ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸਲੀ ਵਿਤਕਰਾ ਤੇ ਪਰਵਾਸ

ਨਸਲੀ ਵਿਤਕਰਾ ਪਰਵਾਸ ਨਾਲ ਜੁੜਿਆ ਗੰਭੀਰ ਮਸਲਾ ਹੈ ਜਿਹੜਾ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਵੀ ਜਾਰੀ ਹੈ। ਸੰਸਾਰ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਹੋਵੇਗਾ ਜਿੱਥੇ ਇਸ ਦੇ ਸ਼ਿਕਾਰ ਲੋਕ ਨਾ ਮਿਲਦੇ ਹੋਣ। ਇਸ ਦੇ ਰੁਕਣ ਜਾਂ ਖ਼ਤਮ ਹੋਣ...
Advertisement

ਨਸਲੀ ਵਿਤਕਰਾ ਪਰਵਾਸ ਨਾਲ ਜੁੜਿਆ ਗੰਭੀਰ ਮਸਲਾ ਹੈ ਜਿਹੜਾ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਵੀ ਜਾਰੀ ਹੈ। ਸੰਸਾਰ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਹੋਵੇਗਾ ਜਿੱਥੇ ਇਸ ਦੇ ਸ਼ਿਕਾਰ ਲੋਕ ਨਾ ਮਿਲਦੇ ਹੋਣ। ਇਸ ਦੇ ਰੁਕਣ ਜਾਂ ਖ਼ਤਮ ਹੋਣ ਦਾ ਸਵਾਲ ਅਜੇ ਤੱਕ ਅਣਸੁਲਝਿਆ ਹੀ ਹੈ। ਅਮੀਰ ਦੇਸ਼ਾਂ ਦੀ ਧਰਤੀ ’ਤੇ ਪਰਵਾਸੀਆਂ ਵੱਲੋਂ ਸਖ਼ਤ ਮਿਹਨਤ ਕਰਨ, ਉਨ੍ਹਾਂ ਦੀ ਆਰਥਿਕ ਤਰੱਕੀ ਵਿੱਚ ਵੱਡਾ ਹਿੱਸਾ ਪਾਉਣ ਅਤੇ ਅਨੁਸ਼ਾਸਨ ਅਨੁਸਾਰ ਢਲ ਜਾਣ ਦੇ ਬਾਵਜੂਦ ਨਸਲੀ ਵਿਤਕਰਾ ਖ਼ਤਮ ਨਹੀਂ ਹੋਇਆ।

ਮੀਡੀਆ ਇਸ ਵਿਤਕਰੇ ਦੇ ਸ਼ਿਕਾਰ ਲੋਕਾਂ ਦੀਆਂ ਖ਼ਬਰਾਂ ਦਿਖਾ ਕੇ ਦਿਲਾਂ ਵਿੱਚ ਸਹਿਮ ਪੈਦਾ ਕਰਦਾ ਹੈ। ਦੂਸਰੇ ਪਾਸੇ ਨਸਲੀ ਜ਼ੁਲਮ ਕਰਨ ਵਾਲਿਆਂ ਦੇ ਨਫ਼ਰਤੀ ਚਿਹਰੇ ਸਾਹਮਣੇ ਆਉਂਦੇ ਹਨ। ਮਨੁੱਖ ਵਿਗਿਆਨਕ ਖੋਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਹਾਲੇ ਤੱਕ ਨਹੀਂ ਸਮਝ ਸਕਿਆ ਕਿ ਸਾਰੇ ਮਨੁੱਖ ਇੱਕੋ ਨਸਲ ਦੇ ਹਨ। ਉਨ੍ਹਾਂ ਵਿਚਲਾ ਫ਼ਰਕ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਵਸਣ ਕਰਕੇ ਹੀ ਹੈ। ਇਸੇ ਫ਼ਰਕ ਨੇ ਵੱਖ-ਵੱਖ ਜੀਵਨ-ਦਰਸ਼ਨ ਪੈਦਾ ਕੀਤੇ ਹਨ।

Advertisement

ਨਾਗਰਿਕ ਜਾਂ ਅਨੁਸ਼ਾਸਿਤ ਵਿਅਕਤੀ ਨੂੰ ਨਿਰਮਤ ਕਰਨ ਵਿੱਚ ਦੇਸ਼ ਦੀਆਂ ਸੱਭਿਆਚਾਰਕ ਅਤੇ ਕਾਨੂੰਨੀ ਸੰਸਥਾਵਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਵਿਅਕਤੀ ਦੀ ਸੰਵੇਦਨਾ ਤੋਂ ਲੈ ਕੇ ਸਮਾਜਿਕ ਵਿਹਾਰ ਦੇ ਸਾਰੇ ਸਿਧਾਤਾਂ ਨੂੰ ਰਸਮੀ ਸਿੱਖਿਆ ਦੀਆਂ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਰਾਜਨੀਤਕ ਜ਼ਰੂਰਤਾਂ ਅਤੇ ਆਰਥਿਕ ਸੋਮਿਆਂ ਅਨੁਸਾਰ ਘੜਿਆ ਜਾਂਦਾ ਹੈ। ਕਿਸੇ ਇੱਕ ਸੰਸਥਾ ਦਾ ਉਲਾਰਪੁਣਾ ਜਾਂ ਸਰਦਾਰੀ ਹੀ ਨਾਗਰਿਕ ਨੂੰ ਹੰਕਾਰੀ, ਦੰਭੀ, ਮੱਕਾਰ ਅਤੇ ਭ੍ਰਿਸ਼ਟ ਬਣਾਉਣ ਲਈ ਕਾਫ਼ੀ ਹੈ। ਇੱਕ ਸੰਸਥਾ ਭ੍ਰਿਸ਼ਟ ਤਾਂ ਸਾਰੀਆਂ ਹੀ ਭ੍ਰਿਸ਼ਟ। ਕਿਸੇ ਦੇਸ਼ ਦੀਆਂ ਸੱਭਿਆਚਾਰਕ ਤੇ ਰਾਜਨੀਤਕ ਸੰਸਥਾਵਾਂ ਅਛੋਪਲੇ ਹੀ ਨਾਗਰਿਕਾਂ ਦੇ ਲਹੂ ਵਿੱਚ ਆਦੇਸ਼ਾਂ ਨੂੰ ਸਮੋ ਦਿੰਦੀਆਂ ਹਨ। ਉਹ ਇਨ੍ਹਾਂ ਆਦੇਸ਼ਾਂ ਅਨੁਸਾਰ ਹੀ ਵਿਹਾਰ ਕਰਦੇ ਹਨ। ਸੰਸਾਰ ਦੇ ਹਰ ਕੋਨੇ ਵਿੱਚ ਹੋਣ ਵਾਲੇ ਨਸਲੀ ਵਿਤਕਰੇ ਦੀ ਅੱਗ ਇਨ੍ਹਾਂ ਸੰਸਥਾਵਾਂ ਦੀ ਮਿੱਟੀ ਵਿੱਚੋਂ ਹੀ ਪੁੰਗਰਦੀ ਹੈ।

