ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਰਵਾਸ ਅਤੇ ਪੰਜਾਬ

ਪਰਵੀਨ ਕੌਰ ਸਿੱਧੂ ਮਨੁੱਖ ਦਾ ਪਰਵਾਸ ਕਰਨਾ ਕੋਈ ਨਵਾਂ ਨਹੀਂ ਹੈ, ਪਰ ਹਰ ਕੋਈ ਇਸ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਆਪਣੇ ਵਿਚਾਰਾਂ ਅਨੁਸਾਰ ਸਹੀ ਜਾਂ ਗ਼ਲਤ ਠਹਿਰਾਉਂਦਾ ਹੈ। ਮਨੁੱਖ ਅੰਦਰ ਕੁਝ ਜਾਣਨ ਅਤੇ ਨਵਾਂ ਕਰਨ ਦੀ ਜਗਿਆਸਾ ਨੇ...
Advertisement

ਪਰਵੀਨ ਕੌਰ ਸਿੱਧੂ

ਮਨੁੱਖ ਦਾ ਪਰਵਾਸ ਕਰਨਾ ਕੋਈ ਨਵਾਂ ਨਹੀਂ ਹੈ, ਪਰ ਹਰ ਕੋਈ ਇਸ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਆਪਣੇ ਵਿਚਾਰਾਂ ਅਨੁਸਾਰ ਸਹੀ ਜਾਂ ਗ਼ਲਤ ਠਹਿਰਾਉਂਦਾ ਹੈ। ਮਨੁੱਖ ਅੰਦਰ ਕੁਝ ਜਾਣਨ ਅਤੇ ਨਵਾਂ ਕਰਨ ਦੀ ਜਗਿਆਸਾ ਨੇ ਹੀ ਇਸ ਨੂੰ ਇੱਕ ਥਾਂ ’ਤੇ ਟਿਕ ਕੇ ਬੈਠਣ ਨਹੀਂ ਦਿੱਤਾ। ਉਂਝ ਤਾਂ ਮਨੁੱਖ ਦਾ ਪਰਵਾਸ ਕਰਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੱਕ ਧਰਤੀ ਤੋਂ ਦੂਜੀ ਧਰਤੀ ’ਤੇ ਜਾਣਾ ਉਸ ਨੂੰ ਅਤੇ ਉੱਥੋਂ ਦੇ ਲੋਕਾਂ ਨੂੰ ਸਮਝਣਾ ਅਤੇ ਵੇਖਣਾ ਚਾਖਣਾ ਇਨਸਾਨੀ ਬਿਰਤੀ ਹੈ। ਮਨੁੱਖ ਦਾ ਕਿਸੇ ਵਰਗੇ ਹੋ ਜਾਣਾ ਜਾਂ ਕਿਸੇ ਨੂੰ ਆਪਣੇ ਰੰਗ ਵਿੱਚ ਰੰਗ ਲੈਣਾ, ਇਹ ਸਿਲਸਿਲਾ ਬੜਾ ਪੁਰਾਣਾ ਹੈ। ਇਹ ਪਰਵਾਸ ਹੀ ਹੈ, ਜਿਸ ਕਾਰਨ ਮਨੁੱਖ ਨੇ ਏਨੀਆਂ ਖੋਜਾਂ ਕੀਤੀਆਂ ਹਨ ਅਤੇ ਤਰੱਕੀ ਕੀਤੀ ਹੈ।

