ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿੰਚਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ

ਐੱਮ.ਐੱਸ. ਕਾਹਲੋ/ਮਧੂ ਢਿੰਗਰਾ/ ਜੀਵਨਜੋਤ ਧਾਲੀਵਾਲ* ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਫ਼ਸਲੀ ਚੱਕਰ ਅਤੇ ਪਾਣੀ ਦੇ ਸਾਧਨਾਂ ਦੀ ਵਰਤੋਂ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਝੋਨੇ ਹੇਠ ਰਕਬਾ 1970 ਦੇ ਮੁਕਾਬਲੇ 10 ਗੁਣਾ ਵਧ ਗਿਆ ਹੈ ਅਤੇ ਨਹਿਰੀ ਪਾਣੀ ਦੀ...
Advertisement

ਐੱਮ.ਐੱਸ. ਕਾਹਲੋ/ਮਧੂ ਢਿੰਗਰਾ/ ਜੀਵਨਜੋਤ ਧਾਲੀਵਾਲ*

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਫ਼ਸਲੀ ਚੱਕਰ ਅਤੇ ਪਾਣੀ ਦੇ ਸਾਧਨਾਂ ਦੀ ਵਰਤੋਂ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਝੋਨੇ ਹੇਠ ਰਕਬਾ 1970 ਦੇ ਮੁਕਾਬਲੇ 10 ਗੁਣਾ ਵਧ ਗਿਆ ਹੈ ਅਤੇ ਨਹਿਰੀ ਪਾਣੀ ਦੀ ਵਰਤੋਂ 43.5 % ਤੋਂ ਘਟ ਕੇ 28.0 % ਜਦੋਂਕਿ ਧਰਤੀ ਹੇਠਲੇ ਪਾਣੀ ਦੀ ਟਿਊਬਵੈੱਲਾਂ ਰਾਹੀਂ ਸਿੰਚਾਈ 58.5 % ਤੋਂ ਵਧ ਕੇ 72.0 % ਹੋ ਗਈ ਹੈ। ਇਸ ਕਰਕੇ ਪਾਣੀ ਦੀ ਜ਼ਰੂਰਤ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਗਈ।

Advertisement

ਪਾਣੀ ਕੁਦਰਤ ਵੱਲੋਂ ਬਖ਼ਸ਼ੀ ਅਣਮੁੱਲੀ ਦਾਤ ਹੈ ਅਤੇ ਇਸ ਦੀ ਸੰਜਮ ਨਾਲ ਵਰਤੋਂ ਸਾਡਾ ਸਾਰਿਆਂ ਦਾ ਫਰਜ਼ ਹੈ। ਮੌਜੂਦਾ ਸਮੇਂ ਵਿੱਚ ਪਾਣੀ ਦੇ ਸਰੋਤ ਜ਼ਰੂਰਤ ਤੋਂ ਕਿਤੇ ਘੱਟ ਹੋ ਗਏ ਹਨ। ਪੰਜਾਬ ਵਿੱਚ ਸਿੰਚਾਈ ਵਾਲੇ ਪਾਣੀਆਂ ਦੀ ਕੁੱਲ ਉਪਲੱਬਧਤਾ 3.51 ਮਿਲੀਅਨ ਹੈਕਟੇਅਰ ਮੀਟਰ ਹੈ, ਜਦੋਂਕਿ ਮੰਗ 4.41 ਮਿਲੀਅਨ ਹੈਕਟੇਅਰ ਮੀਟਰ ਦੀ ਹੈ। ਇਸ ਤਰ੍ਹਾਂ ਉਪਲੱਬਧ ਮੰਗ ਨਾਲੋਂ ਇਹ 0.90 ਮਿਲੀਅਨ ਹੈਕਟੇਅਰ ਮੀਟਰ ਘੱੱਟ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਪਾਣੀ ਦਾ ਪੱਧਰ ਖ਼ਾਸ ਕਰਕੇ ਕੇਂਦਰੀ ਇਲਾਕਿਆਂ ਵਿੱਚ ਬਹੁਤ ਡੂੰਘਾ ਜਾ ਰਿਹਾ ਹੈ। ਇਸ ਕੁਦਰਤੀ ਸੋਮੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਗਈ ਵਰਤੋਂ ਆਉਣ ਵਾਲੀਆਂ ਪੁਸ਼ਤਾਂ ਲਈ ਬਹੁਤ ਵੱਡੀ ਸਮੱਸਿਆ ਪੈਦਾ ਕਰੇਗੀ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਹੇਠਾਂ ਚਲਾ ਗਿਆ ਹੈ। ਇਸ ਤੋਂ ਇਲਾਵਾ ਮੀਹਾਂ ਦੇ ਘਟਣ ਅਤੇ ਇਕਸਾਰ ਨਾ ਪੈਣ ਕਰਕੇ ਪਾਣੀ ਦੀ ਕਮੀ ਹੋਰ ਵੀ ਵਧ ਗਈ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ’ਤੇ ਸਿੰਚਾਈ ਵਾਸਤੇ ਨਿਰਭਰਤਾ ਵਧ ਗਈ ਹੈ। ਇਸ ਦੇ ਨਾਲ ਨਾਲ ਜ਼ਮੀਨੀ ਪਾਣੀ ਦਾ ਰੀਚਾਰਜ ਵੀ ਘਟਣ ਕਰਕੇ ਜ਼ਮੀਨੀ ਪਾਣੀ ਦੀ ਸਤ੍ਵਾ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ। ਇੱਕ ਅਨੁਮਾਨ ਅਨੁਸਾਰ ਜੇ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ੍ਹ ਨਾ ਪਾਈ ਗਈ ਤਾਂ ਪੰਜਾਬ ਦੀ ਖੇਤੀ ਨੂੰ ਇਸ ਪੱਧਰ ’ਤੇ ਕਾਇਮ ਰੱਖਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਪਾਣੀ ਦੀ ਸਤ੍ਵਾ ਵਿੱਚ ਗਿਰਾਵਟ ਕਰਕੇ ਪਾਣੀ ਦਾ ਖਾਰਾਪਣ ਵਧ ਜਾਂਦਾ ਹੈ। ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਸੰਜਮ ਨਾਲ ਲਾਉਣ ਦੀਆਂ ਸੌਖੀਆਂ ਪਰ ਅਸਰਦਾਰ ਤਕਨੀਕਾਂ ਨੂੰ ਅਪਣਾ ਕੇ ਇਨ੍ਹਾਂ ਫ਼ਸਲਾਂ ਵਿੱਚ ਪਾਣੀ ਦੀ ਲਾਗਤ ਨੂੰ ਵੱਡੀ ਮਾਤਰਾ ਵਿੱਚ ਘਟਾਇਆ ਜਾ ਸਕਦਾ ਹੈ।

ਝੋਨੇ ਵਿੱਚ ਪਾਣੀ ਦੀ ਬੱਚਤ ਲਈ ਨੁਕਤੇ: ਝੋਨੇ ਵਾਲੇ ਖੇਤ ਖ਼ਾਸ ਕਰਕੇ ਲੇਜ਼ਰ ਲੈਵਲਰ ਨਾਲ ਪੱਧਰੇ ਹੋਣੇ ਚਾਹੀਦੇ ਹਨ। ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ-ਢਲਾਣ ਮੁਤਾਬਿਕ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਪੱਧਰ ਕੀਤਾ ਜਾਂਦਾ ਹੈ। ਇਸ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30 ਪ੍ਰਤੀਸ਼ਤ ਬੱਚਤ ਹੁੰਦੀ ਹੈ। ਝਾੜ ਵਿੱਚ 5-10 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ।

ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਵੀ ਪਾਣੀ ਦੀ ਬੱਚਤ ਤੋਂ ਇਲਾਵਾ ਪਨੀਰੀ ਉਗਾਉਣ, ਢੋਆ-ਢੁਆਈ ਅਤੇ ਖੇਤ ਵਿੱਚ ਪਨੀਰੀ ਲਾਉਣ ਦਾ ਖ਼ਰਚਾ ਬਚਦਾ ਹੈ। ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਖੇਤ ਵਿੱਚ ਪਾਣੀ ਖੜ੍ਹਾਉਣ ਦੀ ਲੋੜ ਨਹੀਂ ਪੈਂਦੀ। ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਬਹੁਤ ਘਟ ਜਾਂਦਾ ਹੈ। ਸਿੱਧੀ ਬਿਜਾਈ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 115, ਪੀ ਆਰ 126, ਪੀ ਆਰ 131 ਅਤੇ ਪੀ ਆਰ 132 ਦੀ ਵਰਤੋਂ ਕਰੋ। ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰੋ ਅਤੇ 8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਬਿਜਾਈ ਡਰਿੱਲ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ। ਸੁੱਕੇ ਖੇਤ ਵਿੱਚ ਕੀਤੀ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ। ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੈ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ’ਤੇ 5-10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦੇਣਾ ਚਾਹੀਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦਿਓ। ਇਸ ਤਰੀਕੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਝੋਨੇ ਦੀ ਲੁਆਈ ਦਾ ਸਮਾਂ: ਝੋਨੇ ਵਿੱਚ ਪਾਣੀ ਦੀ ਲਾਗਤ ਵਾਸ਼ਪੀਕਰਨ, ਤਾਪਮਾਨ ਅਤੇ ਹਵਾ ਵਿਚਲੀ ਨਮੀ ’ਤੇ ਨਿਰਭਰ ਕਰਦੀ ਹੈ। ਜੇਕਰ ਝੋਨਾ ਮਈ ਜਾਂ ਜੂਨ ਦੇ ਸ਼ੁਰੂ ਵਿੱਚ ਲਗਾਇਆ ਜਾਵੇ ਤਾਂ ਪਾਣੀ ਦਾ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਜੇਕਰ ਝੋਨੇ ਦੀ ਲੁਆਈ ਮੌਨਸੂਨ ਦੇ ਨੇੜੇ (ਜਿਵੇਂ ਕਿ ਪੁਰਾਣੇ ਸਮੇਂ ਵਿੱਚ ਹੁੰਦਾ ਸੀ) ਯਾਨੀ ਅੱਧ ਜੂਨ ਤੋਂ ਬਾਅਦ ਸ਼ੁਰੂ ਕੀਤੀ ਜਾਵੇ ਤਾਂ ਪਾਣੀ ਦੀ ਖਪਤ ਘੱਟ ਹੋਵੇਗੀ। ਇੱਕ ਅਨੁਮਾਨ ਅਨੁਸਾਰ ਇੱਕ ਜੂਨ ਨੂੰ ਲਗਾਏ ਝੋਨੇ ਵਿੱਚ ਵਾਸ਼ਪੀਕਰਨ 620 ਮਿਲੀ ਮੀਟਰ ਅਤੇ 21 ਜੂਨ ਨੂੰ ਲਗਾਏ ਝੋਨੇ ਵਿੱਚ 520 ਮਿਲੀ ਮੀਟਰ ਹੁੰਦੀ ਹੈ। ਇਸੇ ਤਰ੍ਹਾਂ ਲੇਟ ਲਗਾਏ ਝੋਨੇ ਵਿੱਚ ਪਾਣੀ ਦੀ ਖਪਤ ਵੀ ਘੱਟ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਜ਼ਮੀਨ ਹੇਠਲੇ ਪਾਣੀ ਦੀ ਘੱਟ ਵਰਤੋਂ ਕਰਕੇ ਪਾਣੀ ਦੇ ਪੱਧਰ ਨੂੰ ਥੱਲੇ ਜਾਣ ਤੋਂ ਰੋਕਿਆ ਜਾ ਸਕੇਗਾ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ‘ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੌਇਲ ਵਾਟਰ ਐਕਟ 2009’ ਪਾਸ ਕੀਤਾ ਜਿਸ ਤਹਿਤ ਹੁਣ ਝੋਨਾ ਲਾਉਣਾ ਸ਼ੁਰੂ ਕਰਨ ਦੀ ਮਿਤੀ 20 ਜੂਨ ਤੋਂ ਬਾਅਦ ਮਿੱਥੀ ਗਈ ਹੈ।

