ਪੁਰਾਤਨ ਯੂਨਾਨ ਦੇ ਦਰਸ਼ਨ ਕਰਾਉਂਦਾ ਨੈਸ਼ਨਲ ਮਿਊਜ਼ੀਅਮ
ਅਸੀਂ ਤੁਰਦੇ ਤੁਰਦੇ ਗਰੀਸ ਦੇ ਪੁਰਾਤਨ ਮਿਊਜ਼ੀਅਮ ਸਾਹਮਣੇ ਜਾ ਪਹੁੰਚੇ। ਇੱਕ ਵਿਸ਼ਾਲ ਆਧੁਨਿਕ ਕਿਸਮ ਦੀ ਚਾਰ ਮੰਜ਼ਿਲਾ ਇਮਾਰਤ ਸੀ, ਜਿਸ ਵਿੱਚ ਗਰੀਸ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਿਆ ਗਿਆ ਸੀ। ਸਾਡੇ ਪੰਜਾਬ ਵਿੱਚ ਧਾਰਮਿਕ ਅਜਾਇਬ ਘਰ ਤਾਂ ਹੋਣਗੇ, ਪਰ ਅਜਿਹਾ ਕੋਈ ਅਜਾਇਬ ਘਰ ਬੜੀ ਮੁਸ਼ਕਿਲ ਨਾਲ ਹੀ ਮਿਲੇਗਾ, ਜਿੱਥੇ ਚਾਰ-ਪੰਜ ਹਜ਼ਾਰ ਪੁਰਾਣਾ ਸਮਾਜ ਦੇਖਿਆ ਜਾ ਸਕੇ। ਅਸੀਂ ਤਾਂ ਵਿਰਾਸਤਾਂ ਨੂੰ ਮਲੀਆਮੇਟ ਕਰਕੇ ਸੋਹਣੇ ਪੱਥਰਾਂ ਹੇਠ ਨੱਪਣ ਵਾਲੇ ਲੋਕ ਹਾਂ। ਸਾਨੂੰ ਤਾਂ ਆਪਣੀਆਂ ਜੜਾਂ ਪੁੱਟ ਕੇ ਹੀ ਆਨੰਦ ਆਉਂਦਾ ਹੈ। ਸਾਡੇ ਮੁਲਕ ਵਿੱਚ ਤਾਂ ਚਮਕ ਦਮਕ ਤੇ ਸ਼ਾਨੋ ਸ਼ੌਕਤ ਦਿਖਾ ਕੇ ਵਪਾਰ ਕੀਤਾ ਜਾਂਦਾ ਹੈ, ਪਰ ਇੱਥੇ ਅਜਿਹਾ ਨਹੀਂ ਹੁੰਦਾ।
ਜਦੋਂ ਨਵਾਂ ਗਰੀਸ ਉਸਰ ਰਿਹਾ ਸੀ, ਘਰਾਂ ਦੀਆਂ ਨੀਹਾਂ ਕੱਢੀਆਂ ਜਾ ਰਹੀਆਂ ਸਨ ਤੇ ਬੇਸਮੈਂਟਾਂ ਬਣਾਈਆਂ ਜਾ ਰਹੀਆਂ ਸਨ ਤਾਂ ਉਸ ਵਕਤ ਵੀ ਧਰਤੀ ਹੇਠ ਦਫ਼ਨ ਹੋ ਚੁੱਕੇ ਸੱਭਿਅਤਾ ਦੇ ਅੰਸ਼ ਬਚਾਏ ਗਏ। ਗਰੀਸ ਦੀ ਧਰਤੀ ਵਿੱਚੋਂ ਤਿੰਨ-ਚਾਰ ਹਜ਼ਾਰ ਸਾਲ ਪੁਰਾਣੇ ਬੁੱਤ, ਮਿੱਟੀ ਦੇ ਭਾਂਡੇ, ਕਲਾ ਕ੍ਰਿਤੀਆਂ ਤੇ ਗਹਿਣੇ ਜੋ ਵੀ ਮਿਲਿਆ ਸਭ ਇਸ ਮਿਊਜ਼ੀਅਮ ਵਿੱਚ ਸੰਭਾਲੇ ਪਏ ਹਨ। ਇਹ ਸਭ ਦੇਖਣ ਲਈ ਅਸੀਂ ਮਿਊਜ਼ੀਅਮ ਦੇ ਸਾਹਮਣੇ ਪਹੁੰਚ ਗਏ। ਇਹ ਇਮਾਰਤ ਬਹੁਤ ਪ੍ਰਭਾਵਸ਼ਾਲੀ ਸੀ। ਇਹ ਗਰੀਸ ਦਾ ਨੈਸ਼ਨਲ ਮਿਊਜ਼ੀਅਮ ਹੋਣ ਕਰਕੇ, ਇਸ ’ਤੇ ਗਰੀਸ ਦੇ ਕੌਮੀ ਝੰਡੇ ਝੁੱਲ ਰਹੇ ਸਨ।
ਇੱਥੇ ਵੀ ਟਿਕਟਾਂ ਲੈਣ ਲਈ ਲੰਬੀਆਂ ਲਾਈਨਾਂ ਸਨ। ਅਸੀਂ ਵੀ ਟਿਕਟਾਂ ਲੈਣ ਲਈ ਲਾਈਨਾਂ ਵਿੱਚ ਲੱਗ ਗਏ। ਜਦੋਂ ਸਾਡੀ ਵਾਰੀ ਆਈ ਤਾਂ ਸਾਨੂੰ ਸੋਲਾਂ ਕੁ ਯੂਰੋ ਪ੍ਰਤੀ ਵਿਅਕਤੀ ਟਿਕਟ ਮਿਲ ਗਈ। ਟਿਕਟਾਂ ਦੇ ਨਾਲ ਨਾਲ ਤੁਹਾਨੂੰ ਅੰਦਰਲੀ ਜਾਣਕਾਰੀ ਦਾ ਕਿਤਾਬਚਾ ਵੀ ਦਿੱਤਾ ਜਾਂਦਾ ਹੈ। ਇਸ ਕਿਤਾਬਚੇ ਵਿੱਚ ਮਿਊਜ਼ੀਅਮ ਦੇ ਹਰ ਸੈਕਸ਼ਨ ਦੀ ਜਾਣਕਾਰੀ ਅਤੇ ਕਲਾ ਕ੍ਰਿਤੀਆਂ ਦਾ ਸੰਖੇਪ ਇਤਿਹਾਸ ਸੀ, ਪ੍ਰੰਤੂ ਕਈ ਥਾਵਾਂ ’ਤੇ ਫੋਟੋਗ੍ਰਾਫੀ ਦੀ ਮਨਾਹੀ ਸੀ ਤੇ ਕਈ ਥਾਵਾਂ ’ਤੇ ਫਲੈਸ਼ ਲਾਈਟ ਵਰਤਣ ਦੀ ਮਨਾਹੀ ਸੀ ਕਿਉਂਕਿ ਬਿਜਲਈ ਰੇਡੀਏਸ਼ਨ ਤੇ ਫਲੈਸ਼ ਲਾਈਟ ਇਨ੍ਹਾਂ ਕਲਾ ਕ੍ਰਿਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਸੀ। ਸਾਰੇ ਸੈਲਾਨੀ ਅੰਦਰਲੀਆਂ ਹਦਾਇਤਾਂ ਅਨੁਸਾਰ ਵਿਚਰ ਰਹੇ ਸਨ। ਅਸੀਂ ਪਹਿਲੇ ਭਾਗ ਵਿੱਚ ਪ੍ਰਵੇਸ਼ ਕਰ ਗਏ, ਜਿੱਥੇ ਪੁਰਾਤਨ ਬਰਤਨ, ਹਾਰ ਸ਼ਿੰਗਾਰ ਦਾ ਸਾਮਾਨ ਤੇ ਹੋਰ ਬਹੁਤ ਕੁਝ ਹੈਰਾਨ ਕਰ ਦੇਣ ਵਾਲਾ ਸੀ।
