸੀ। ਸੰਨ ’73 ਨੂੰ ਉਲਟਾ ਕਰ ਦਿਓ ਤਾਂ 37 ਬਣਦਾ ਹੈ। ਮਨਜੀਤ ਦੇ ਕਮਰੇ ਦਾ ਨੰਬਰ 13 ਵੀ ਥੋੜ੍ਹਾ ਥੋੜ੍ਹਾ 37 ਤੇ 73 ਨੰਬਰਾਂ ਜਿਹਾ ਹੀ ਏ। ਸ਼ਿਵ ਦੁਆਰਾ ਲਿਖੀਆਂ ਪੁਸਤਕਾਂ ਦੀ ਗਿਣਤੀ ਵੀ 13 ਹੀ ਹੈ। ਸ਼ਿਵ ਦਾ ਜਨਮ 23 ਜੁਲਾਈ 1936 ਦਾ ਏ। ਇਨ੍ਹਾਂ ਅੰਕੜਿਆਂ ਵਿੱਚ ਵੀ 3 ਨੰਬਰ ਅੰਕੜਾ ਪ੍ਰਧਾਨ ਏ। ਜਿਸ ਮਹਾਨਗਰ ਵਿੱਚ ਉਸ ਦੀ ਕਵਿਤਾ ਨੇ ਸਿਖਰਾਂ ਨੂੰ ਛੂਹਿਆ ਉਸ ਯਾਨੀ ਚੰਡੀਗੜ੍ਹ ਵਿੱਚ 13 ਨੰਬਰ ਸੈਕਟਰ ਹੈ ਹੀ ਨਹੀਂ। ਉਸ ਦੇ ਜੀਵਨ ਵਿੱਚ 3 ਨੰਬਰ ਅੰਕੜਾ ਸਕਾਰਾਤਮਕ ਤੇ ਨਕਾਰਾਤਮਕ ਦੋਹਾਂ ਰੂਪਾਂ ਵਿੱਚ ਹੀ ਭਾਰੂ ਰਿਹਾ। ਨਾਲ ਹੀ ਮੇਰੀਆਂ ਅੱਖਾਂ ਮੂਹਰੇ ਹੋਰ ਕਿੰਨੇ ਹੀ ਕਿਰਨ ਖੇਰ, ਮਨਜੀਤ ਟਿਵਾਣਾ, ਪਿੰਜੌਰ ਗਾਰਡਨ ਦਾ ਮਸਤ ਕਵੀ, ਰਾਕ ਗਾਰਡਨ ਵਾਲਾ ਨੇਕ ਚੰਦ, ਚੰਡੀਗੜ੍ਹ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲਾ ਮਹਿੰਦਰ ਸਿੰਘ ਰੰਧਾਵਾ ਜਿਹੇ ਆ ਟਪਕੇ, ਜਿਹੜੇ ਉਸ ਸਮੇਂ ਆਪਣੀ ਕਲਾ ਦੀ ਪ੍ਰਦਰਸ਼ਨੀ ਦੀ ਪੌੜੀ ਦੇ ਪੌਡਿਆਂ ’ਤੇ ਤੇਜ਼ੀ ਨਾਲ ਚੜ੍ਹ ਰਹੇ ਸਨ।

ਪੰਘੂੜੇ ’ਚ ਸਿੱਖੀਆਂ ਗੱਲਾਂ ਕਬਰਾਂ ਤੱਕ ਨਾਲ ਚੱਲਦੀਆਂ ਹਨ।

ਸੰਪਰਕ:- 61 437 641 033

Advertisement
Show comments