ਸ਼ੌਕ ਹਥਿਆਰਾਂ ਦਾ...
ਟਰੇਨ ਵਿੱਚ ਮੇਰੇ ਸਾਹਮਣੇ ਇੱਕ ਤਿਆਰ ਬਰ ਤਿਆਰ ਨਿਹੰਗ ਸਿੰਘ ਬੈਠਾ ਸੀ। ਦੁਮਾਲਾ ਚੱਕਰਾਂ ਨਾਲ ਸਜਾਇਆ, ਗੋਡਿਆਂ ਤੱਕ ਕਛਹਿਰਾ ਅਤੇ ਪਿੰਜਣੀਆਂ ਨੰਗੀਆਂ ਸਨ। ਪੈਰੀਂ ਦੇਸੀ ਜੁੱਤੀ, ਹੱਥ ਵਿੱਚ ਨੇਜਾ, ਇੱਕ ਵੱਡੀ ਕਿਰਪਾਨ ਅਤੇ ਇੱਕ ਛੋਟੀ ਕਿਰਪਾਨ ਪਹਿਨੀ ਸੀਟ ’ਤੇ ਸ਼ਾਂਤ ਚਿੱਤ ਬੈਠਾ ਸੀ। ਸਟੇਸ਼ਨ ’ਤੇ ਗੱਡੀ ਰੁਕੀ ਅਤੇ ਸਵਾਰੀਆਂ ਵਿੱਚ ਹਿਲਜੁਲ ਸ਼ੁਰੂ ਹੋ ਗਈ। ਇੱਕ ਜਵਾਨ ਮੁੰਡਾ ਆ ਕੇ ਨਿਹੰਗ ਸਿੰਘ ਨਾਲ ਬੈਠ ਗਿਆ। ਗੱਡੀ ਸਰਕਣੀ ਸ਼ੁਰੁੂ ਹੋ ਗਈ ਅਤੇ ਛੇਤੀ ਹੀ ਆਪਣੀ ਪੂਰੀ ਸਪੀਡ ਫੜ ਲਈ। ਸਵਾਰੀਆਂ ਆਪੋ ਆਪਣੀਆਂ ਸੀਟਾਂ ’ਤੇ ਸੈੱਟ ਹੋ ਚੁੱਕੀਆਂ ਸਨ।
“ਨਿਹੰਗ ਸਿੰਘ ਜੀ, ਅਜੇ ਵੀ ਰਵਾਇਤੀ ਹਥਿਆਰ ਚੁੱਕੀ ਜਾਂਦੇ ਹੋ। ਹੁਣ ਤਾਂ ਐਟਮ ਬੰਬ, ਹਾਈਡਰੋਜਨ ਬੰਬ, ਮਿਜ਼ਾਈਲਾਂ ਅਤੇ ਡਰੋਨਾਂ ਦਾ ਯੁੱਗ ਹੈ।” ਜਵਾਨ ਮੁੰਡੇ ਨੇ ਨਿਹੰਗ ਸਿੰਘ ਨੂੰ ਟਿੱਚਰ ਕੀਤੀ। ਨਿਹੰਗ ਸਿੰਘ ਚੁੱਪ ਰਿਹਾ।
“ਹੁਣ ਤਾਂ ਏਕੇੇ 74 ਅਤੇ ਹੋਰ ਬਹੁਤ ਕੁਝ ਆ ਗਿਆ ਹੈ, ਤੁਸੀਂ ਨਿਹੰਗ ਸਿੰਘ ਅਜੇ ਸਤਾਰਵੀਂ ਸਦੀ ਵਿੱਚ ਰਹਿ ਰਹੇ ਹੋ।’’ ਮੁੰਡੇ ਨੇ ਫਿਰ ਮਖੌਲ ਕੀਤਾ।
“ਵੇਖ ਕਾਕਾ ਐਵੇਂ ਟਿੱਚਰਬਾਜ਼ੀ ਚੰਗੀ ਨਹੀਂ ਹੁੰਦੀ। ਮੇਰਾ ਬਾਣਾ ਅਤੇ ਹਥਿਆਰ ਗੁਰੂ ਦੀ ਦੇਣ ਹੈ। ਜੇ ਹੁਣ ਤੂੰ ਮੇਰੇ ਹਥਿਆਰਾਂ ’ਤੇ ਤੰਜ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।’’ ਨਿਹੰਗ ਸਿੰਘ ਨੇ ਆਖਿਆ।
‘‘ਆਹ ਤੁਹਾਡੀਆਂ ਕਿਰਪਾਨਾਂ- ਕੁਰਪਾਨਾਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ।’’ ਉਹ ਜ਼ੋਰ ਦੀ ਹੱਸਿਆ। ਨਿਹੰਗ ਸਿੰਘ ਕੋਲੋਂ ਇਹ ਬਰਦਾਸ਼ਤ ਨਾ ਹੋਇਆ ਅਤੇ ਉਸ ਨੇ ਨੇਜੇ ਦੀ ਚੁੰਝ ਲੜਕੇ ਦੀ ਵੱਖੀ ਵਿੱਚ ਹਲਕੀ ਜਿਹੀ ਚੁਭਾ ਦਿੱਤੀ।
