ਪ੍ਰੀਮੀਅਰ ਡੇਵਿਡ ਈਬੀ ਨੇ ਬਜ਼ੁਰਗਾਂ ਨਾਲ ਕ੍ਰਿਸਮਸ ਮਨਾਈ
ਹਰਦਮ ਮਾਨ
ਸਰੀ: ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨ ਸਰੀ ਵਿਖੇ ਪਿਕਸ ਦੇ ਓਲਡ ਏਜ਼ ਹੋਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਕ੍ਰਿਸਮਸ ਦੇ ਜਸ਼ਨ ਮਨਾਏ। ਇਸ ਮੌਕੇ ਸਿਹਤ ਮੰਤਰੀ ਐਡਰੀਅਨ ਡਿਕਸ, ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਰਚਨਾ ਸਿੰਘ, ਲੇਬਰ ਮੰਤਰੀ ਹੈਰੀ ਬੈਂਸ, ਜੰਗਲਾਤ ਮੰਤਰੀ ਬਰੂਸ ਰਾਲਸਟਨ ਅਤੇ ਸਰੀ-ਗਿਲਫਰਡ ਦੇ ਐੱਮਐੱਲਏ ਗੈਰੀ ਬੇਗ ਵੀ ਬਜ਼ੁਰਗਾਂ ਨਾਲ ਕ੍ਰਿਸਮਸ ਮਨਾਉਣ ਲਈ ਪੁੱਜੇ।
ਪਿਕਸ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਚੀਮਾ ਨੇ ਪਿਕਸ ਸੀਨੀਅਰਜ਼ ਹਾਊਸਿੰਗ ਸਹੂਲਤ ਵਿੱਚ ਕ੍ਰਿਸਮਸ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੀਮੀਅਰ ਡੇਵਿਡ ਈਬੀ ਦਾ ਸਵਾਗਤ ਕੀਤਾ।
ਪ੍ਰੀਮੀਅਰ ਡੇਵਿਡ ਈਬੀ ਨੇ ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਿਹਤ ਅਥਾਰਟੀ ਵੱਲੋਂ ਪਿਕਸ ਸਹਾਇਤਾ ਪ੍ਰਾਪਤ ਰਹਿਣ ਵਾਲੇ ਬਜ਼ੁਰਗਾਂ ਲਈ ਇੱਕ ਨਵੀਂ ਇਲੈੱਕਟ੍ਰਿਕ ਬੱਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਬੱਸ ਪ੍ਰਦੂਸ਼ਣ ਰਹਿਤ ਹੋਵੇਗੀ ਅਤੇ ਭਾਈਚਾਰੇ ਦੇ ਆਲੇ-ਦੁਆਲੇ ਜਾਣ ਲਈ ਪ੍ਰਭਾਵਸ਼ਾਲੀ ਆਵਾਜਾਈ ਦਾ ਸਾਧਨ ਹੋਵੇਗੀ। ਸਿਹਤ ਮੰਤਰੀ ਐਡਰੀਅਨ ਡਿਕਸ ਨੇ ਪਿਕਸ ਸੁਸਾਇਟੀ ਵੱਲੋਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੀ ਲੰਬੇ ਸਮੇਂ ਦੀ ਦੇਖਭਾਲ ਲਈ ਇੱਕ ਹੋਰ ਕਦਮ ਹੋਵੇਗਾ ਜਿੱਥੇ 80 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਦੇ ਰਹਿਣ ਸਹਿਣ ਦੀਆਂ ਵਿਸ਼ੇਸ਼ ਸਹੂਲਤਾਂ ਹੋਣਗੀਆਂ। ਇਸ ਮੌਕੇ 100 ਤੋਂ ਵੱਧ ਬਜ਼ੁਰਗਾਂ ਨੇ ਸ਼ਮੂਲੀਅਤ ਕਰਕੇ ਵੱਖ ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਇਮਰੋਜ਼ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ
ਸਰੀ: ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਚਿੱਤਰਕਾਰ ਅਤੇ ਕਵੀ ਇਮਰੋਜ਼ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇੱਕ ਸ਼ੋਕ ਮੀਟਿੰਗ ਦੌਰਾਨ ਇਮਰੋਜ਼ ਨੂੰ ਯਾਦ ਕਰਦਿਆਂ ਮੰਚ ਦੇ ਸਰਪ੍ਰਸਤ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਮਰੋਜ਼ ਨੇ ਆਪਣੀ ਪਾਕਿ ਮੁਹੱਬਤ ਲਈ ਆਪਣਾ ਸਾਰਾ ਕੁਝ ਕੁਰਬਾਨ ਕੀਤਾ ਅਤੇ ਇਮਰੋਜ਼ ਤੇ ਅੰਮ੍ਰਿਤਾ ਪ੍ਰੀਤਮ ਨੇ ਸਾਡੇ ਸਮਿਆਂ ਵਿੱਚ ਮੁਹੱਬਤ ਦੀ ਸੱਚੀ ਸੁੱਚੀ ਮਿਸਾਲ ਕਾਇਮ ਕੀਤੀ। ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਇਮਰੋਜ਼ ਨੇ ਅੰਮ੍ਰਿਤਾ ਪ੍ਰੀਤਮ ਦੀ ਮੁਹੱਬਤੀ ਛਤਰ ਛਾਇਆ ਦੀ ਬਦੌਲਤ ਆਪਣੀ ਚਿੱਤਰਕਲਾ ਨੂੰ ਪੂਰਨ ਰੂਪ ਵਿੱਚ ਪ੍ਰਦਰਸ਼ਿਤ ਕਰਨ ਅਤੇ ਵਡਿਆਉਣ ਦਾ ਮੌਕਾ ਨਹੀਂ ਦਿੱਤਾ ਅਤੇ ਸ਼ਾਇਦ ਏਸੇ ਕਰਕੇ ਹੀ ਉਨ੍ਹਾਂ ਦੀ ਕਲਾ ਦਾ ਓਨਾ ਮੁੱਲ ਨਹੀਂ ਪਿਆ ਜਿੰਨੇ ਦੇ ਉਹ ਹੱਕਦਾਰ ਸਨ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਇਮਰੋਜ਼ ਦਾ ਅੰਮ੍ਰਿਤਾ ਪ੍ਰੀਤਮ ਨਾਲ ਰਿਸ਼ਤਾ ਨਿਰਸਵਾਰਥ ਸੀ। ਅੰਗਰੇਜ਼ ਬਰਾੜ ਤੇ ਸ਼ਾਇਰ ਅਸ਼ੋਕ ਭਾਰਗਵ ਨੇ ਵੀ ਇਮਰੋਜ਼ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੱਚਿਆਂ ਦੀ ਚਿੱਤਰਕਲਾ ਪ੍ਰਦਰਸ਼ਨੀ ਨੇ ਦਰਸ਼ਕ ਮੋਹੇ
ਸਰੀ: ਬੀਤੇ ਦਿਨੀਂ ਜਰਨੈਲ ਆਰਟਸ ਅਕੈਡਮੀ ਵਿੱਚ ਸਿੱਖਿਅਤ ਬੱਚਿਆਂ ਦੀ ਦੋ ਦਿਨਾਂ ਚਿੱਤਰਕਲਾ ਪ੍ਰਦਰਸ਼ਨੀ ਲਾਈ ਗਈ। ਇਹ ਚਿੱਤਰਕਲਾ ਪ੍ਰਦਰਸ਼ਨੀ ਸਿੱਖ ਇਤਿਹਾਸ ਦੇ ਨਾਮਵਰ ਚਿੱਤਰਕਾਰ ਕ੍ਰਿਪਾਲ ਸਿੰਘ ਨੂੰ ਸਮਰਪਿਤ ਰਹੀ। ਵਰਨਣਯੋਗ ਹੈ ਕਿ ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਦੇ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਬੱਚਿਆਂ ਨੂੰ ਲਗਾਤਾਰ ਆਰਟ ਸਿਖਲਾਈ ਦੇ ਰਹੇ ਹਨ। ਇਹ ਪ੍ਰਦਰਸ਼ਨੀ ਉਨ੍ਹਾਂ ਦੇ ਵਿਦਿਆਰਥੀਆਂ ਦੀ ਕਲਾ ਦੀ ਪਹਿਲੀ ਪ੍ਰਦਰਸ਼ਨੀ ਸੀ।
ਪ੍ਰਦਰਸ਼ਨੀ ਦੇ ਉਦਘਾਟਨੀ ਮੌਕੇ ਸ਼ਾਇਰ ਮੋਹਨ ਗਿੱਲ ਨੇ ਦੱਸਿਆ ਕਿ 2004 ਤੋਂ ਸ਼ੁਰੂ ਹੋਈ ਇਸ ਅਕੈਡਮੀ ਵਿੱਚ ਜਰਨੈਲ ਸਿੰਘ ਨੇ ਜਿਸ ਤਰ੍ਹਾਂ ਆਪਣੇ ਪਿਤਾ ਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਚਿੱਤਰਕਾਰ ਸ. ਕਿਰਪਾਲ ਸਿੰਘ ਤੋਂ ਕਲਾ ਦੀ ਜੋਤ ਲੈ ਕੇ ਅੱਗੇ ਜਗਾਈ ਹੈ ਉਸੇ ਤਰ੍ਹਾਂ ਉਹ ਹੁਣ ਕੈਨੇਡਾ ਦੀ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕਲਾ ਦੀ ਜਾਗ ਲਾ ਰਹੇ ਹਨ।
ਪ੍ਰਦਰਸ਼ਨੀ ਵਿੱਚ 24 ਕਲਾਕਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਬਹੁਤ ਛੋਟੇ ਬੱਚਿਆਂ ਤੋਂ ਲੈ ਕੇ ਬਾਲਗ ਉਮਰ ਤੱਕ ਦੇ ਕਲਾਕਾਰ ਸ਼ਾਮਲ ਸਨ। 35 ਕਿਰਤਾਂ ਦੀ ਇਸ ਪ੍ਰਦਰਸ਼ਨੀ ਵਿੱਚ ਬਹੁਭਾਂਤੀ ਵਿਸ਼ਾ ਵਸਤੂ ਪੇਸ਼ ਕੀਤੇ ਗਏ। ਅਨਮੋਲ ਰਾਇ, ਅਨੂਪ ਰਾਇ, ਅਰਪਨ ਸਿੱਧੂ, ਬੰਦਨਾ ਬਦੇਸ਼ਾ, ਜਸਨੂਰ ਸੰਘਾ, ਜੀਵਨਜੋਤ ਮਿਨਹਾਸ, ਕਿਰਨਜੋਤ ਦਿਓਗਣ, ਮੰਨਤ ਗਿੱਲ, ਪਰਨੂਰ ਸੁੰਨਰ, ਸੁਖਮਨੀ ਸਿੱਧੂ, ਤਰਨਦੀਪ ਗਿੱਲ ਦੀਆਂ ਕਲਾ ਕਿਰਤਾਂ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ।
ਇਸ ਮੌਕੇ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਚਿੱਤਰਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਚਿੱਤਰਕਲਾ, ਸੰਗੀਤ ਤੇ ਸਾਹਿਤ ਇਹ ਸਾਰੀਆਂ ਕਲਾਵਾਂ ਮਨੁੱਖ ਦੇ ਜੀਵਨ ਨੂੰ ਮਾਨਣਯੋਗ ਬਣਾਉਂਦੀਆਂ ਹਨ ਅਤੇ ਅਰਥ ਪ੍ਰਦਾਨ ਕਰਨ ਦੇ ਨਾਲ ਨਾਲ ਜੀਵਨ ਵਿੱਚ ਅਤਿ ਲੋੜੀਦੀਆਂ ਭਾਵਨਾਵਾਂ ਜਿਵੇਂ ਸਹਿਣ ਸ਼ਕਤੀ, ਨਿਸ਼ਚੇ ਵੱਲ ਫੋਕਸ ਤੇ ਜੀਵਨ ਵਿੱਚ ਅਨੁਸਾਸ਼ਨ ਸਿਖਾਉਂਦੀਆਂ ਹਨ। ਅਖੀਰ ਵਿੱਚ ਸਾਰੇ ਬਾਲ ਕਲਾਕਾਰਾਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਸੰਪਰਕ: 1 604 308 6663
