ਸਕੌਟਲੈਂਡ ਵਿੱਚ ਮਘ ਰਿਹਾ ਪੰਜਾਬੀ ਰੰਗਮੰਚ ਦਾ ਪਿੜ
ਪੰਜਾਬੀ ਸਾਹਿਤ ਸਭਾ ਗਲਾਸਗੋ ਸਕੌਟਲੈਂਡ ਵਿੱਚ 1992 ਤੋਂ ਲਗਾਤਾਰ ਸਾਹਿਤਕ ਸਮਾਗਮ ਕਰਦੀ ਆ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਸਭਾ ਦੀਆਂ ਸਰਗਰਮੀਆਂ ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਤੋਂ ਲੇਖਕਾਂ ਨੂੰ ਬੁਲਾ ਕੇ ਕਵੀ ਦਰਬਾਰ ਕਰਵਾਉਣ ਤੱਕ ਹੀ ਸੀਮਤ ਰਹੀਆਂ, ਪਰ 2011 ਤੋਂ ਗਲਾਸਗੋ ਵਿਖੇ ਪੰਜਾਬੀ ਨਾਟਕਾਂ ਦੀਆਂ ਪੇਸ਼ਕਾਰੀਆਂ ਲਗਾਤਾਰ ਹੋ ਰਹੀਆਂ ਹਨ। ਪੰਜਾਬੀ ਦੇ ਨਾਮਵਰ ਨਾਟਕਕਾਰਾਂ ਤੋਂ ਬਿਨਾਂ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿੱਚ ਚੱਲ ਰਹੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਸਾਲਾਨਾ ਸਮਾਗਮ ‘ਪੰਜਾਬੀ ਵਿਰਸਾ’ ਅਤੇ ਸਾਹਿਤ ਸਭਾ ਵੱਲੋਂ ਕਰਵਾਏ ਜਾਂਦੇ ‘ਵਿਸਾਖੀ ਸ਼ੋਅ’ ਵਿੱਚ ਨਾਟਕ ਖੇਡੇ ਜਾਂਦੇ ਹਨ।
ਸਾਲ 1992 ਵਿੱਚ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਭਾਅ ਜੀ ਗੁਰਸ਼ਰਨ ਸਿੰਘ ਦੀ ਡਰਾਮਾ ਟੀਮ ਨੇ ਗਲਾਸਗੋ ਵਿਖੇ ਨਾਟਕ ਖੇਡੇ ਸਨ। ਉਸ ਤੋਂ ਬਾਅਦ ਕਾਫ਼ੀ ਸਮਾਂ ਗਲਾਸਗੋ ਵਿੱਚ ਪੰਜਾਬੀ ਨਾਟਕ ਨਹੀਂ ਹੋਏ, ਪਰ ਸਾਹਿਤ ਸਭਾ ਵੱਲੋਂ 2011 ਤੋਂ ਬਾਅਦ ਲਗਾਤਾਰ ਪੰਜਾਬੀ ਨਾਟਕਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਰਜਿੰਦਰ ਦੁਲੇ ਅਤੇ ਭਗਵੰਤ ਸਿੰਘ ਦੀ ਟੀਮ ਬਰਮਿੰਘਮ ਨਾਟਕ ਕਲਾ ਕੇਂਦਰ ਨੇ ਨਾਟਕ ‘ਟੋਆ’ ਅਤੇ ‘ਮੈਂ ਭਗਤ ਸਿੰਘ’ ਖੇਡੇ। ਸੁਮਨ ਲਤਾ (ਫਗਵਾੜਾ) ਦੀ ਅਗਵਾਈ ਵਿੱਚ ਬਰਮਿੰਘਮ ਨਾਟਕ ਕਲਾ ਕੇਂਦਰ ਦੀ ਟੀਮ ਨੇ ਦੂਸਰੀ ਵਾਰ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਇੱਕ ਮਾਂ ਦੋ ਮੁਲਕ’ ਨਾਟਕ ਕੀਤੇ। ਅਨੀਤਾ ਸਬਦੀਸ਼ ਨੇ ਸੋਲੋ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਨ’, ਡਾ. ਸਾਹਿਬ ਸਿੰਘ ਨੇ ਗਲਾਸਗੋ ਵਿਖੇ ਆਪਣੇ ਦੋ ਸੋਲੋ ਨਾਟਕਾਂ ‘ਸੰਮਾਂ ਵਾਲੀ ਡਾਂਗ’ ਅਤੇ ‘ਧੰਨ ਲਿਖਾਰੀ ਨਾਨਕਾ’ ਆਦਿ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ। ਇਨ੍ਹਾਂ ਸਭ ਨਾਟਕਾਂ ਨੇ ਗਲਾਸਗੋ ਦੇ ਦਰਸ਼ਕਾਂ ਦੀ ਪੰਜਾਬੀ ਥੀਏਟਰ ਦੀ ਰੂਚੀ ਵਿੱਚ ਚੋਖਾ ਵਾਧਾ ਕੀਤਾ।
ਪੰਜਾਬੀ ਥੀਏਟਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਨਾਟਕਾਂ ਦੀਆਂ ਗਲਾਸਗੋ ਵਿੱਚ ਪੇਸ਼ਕਾਰੀਆਂ ਦੇ ਫਲਸਰੂਪ ਇੱਥੇ ਵੀ ਰੰਗਮੰਚ ਦਾ ਬੂਟਾ ਪੁੰਗਰਨਾ ਸ਼ੁਰੂ ਹੋਇਆ। ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਬੀ ਸਕੂਲ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਵਿੱਚ ਆਧੁਨਿਕ ਤਕਨੀਕ ਨਾਲ ਲੈਸ ਵੱਖਰੇ ਕਮਰੇ, 250 ਦੇ ਕਰੀਬ ਵਿਦਿਆਰਥੀ ਅਤੇ ਮਿਹਨਤੀ ਅਧਿਆਪਕ ਹਨ। ਇਸ ਸਕੂਲ ਵਿੱਚ ਬੱਚਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬੀ ਨਾਟਕ ਅਤੇ ਪੰਜਾਬੀ ਗੀਤਾਂ ’ਤੇ ਕੋਰੀਓਗ੍ਰਾਫੀਆਂ ਵੀ ਤਿਆਰ ਕਰਵਾਈਆਂ ਜਾਂਦੀਆਂ ਹਨ। ਕਲਾ ਦੀਆਂ ਇਨ੍ਹਾਂ ਵੰਨਗੀਆਂ ਦੀਆਂ ਪੇਸ਼ਕਾਰੀਆਂ ਸਕੂਲ ਦੇ ਸਾਲਾਨਾ ਸਮਾਗਮ ‘ਪੰਜਾਬੀ ਵਿਰਸਾ’ ਵਿੱਚ ਹੁੰਦੀਆਂ ਹਨ।
ਕਰੋਨਾ ਕਾਲ ਤੋਂ ਪਹਿਲਾਂ ਪੰਜਾਬੀ ਅਧਿਆਪਕ ਪ੍ਰਭਜੋਤ ਕੌਰ ਅਤੇ ਜਸਪ੍ਰੀਤ ਕੌਰ ਦੀ ਨਿਰਦੇਸ਼ਨਾ ਹੇਠ ‘ਧੀ ਰਾਣੀ’ ਅਤੇ ‘ਬੇਜ਼ੁਬਾਨ ਪਰਿੰਦੇ’ ਨਾਟਕ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਵਿਸਾਖੀ ਸ਼ੋਅ ਵਿੱਚ ਖੇਡੇ ਗਏ। ਜੋਤੀ ਬਿਰਹਾ ਵੱਲੋਂ ਕੋਰੀਓਗਰਾਫ਼ੀ ‘ਮੈਂ ਧਰਤੀ ਪੰਜਾਬ ਦੀ’ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕਰਵਾਈ ਗਈ। ਪਿਛਲੇ ਸਮੇਂ ਦੌਰਾਨ ਪੰਜਾਬੀ ਅਧਿਆਪਕ ਰਣਜੀਤ ਹੇਅਰ ਵੱਲੋਂ ਲਿਖੇ ਅਤੇ ਤਿਆਰ ਕਰਵਾਏ ਗਏ ਤਿੰਨ ਨਾਟਕ ‘ਸੋਸ਼ਲ ਮੀਡੀਆ’, ‘ਪੰਜਾਬੀ ਮਾਂ ਬੋਲੀ’ ਅਤੇ ‘ਡਰਨੇ ਖੇਤਾਂ ਦੇ’ ਖੇਡੇ ਗਏ। ਰੁਪਿੰਦਰ ਕੌਰ ਨੇ ‘ਉਸਤਾਦ ਜੀ’ ਕੋਰੀਓਗ੍ਰਾਫ਼ੀ ਤਿਆਰ ਕਰਵਾਈ। ਜਸਵੀਰ ਕੌਰ ਨੇ ‘ਮੁਰਗਾ-ਮੁਰਗੀ’ ਅਤੇ ‘ਡਾਕਟਰ-ਮਰੀਜ਼’ ਪੰਜਾਬੀ ਸਕਿੱਟਾਂ ਕਰਵਾਈਆਂ। ਪੰਜਾਬੀ ਅਧਿਆਪਕਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਹਰਪ੍ਰੀਤ ਕੌਰ ਅਤੇ ਜੱਸੀ ਦੀ ਨਿਰਦੇਸ਼ਨਾ ਹੇਠ ਭਾਜੀ ਗੁਰਸ਼ਰਨ ਸਿੰਘ ਦਾ ਨਾਟਕ ‘ਚਿੜੀ ਤੇ ਕਾਂ’ ਪੰਜਾਬੀ ਵਿਰਸਾ ਪ੍ਰੋਗਰਾਮ ਅਤੇ ਵਿਸਾਖੀ ਸ਼ੋਅ 2024 ਅਤੇ ਕ੍ਰਿਸ਼ਨ ਚੰਦਰ ਦੀ ਕਹਾਣੀ ’ਤੇ ਆਧਾਰਿਤ ਮਸ਼ਹੂਰ ਨਾਟਕ ‘ਟੋਆ’ ਦੀ ਸਫਲ ਪੇਸ਼ਕਾਰੀ ਵਿਸਾਖੀ ਸ਼ੋਅ ਵਿੱਚ ਕੀਤੀ ਗਈ। ਪੰਜਾਬੀ ਸਾਹਿਤ ਸਭਾ ਵੱਲੋਂ ਵੀ ਇਨ੍ਹਾਂ ਨਾਟਕਾਂ ਅਤੇ ਕੋਰੀਓਗ੍ਰਾਫੀਆਂ ਨੂੰ ਤਿਆਰ ਕਰਵਾਉਣ ਲਈ ਵੱਡੀ ਭੂਮਿਕਾ ਨਿਭਾਈ ਗਈ।
ਪੰਜਾਬੀ ਸਾਹਿਤ ਸਭਾ ਦੀ ਟੀਮ ਦੇ ਨਿਰੰਤਰ ਯਤਨਾਂ ਅਤੇ ਪੰਜਾਬੀ ਸਕੂਲ ਗਲਾਸਗੋ ਦੀ ਪ੍ਰਬੰਧਕੀ ਟੀਮ ਦੇ ਸਹਿਯੋਗ ਨਾਲ ਪੰਜਾਬੀ ਰੰਗਮੰਚ ਨੇ ਸਕੌਟਿਸ਼ ਪੰਜਾਬੀਆਂ ਦੇ ਦਿਲਾਂ ਵਿੱਚ ਆਪਣਾ ਖ਼ਾਸ ਸਥਾਨ ਬਣਾ ਲਿਆ ਹੈ। ਜੁਲਾਈ ਦੇ ਆਖ਼ਰੀ ਹਫ਼ਤੇ ਪੰਜਾਬੀ ਦੇ ਨਾਮਵਰ ਨਾਟਕਕਾਰ ਡਾ. ਸੋਮਪਾਲ ਹੀਰਾ ਦੁਆਰਾ ਆਪਣਾ ਇੱਕ ਪਾਤਰੀ ਨਾਟਕ ‘ਛੱਲਾ’ ਗਲਾਸਗੋ ਦੇ ਈਸਟਵੁੱਡ ਪਾਰਕ ਥੀਏਟਰ ਵਿੱਚ ਖੇਡਿਆ ਗਿਆ। ਹੁਣ ਤੱਕ ਇੱਥੇ ਪੰਜਾਬੀ ਨਾਟਕ ਆਮ ਸਟੇਜਾਂ ’ਤੇ ਹੀ ਖੇਡੇ ਗਏ ਸਨ। ਸਕੌਟਲੈਂਡ ਦੇ ਆਧੁਨਿਕ ਤਕਨੀਕ ਨਾਲ ਲੈਸ ਥੀਏਟਰ ਵਿੱਚ ਖੇਡਿਆ ਜਾਣ ਵਾਲਾ ਇਹ ਪਹਿਲਾ ਨਾਟਕ ਸੀ। ਲੋਕ ਵੱਡੀ ਗਿਣਤੀ ਵਿੱਚ ਟਿਕਟਾਂ ਖ਼ਰੀਦ ਕੇ ਨਾਟਕ ਦੇਖਣ ਆਏ। ਨਾਟਕ ਦਾ ਸੈੱਟ ਬਹੁਤ ਪ੍ਰਭਾਵਿਤ ਕਰਨ ਵਾਲਾ ਸੀ। ਥੀਏਟਰ ਦੀ ਟੈਕਨੀਕਲ ਟੀਮ ਵੱਲੋਂ ਸਾਊਂਡ ਅਤੇ ਲਾਈਟ ਦੀ ਸੁਚੱਜੀ ਵਰਤੋਂ ਨੇ ਵੀ ਪੇਸ਼ਕਾਰੀ ਨੂੰ ਚਾਰ ਚੰਨ ਲਾਏ। ਡਾ. ਸੋਮਪਾਲ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਇਸ ਨਾਟਕ ’ਚ ਪੰਜਾਬ ’ਚੋਂ ਹੋ ਰਹੇ ਪਰਵਾਸ, ਬੇਰੁਜ਼ਗਾਰੀ, ਸਿਸਟਮ ਦੀ ਬੇਭਰੋਸਗੀ ਤੇ ਹਰੀਕੇ ਪੱਤਣ ’ਚ ਛੱਲੇ ਦੀ ਬੇੜੀ ਡੁੱਬਣ ਤੋਂ ਸ਼ੁਰੂ ਹੋਈ ਕਹਾਣੀ ਮਾਲਟਾ ’ਚ ਡੁੱਬੇ ਜਹਾਜ਼ ਤੋਂ ਹੁੰਦੀ ਹੋਈ ਮਾਰੂਥਲਾਂ, ਪਨਾਮਾ ਤੇ ਮੈਕਸਿਕੋ ਦੇ ਜੰਗਲਾਂ ’ਚੋਂ ਲੰਘਦੀ ਹੋਈ ਮੌਤ ਦੇ ਮੂੰਹ ’ਚ ਗਏ ਛੱਲਿਆਂ ਦੀ ਕਹਾਣੀ ਨੂੰ ਪਿਛਲੇ ਦਿਨੀਂ ਅੰਮ੍ਰਿਤਸਰ ਏਅਰਪੋਰਟ ’ਤੇ ਅਮਰੀਕਾ ਤੋਂ ਡਿਪੋਰਟ ਹੋਏ ਤਿੰਨ ਜਹਾਜ਼ਾਂ ਤੱਕ ਪਹੁੰਚੀ| ਅਦਾਕਾਰ ਡਾ. ਸੋਮਪਾਲ ਹੀਰਾ ਸਫਲ ਪੇਸ਼ਕਾਰੀ ਰਾਹੀਂ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਹੋਇਆ ਹੈ। ਸਕੌਟਲੈਂਡ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਰੰਗਮੰਚ ਇਸੇ ਤਰ੍ਹਾਂ ਹੀ ਵਧਦਾ ਫੁੱਲਦਾ ਰਹੇ ਅਤੇ ਲੋਕਾਂ ਦੇ ਦੁੱਖ ਸੁੱਖ ਦੀ ਬਾਤ ਪਾਉਂਦਾ ਰਹੇ।