ਨਸਲੀ ਵਿਤਕਰੇ ਦੇ ਮੂਲ ਦੋ ਕਾਰਨ ਹਨ। ਪਹਿਲਾ ਪਰਵਾਸੀਆਂ ਦੁਆਰਾ ਮੂਲਵਾਸੀਆਂ ਦੇ ਰੁਜ਼ਗਾਰ ’ਤੇ ਹਮਲਾ ਅਤੇ ਦੂਸਰਾ ਸੱਭਿਆਚਾਰ ’ਤੇ ਹਮਲਾ ਮੰਨੇ ਜਾਂਦੇ ਹਨ। ਇਹ ਦੋਵੇਂ ਕਿਸੇ ਸਮੂਹ ਨੂੰ ਉਹਦੀ ਧਰਤੀ ’ਤੋਂ ਖਦੇੜਨ ਲਈ ਬੁਨਿਆਦੀ ਹਮਲੇ ਹਨ। ਇਸ ਹਾਲਤ ਵਿੱਚ ਮੂਲਵਾਸੀ ਸਮਝਦੇ ਹਨ ਕਿ ਸਾਡੀ ਬੁਨਿਆਦ ਹਿੱਲ ਰਹੀ ਹੈ। ਉਹ ਪਰਵਾਸੀਆਂ ਨੂੰ ਆਪਣੀ ਧਰਤੀ ਤੋਂ ਕੱਢ ਦੇਣ ਦੀ ਜ਼ਹਿਰ ਨਾਲ ਭਰੇ ਹੁੰਦੇ ਹਨ। ਇਹ ਜ਼ਹਿਰ ਕਾਰਲਾਇਲ, ਰਸਕਿਨ, ਟੈਨੀਸਨ, ਮੈਥਿਉ ਆਰਨਲਡ, ਚਾਰਲਸ ਕਿੰਗਜ਼ਲੇ ਅਤੇ ਈਨੋਕ ਪੌਵੈੱਲ ਰਾਹੀਂ ਅਜੋਕੇ ਸਮੇਂ ਦੇ ਨਾਗਰਿਕਾਂ ਤੱਕ ਫੈਲਿਆ ਹੈ। ਕਾਰਲਾਇਲ ਦੀ ਧਾਰਨਾ ਸੀ ਕਿ ਖ਼ੁਦਾ ਪਰਵਰਦਿਗਾਰ ਨੇ ਕਾਲੇ ਬਣਾਏ ਹੀ ਨੌਕਰ ਹਨ ਤੇ ਰੱਬ ਨੇ ਅੰਗਰੇਜ਼ਾਂ ਨੂੰ ਦੁਨੀਆ ਦੀਆਂ ਬੰਜ਼ਰ ਜ਼ਮੀਨਾਂ, ਖੰਡ ਦੇ ਟਾਪੂ, ਮਸਾਲਿਆਂ ਦੇ ਟਾਪੂ, ਹਿੰਦੋਸਤਾਨ ਅਤੇ ਕੈਨੇਡਾ ਆਬਾਦ ਕਰਨ ਦੇ ਸ਼ਾਨਾਮੱਤੇ ਮਿਸ਼ਨ ’ਤੇ ਲਾਇਆ ਹੈ। ਈਨੋਕ ਪੌਵੈੱਲ ਦੁਆਰਾ ਵਰਤੀਆਂ ਗਈਆਂ ਘ੍ਰਿਣਤ ਟਿੱਪਣੀਆਂ ਅਤੇ ਕੀਤੀਆਂ ਗਈਆਂ ਭੈੜੀਆਂ ਕਾਰਵਾਈਆਂ ਕਰਕੇ ਨਸਲਵਾਦੀ ਲੋਕ ਅੱਜ ਵੀ ਕਹਿੰਦੇ ਹਨ ਕਿ ਈਨੋਕ ਪੌਵੈੱਲ ਦੀ ਦੁਬਾਰਾ ਲੋੜ ਹੈ; ਉਹ ਆਵੇ, ਨਸਲਵਾਦ ਦੀ ਜ਼ਹਿਰੀ ਕੈਫ਼ੀਅਤ ਅਤੇ ਵਾਤਾਵਰਨ ਨੂੰ ਨਵੇਂ ਸਿਰਿਉਂ ਉਸਾਰੇੇ ਜਿਸ ਨਾਲ ਕਾਲੇ ਲੋਕਾਂ ਤੋਂ ਕੰਮ ਕਰਵਾਇਆ ਜਾਵੇ, ਵਿਕਾਸ ਕੀਤਾ ਜਾਵੇ ਅਤੇ ਜਦੋਂ ਮਨ ਕਰੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਜਾ ਸਕੇ, ਧੱਕੇ ਮਾਰੇ ਜਾ ਸਕਣ ਤੇ ਅਣਮਨੁੱਖੀ ਵਿਹਾਰ ਕਰਕੇ ਦੇਸ਼ ਤੋਂ ਬਹਾਰ ਕੀਤਾ ਜਾ ਸਕੇ। ਮੂਲਵਾਸੀਆਂ ਨੂੰ ਪਰਵਾਸੀ ਉਸ ਸਮੇਂ ਬਹੁਤ ਬੁਰੇ ਲੱਗਦੇ ਹਨ ਜਦੋਂ ਉਹ ਧਾਰਮਿਕ, ਰਾਜਨੀਤਕ ਅਤੇ ਆਰਥਿਕ ਖੇਤਰ ਵਿੱਚ ਆਪਣੀ ਬਣਦੀ ਥਾਂ ਮੰਗਣ ਲੱਗਦੇ ਹਨ। ਇਸ ਸਥਿਤੀ ਵਿੱਚ ਆਪਣੀ ਸਾਖ਼ ਬਚਾਉਣ ਲਈ ਮੂਲਵਾਸੀ ਪਰਵਾਸੀਆਂ ਨੂੰ ਸ਼ਿਕਾਰ ਬਣਾਉਂਦੇ ਹਨ।

ਪਰਵਾਸੀਆਂ ਦੀ ਚੜ੍ਹਤ ਨੂੰ ਦੇਖ ਕੇ ਵੀ ਮੂਲਵਾਸੀਆਂ ਦੇ ਮਨ ਵਿੱਚ ਨਫ਼ਰਤ ਪੈਦਾ ਹੁੰਦੀ ਹੈ। ਉਹ ਸੋਚਣ ਲੱਗਦੇ ਹਨ ਕਿ ਇਹ ਸਾਡੀ ਉੱਚੀ ਨਸਲ, ਸੱਭਿਆਚਾਰ, ਧਰਮ ਅਤੇ ਆਰਥਿਕਤਾ ਨੂੰ ਖੋਰਾ ਲਾ ਰਹੇ ਹਨ। ਜੇਕਰ ਇਨ੍ਹਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਇਹ ਸਾਡੇ ’ਤੇ ਰਾਜ ਕਰਨਗੇ। ਸਾਡੇ ਸਮਾਜਿਕ ਢਾਂਚੇ ’ਤੇ ਆਪਣੇ ਸੱਭਿਆਚਾਰ ਨੂੰ ਲੱਦ ਦੇਣਗੇ। ਸਾਡਾ ਦੁਰਭਾਗ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਮਾਨਵਵਾਦੀ ਕਦਰਾਂ-ਕੀਮਤਾਂ ਦੀ ਦੁਹਾਈ ਪਾ ਕੇ ਇਨ੍ਹਾਂ ਨੂੰ ਮੂਲਵਾਸੀਆਂ ਵਾਲੇ ਅਧਿਕਾਰ ਦਿਵਾਉਣ ਲਈ ਜ਼ੋਰ ਲਾ ਰਹੇ ਹਨ। ਪਰਵਾਸੀਆਂ ਨੂੰ ਮੂਲਵਾਸੀ ਜਿਸ ਵੇਲੇ ਫੌਜ, ਰਾਜਨੀਤੀ, ਧਾਰਮਿਕ ਅਦਾਰਿਆਂ, ਦਫ਼ਤਰਾਂ, ਫੈਕਟਰੀਆਂ, ਸ਼ੌ-ਰੂਮਾਂ, ਖੇਤਾਂ ਅਤੇ ਹੋਰਨਾਂ ਖੇਤਰਾਂ ਵਿੱਚ ਮਾਲਕਾਂ ਦੇ ਰੂਪ ਵਿੱਚ ਦੇਖਦੇ ਹਨ ਤਾਂ ਇਹ ਨਫ਼ਰਤ ਹੋਰ ਵਧਦੀ ਹੈ।

ਇਸੇ ਨਫ਼ਰਤ ਵਿੱਚੋਂ ਹੀ ਨਸਲੀ ਵਿਤਕਰੇ ਨੂੰ ਫੈਲਾਉਣ ਵਾਲੇ ਭਾਸ਼ਾ, ਧਰਮ, ਸੱਭਿਆਚਾਰ ਅਤੇ ਆਰਥਿਕਤਾ ਨੂੰ ਮੁੱਦੇ ਬਣਾਉਂਦੇ ਹਨ। ਮੂਲਵਾਸੀਆਂ ਦੇ ਮਨਾਂ ਵਿੱਚ ਹੋਂਦ ਨੂੰ ਖ਼ਤਰੇ ਦਾ ਡਰ ਪੈਦਾ ਕਰਦੇ ਹਨ। ਇਸ ਡਰ ਦਾ ਅਸਰ ਹਰ ਇੱਕ ਮੂਲਵਾਸੀ ’ਤੇ ਹੁੰਦਾ ਹੈ ਜਿਸ ਕਾਰਨ ਉਹ ਪਰਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਨੂੰ ਮਹਿਸੂਸ ਹੀ ਨਹੀਂ ਕਰਦੇ ਸਗੋਂ ਹਮ-ਨਸਲੀਆਂ ਦਾ ਸਾਥ ਦਿੰਦੇ ਹਨ। ਧਰਮ ਤੇ ਰਾਜਨੀਤੀ ਸਮਾਜਿਕ ਧਰਾਤਲ ’ਤੇ ਅਸਲੀਅਤ ਤੋਂ ਟੁੱਟੀਆਂ ਹੋਈਆਂ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਹਰ ਦੇਸ਼ ਦੇ ਲੋਕਾਂ ਨੂੰ ਪਿੱਛਲੱਗੂ ਤੇ ਪਾਲਤੂ ਬਣਾਉਂਦੀਆਂ ਹਨ, ਦੂਸਰਿਆਂ ਨਾਲੋਂ ਵਿਸ਼ੇਸ਼, ਉੱਚੇ, ਅਗਾਂਹਵਧੂ ਅਤੇ ਬੁੱਧੀਮਾਨ ਹੋਣ ਦਾ ਭਰਮ ਪੈਦਾ ਕਰਦੀਆਂ ਹਨ। ਇਸੇ ਉੱਚਤਾ ਦੇ ਸੰਕਲਪ ’ਚੋਂ ਮੂਲਵਾਸੀ ਨਫ਼ਰਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਰਵਾਸੀਆਂ ਨਾਲ ਲੜਾਈ ਕਰਨ ਦੇ ਬਹਾਨੇ ਲੱਭਦੇ ਹਨ। ਪਰਵਾਸੀ ਟਾਲਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦੋਹਾਂ ਵਿੱਚ ਇੱਕ ਵਿੱਥ ਸਥਾਪਿਤ ਹੋ ਜਾਂਦੀ ਹੈ। ਇਹ ਵਿੱਥ ਨਸਲੀ ਵਿਤਕਰੇ ਦੇ ਸੰਕਟ ਨੂੰ ਘਟਾਉਣ ਜਾਂ ਖ਼ਤਮ ਕਰਨ ਦੀ ਥਾਂ ਹੋਰ ਗਹਿਰਾ ਕਰਦੀ ਹੈ।

