ਨੋਬੇਲ ਪੁਰਸਕਾਰ 2025; ਜੇਤੂ ਅਤੇ ਪ੍ਰਾਪਤੀਆਂ
ਅਕਤੂਬਰ ਮਹੀਨੇ ਇਸ ਸਾਲ ਦੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਨੋਬੇਲ ਇਨਾਮ ਦੀ ਕਹਾਣੀ ਐਲਫਰੈੱਡ ਨੋਬੇਲ ਤੋਂ ਸ਼ੁਰੂ ਹੁੰਦੀ ਹੈ ਜੋ ਇੱਕ ਸਵੀਡਿਸ਼ ਵਿਗਿਆਨੀ, ਨਵੀਆਂ ਕਾਢਾਂ ਕੱਢਣ ਵਾਲਾ ਤੇ ਉਦਯੋਗਪਤੀ ਸੀ ਜਿਸਨੇ ਦੁਨੀਆ ਨੂੰ ਡਾਇਨਾਮਾਈਟ ਦਿੱਤਾ ਸੀ। ਹਾਲਾਂਕਿ, ਇਸ ਖੋਜ ਨੇ ਉਸ ਨੂੰ ਜਿੰਨੀ ਪ੍ਰਸਿੱਧੀ ਦਿੱਤੀ, ਓਨੀ ਹੀ ਆਲੋਚਨਾ ਵੀ। 1901 ਤੋਂ ਸ਼ੁਰੂ ਕੀਤਾ ਗਿਆ ਨੋਬੇਲ ਪੁਰਸਕਾਰ ਇੱਕ ਵੱਕਾਰੀ ਅੰਤਰਰਾਸ਼ਟਰੀ ਪੁਰਸਕਾਰ ਹੈ ਜੋ ਹਰ ਸਾਲ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ ਜਾਂ ਮੈਡੀਸਿਨ, ਸਾਹਿਤ, ਸ਼ਾਂਤੀ ਅਤੇ ਆਰਥਿਕ ਵਿਗਿਆਨ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਮਨੁੱਖਤਾ ਦੇ ਲਾਭ ਲਈ ਐਲਫਰੈੱਡ ਨੋਬੇਲ ਦੀ ਇੱਛਾ ਦੁਆਰਾ ਸਥਾਪਿਤ ਕੀਤਾ ਗਿਆ ਸੀ। ਆਓ ਇਸ ਸਾਲ ਦੇ ਨੋਬੇਲ ਪੁਰਸਕਾਰ ਜੇਤੂਆਂ ਨਾਲ ਸਾਂਝ ਪਾਈਏ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਬਾਰੇ ਜਾਣੀਏ।
ਮੈਡੀਸਿਨ: ਇਸ ਵਾਰ ਮੈਡੀਸਿਨ ਦਾ ਨੇਬੋਲ ਪੁਰਸਕਰ ਮੈਰੀ ਈ ਬਰੁਨਕੋ (ਅਮਰੀਕਾ), ਫਰੈੱਡ ਰੈਮਸਡੇਲ (ਅਮਰੀਕਾ) ਤੇ ਸ਼ਿਮੌਨ ਸਾਕਾਗੁਚੀ (ਜਪਾਨ) ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਲਈ ਸਾਂਝੇ ਤੌਰ ’ਤੇ ਮਿਲਿਆ ਹੈ। ਸਾਕਾਗੁਚੀ ਨੇ ਸਰੀਰ ਨੂੰ ਆਟੋਇਮਿਊਨ ਰੋਗਾਂ ਤੋਂ ਬਚਾਉਣ ਵਾਲੇ ਇਮਿਊਨ ਸੈੱਲਾਂ ਦੇ ਪਹਿਲਾਂ ਅਣਜਾਣੇ ਵਰਗ ਨੂੰ ਖੋਜਿਆ ਹੈ। ਮੈਰੀ ਬਰੁੰਕੋ ਅਤੇ ਫਰੈੱਡ ਰੈਮਸਡੇਲ ਨੇ ਚੂਹਿਆਂ ਦੇ ਇੱਕ ਜੀਨ ਵਿੱਚ ਇੱਕ ਬਦਲਾਅ ਦੇਖਿਆ, ਜਿਸ ਦਾ ਨਾਂ ਉਨ੍ਹਾਂ ਨੇ Foxp3 ਰੱਖਿਆ। ਮਨੁੱਖ ਵਿੱਚ ਇਸ ਦੇ ਤੁਲ ਜੀਨ ਗੰਭੀਰ ਆਟੋਇਮਿਊਨ ਰੋਗ ਦਾ ਕਾਰਨ ਬਣਦੀ ਸੀ। ਸ਼ਿਮੋਨ ਸਾਕਾਗੁਚੀ ਨੇ ਦੱਸਿਆ ਕਿ ਰੈਗੂਲੇਟਰੀ ਟੀ ਸੈੱਲ ਦੂਜੇ ਇਮਿਊਨ ਸੈੱਲਾਂ ਦੀ ਨਿਗਰਾਨੀ ਕਰਦੇ ਹਨ ਅਤੇ ਦਰਸਾਉਂਦੇ ਹਨ ਕਿ ਸਾਡਾ ਇਮਿਊਨ ਸਿਸਟਮ ਸਾਡੇ ਤੰਤੂਆਂ ਨੂੰ ਬਰਦਾਸ਼ਤ ਕਰਦਾ ਹੈ। ਇੰਜ ਪੈਰੀਫਿਰਲ ਸਹਿਣਸ਼ੀਲਤਾ ਦੇ ਖੇਤਰ ਦੀ ਸ਼ੁਰੂਆਤ ਹੋਈ ਹੈ। ਇਸ ਨਾਲ ਕੈਂਸਰ ਅਤੇ ਆਟੋਇਮਿਊਨ ਰੋਗਾਂ ਦੇ ਇਲਾਜ ਨੂੰ ਹੁਲਾਰਾ ਮਿਲਿਆ ਹੈ। ਹੁਣ ਵਧੇਰੇ ਸਫਲ ਟਰਾਂਸਪਲਾਂਟੇਸ਼ਨ ਹੋਣ ਦੀ ਸੰਭਾਵਨਾ ਬਣ ਗਈ ਹੈ।
ਭੌਤਿਕ ਵਿਗਿਆਨ: ਇਸ ਵਰ੍ਹੇ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ, ਅਮਰੀਕਾ ਦੇ ਜੌਨ੍ਹ ਕਲਾਰਕ, ਯੇਲ ਯੂਨੀਵਰਸਿਟੀ ਅਮਰੀਕਾ ਦੇ ਮਿਸ਼ੇਲ ਐੱਚ. ਡੇਵੋਰੇਟ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜੌਨ੍ਹ ਐੱਮ. ਮਾਰਟਿਨੀਸ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ।
ਜੇਤੂਆਂ ਨੇ ਸੁਪਰਕੰਡਕਟਰਾਂ ਤੋਂ ਬਣੇ ਇਲੈੱਕਟ੍ਰਾਨਿਕ ਸਰਕਟ ਨਾਲ ਪ੍ਰਯੋਗ ਕੀਤੇ, ਜਿਸ ਵਿੱਚ ਬਿਨਾਂ ਕਿਸੇ ਪ੍ਰਤੀਰੋਧ ਦੇ ਕਰੰਟ ਵਹਿ ਸਕਦਾ ਸੀ। ਕੰਡਕਟਿੰਗ ਕੰਪੋਨੈਂਟਸ ਨੂੰ ਇੱਕ ਗ਼ੈਰ ਚਾਲਕ ਪਤਲੀ ਪਰਤ ਨਾਲ ਵੱਖ ਕੀਤਾ ਗਿਆ। ਇਸ ਵਿੱਚੋਂ ਕਰੰਟ ਲੰਘਾਉਣ ’ਤੇ ਸਰਕਟ ਇਸ ਤਰ੍ਹਾਂ ਵਿਹਾਰ ਕਰਦਾ ਸੀ ਜਿਵੇਂ ਇਕੱਲੇ ਕਣ ਨੇ ਪੂਰੇ ਸਰਕਟ ਨੂੰ ਭਰ ਦਿੱਤਾ ਸੀ। ਪ੍ਰਯੋਗ ਸਿਸਟਮ ਸੁਰੰਗ ਰਾਹੀਂ ਜ਼ੀਰੋ ਵੋਲਟੇਜ਼ ਸਥਿਤੀ ਤੋਂ ਬਚਣ ਦਾ ਪ੍ਰਬੰਧ ਕਰਕੇ ਆਪਣਾ ਕੁਆਂਟਮ ਚਰਿੱਤਰ ਦਰਸਾਉਂਦਾ ਹੈ। ਯਾਨੀ ਕਿ ਇਹ ਕੁਆਂਟਾਈਜ਼ਡ ਹੈ, ਭਾਵ ਇਹ ਖ਼ਾਸ ਮਾਤਰਾ ਵਿੱਚ ਊਰਜਾ ਸੋਖਦਾ ਹੈ ਜਾਂ ਛੱਡਦਾ ਹੈ। ਇਸ ਖੋਜ ਨੇ ਕੁਆਂਟਮ ਤਕਨਾਲੋਜੀ ਦੀ ਅਗਲੀ ਪੀੜ੍ਹੀ ਨੂੰ ਵਿਕਸਤ ਕਰਨ ਦੇ ਮੌਕੇ ਦਿੱਤੇ ਹਨ, ਜਿਸ ਵਿੱਚ ਕੁਆਂਟਮ ਕ੍ਰਿਪਟੋਗ੍ਰਾਫੀ, ਕੁਆਂਟਮ ਕੰਪਿਊਟਰ ਅਤੇ ਕੁਆਂਟਮ ਸੈਂਸਰ ਸ਼ਾਮਲ ਹਨ।
ਰਸਾਇਣ ਵਿਗਿਆਨ: ਇਸ ਵਾਰ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਨਵੇਂ ਪਰਮਾਣੂ ਢਾਂਚੇ ਵਿਕਸਤ ਕਰਨ ਲਈ ਜਾਪਾਨ ਦੀ ਕਿਓਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਸੂਮੂ ਕਿਤਾਗਾਵਾ, ਆਸਟਰੇਲੀਆ ਦੀ ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਰੌਬਸਨ ਅਤੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਓਮਰ ਐੱਮ. ਯਾਗੀ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਜੇਤੂ ਖੋਜ ਦਾ ਆਰੰਭ ਰਿਚਰਡ ਰਾਬਸਨ ਦੇ ਪ੍ਰਯੋਗਾਂ ਨਾਲ ਹੋਇਆ। ਉਹ ਆਪਣੇ ਵਿਦਿਆਰਥੀਆਂ ਨੂੰ ਅਣੂ ਬਣਾਉਣ ਦੀ ਪ੍ਰਕਿਰਿਆ ਸਮਝਾ ਰਿਹਾ ਸੀ। ਲੱਕੜ ਦੀਆਂ ਗੇਂਦਾਂ ਡੰਡੀਆਂ ਨਾਲ ਜੋੜਨ ਵੇਲੇ ਉਸ ਨੇ ਮਹਿਸੂਸ ਕੀਤਾ ਕਿ ਇੰਜ ਨਵਾਂ ਪਰਮਾਣੂ ਢਾਂਚਾ ਤਿਆਰ ਕੀਤਾ ਜਾ ਸਕਦਾ ਹੈ। ਓਮਰ ਯਾਗੀ ਨੇ ਅਮਰੀਕਾ ਜਾ ਕੇ ਨਵੀਂ ਰਸਾਇਣਕ ਡਿਜ਼ਾਈਨਿੰਗ ਕਰਦਿਆਂ ਸੰਨ 1999 ’ਚ ਐੱਮ.ਓ.