ਪਾਣੀ ਸੁਕਾ ਕੇ ਲਾਓ: ਕਿਸਾਨਾਂ ਵਿੱਚ ਇੱਕ ਆਮ ਧਾਰਨਾ ਵੇਖਣ ਨੂੰ ਮਿਲਦੀ ਹੈ ਕਿ ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਝੋਨੇ ਵਿੱਚ ਸਿਰਫ਼ ਪਹਿਲੇ ਦੋ ਹਫ਼ਤੇ ਪਾਣੀ ਖੜ੍ਹਾ ਰੱਖਣ ਦੀ ਲੋੜ ਹੈ ਤਾਂ ਕਿ ਝੋਨੇ ਦੀ ਪਨੀਰੀ ਦੇ ਬੂਟੇ ਜੰਮ ਪੈਣ ਅਤੇ ਨਦੀਨਾਂ ਦੀ ਰੋਕਥਾਮ ਹੋ ਜਾਵੇ। ਇਸ ਲਈ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਪਾਣੀ ਜ਼ੀਰਣ ਤੋਂ ਦੋ ਦਿਨ ਬਾਅਦ ਝੋਨੇ ਨੂੰ ਪਾਣੀ ਲਗਾਉਣਾ ਚਾਹੀਦਾ ਹੈ, ਪਰ ਇਸ ਗੱਲ ਦਾ ਧਿਆਨ ਵੀ ਰੱਖਣਾ ਹੈ ਕਿ ਖੇਤ ਵਿੱਚ ਤਰੇੜਾਂ ਨਾ ਪੈਣ। ਇੱਕ ਕਿਲੋ ਝੋਨੇ ਦੇ ਦਾਣੇ ਲੈਣ ਲਈ ਜਿੱਥੇ ਲਗਾਤਾਰ ਪਾਣੀ ਖੜ੍ਹਾ ਕਰਨ ਨਾਲ 3460 ਲੀਟਰ ਪਾਣੀ ਲੱਗਿਆ, ਉੱਥੇ ਸੁਕਾਅ ਕੇ ਪਾਣੀ ਲਾਉਣ ਨਾਲ 1200 ਲੀਟਰ ਪਾਣੀ ਘੱਟ ਲੱਗਿਆ ਅਤੇ 34 ਪ੍ਰਤੀਸ਼ਤ ਪਾਣੀ ਦੀ ਬੱਚਤ ਹੋਈ। ਕਿਸਾਨਾਂ ਦੇ ਖੇਤਾਂ ਵਿੱਚ ਇਹ ਆਮ ਦੇਖਣ ਵਿੱਚ ਆਇਆ ਹੈ ਕਿ ਜਿਸ ਸਾਲ ਮੀਂਹ ਜ਼ਿਆਦਾ ਪੈਣ ਉਸ ਸਾਲ ਝੋਨੇ ਦਾ ਝਾੜ ਘਟ ਜਾਂਦਾ ਹੈ। ਇਸ ਦਾ ਮੁੱਖ ਕਾਰਨ ਨਮੀ ਦੇ ਜ਼ਿਆਦਾ ਵਧਣ ਕਰਕੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਵਧਣਾ ਹੈ। ਪੰਜਾਬ ਖਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਇਹ ਦਰਸਾਇਆ ਗਿਆ ਹੈ ਕਿ ਵਧੇਰੇ ਨਮੀ ਕਾਰਨ ਝੋਨੇ ਦੀ ਭੂਰੀ ਟਿੱਡੀ ਅਤੇ ਪੱਤਾ ਲਪੇਟ ਸੁੰਢੀ ਦਾ ਹਮਲਾ ਵਧ ਜਾਂਦਾ ਹੈ। ਇਸੇ ਤਰ੍ਹਾਂ ਝੋਨੇ ਦੀਆਂ ਬਿਮਾਰੀਆਂ ਜਿਵੇਂ ਕਿ ਤਣੇ ਦਾ ਝੁਲਸ ਰੋਗ ਅਤੇ ਝੂਠੀ ਕਾਂਗਿਆਰੀ ਖੜ੍ਹੇ ਪਾਣੀ ਨਾਲ ਵੱਧ ਵੇਖਣ ਵਿੱਚ ਮਿਲੀਆਂ। ਆਮ ਤੌਰ ’ਤੇ ਕਿਸਾਨ ਜਦੋਂ ਵੀ ਝੋਨੇ ਦੇ ਖੇਤ ਨੂੰ ਪਾਣੀ ਲਾਉਂਦੇ ਹਨ ਤਾਂ ਖੇਤ ਵਿੱਚ 4 ਇੰਚ ਜਾਂ ਇਸ ਤੋਂ ਵੀ ਵੱਧ ਪਾਣੀ ਖੜ੍ਹਾ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਪਾਣੀ ਜ਼ਮੀਨ ਵਿੱਚ ਤੇਜ਼ੀ ਨਾਲ ਜ਼ੀਰਦਾ ਹੈ ਅਤੇ ਝੋਨੇ ਦੀਆਂ ਜੜ੍ਹਾਂ ਦੇ ਖੇਤਰ ਤੋਂ ਹੇਠਾਂ ਚਲਾ ਜਾਂਦਾ ਹੈ। ਇਸ ਤਰ੍ਹਾਂ ਵਾਧੂ ਪਾਣੀ ਖੜ੍ਹਾ ਰੱਖਣ ਨਾਲ ਝੋਨੇ ਦੀ ਫ਼ਸਲ ਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਜਦੋਂ ਵੀ ਝੋਨੇ ਨੂੰ ਪਾਣੀ ਲਾਉਣ ਤਾਂ ਖੇਤ ਵਿੱਚ 2 ਇੰਚ ਤੋਂ ਵੱਧ ਪਾਣੀ ਖੜ੍ਹਾ ਨਾ ਰੱਖਣ। ਪਾਣੀ ਦੀ ਵਧੇਰੇ ਬੱਚਤ ਲਈ 15-20 ਸੈਂਟੀਮੀਟਰ ਡੂੰਘਾਈ ’ਤੇ ਲੱਗੇ ਟੈਂਸ਼ੀਓਮੀਟਰ ਵਿੱਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਦਾਖਲ ਹੋਣ ’ਤੇ (150 ± 20 ਸੈਂਟੀਮੀਟਰ ਟੈਨਸ਼ਨ) ਹੀ ਪਾਣੀ ਲਗਾਓ। ਇਸ ਤਰ੍ਹਾਂ ਸਿੰਚਾਈ ਵਾਲੇ ਪਾਣੀ ਦੀ ਕਾਫ਼ੀ ਬੱਚਤ ਹੋ ਜਾਂਦੀ ਹੈ ਅਤੇ ਫ਼ਸਲ ਦੇ ਝਾੜ ’ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।