ਨਸਲੀ ਵਿਤਕਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਇਹ ਮਾਲਕੀ ਅਤੇ ਬੇਗਾਨਗੀ ਨਾਲ ਜੁੜਿਆ ਹੋਂਦ ਦਾ ਮਸਲਾ ਹੈ। ਇਸ ਨੂੰ ਓਨਾ ਸਮਾਂ ਖ਼ਤਮ ਨਹੀਂ ਕੀਤਾ ਜਾ ਸਕਦਾ ਜਿੰਨਾ ਸਮਾਂ ਨਸਲੀ ਵਿਤਕਰੇ ਨੂੰ ਹਵਾ ਦੇਣ ਵਾਲੇ ਸੰਗਠਨਾਂ ਦੇ ਲੀਡਰਾਂ ਅਤੇ ਜਨ-ਸਾਧਾਰਨ ਕੋਲ ਦੂਸਰੇ ਦੀ ਕਦਰ ਕਰਨ, ਮਹੱਤਤਾ ਜਾਣਨ ਅਤੇ ਸਮਾਨ ਅਧਿਕਾਰ ਦੇਣ ਦੀ ਸਮਝ ਪੈਦਾ ਨਹੀਂ ਹੁੰਦੀ। ਇਹ ਮਸਲਾ ਓਨਾ ਸਮਾਂ ਸੁਲਝਣ ਵਾਲੇ ਪਾਸੇ ਤੁਰ ਹੀ ਨਹੀਂ ਸਕਦਾ ਜਦੋਂ ਤੱਕ ਸੱਭਿਆਚਾਰਾਂ, ਧਰਮਾਂ, ਜਾਤਾਂ ਤੇ ਅਮੀਰੀ-ਗ਼ਰੀਬੀ ਦੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ। ਇਸ ਸਮੇਂ ਜਿਸ ਸਮਾਜਿਕ ਬਣਤਰ ਵਿੱਚ ਪੂਰੀ ਦੁਨੀਆ ਫਸੀ ਹੋਈ ਹੈ, ਇਹ ਆਪਣੇ ਆਪ ਨੂੰ ਉੱਚਾ ਅਤੇ ਸਾਹਮਣੇ ਵਾਲੇ ਨੂੰ ਨੀਵਾਂ ਸਮਝਣ ਵਾਲੀ ਹੈ।

ਇਸ ਬਣਤਰ ਵਿੱਚ ਪੈਸੇ ਦੀ ਸਰਦਾਰੀ ਹੈ, ਸਚਿਆਰੇ ਕਿਰਦਾਰ ਦੀ ਨਹੀਂ। ਸਚਿਆਰੇ ਕਿਰਦਾਰ ਦੀ ਉਸਾਰੀ ਲਈ ਨਵੇਂ ਮਨੁੱਖ ਦੀ ਸਿਰਜਣਾ ਕਰਨੀ ਪਵੇਗੀ। ਉਹ ਇਨਸਾਨ ਇਹ ਜਾਣਦਾ ਹੋਵੇ ਕਿ ਦੂਸਰੇ ਦੀ ਹੋਂਦ ਨਾਲ ਹੀ ਮੇਰੀ ਹੋਂਦ ਮਹੱਤਵਪੂਰਨ ਹੈ। ਆਪਣੇ ਆਪ ਨੂੰ ਮਾਲਕ ਕਹਿਣ ਵਾਲਿਆਂ ਦੇ ਦਿਮਾਗ਼ਾਂ ਵਿੱਚੋਂ ਸਰਦਾਰੀ ਅਤੇ ਪਰਵਾਸੀ ਸਮਝਣ ਵਾਲਿਆਂ ਦੇ ਮਨ ਵਿੱਚੋਂ ਹੀਣਤਾ ਹੂੰਝਣੀ ਪਵੇਗੀ। ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣਾ ਬੇਹੱਦ ਜ਼ਰੂਰੀ ਹੈ। ਇਹ ਬਦਲ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਉਸਰਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

ਸੰਪਰਕ: 97790-19030

Advertisement
Show comments