ਕੈਲਗਰੀ ਵਿੱਚ ਪਈ ਪੰਜਾਬੀ ਰੰਗਮੰਚ ਦੀ ਧਮਾਲ
ਕੈਲਗਰੀ: ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਰੈੱਡ ਸਟੋਨ ਥੀਏਟਰ ਵਿੱਚ ਦੋ ਨਾਟਕਾਂ ਦਾ ਮੰਚਨ ਕਰਵਾਇਆ ਗਿਆ। ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਦੇ ਸਹਿਯੋਗ ਨਾਲ ਉੱਘੇ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਵੱਲੋਂ ਲਿਖਤ ਅਤੇ ਨਿਰਦੇਸ਼ਿਤ ਨਾਟਕ ਖੇਡੇ ਗਏ। ਪਹਿਲਾ ਸੋਲੋ ਨਾਟਕ ‘ਤੂੰ ਅਗਲਾ ਵਰਕਾ ਫੋਲ’ ਡਾ. ਸਾਹਿਬ ਸਿੰਘ ਵੱਲੋਂ ਖੇਡਿਆ ਗਿਆ ਅਤੇ ਦੂਜਾ ਨਾਟਕ ‘ਬੇਸਮੈਂਟ ’ਚ ਤਰੇੜ ਹੈ’ ਉਨ੍ਹਾਂ ਦੀ ਹੀ ਨਿਰਦੇਸ਼ਨਾ ਹੇਠ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵੱਲੋਂ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਖੇਡਿਆ ਗਿਆ।
ਇਹ ਨਾਟਕ ਮੇਲਾ ਪੰਜਾਬੀ ਨਾਟਕ ਜਗਤ ਦੇ ਪਿਤਾਮਾ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਕੁਲਦੀਪ ਚਾਨੇ ਵੱਲੋਂ ਕਵਿੰਦਰ ਚਾਂਦ ਦੇ ਖੂਬਸੂਰਤ ਇਨਕਲਾਬੀ ਗੀਤ ਨੂੰ ਬੁਲੰਦ ਆਵਾਜ਼ ਵਿੱਚ ਗਾ ਕੇ ਕੀਤੀ ਗਈ। ਡਾ. ਸਾਹਿਬ ਸਿੰਘ ਵੱਲੋਂ ਲਿਖਿਆ ਤੇ ਨਿਰਦੇਸ਼ਿਤ ਕੀਤਾ ਨਾਟਕ ‘ਤੂੰ ਅਗਲਾ ਵਰਕਾ ਫੋਲ’ ਸੋਲੋ ਨਾਟਕਾਂ ਦੇ ਇਤਿਹਾਸ ਵਿੱਚ ਨਿਵੇਕਲਾ ਤੇ ਸ਼ਾਨਦਾਰ ਵਰਕਾ ਲਿਖ ਗਿਆ। ਡਾ. ਸਾਹਿਬ ਸਿੰਘ ਦੀ ਅਦਾਕਾਰੀ ਨੇ ਡੇਢ ਘੰਟੇ ਤੱਕ ਕੈਲਗਰੀ ਦੇ ਦਰਸ਼ਕਾਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਹ ਨਾਟਕ ਸੰਤਾਲੀ ਵੇਲੇ ਉੱਜੜੀ ਸਮੀਨਾ ਉਰਫ਼ ਬਚਨ ਕੌਰ ਦੀ ਮੁੜ ਵਸਣ-ਉੱਜੜਨ ਦੀ ਕਹਾਣੀ ਨੂੰ 2025 ਤੱਕ ਲੈ ਜਾਂਦਾ ਹੈ ਤੇ ਜਿਸ ਮਾਰਮਿਕ ਢੰਗ ਨਾਲ ਪੇਸ਼ ਕੀਤਾ ਹੈ, ਚਿਰਾਂ ਤੱਕ ਚੇਤਿਆਂ ’ਚ ਵਸਿਆ ਰਹੇਗਾ। ਇਸ ਨਾਟਕ ਦੇ ਗੀਤ ਕਵਿੰਦਰ ਚਾਂਦ ਨੇ ਲਿਖੇ ਤੇ ਸੰਗੀਤ ਸ਼ਰਨਜੀਤ ਸ਼ਾਨੂ ਨੇ ਤਿਆਰ ਕੀਤਾ ਹੈ, ਜਿਸਨੂੰ ਰੁਪਿੰਦਰ ਪੰਧੇਰ ਨੇ ਸੰਚਾਲਿਤ ਕੀਤਾ। ਡਾ. ਸਾਹਿਬ ਸਿੰਘ ਨੇ ਇਸ ਨਾਟਕ ਨੂੰ ਇਵੇਂ ਪੇਸ਼ ਕੀਤਾ ਜਿਵੇਂ ਕਿੱਸਾਕਾਰ ਲੋਕਾਂ ਨੂੰ ਸਾਰੀ-ਸਾਰੀ ਰਾਤ ਆਪਣੀ ਕਿੱਸਾਗੋਈ ਰਾਹੀਂ ਕੀਲ ਕੇ ਰੱਖਦੇ ਸਨ। ਬਸ਼ੀਰ ਅਹਿਮਦ, ਅਰਜਨ ਸਿੰਘ, ਸੰਜੂ ਤੇ ਨਵਚੇਤਨ ਦੇ ਕਿਰਦਾਰਾਂ ਨੂੰ ਨਿਭਾਉਂਦਿਆਂ ਸਾਹਿਬ ਸਿੰਘ ਨੇ ਬਹੁਤ ਸੂਖਮ ਛੋਹਾਂ ਦਿੱਤੀਆਂ, ਮੁਹੱਬਤ, ਗੁੱਸਾ, ਦਰਦ, ਲਲਕਾਰ, ਲਗਭਗ ਹਰ ਰਸ ਪੇਸ਼ ਕੀਤਾ। ਧਰਮ, ਨਸਲ, ਜਾਤ ਤੋਂ ਉੱਪਰ ਉੱਠ ਕੇ ਮਨੁੱਖ ਹੋਣ ਦਾ ਸੱਦਾ ਇੰਨੇ ਜ਼ੋਰਦਾਰ ਢੰਗ ਨਾਲ ਇਸ ਨਾਟਕ ਦੀ ਕਹਾਣੀ ਦੇ ਆਰ-ਪਾਰ ਫੈਲਿਆ ਹੋਇਆ ਹੈ ਕਿ ਦਰਸ਼ਕ ਖ਼ੁਦ ਅਗਲਾ ਵਰਕਾ ਫੋਲਣ ਦੀ ਲੋੜ ਮਹਿਸੂਸ ਕਰਨ ਲੱਗਦਾ ਹੈ। ਇਸ ਨਾਟਕ ਦਾ ਅੱਜ ਦੇ ਨਫ਼ਰਤੀ ਤੇ ਜੰਗੀ ਮਾਹੌਲ ਵਿੱਚ ਪੇਸ਼ ਹੋਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਇਸ ਮੌਕੇ ’ਤੇ ਡਾ. ਸਾਹਿਬ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਮਾਸਟਰ ਭਜਨ ਸਿੰਘ, ਰਿਸ਼ੀ ਨਾਗਰ, ਗੁਰਸ਼ਰਨ ਢੁੱਡੀਕੇ, ਡਾ. ਅਮਜ਼ਦ ਖਾਨ ਅਤੇ ਕਮਲ ਪੰਧੇਰ ਵੱਲੋਂ ਸਨਾਮਨਿਤ ਕੀਤਾ ਗਿਆ। ਅਮੋਲਕ ਸਿੰਘ ਵੱਲੋਂ ਲਿਖੀ ਗ਼ਦਰੀ ਦੇਸ਼ ਭਗਤ ਬੀਬੀ ਗੁਲਾਬ ਕੌਰ ਦੀ ਜੀਵਨੀ ’ਤੇ ਆਧਾਰਿਤ ਕਿਤਾਬ ਹਰਚਰਨ ਪਰਹਾਰ, ਬਲਜਿੰਦਰ ਸੰਘਾ, ਡਾ. ਅਹਿਮਦ, ਸੰਦੀਪ ਗਿੱਲ ਅਤੇ ਜਸਵਿੰਦਰ ਮਾਨ ਵੱਲੋਂ ਰਿਲੀਜ਼ ਕੀਤੀ ਗਈ। ਇਸ ਨਾਟਕ ਮੇਲੇ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਸਰੀ ਤੋਂ ਆਏ ਹੋਏ ਕਵੀ ਕਵਿੰਦਰ ਚਾਂਦ ਅਤੇ ਅਮਰੀਕ ਪਲਾਹੀ ਨੂੰ ਡਾ. ਸਾਹਿਬ ਸਿੰਘ, ਬਲਵਿੰਦਰ ਬਰਾੜ, ਗੁਰਚਰਨ ਕੌਰ ਥਿੰਦ, ਮੈਡਮ ਮਾਨ, ਸੁਖਵੀਰ ਗਰੇਵਾਲ, ਗੁਰਦਿਆਲ ਸਿੰਘ ਖੈਰ੍ਹਾ ਅਤੇ ਸੁਰਜੀਤ ਸਿੰਘ ਹੇਅਰ ਵੱਲੋਂ ਸਨਮਾਨਿਤ ਕੀਤਾ ਗਿਆ।