ਛੇ ਸੌ ਪੂਰਵ ਈਸਵੀ ਵਿੱਚ ਵੀ ਗਰੀਸ ਦੀ ਬੁੱਤ ਤਰਾਸ਼ੀ ਕਮਾਲ ਦੀ ਸੀ। ਤੁਸੀਂ ਪੱਥਰ ਘੜ ਕੇ ਬਣਾਏ ਗਏ ਬੁੱਤਾਂ ਵਿੱਚ ਛੁਪਿਆ ਉਹ ਸਮਾਂ ਵੇਖ ਸਕਦੇ ਹੋ। ਉਹ ਪੱਥਰ ਕੱਟਣ ਲਈ ਕਿਸ ਤਰ੍ਹਾਂ ਦੇ ਔਜ਼ਾਰ ਵਰਤਦੇ ਹੋਣਗੇ? ਦੇਖ ਦੇਖ ਹੈਰਾਨੀ ਹੁੰਦੀ ਸੀ। ਕਿਵੇਂ ਲੋਕ ਇੰਨੀ ਮਿਹਨਤ ਕਰਦੇ ਹੋਣਗੇ? ਤੁਸੀਂ ਵੇਖ ਕੇ ਹੈਰਾਨ ਰਹਿ ਜਾਂਦੇ ਹੋ। ਹਰ ਬੁੱਤ ਅੱਗੇ ਉਸ ਦੀ ਪੂਰੀ ਜਾਣਕਾਰੀ ਸੀ। ਤੁਹਾਨੂੰ ਇਹ ਸਭ ਕੁਝ ਜਾਣਨ ਲਈ ਖੁੱਲ੍ਹਾ ਸਮਾਂ ਚਾਹੀਦਾ ਹੈ।
ਹੇਠਲੀ ਮੰਜ਼ਿਲ ’ਤੇ ਪੁਰਾਤਨ ਗਰੀਕ ਸੱਭਿਅਤਾ ਦੇ ਭਾਂਡੇ, ਗਹਿਣੇ, ਮਿੱਟੀ ਦੇ ਬਰਤਨ, ਜੱਗ, ਸੁਰਾਹੀਆਂ, ਹਾਂਡੀਆਂ ਤੇ ਉਨ੍ਹਾਂ ’ਤੇ ਕੀਤੀ ਕਲਾਕਾਰੀ ਨੂੰ ਸੰਭਾਲਿਆ ਗਿਆ ਸੀ। ਉੱਪਰਲੀਆਂ ਦੋ ਮੰਜ਼ਿਲਾਂ ’ਤੇ ਉਹ ਸਾਰੇ ਬੁੱਤ ਸੰਭਾਲੇ ਗਏ ਹਨ ਜੋ ਖੁਦਾਈ ਦੌਰਾਨ ਮਿਲੇ ਸਨ। ਅਸੀਂ ਸਾਰੀਆਂ ਮੰਜ਼ਿਲਾਂ ’ਤੇ ਘੁੰਮ ਕੇ ਇੱਕ ਇੱਕ ਬੁੱਤ ਨੂੰ ਵੇਖਿਆ।
ਇਸ ਅਜਾਇਬ ਘਰ ਵਿੱਚ ਘੁੰਮ ਫਿਰ ਕੇ ਅਸੀਂ ਬਹੁਤ ਕੁਝ ਜਾਣਿਆ। ਇੱਕ ਗੱਲ ਇਹ ਵੀ ਪਤਾ ਲੱਗੀ ਕਿ ਐਨੇ ਭਾਰੇ ਪੱਥਰ ਪਹਾੜ ’ਤੇ ਚੜ੍ਹਾਉਣ ਲਈ 2500 ਸਾਲ ਪਹਿਲਾਂ ਵੀ ਦੇਸੀ ਕਰੇਨ ਵਰਗਾ ਜੁਗਾੜ ਹੀ ਵਰਤਿਆ ਜਾਂਦਾ ਸੀ। ਭਾਵੇਂ ਸਮਾਜ ਦਾ ਕੋਈ ਵੀ ਖੇਤਰ ਲੈ ਲਵੋ, ਇਸ ਵਿੱਚ ਪੀੜ੍ਹੀ ਦਰ ਪੀੜ੍ਹੀ ਤਰੱਕੀ ਹੋਈ ਹੈ। ਪਾਣੀ ਕੱਢਣ ਦੇ ਤਰੀਕੇ, ਆਵਜਾਈ ਦੇ ਸਾਧਨ ਸਭ ਕੁਝ ਸਮੇਂ ਦੇ ਨਾਲ ਨਾਲ ਬਦਲਿਆ ਹੈ। ਦੇਸੀ ਜੁਗਾੜ ਵਾਲੀ ਕਰੇਨ ਤੋਂ ਹੁਣ ਦੀ ਆਧੁਨਿਕ ਕਰੇਨ ਜੋ ਵੱਡੇ ਸ਼ਹਿਰਾਂ ਵਿੱਚ ਅਸਮਾਨ ਛੂਹੰਦੀਆਂ ਇਮਾਰਤਾਂ ਬਣਾਉਂਦੀ ਹੈ, ਉਸ ਦਾ ਮੁੱਢਲਾ ਰੂਪ ਵੀ ਵੇਖਿਆ। ਕਿਵੇਂ ਇੱਕ ਲੱਕੜ ਦੇ ਸ਼ਤੀਰ ’ਤੇ ਭੌਣੀ ਜਾਂ ਹੁੱਕ ਲਾ ਕੇ, ਕਿਸੇ ਲੱਜ ਜਾਂ ਮੋਟੇ ਰੱਸੇ ਨਾਲ ਪੱਥਰ ਨੂੰ ਬੰਨ੍ਹਦੇ ਤੇ ਫਿਰ ਕਈ ਬੰਦੇ ਰੱਸਾ ਖਿੱਚਦੇ ਤਾਂ ਪੱਥਰ ਉੱਪਰ ਨੂੰ ਉੱਠਦਾ ਜਾਂਦਾ। ਇਸੇ ਤਰ੍ਹਾਂ ਉਨ੍ਹਾਂ ਸਮਿਆਂ ਵਿੱਚ ਇੱਕ ਇੱਕ ਕਰਕੇ ਭਾਰੇ ਪੱਥਰ ਉੱਪਰ ਚੜ੍ਹਾਏ ਜਾਂਦੇ ਹੋਣਗੇ।
ਜਿਸ ਜਗ੍ਹਾ ਇਹ ਮਿਊਜ਼ੀਅਮ ਬਣਿਆ ਹੈ, ਇੱਥੇ ਜਦੋਂ ਕਿਸੇ ਇਮਾਰਤ ਦੀ ਜ਼ਮੀਨ ਦੋਜ਼ ਪਾਰਕਿੰਗ ਬਣਾਉਣ ਲਈ ਖੁਦਾਈ ਕੀਤੀ ਜਾ ਰਹੀ ਸੀ ਤਾਂ ਪੁਰਾਤਨ ਗਰੀਕ ਸੱਭਿਅਤਾ ਵੇਲੇ ਦਾ ਪੂਰਾ ਪਿੰਡ ਹੀ ਧਰਤੀ ਥੱਲਿਉਂ ਨਿਕਲਿਆ ਜੋ ਬੜੀ ਮਿਹਨਤ ਨਾਲ ਇੱਥੇ ਸੰਭਾਲ ਲਿਆ ਗਿਆ ਹੈ। ਇਹ 2500 ਸਾਲ ਪਹਿਲਾਂ ਵਾਲਾ ਹਸਦਾ ਵਸਦਾ ਪਿੰਡ ਹੁਣ ਇਸੇ ਮਿਊਜ਼ੀਅਮ ਥੱਲੇ ਸੈਲਾਨੀਆਂ ਲਈ ਸੰਭਾਲਿਆ ਗਿਆ ਹੈ।
ਸਾਨੂੰ ਇਹ ਬੁੱਤ ਦੇਖ ਕੇ ਜਾਣਕਾਰੀ ਮਿਲੀ ਕਿ 25 ਸੌ ਸਾਲ ਪਹਿਲਾਂ ਲੋਕਾਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਸੀ। ਉਹ ਲੰਬੀਆਂ ਦਾੜ੍ਹੀਆਂ ਰੱਖਦੇ ਸਨ, ਲੰਬੀਆਂ ਜਟਾਵਾਂ ਰੱਖਦੇ, ਕਈਆਂ ਦੇ ਸਿਰ ’ਤੇ ਪਗੜੀ ਵਰਗਾ ਕੋਈ ਪਹਿਰਾਵਾ ਹੁੰਦਾ ਸੀ। ਇਹ ਸਾਰਾ ਕੁਝ ਸਾਨੂੰ ਇੱਥੇ ਪਏ ਬੁੱਤਾਂ ਤੋਂ ਪਤਾ ਲੱਗ ਰਿਹਾ ਸੀ। ਸੈਨਿਕਾਂ ਦੇ ਹਥਿਆਰ ਅਤੇ ਪਹਿਰਾਵਾ ਦੂਸਰੇ ਲੋਕਾਂ ਨਾਲੋਂ ਵੱਖਰਾ ਸੀ।