ਐੱਫ-5 ਫਰੇਮ ਵਰਕ ਤਿਆਰ ਕਰ ਲਿਆ। ਕਿਤਾਗਾਵਾ ਨੇ ਸਥਿਰ ਧਾਤੂ ਕਾਰਬਨ ਢਾਂਚੇ ਬਣਾਉਣ ਦੇ ਨਵੇਂ ਢੰਗ ਇਜ਼ਾਦ ਕੀਤੇ। ਇਨ੍ਹਾਂ ਢਾਂਚਿਆਂ ਵਿੱਚ ਮੌਜੂਦ ਖਾਲੀ ਖੱਪਿਆਂ ਵਿੱਚੋਂ ਗੈਸਾਂ ਅਤੇ ਹੋਰ ਪਦਾਰਥਾਂ ਦਾ ਵਹਾਅ ਹੋ ਸਕਦਾ ਸੀ। ਬਾਹਰੀ ਅਣੂ ਉਸ ਪਦਾਰਥ ਵਿੱਚ ਪ੍ਰਵੇਸ਼ ਕਰ ਸਕਦੇ ਅਤੇ ਮੁੜ ਬਾਹਰ ਵੀ ਨਿਕਲ ਸਕਦੇ ਸਨ। ਇਨ੍ਹਾਂ ਦੀ ਵਰਤੋਂ ਕਾਰਬਨ ਡਾਇਆਕਸਾਈਡ ਨੂੰ ਸੋਖਣ ਜਾਂ ਜ਼ਹਿਰੀਲੀਆਂ ਗੈਸਾਂ ਨੂੰ ਇਕੱਠਾ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਕਾਰਬਨ ਯੁਕਤ ਅਣੂਆਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਪਦਾਰਥਾਂ ਦਾ ਖੇਤਰਫਲ ਵੱਡਾ ਹੋ ਸਕਦਾ ਹੈ।
ਸਾਹਿਤ: ਇਸ ਵਾਰ ਸਾਹਿਤ ਦਾ ਨੋਬੇਲ ਪੁਰਸਕਾਰ ਹੰਗਰੀ ਦੇ ਲੇਖਕ ਲਾਸਜ਼ਲੋ ਕ੍ਰਾਸਜ਼ਨਾਹੋਰਕਈ ਨੂੰ ਮਿਲਿਆ ਹੈ। ਲਾਸਜ਼ਲੋ ਭਿਆਨਕ ਦਹਿਸ਼ਤ ਭਰੀ ਆਵੋ-ਹਵਾ ਵਿਚਾਲੇ ਕਲਾ ਦੀ ਤਾਕਤ ਦੀ ਪੁਸ਼ਟੀ ਕਰਦਾ ਹੈ। ਉਸ ਨੂੰ ਉਦਾਸ ਨਾਵਲਾਂ ਦਾ ਲੇਖਕ ਕਿਹਾ ਜਾਂਦਾ ਹੈ। ਉਸ ਦੀਆਂ ਕਈ ਕਹਾਣੀਆਂ ’ਤੇ ਫੀਚਰ ਫਿਲਮਾਂ ਵੀ ਬਣੀਆਂ ਹਨ।
ਲਾਸਜ਼ਲੋ ਪੂਰਬੀ ਹੰਗਰੀ ਦੇ ਛੋਟੇ ਜਿਹੇ ਸ਼ਹਿਰ ਗਿਉਲਾ ਵਿੱਚ ਇੱਕ ਵਕੀਲ ਪਿਤਾ ਘਰ ਜੰਮਿਆਂ। ਯਹੂਦੀ ਪਿਤਾ ਨੇ ਚਿਰ ਤੀਕ ਆਪਣੀ ਪਛਾਣ ਨੂੰ ਲੋਕਾਂ ਤੋਂ ਲਕੋਈ ਰੱਖਿਆ। ਸੰਨ 1985 ’ਚ ਪਹਿਲੇ ਨਾਵਲ ‘ਸ਼ਤਾਨਟਾਂਗੋ’ ਨਾਲ ਆਪਣੀ ਪਹਿਚਾਣ ਬਣਾਈ ਜੋ ਕਿ ਇੱਕ ਢਹਿ-ਢੇਰੀ ਹੋ ਰਹੇ ਪੇਂਡੂ ਭਾਈਚਾਰੇ ਨੂੰ ਦ੍ਰਿਸ਼ਟੀਗੋਚਰ ਕਰਦਾ ਸੀ। ਇਸ ਨਾਵਲ ਨੇ 2015 ’ਚ ਅੰਗਰੇਜ਼ੀ ਵਿੱਚ ਮੈੱਨ ਬੁੱਕਰ ਇੰਟਰ ਨੈਸ਼ਨਲ ਪੁਰਸਕਾਰ ਜਿੱਤਿਆ। ਨਿਰਦੇਸ਼ਕ ਬੇਲਾ ਟਾਰ ਨੇ ਇਸ ’ਤੇ ਲੰਬੀ ਫਿਲਮ ਬਣਾਈ ਸੀ। ਆਮ ਤੌਰ ’ਤੇ ਪੋਸਟਮਾਡਰਨ ਵਜੋਂ ਜਾਣੇ ਜਾਂਦੇ ਕ੍ਰਾਸਨਾਹੋਰਕਾਈ ਦੇ ਲੰਬੇ ਵਾਕਾਂ ਦੇ ਬਾਰਾਂ ਅਧਿਆਇਆਂ ਵਿੱਚ ਇੱਕ ਪੈਰ੍ਹਾ ਹੈ। ਅਲੋਚਕਾਂ ਨੇ ਉਸ ਦੀ ਦ੍ਰਿਸ਼ਟੀ ਨੂੰ ਗੋਗੋਲ, ਮੇਲਵਿਲ ਅਤੇ ਕਾਫਕਾ ਦੇ ਪੱਧਰ ਦੀ ਕਿਹਾ ਹੈ। ਉਹ ਕੇਂਦਰੀ ਯੂਰਪੀ ਪਰੰਪਰਾ ਵਿੱਚ ਮਹਾਨ ਮਹਾਂਕਾਵਿ ਲੇਖਕ ਹੈ। ਸੂਜ਼ਨ ਸੋਂਟਾਗ ਨੇ ਉਸ ਨੂੰ ‘ਸੱਭਿਆਚਾਰ ਦਾ ਹੰਗਰੀਆਈ ਮਾਸਟਰ’ ਦੱਸਿਆ ਹੈ।
ਉਸ ਦਾ ਕਰੀਅਰ ਭਾਸ਼ਾ ਦੇ ਨਾਲ ਤੋਰੇ ਫੇਰੇ ਨੇ ਵੀ ਘੜਿਆ ਹੈ। ਸੰਨ 1987 ’ਚ ਹੰਗਰੀ ਛੱਡ ਕੇ ਪੱਛਮੀ ਬਰਲਿਨ ਵਿੱਚ ਫੈਲੋਸ਼ਿਪ ਵਿੱਚ ਬਿਤਾਇਆ। ਫਿਰ ਪੂਰਬੀ ਏਸ਼ੀਆ ਮੰਗੋਲੀਆ, ਚੀਨ ਅਤੇ ਜੰਗ ’ਤੇ ਕੰਮ ਕਰਨ ਵੇਲੇ ਉਸ ਨੇ ਪੂਰੇ ਯੂਰਪ ਦੀ ਯਾਤਰਾ ਕੀਤੀ। ਉਸ ਦੇ ਸ਼ਬਦਾਂ ਵਿੱਚ ਮੁਹੱਬਤ ਵੀ ਹੈ, ਸੰਵੇਦਨਾ ਅਤੇ ਕਰੁਣਾ ਵੀ ਹੈ। ਪਰਲੋਂ ਦੇ ਦਿਨਾਂ ਵਿੱਚ ਵੀ ਮੁਹੱਬਤ ਦੀ ਤਾਕਤ ਦੁਨੀਆ ਬਦਲ ਸਕਦੀ ਹੈ। ਇਹ ਪੁਰਸਕਾਰ ਉਸ ਦੀ ਜਦੋਜਹਿਦ ਦਾ ਸਨਮਾਨ ਹੈ।
ਸ਼ਾਂਤੀ ਪੁਰਸਕਾਰ: ਇਸ ਵਾਰ ਨੋਬੇਲ ਸ਼ਾਂਤੀ ਪੁਰਸਕਾਰ ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਦਿੱਤਾ ਗਿਆ ਹੈ। ਉਸ ਨੂੰ ਇਹ ਸਨਮਾਨ ਲੋਕਤੰਤਰ ਦੀ ਮਸ਼ਾਲ ਜਲਦੀ ਰੱਖਣ ਵਾਲੀ ਵੀਰਾਂਗਣ ਹੋਣ ਕਰਕੇ, ਉੱਥੋਂ ਦੇ ਲੋਕਾਂ ਦੇ ਮੌਲਿਕ ਹੱਕਾਂ ਦੀ ਰਖਵਾਲੀ ਕਰਨ, ਲੋਕਤੰਤਰ ਵਿੱਚ ਇਨਸਾਫ਼ ਪ੍ਰਾਪਤ ਕਰਨ ਲਈ, ਸ਼ਾਂਤੀ ਪੂਰਬਕ ਤਬਦੀਲੀ ਲਿਆਉਣ ਪ੍ਰਤੀ ਕੀਤੀ ਜਦੋਜਹਿਦ ਕਰਨ ਦਿੱਤਾ ਗਿਆ ਹੈ। ਉਸ ਨੂੰ ‘ਫੌਲਾਦੀ ਔਰਤ’ ਕਰਕੇ ਵੀ ਜਾਣਿਆ ਜਾਂਦਾ ਹੈ। ਮਚਾਡੋ ਇਸ ਵਕਤ ਮਾਦੂਰੋ ਸਰਕਾਰ ਤੋਂ ਰਾਜਸੀ ਦਮਨ ਦੇ ਡਰੋਂ ਵੈਨੇਜ਼ੁਏਲਾ ਵਿੱਚ ਹੀ ਕਿਤੇ ਛੁਪੀ ਹੋਈ ਹੈ। ਵੈਨੇਜ਼ੁਏਲਾ ਦੀ ਉਹ ਦੂਜੀ ਨੋਬੇਲ ਪੁਰਸਕਾਰ ਜੇਤੂ ਬਣੀ ਹੈ। ਮਚਾਡੋ 1967 ’ਚ ਕਾਰਾਕਾਸ ਵਿੱਚ ਉਦਯੋਗਪਤੀ ਪਿਤਾ ਘਰ ਜਨਮੀ, 58 ਸਾਲਾ ਉਦਯੋਗਿਕ ਇੰਜਨੀਅਰ ਹੈ।