“ਬਚਾਓ ਬਚਾਓ, ਨਿਹੰਗ ਨੇ ਮੈਨੂੰ ਮਾਰ ਦਿੱਤਾ।” ਕਹਿੰਦਾ ਮੁੰਡਾ ਉੱਚੀ ਉੱਚੀ ਰੋਣ ਲੱਗਾ। ਇਹ ਮੌਕਾ ਮੇਲ ਹੀ ਸੀ ਕਿ ਇੱਕ ਰੇਲਵੇ ਪੁਲੀਸ ਫੋਰਸ ਦਾ ਸਿਪਾਹੀ ਗਸ਼ਤ ਕਰਦਾ ਉੱਥੇ ਪਹੁੰਚ ਗਿਆ।
“ਛੱਡ ਦਿਓ, ਬਾਬਾ ਜੀ, ਮੁੰਡਾ ਮਰ ਜਾਊਗਾ।” ਸਿਪਾਹੀ ਨੇ ਆਖਿਆ। ਨਿਹੰਗ ਸਿੰਘ ਨੇ ਬਰਛਾ ਪਿੱਛੇ ਕਰ ਲਿਆ।
“ਮੇਰਾ ਇਸ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਜੇ ਮਾਰਨਾ ਹੁੰਦਾ ਤਾਂ ਹੁਣ ਤੱਕ ਇਸ ਦੀ ਧੌਣ ਧੜ ਤੋਂ ਅਲੱਗ ਕਰ ਦਿੰਦਾ। ਮੈਂ ਤਾਂ ਇਸ ਨੂੰ ਸਬਕ ਸਿਖਾਉਣਾ ਸੀ। ਉਹ ਸਿਖਾ ਦਿੱਤਾ। ਇਹ ਹੁਣ ਕਿਸੇ ਨੂੰ ਏਦਾਂ ਟਿੱਚਰ ਨਹੀਂ ਕਰੇਗਾ। ਹਥਿਆਰ ਭਾਵੇਂ ਛੋਟਾ ਹੋਵੇ ਜਾਂ ਵੱਡਾ। ਮੌਕੇ ’ਤੇ ਕੰਮ ਆ ਗਿਆ, ਉਹ ਹੀ ਸਮੇਂ ਦਾ ਹਥਿਆਰ ਹੁੰਦਾ ਹੈ। ਹਥਿਆਰ ਰੱਖ ਕੇ ਜ਼ਬਤ ਵਿੱਚ ਰਹਿਣਾ ਵੀ ਜ਼ਰੂਰੀ ਹੈ। ਜੇ ਮੈਂ ਜ਼ਬਤ ਵਿੱਚ ਨਾ ਰਹਿੰਦਾ ਤਾਂ ਕਤਲ ਹੋ ਜਾਣਾ ਸੀ। ਮੈਂ ਡਬਲ ਐੱਮਏ ਹਾਂ ਅਤੇ ਵਧੀਆ ਨੌਕਰੀ ਕਰਦਾ ਹਾਂ।” ਨਿਹੰਗ ਸਿੰਘ ਨੇ ਆਖਿਆ।
ਹਥਿਆਰਾਂ ਬਾਰੇ ਸਿੱਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਿਤੀ ਸਪੱਸ਼ਟ ਕਰ ਦਿੱਤੀ। ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਕਿਰਪਾਨ ਨੂੰ ਸਰੀਰ ਦਾ ਹਿੱਸਾ ਹੀ ਬਣਾ ਦਿੱਤਾ। ਸਿੱਖ ਇਤਿਹਾਸ ਵਿੱਚ ਜਦੋਂ ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਹੁੰਦਾ ਹੈ ਤਾਂ ਹਥਿਆਰਾਂ ਦਾ ਜ਼ਿਕਰ ਵੀ ਹੁੰਦਾ ਹੈ। ਇਤਿਹਾਸ ਜਦੋਂ ਭਾਈ ਬਚਿੱਤਰ ਸਿੰਘ ਦੀ ਸ਼ਰਾਬੀ ਹਾਥੀ ਜਿਸ ਦਾ ਮੱਥਾ ਲੋਹੇ ਨਾਲ ਮੜ੍ਹਿਆ ਸੀ, ਨਾਲ ਜੰਗ ਦੀ ਗੱਲ ਕਰਦਾ ਹੈ ਤਾਂ ਨਾਗਨੀ ਹਥਿਆਰ ਦੀ ਵੀ ਬਾਤ ਪੈਂਦੀ ਹੈ। ਬਾਬਾ ਦੀਪ ਸਿੰਘ ਜਦੋਂ ਮੁਗ਼ਲਾਂ ਨੂੰ ਵੰਗਾਰਦਾ ਹੈ ਤਾਂ ਉਸ ਦੇ 18 ਸੇਰ ਦੇ ਖੰਡੇ ਦਾ ਜ਼ਿਕਰ ਵੀ ਹੁੰਦਾ ਹੈ। ਸਾਰਾਗੜ੍ਹੀ ਦੇ ਯੋਧੇ ਦੀ ਲਾਸਾਨੀ ਬਹਾਦਰੀ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਵੱਲੋਂ ਚੁੱਕੀ ਬੰਦੂਕ ਵੀ ਪਿੱਛੇ ਨਹੀਂ ਰਹਿੰਦੀ। ਭਗਤ ਸਿੰਘ ਦੀ ਰਿਵਾਲਰ ਅੱਜ ਇਤਿਹਾਸ ਦਾ ਹਿੱਸਾ ਹੈ। ਇਹ ਕਹਾਣੀਆਂ ਨਾ ਮੁੱਕਣ ਵਾਲਾ ਸਿਲਸਿਲਾ ਹੈ।
ਕਿਹਾ ਜਾਂਦਾ ਹੈ ਕਿ ਭਾਵੇਂ ਜੰਗ ਨਾ ਹੋਵੇ, ਪਰ ਤੁਹਾਨੂੰ ਦਹਾਕਿਆਂ ਤੱਕ ਹਥਿਆਰ ਚੁੱਕਣੇ ਪੈਂਦੇ ਹਨ। ਮੌਜੂਦਾ ਪੰਜਾਬ ਵਿੱਚ ਗੀਤਾਂ ਵਿੱਚ ਹਥਿਆਰਾਂ ਦਾ ਦਿਖਾਵਾ ਅਤੇ ਵਿਆਹਾਂ ਵਿੱਚ ਫਾਇਰ ਕਰਨ ਬਾਰੇ ਤੁਸੀਂ ਜਾਣਦੇ ਹੀ ਹੋ। ਆਪਾਂ ਇਸ ਦੀ ਗੱਲ ਨਹੀਂ ਕਰਾਂਗੇ ਬਲਕਿ, ਨਿਊਜ਼ੀਲੈਂਡ ਵਿੱਚ ਰਹਿੰਦੇ ਪੰਜਾਬੀਆਂ ਦੇ ਹਥਿਆਰਾਂ ਦੇ ਸ਼ੌਕ ਦੀ ਗੱਲ ਕਰਦੇ ਹਾਂ। ਮੈਨੂੰ ਇੱਕ ਪਰਿਵਾਰਕ ਸਮਾਗਮ ਵਿੱਚ ਜਾਣ ਸਮੇਂ ਪਤਾ ਲੱਗਾ ਕਿ ਘਰ ਦੇ ਮਾਲਕ ਨੂੰ ਹਥਿਆਰਾਂ ਦਾ ਸ਼ੌਕ ਹੈ।
ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਮੈਂ ਪੁੱਛਿਆ, “ਸੁਣਿਆ ਤੁਹਾਨੂੰ ਹਥਿਆਰਾਂ ਦਾ ਸ਼ੌਕ ਹੈੈੈ?” ਅੰਨ੍ਹਾ ਕੀ ਭਾਲੇ ਦੋ ਅੱਖਾਂ।
“ਮੇਰੇ ਕੋਲ 6 ਹਥਿਆਰ ਹਨ। ਮੈਂ ਹੁਣੇ ਹੀ ਲਿਆਉਂਦਾ ਹਾਂ।” ਇਹ ਆਖ ਉਹ ਦੂਸਰੇ ਕਮਰੇ ਵਿੱਚ ਚਲਾ ਗਿਆ। ਵਾਰੀ ਵਾਰੀ ਵੱਖ ਵੱਖ ਕੈਲੀਬਰ ਦੀਆਂ 5 ਬੰਦੂਕਾਂ ਅਤੇ ਇੱਕ ਪਿਸਟਲ ਲਿਆ ਕੇ ਬੈੱਡ ’ਤੇ ਸਜਾ ਦਿੱਤੀਆਂ। ਇਨ੍ਹਾਂ ਵਿੱਚ ਇੱਕ ਟੈਲੀਸਕੋਪਿੰਗ ਗੰਨ ਵੀ ਸੀ। ਫਿਰ ਰਾਊਂਡ ਦੀਆਂ ਡੱਬੀਆਂ ਵੀ ਲਿਆ ਧਰੀਆਂ।
