ਯੂਕੇ ਵਿਚ ਭਾਰਤੀ ਮਹਿਲਾ ਨਾਲ ਜਬਰ-ਜਨਾਹ ਮਾਮਲੇ ’ਚ ਇਕ ਮੁਲਜ਼ਮ ਗ੍ਰਿਫ਼ਤਾਰ
ਵੈਸਟ ਮਿਡਲੈਂਡਜ਼ ਪੁਲੀਸ ਨੇ ਐਤਵਾਰ ਸ਼ਾਮ ਨੂੰ 30 ਸਾਲ ਦੇ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਇਸ ਵੇਲੇ ਬਲਾਤਕਾਰ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ ਕਿਉਂਕਿ ਜਾਂਚ ਜਾਰੀ ਹੈ। ਪੁਲੀਸ ਨੂੰ ਇਸ ਘਟਨਾ ਬਾਰੇ ਪਹਿਲੀ ਵਾਰ ਮੰਗਲਵਾਰ ਸਵੇਰੇ ਜਾਣਕਾਰੀ ਦਿੱਤੀ ਗਈ ਸੀ। ਪੁਲੀਸ ਵੱਲੋਂ ਇਸ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਵਿਆਪਕ ਪੁੱਛਗਿੱਛ ਕੀਤੀ ਜਾ ਰਹੀ ਸੀ।
ਸੈਂਡਵੈਲ ਪੁਲੀਸ ਦੇ ਮੁੱਖ ਸੁਪਰਡੈਂਟ ਕਿਮ ਮੈਡਿਲ ਨੇ ਗ੍ਰਿਫ਼ਤਾਰੀ ਨੂੰ ਇਸ ਮਾਮਲੇ ਵਿੱਚ ਅਹਿਮ ਪੇਸ਼ਕਦਮੀ ਦੱਸਿਆ ਹੈ। ਉਨ੍ਹਾਂ ਸਥਾਨਕ ਭਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਤੇ ਸਮਰਥਨ ਲਈ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਜਾਂਚ ਜਾਰੀ ਹੈ ਉਦੋਂ ਤੱਕ ਕਿਆਸ ਅਰਾਈਆਂ ਤੋਂ ਬਚਿਆ ਜਾਵੇ।
ਉਧਰ ਇਸ ਘਟਨਾ ਦੇ ਰੋਸ ਵਜੋਂ ਸਿੱਖ ਭਾਈਚਾਰੇ ਦੇ ਮੈਂਬਰ ਐਤਵਾਰ ਨੂੰ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਇਕੱਠੇ ਹੋਏ। ਦਰਜਨਾਂ ਲੋਕ ਸ਼ਾਂਤੀਪੂਰਨ ਇਕੱਠ ਵਿੱਚ ਸ਼ਾਮਲ ਹੋਏ ਤੇ ਕਥਿਤ ਹਮਲੇ ਵਾਲੀ ਥਾਂ ’ਤੇ ਜਾਣ ਤੋਂ ਪਹਿਲਾਂ ਪੀੜਤਾ ਲਈ ਅਰਦਾਸ ਕੀਤੀ ਗਈ। ਇਕੱਠ ਵਿਚ ਸਥਾਨਕ ਕੌਂਸਲਰ ਪਰਬਿੰਦਰ ਕੌਰ ਵੀ ਸ਼ਾਮਲ ਸੀ, ਜਿਸ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਹ ‘ਇੱਕ ਔਰਤ, ਇੱਕ ਮਾਂ ਅਤੇ ਇੱਕ ਦਾਦੀ’ ਵਜੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੀ ਹੈ।