ਵੈਨੇਜ਼ੁਏਲਾ ਵਿੱਚ ਲੋਕਤੰਤਰ ਅੰਦੋਲਨ ਦੀ ਨੇਤਾ ਦੇ ਰੂਪ ਵਿੱਚ ਮਚਾਡੋ ਨੂੰ ਹਾਲ ਹੀ ਦੇ ਸਮੇਂ ਵਿੱਚ ਲਾਤੀਨੀ ਅਮਰੀਕਾ ਵਿੱਚ ਨਾਗਰਿਕ ਹਿੰਮਤ ਦੀਆਂ ਸਭ ਤੋਂ ਅਸਾਧਾਰਨ ਉਦਾਹਰਣਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਹੈ। ਮਚਾਡੋ ਨੂੰ ਡੂੰਘੇ ਵੰਡੇ ਹੋਏ ਵੈਨੇਜ਼ੁਏਲਾ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਲਈ ਜਾਣਿਆ ਜਾਂਦਾ ਹੈ। ਉਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਆਜ਼ਾਦ ਚੋਣਾਂ ਅਤੇ ਪ੍ਰਤੀਨਿਧੀ ਸਰਕਾਰ ਦੀ ਮੰਗ ਕਰਨ ਲਈ ਇਕੱਠੇ ਹੋਏ।
ਵੈਨੇਜ਼ੁਏਲਾ ਦਾ ਤਾਨਾਸ਼ਾਹੀ ਸ਼ਾਸਨ ਰਾਜਨੀਤਿਕ ਕੰਮ ਨੂੰ ਬਹੁਤ ਮੁਸ਼ਕਲ ਬਣਾਉਂਦਾ ਹੈ। ਮਚਾਡੋ ਨੇ ਸੁਮੇਟ ਦੀ ਸਥਾਪਨਾ ਕੀਤੀ ਜੋ ਕਿ ਲੋਕਤੰਤਰੀ ਵਿਕਾਸ ਲਈ ਸਮਰਪਿਤ ਇੱਕ ਸੰਗਠਨ ਹੈ। ਉਹ 20 ਸਾਲ ਤੋਂ ਵੱਧ ਸਮਾਂ ਪਹਿਲਾਂ ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਖੜ੍ਹੀ ਸੀ।
ਆਰਥਿਕ ਵਿਗਿਆਨ: ਇਸ ਸਾਲ ਦਾ ਨੋਬੇਲ ਆਰਥਿਕ ਵਿਗਿਆਨ ਪੁਰਸਕਾਰ ਨਵੀਆਂ ਖੋਜਾਂ ’ਤੇ ਆਧਾਰਿਤ ਆਰਥਿਕ ਵਿਕਾਸ ਦੀ ਵਿਆਖਿਆ ਲਈ ਜੋਇਲ ਮੋਕਿਰ, ਫਿਲਿਪ ਏਗੀਅਨ ਤੇ ਪੀਟਰ ਹਾਵਿਟ ਨੂੰ ਦਿੱਤਾ ਗਿਆ ਹੈ। ਮੋਕਿਰ ਨਾਰਥਵੈਸਟਰਨ ਯੂਨੀਵਰਸਿਟੀ, ਏਗੀਅਨ ਕਾਲਜ ਡੀ ਫਰਾਂਸ ਤੇ ਲੰਡਨ ਸਕੂਲ ਆਫ ਇਕਨਾਮਿਕਸ ਅਤੇ ਹਾਵਿਟ ਬ੍ਰਾਊਨ ਯੂਨੀਵਰਸਿਟੀ ਤੋਂ ਹਨ। ਜੋਏਲ ਮੋਕਰ ਨੇ ਨਿਰੰਤਰ ਵਿਕਾਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਤਿਹਾਸਕ ਸਾਧਨਾਂ ਦੀ ਵਰਤੋਂ ਕੀਤੀ। ਉਸ ਮੁਤਾਬਕ ਜੇਕਰ ਨਵੀਆਂ ਖੋਜਾਂ ਨੂੰ ਸਵੈ ਉਤਪੰਨ ਪ੍ਰਕਿਰਿਆ ਵਿੱਚ ਸਫਲ ਕਰਨਾ ਹੈ ਤਾਂ ਸਾਨੂੰ ਉਸ ਦੀ ਵਿਗਿਆਨਕ ਵਿਆਖਿਆ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਅਜਿਹੀ ਕਮੀ ਹੋਣ ਕਾਰਨ ਨਵੀਆਂ ਖੋਜਾਂ ਦਾ ਨਿਰਮਾਣ ਕਰਨਾ ਮੁਸ਼ਕਿਲ ਹੋ ਗਿਆ ਸੀ।
ਉਸ ਨੇ ਸਮਾਜ ਦੇ ਨਵੇਂ ਵਿਚਾਰਾਂ ਲਈ ਖੁੱਲ੍ਹੇ ਹੋਣ ਅਤੇ ਤਬਦੀਲੀ ਦੀ ਸਹਿਮਤੀ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਫਿਲਿਪ ਏਗੀਅਨ ਅਤੇ ਪੀਟਰ ਹਾਵਿਟ ਨੇ 1992 ’ਚ ਰਚਨਾਤਮਕ ਵਿਨਾਸ਼ ਲਈ ਇੱਕ ਗਣਿਤਿਕ ਮਾਡਲ ਤਿਆਰ ਕੀਤਾ, ਜਿਸ ਅਨੁਸਾਰ ਜਦੋਂ ਇੱਕ ਨਵਾਂ ਤੇ ਬਿਹਤਰ ਉਤਪਾਦ ਬਾਜ਼ਾਰ ਵਿੱਚ ਆਉਂਦਾ ਹੈ ਤਾਂ ਪੁਰਾਣੇ ਉਤਪਾਦਾਂ ਨੂੰ ਵੇਚਣ ਵਾਲੀਆਂ ਕੰਪਨੀਆਂ ਪਿਟ ਜਾਂਦੀਆਂ ਹਨ। ਨਵੀਨਤਾ ਕੁਝ ਨਵਾਂ ਦਰਸਾਉਂਦੀ ਹੈ। ਇਸ ਵਿੱਚ ਰਚਨਾਤਮਕਤਾ ਹੁੰਦੀ ਹੈ। ਜਦ ਕਿ ਇਹ ਵਿਨਾਸ਼ਕਾਰੀ ਵੀ ਹੈ ਕਿਉਂਕਿ ਜਿਸ ਕੰਪਨੀ ਦੀ ਤਕਨਾਲੋਜੀ ਵਕਤ ਵਿਹਾ ਚੁੱਕੀ ਹੁੰਦੀ ਹੈ, ਉਹ ਮੁਕਾਬਲੇ ਤੋਂ ਬਾਹਰ ਹੋ ਜਾਂਦੀ ਹੈ। ਸੋ ਰਚਨਾਤਮਕਤੀ ਵਿਨਾਸ਼ ਟਕਰਾਅ ਪੈਦਾ ਕਰਦੀ ਹੈ। ਇਸ ਨੂੰ ਰਚਨਾਤਮਕ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਸਥਾਪਿਤ ਕੰਪਨੀਆਂ ਅਤੇ ਹਿੱਤ ਸਮੂਹ ਨਵੀਨਤਾ ਨੂੰ ਰੋਕ ਦੇਣਗੇ। ਆਰਥਿਕ ਵਿਕਾਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।