ਝੋਨਾ ਵੱਢਣ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰਨਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਝੋਨਾ ਵੱਢਣ ਤੋਂ 15 ਦਿਨ ਪਹਿਲਾਂ ਖੇਤਾਂ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਨਾਲ ਇੱਕ ਤਾਂ ਫ਼ਸਲ ਦੀ ਕਟਾਈ ਸੌਖੀ ਹੋਵੇਗੀ ਅਤੇ ਦਾਣਿਆਂ ਵਿਚਲੀ ਨਮੀ ਘੱਟ ਹੋਣ ਕਰਕੇ ਚੰਗਾ ਮੰਡੀਕਰਨ ਹੋਵੇਗਾ ਅਤੇ ਨਾਲ ਹੀ ਝੋਨੇ ਪਿੱਛੋਂ ਬੀਜਣ ਵਾਲੀ ਹਾੜ੍ਹੀ ਦੀ ਫ਼ਸਲ ਵੀ ਸਮੇਂ ਸਿਰ ਬੀਜੀ ਜਾ ਸਕੇਗੀ।

ਸਾਉਣੀ ਦੀਆਂ ਹੋਰ ਫ਼ਸਲਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ

ਨਰਮਾ: ਵਰਖਾ ਦੇ ਆਧਾਰ ’ਤੇ ਨਰਮੇ ਦੀ ਫ਼ਸਲ ਨੂੰ ਕੁੱਲ 4 ਤੋਂ 6 ਪਾਣੀ ਚਾਹੀਦੇ ਹਨ। ਪਹਿਲਾ ਪਾਣੀ ਬਿਜਾਈ ਦੇ 4 ਤੋਂ 6 ਹਫ਼ਤੇ ਬਾਅਦ ਅਤੇ ਇਸ ਪਿੱਛੋਂ ਪਾਣੀ ਦੋ ਜਾਂ ਤਿੰਨ ਹਫ਼ਤਿਆਂ ਦੇ ਵਕਫ਼ੇ ਨਾਲ ਦਿਓ। ਹਲਕੀਆਂ ਜ਼ਮੀਨਾਂ ਜਾਂ ਵੱਟਾਂ ਉੱਪਰ ਬੀਜੀ ਫ਼ਸਲ ਨੂੰ ਲੋੜ ਪੈਣ ’ਤੇ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਨਰਮੇ ਦੀਆਂ ਵੱਟਾਂ ’ਤੇ ਬਿਜਾਈ ਅਤੇ ਸਿੰਚਾਈ ਖੇਲਾਂ ਵਿੱਚ ਕਰਨ ਨਾਲ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ। ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ, ਉੱਥੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰੋ ਅਤੇ ਬਾਅਦ ਵਿੱਚ ਟਿਊਬਵੈੱਲ ਦਾ ਪਾਣੀ ਇੱਕ ਖੇਲ ਛੱਡ ਕੇ ਲਗਾਇਆ ਜਾ ਸਕਦਾ ਹੈ। ਫ਼ਸਲ ਨੂੰ ਫੁੱਲ ਨਿਕਲਣ ਅਤੇ ਫ਼ਲ ਪੈਣ ਸਮੇਂ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ, ਨਹੀਂ ਤਾਂ ਬਹੁਤ ਸਾਰੇ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਉਪਜ ਬਹੁਤ ਘੱਟ ਮਿਲੇਗੀ। ਛੋਟੀ ਫ਼ਸਲ ਖੜ੍ਹਾ ਪਾਣੀ ਜ਼ਿਆਦਾ ਚਿਰ ਨਹੀਂ ਸਹਾਰ ਸਕਦੀ, ਇਸ ਲਈ ਅਜਿਹੀ ਹਾਲਤ ਵਿੱੱਚ ਭਾਰੀ ਮੀਂਹ ਪੈਣ ਤੋਂ ਬਾਅਦ ਪਾਣੀ ਦਾ ਨਿਕਾਸ ਛੇਤੀ ਕਰ ਦੇਣਾ ਚਾਹੀਦਾ ਹੈ। ਟੀਂਡਿਆਂ ਨੂੰ ਛੇਤੀ ਖਿੜਾਉਣ ਲਈ ਅਮਰੀਕਨ ਕਪਾਹ ਨੂੰ ਆਖਰੀ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਓ।

ਸਾਉਣੀ ਦੀ ਮੱਕੀ: ਇਸ ਫ਼ਸਲ ਨੂੰ ਆਮ ਤੌਰ ’ਤੇ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ ’ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਖ਼ਾਸ ਕਰਕੇ ਮੱਕੀ ਦੇ ਨਿੱਸਰਨ ਅਤੇ ਸੂਤ ਕੱਤਣ ਸਮੇਂ। ਬਹਾਰ ਰੁੱਤ ਦੀ ਬੀਜੀ ਮੱਕੀ ਨੂੰ ਮੀਂਹ ਦੇਖਦੇ ਹੋਏ ਪਹਿਲਾ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਓ। ਇਸ ਤੋਂ ਬਾਅਦ 10 ਅਪਰੈਲ ਤੱਕ ਦੋ ਹਫ਼ਤੇ ਦੇ ਵਕਫ਼ੇ ’ਤੇ ਅਤੇ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ’ਤੇ ਪਾਣੀ ਲਾਉਂਦੇ ਰਹੋ। ਦਾਣੇ ਪੈਣ ਵੇਲੇ ਜ਼ਿਆਦਾ ਤਾਪਮਾਨ ਦੇ ਨੁਕਸਾਨ ਤੋਂ ਬਚਣ ਲਈ ਫ਼ਸਲ ਨੂੰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਸਾਉਣੀ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਦੇ ਨਾਲ ਜੇਕਰ 6 ਟਨ ਪ੍ਰਤੀ ਹੈਕਟੇਅਰ ਫ਼ਸਲੀ ਰਹਿੰਦ ਖੂੰਹਦ ਦੀ ਮਲਚ ਵਜੋਂ ਵਰਤੋਂ ਕੀਤੀ ਜਾਵੇ ਤਾਂ ਵੱਧ ਝਾੜ ਦੇ ਨਾਲ ਨਾਲ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।