ਦੂਜਾ ਨਾਟਕ ‘ਬੇਸਮੈਂਟ ’ਚ ਤਰੇੜ ਹੈ’ ਪ੍ਰੋਗਰੈਸਿਵ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਕਮਾਲ ਦੀ ਊਰਜਾ ਸਹਿਤ ਪੇਸ਼ ਕੀਤਾ ਗਿਆ। ਇਹ ਨਾਟਕ ਵੀ ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ। ਕੈਨੇਡਾ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਸਮਾਜਿਕ, ਮਨੋਵਿਗਿਆਨਕ ਤਰੇੜਾਂ ਦੀ ਗੱਲ ਕਰਦਿਆਂ, ਇਹ ਨਾਟਕ ਉਹ ਸਭ ਕੁਝ ਕਹਿ ਗਿਆ, ਜਿਸ ਬਾਰੇ ਅਸੀਂ ਜਾਣਦੇ ਹੋਏ ਵੀ ਖੁੱਲ੍ਹ ਕੇ ਬੋਲਦੇ ਨਹੀਂ। ਕਮਲਪ੍ਰੀਤ ਪੰਧੇਰ ਨੇ ਇੱਕ ਪੀੜਤ ਕੁੜੀ, ਸੰਦੀਪ ਗਿੱਲ ਨੇ ਜ਼ਿੰਦਗੀ ਦੀਆਂ ਸੱਧਰਾਂ ਨਾਲ ਭਰੀ ਕੁੜੀ, ਨਵਕਿਰਨ ਨੇ ਪਲ-ਪਲ ਸੰਤਾਪ ਹੰਢਾਉਂਦੀ ਕੁੜੀ, ਹਰਪ੍ਰੀਤ ਕੌਰ ਨੇ ਨਿੱਕੇ ਨਿੱਕੇ ਵਿਤਕਰੇ ਸਹਿੰਦੀ ਔਰਤ ਦਾ ਕਿਰਦਾਰ ਏਨਾ ਖੁੱਭ ਕੇ ਨਿਭਾਇਆ ਕਿ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਅੰਮ੍ਰਿਤ ਨੇ ਦਵੰਦ ਸਹਿੰਦੇ ਪਤੀ ਦਾ ਕਿਰਦਾਰ, ਬੌਬੀ ਢਿੱਲੋਂ ਨੇ ਬਿਲਡਰ ਤੇ ਕੌਂਸਲਰ ਦਾ ਕਿਰਦਾਰ, ਵਿਜੇ ਸਚਦੇਵਾ ਨੇ ਸਹੁਰੇ ਦਾ, ਅਮਰਬੀਰ ਨੇ ਕੌਂਸਲਰ ਦਾ ਕਿਰਦਾਰ ਬਾਖੂਬੀ ਨਿਭਾਇਆ। ਰਾਜਵਿੰਦਰ ਸਿੰਘ, ਜੱਸ ਅਤੇ ਆਨੀਆਂ ਨੇ ਕੋਰਸ ਦੀ ਭੂਮਿਕਾ ਵਿੱਚ ਜਾਨ ਪਾਈ ਤੇ ਸਾਹਿਬ ਪੰਧੇਰ ਨੇ ਨਾਟਕ ਦਾ ਪਿੱਠਵਰਤੀ ਸੰਗੀਤ ਸੰਚਾਲਨ ਕੀਤਾ। ਇਹ ਨਾਟਕ ਬਹੁਤ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਸੋਚਣ ਲਈ ਮਜਬੂਰ ਕਰਦਾ ਹੈ।
ਸੰਪਰਕ: 403-455-4220