‘‘ਜੇਕਰ ਫੋਟੋ ਲੈਣੀ ਹੈ ਤਾਂ ਲੈ ਲਓ।’’ ਉਸ ਨੇ ਆਖਿਆ। ਨਿਊਜ਼ੀਲੈਂਡ ਵਿੱਚ ਤੁਸੀਂ ਇੱਕ ਪਰਮਿਟ ’ਤੇ ਕਿੰਨੇ ਹਥਿਆਰ ਰੱਖ ਸਕਦੇ ਹੋ? ਜਵਾਬ ਕੋਈ ਸੀਮਾ ਨਹੀਂ, ਪਰ ਇਹ ਹਥਿਆਰ ਰੱਖਣ ਲਈ ਸਹੀ ਸੇਫ (ਲਾਕਰ) ਹੋਣਾ ਜ਼ਰੂਰੀ ਹੈ ਅਤੇ ਸਰਕਾਰੀ ਅਧਿਕਾਰੀ ਇਸ ਦੀ ਨਿੱਜੀ ਤੌਰ ’ਤੇ ਪੜਤਾਲ ਵੀ ਕਰਦੇ ਹਨ। ਹਥਿਆਰਾਂ ਨੂੰ ਕੈਟੇਗਰੀਆਂ ਵਿੱਚ ਵੰਡਿਆ ਹੋਇਆ ਹੈ। ਜ਼ਿਆਦਾਤਰ ਸੈਮੀ ਆਟੋਮੈਟਿਕ ਹਥਿਆਰਾਂ ’ਤੇ ਪਾਬੰਦੀ ਹੈ। ਤੁਸੀਂ ਹਥਿਆਰ ਆਪਣੀ ਗੱਡੀ ਵਿੱਚ ਲਿਜਾ ਸਕਦੇ ਹੋ, ਪਰ ਉਸ ਨੂੰ ਚੰਗੀ ਤਰ੍ਹਾਂ ਕਵਰ ਕਰਕੇ, ਭਾਵ ਵਿਖਾਵਾ ਨਹੀਂ, ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਗੰਨ ਚੁੱਕ ਕੇ ਟੌਹਰ ਨਾਲ ਚੱਲਦੇ ਹਾਂ। ਨਿਊਜ਼ੀਲੈਂਡ ਵਿੱਚ ਗੋਰੇ ਹਥਿਆਰਾਂ ਦੀ ਵਰਤੋਂ ਸ਼ਿਕਾਰ ਲਈ ਕਰਦੇ ਹਨ। ਇੱਥੋਂ ਦੀਆਂ ਸੜਕਾਂ ’ਤੇ ਮੈਂ ਕਈ ਵਾਰ ਨਿੱਜੀ ਗੱਡੀਆਂ ਦੇ ਪਿੱਛੇ ਸ਼ਿਕਾਰ ਕੀਤੇ ਹਿਰਨ ਅਤੇ ਸੂਰ ਵੇਖੇ ਹਨ, ਪਰ ਕਦੇ ਵੀ ਕਿਸੇ ਗੋਰੇ ਨੁੂੰ ਹਥਿਆਰ ਚੁੱਕੀ ਨਹੀਂ ਵੇਖਿਆ। ਹਥਿਆਰਬੰਦ ਪੁਲੀਸ ਵੀ ਬਹੁਤ ਘੱਟ ਦਿਖਾਈ ਦਿੰਦੀ ਹੈ। ਜੰਗਲੀ ਜਾਨਵਰਾਂ ਨੂੰ ਖਾਣ ਲਈ ਘਾਹ ਬਹੁਤ ਹੈ, ਇਸ ਲਈ ਜੰਗਲੀ ਜਾਨਵਰ ਕਾਫ਼ੀ ਗਿਣਤੀ ਵਿੱਚ ਮਿਲ ਜਾਂਦੇ ਹਨ। ਨਿੱਜੀ ਫਾਰਮਾਂ ’ਤੇ ਤੁਸੀਂ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ, ਪਰ ਮਾਲਕ ਦੀ ਮਨਜ਼ੂਰੀ ਨਾਲ, ਇਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰ ਸਕਦੇ ਹੋ। ਫਾਰਮ ਹਜ਼ਾਰ ਹਜ਼ਾਰ ਏਕੜਾਂ ਦੇ ਹਨ। ਗਾਵਾਂ ਦੇ ਫਾਰਮਾਂ ਵਿੱਚ ਗਾਵਾਂ ਦਾ ਘਾਹ ਇਹ ਛਕ ਜਾਂਦੇ ਹਨ। ਦ ੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਓ, ਕਿਸਾਨ ਇਹ ਬਰਦਾਸ਼ਤ ਨਹੀਂ ਕਰਦਾ ਕਿ ਉਸ ਦਾ ਖੇਤ ਜੰਗਲੀ ਜਾਨਵਰ ਚਰ ਜਾਣ। ਨਿਉੂਜ਼ੀਲੈਂਡ ਵਿੱਚ ਹਿਰਨਾਂ ਦੇ ਫਾਰਮ ਵੀ ਹਨ। ਸਰਕਾਰ ਵੱਲੋਂ ਜਨਤਕ ਥਾਵਾਂ ’ਤੇ ਸ਼ਿਕਾਰ ਕਰਨ ਲਈ ਪਰਮਿਟ ਲੈਣਾ ਪੈਂਦਾ ਹੈ। ਸ਼ਿਕਾਰ ਕਰਦੇ ਸਮੇਂ ਜੇਕਰ ਕੋਈ ਦੁਰਘਟਨਾ ਹੋ ਜਾਵੇ ਤਾਂ ਸ਼ਿਕਾਰੀ ਜ਼ਿੰਮੇਵਾਰ ਹੁੰਦਾ ਹੈ। ਇਸ ਲਈ ਸ਼ਿਕਾਰ ਕਰਦੇ ਸਮੇਂ ਪੂਰਾ ਇਹਤਿਆਦ ਵਰਤਿਆ ਜਾਂਦਾ ਹੈ।
ਮੈਂ ਆਪਣੇ ਮੇਜ਼ਬਾਨ ਨੂੰ ਪੁੱਛਿਆ; ‘‘ਕੀ ਕਦੇ ਉਸ ਨੇ ਸ਼ਿਕਾਰ ਕੀਤਾ ਹੈ?’’ ਤਾਂ ਉਸ ਦਾ ਜਵਾਬ ਸੀ। ਨਹੀਂ। ਮਤਲਬ ਸਪੱਸ਼ਟ ਸੀ ਕਿ ਇਹ ਹਥਿਆਰ ਸਿਰਫ਼ ਵਿਖਾਵੇ ਵਾਸਤੇ ਰੱਖੇ ਹਨ। ਇਸ ਦੇ ਉਲਟ ਗੋਰੇ ਹਥਿਆਰਾਂ ਦੀ ਵਰਤੋਂ ਸ਼ਿਕਾਰ ਲਈ ਕਰਦੇ ਹਨ ਅਤੇ ਸਰਦੀਆਂ ਲਈ ਜਾਨਵਰਾਂ ਦਾ ਮਾਸ ਫਰੀਜ਼ ਕਰਕੇ ਸਾਰਾ ਸਾਲ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੇ ਬੱਚੇ ਵੀ ਆਪਣੇ ਪਿਤਾ ਨਾਲ ਜਾ ਕੇ ਖਰਗੋਸ਼ ਆਦਿ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਸਾਂਬਰ ਦਾ ਸ਼ਿਕਾਰ ਕਾਫ਼ੀ ਔਖਾ ਹੁੰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਅਸੀਂ ਹਥਿਆਰ ਰਾਹੀਂ ਆਪਣੀ ਹਊਮੇ ਅਤੇ ਵਡੱਪਣ ਦੀ ਗੱਲ ਕਰਦੇ ਹਾਂ ਅਤੇ ਗੋਰੇ ਇਸ ਦੀ ਸੁੱਚਜੇ ਢੰਗ ਨਾਲ ਵਰਤੋਂ ਕਰਦੇ ਹਨ।
ਸੰਪਰਕ: 0064274791038