ਕਮਾਦ: ਗਰਮ ਅਤੇ ਖੁਸ਼ਕ ਮੌਸਮ ਹੋਣ ਕਰਕੇ ਅਪਰੈਲ ਤੋਂ ਜੂਨ ਵਾਲਾ ਸਮਾਂ ਕਮਾਦ ਦੇ ਵਾਧੇ ਲਈ ਬਹੁਤ ਨਾਜ਼ੁਕ ਸਮਾਂ ਹੈ। ਇਸ ਸਮੇਂ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਅੰਦਰ ਲੋੜ ਮੁਤਾਬਕ ਪਾਣੀ ਦਿੰਦੇ ਰਹੋ। ਬਾਰਸ਼ਾਂ ਦੇ ਦਿਨਾਂ ਵਿੱਚ ਜੇਕਰ ਖੇਤ ਵਿੱਚ ਬਾਰਸ਼ਾਂ ਨਾਲ ਬਹੁਤਾ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦਿਓ। ਸਰਦੀਆਂ ਵਿੱਚ (ਨਵੰਬਰ-ਜਨਵਰੀ) ਕਮਾਦ ਨੂੰ ਪਾਣੀ ਇੱਕ ਮਹੀਨੇ ਦੇ ਵਕਫ਼ੇ ’ਤੇ ਲਾਓ। ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇੱਕ ਪਾਣੀ ਦਸੰਬਰ ਦੇ ਅੱਧ ਵਿੱਚ ਅਤੇ ਇੱਕ ਹੋਰ ਪਾਣੀ ਜਨਵਰੀ ਦੇ ਪਹਿਲੇ ਹਫ਼ਤੇ ਲਾਓ।

ਮੂੰਗਫਲੀ: ਮੂੰਗਫਲੀ ਨੂੰ ਮੌਸਮੀ ਵਰਖਾ ਅਨੁਸਾਰ 2 ਜਾਂ 3 ਪਾਣੀ ਜ਼ਰੂਰੀ ਹਨ। ਜੇਕਰ ਵਰਖਾ ਲੋੜ ਮੁਤਾਬਿਕ ਨਾ ਹੋਵੇ ਤਾਂ ਪਹਿਲਾ ਪਾਣੀ ਫੁੱਲ ਪੈਣ ਸਮੇਂ ਲਾਓ। ਗੱਠੀਆਂ ਦੇ ਠੀਕ ਵਾਧੇ ਲਈ ਗੱਠੀਆਂ ਪੈਣ ਸਮੇਂ ਮੌਨਸੂਨ ਅਨੁਸਾਰ ਇੱਕ ਜਾਂ ਦੋ ਪਾਣੀ ਹੋਰ ਲਾਓ। ਆਸਾਨ ਪੁਟਾਈ ਲਈ ਪੁਟਾਈ ਤੋਂ ਕੁਝ ਦਿਨ ਪਹਿਲਾਂ ਇੱਕ ਪਾਣੀ ਲਾਓ।

ਮੂੰਗੀ: ਮੌਸਮ ਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਅਨੁਸਾਰ ਗਰਮ ਰੁੱਤ ਦੀ ਮੂੰਗੀ (ਮਾਰਚ ਵਿੱਚ ਬੀਜੀ) ਦੀ ਫ਼ਸਲ ਨੂੰ 3 ਤੋਂ 5 ਪਾਣੀ ਲਾਓ। ਪਹਿਲਾ ਪਾਣੀ ਬਿਜਾਈ ਤੋਂ 25 ਦਿਨਾਂ ਬਾਅਦ ਲਾਓ। ਆਖਰੀ ਸਿੰਚਾਈ ਬਿਜਾਈ ਤੋਂ ਤਕਰੀਬਨ 55 ਦਿਨਾਂ ਬਾਅਦ ਕਰੋ। ਇਸ ਨਾਲ ਝਾੜ ਵਧੇਗਾ ਅਤੇ ਫ਼ਲੀਆਂ ਇਕਸਾਰ ਪੱਕਣਗੀਆਂ।

ਉੱਪਰ ਦੱਸੀਆਂ ਤਕਨੀਕਾਂ ਨੂੰ ਅਪਣਾ ਕੇ ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਖਪਤ ਨੂੰ ਘਟਾਇਆ ਜਾਵੇ ਤਾਂ ਜੋ ਇਸ ਅਣਮੁੱਲੀ ਦਾਤ ਨੂੰ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਬਚਾ ਕੇ ਰੱਖਿਆ ਜਾ ਸਕੇ।

*ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ

Advertisement