ਕੁਝ ਬੁੱਤ ਇਸ ਪ੍ਰਕਾਰ ਦੇ ਸਨ, ਜਿਵੇਂ ਅੱਧਾ ਬੰਦਾ ਤੇ ਅੱਧਾ ਘੋੜੇ ਦਾ ਸਰੀਰ ਹੋਵੇ, ਕਿਤੇ ਅੱਧਾ ਸ਼ੇਰ ਅਤੇ ਅੱਧਾ ਬੰਦਾ। ਸ਼ਾਇਦ ਇਹ ਕਿਸੇ ਨੂੰ ਘੋੜੇ ਵਰਗਾ ਦੌੜਾਕ ਤੇ ਸ਼ੇਰ ਵਰਗਾ ਦਲੇਰ ਵਿਖਾਉਣ ਦਾ ਢੰਗ ਹੋਵੇ। ਇਹ ਬੁੱਤ ਚਿੱਟੇ ਮਾਰਬਲ ਨੂੰ ਘੜ ਕੇ ਬਣਾਏ ਗਏ ਸਨ। ਇਹ ਕਮਾਲ ਦੀ ਕਲਾ ਸੀ। ਇੱਥੇ ਜਾਣਨ ਤੇ ਸਿੱਖਣ ਲਈ ਬਹੁਤ ਕੁਝ ਹੈ ਜੋ ਸੈਲਾਨੀ ਬਗੈਰ ਕਿਸੇ ਸ਼ੋਰ ਸ਼ਰਾਬੇ ਤੋਂ ਘੁੰਮ ਫਿਰ ਕੇ ਦੇਖ ਰਹੇ ਸਨ। ਅਸੀਂ ਵੀ ਦੋ ਘੰਟੇ ਇਨ੍ਹਾਂ ਤਿੰਨ ਮੰਜ਼ਿਲਾਂ ਨੂੰ ਵੇਖਣ ਲਈ ਲਾਏ। ਫਿਰ ਅਸੀਂ ਧਰਤੀ ਹੇਠ ਬਣੇ ਤਹਿਖਾਨੇ ਵੱਲ ਤੁਰ ਪਏ ਜਿੱਥੇ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਜਿਉਂ ਦੀ ਤਿਉਂ ਸੰਭਾਲੀ ਗਈ ਹੈ। ਮੈਂ ਉਹ ਨਗਰੀ ਦੇਖਣ ਲਈ ਉਤਸੁਕਤਾ ਨਾਲ ਭਰਿਆਂ ਪੌੜੀਆਂ ਉਤਰਦਾ ਰਿਹਾ। ਜਿਵੇਂ ਮੈਂ ਵਰਤਮਾਨ ਤੋਂ ਭੂਤਕਾਲ ਦੀਆਂ ਪੌੜੀਆਂ ਉਤਰ ਰਿਹਾ ਹੋਵਾਂ। ਜਿਵੇਂ ਮੇਰੀ ਇਹ ਤਿੰਨ ਸਦੀਆਂ ਪਹਿਲਾਂ ਵੱਲ, ਸਮਾਂ ਯਾਤਰਾ ਹੋਵੇ। ਜਿੱਥੇ ਦਫ਼ਨ ਹੋ ਚੁੱਕੀ ਸੱਭਿਅਤਾ ਦਾ ਇੱਕ ਪਿੰਡ ਮੇਰਾ ਇੰਤਜ਼ਾਰ ਕਰ ਰਿਹਾ ਸੀ।
ਸੰਪਰਕ: 001-416-727-2071