Advertisement

ਜਦੋਂ ਮਨੁੱਖ ਪਰਵਾਸ ਕਰਦਾ ਹੈ ਤਾਂ ਇਸ ਲਈ ਉਸ ਨੂੰ ਦੁੱਖ, ਕਸ਼ਟ, ਮੁਸੀਬਤਾਂ ਅਤੇ ਔਖਿਆਈਆਂ ਵੀ ਸਹਿਣੀਆਂ ਪੈਂਦੀਆਂ ਹਨ। ਇਨ੍ਹਾਂ ਔਖਿਆਈਆਂ, ਮੁਸੀਬਤਾਂ ਅਤੇ ਕਸ਼ਟਾਂ ਵਿੱਚੋਂ ਹੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਹੈ, ਜੋ ਖ਼ਾਸ ਬਣ ਜਾਂਦਾ ਹੈ ਅਤੇ ਇਸੇ ਖ਼ਾਸ ਨੂੰ ਹੀ ਫਿਰ ਦੁਨੀਆ ਸਲਾਮ ਕਰਦੀ ਹੈ। ਇਸ ਧਰਤੀ ’ਤੇ ਮਨੁੱਖ ਇਕੱਲਾ ਹੀ ਜੀਵ ਹੈ, ਜਿਸ ਨੇ ਆਪਣੇ ਚੇਤੰਨ ਅਤੇ ਤੇਜ਼ ਦਿਮਾਗ਼ ਕਾਰਨ ਬਹੁਤਿਆਂ ਜੀਵਾਂ ਉੱਪਰ ਆਪਣਾ ਅਧਿਕਾਰ ਜਮਾਇਆ ਅਤੇ ਨਵੀਆਂ-ਨਵੀਆਂ ਖੋਜਾਂ ਕਰਕੇ ਕਮਾਲ ਕਰ ਦਿੱਤੀ ਹੈ। ਜੀਵਨ ਨੂੰ ਹੋਰ ਸੁਖਾਲਾ ਬਣਾਇਆ ਹੈ। ਮਨੁੱਖ ਨੇ ਲਗਾਤਾਰ ਕੁਝ ਨਾ ਕੁਝ ਸਿੱਖਣ ਦੀ ਲੜੀ ਨੂੰ ਬਰਕਰਾਰ ਰੱਖਿਆ ਹੈ।

ਜੰਗਲਾਂ ਦੀ ਧਰਤੀ ਤੋਂ ਨਿਕਲ ਕੇ ਇਨਸਾਨ ਨੇ ਪੱਧਰੀ ਜ਼ਮੀਨ ਵੱਲ ਰੁਖ਼ ਹੀ ਨਹੀਂ ਕੀਤਾ ਸਗੋਂ ਜ਼ਮੀਨ ਨੂੰ ਪੱਧਰੀ ਕਰਕੇ ਅਤੇ ਅਨਾਜ ਉਗਾਉਣ ਦੇ ਕਾਬਲ ਬਣਾਇਆ। ਕੁਦਰਤ ਦੀਆਂ ਬਾਰੀਕੀਆਂ ਨੂੰ ਸਮਝਿਆ। ਢਿੱਡ ਦੀ ਭੁੱਖ ਨੂੰ ਮਿਟਾਉਣ ਲਈ ਨਵੀਆਂ ਨਵੀਆਂ ਫ਼ਸਲਾਂ ਪੈਦਾ ਕੀਤੀਆਂ। ਇਸ ਦੇ ਨਾਲ ਹੀ ਪਾਣੀ ਦੇ ਕਿਨਾਰਿਆਂ ’ਤੇ ਜੀਵਨ ਬਸਰ ਕਰਨਾ ਸ਼ੁਰੂ ਕੀਤਾ, ਕਿਉਂਕਿ ਪਾਣੀ ਮਨੁੱਖ ਦੀ ਪਹਿਲੀ ਲੋੜ ਹੈ। ਮਨੁੱਖੀ ਦਿਮਾਗ਼ ਨੇ ਆਪਣੀ ਸੋਚ-ਸਮਝ ਮੁਤਾਬਕ ਜੀਵਨ ਨੂੰ ਬਿਹਤਰੀ ਵੱਲ ਲਿਜਾਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਨਸਾਨ ਇਨ੍ਹਾਂ ਕੋਸ਼ਿਸ਼ਾਂ ਵਿੱਚ ਕਾਮਯਾਬ ਵੀ ਹੋਇਆ। ਮਨੁੱਖ ਅੰਦਰ ਕੁਝ ਕਰਨ ਦੀ ਜਗਿਆਸਾ ਹੀ ਉਸ ਨੂੰ ਅਗਾਂਹ ਵਧਾਉਂਦੀ ਹੈ। ਪਾਣੀ ਦੇ ਕਿਨਾਰਿਆਂ ’ਤੇ ਬੈਠ ਕੇ ਰੋਸ਼ਨੀ ਦਾ ਨਿਰਮਾਣ ਕਰਨਾ ਅਤੇ ਹਰ ਘਰ ਨੂੰ ਜਗਮਗ ਕਰਨਾ ਇਹ ਮਨੁੱਖ ਦੀ ਉੱਜਲ ਸੋਚ ਦਾ ਪ੍ਰਮਾਣ ਹੈ। ਅੱਗ ਦੀ ਖੋਜ ਕੀਤੀ ਅਤੇ ਕੱਚੇ ਅਨਾਜ ਤੋਂ ਪੱਕੇ ਵੱਲ ਨੂੰ ਹੋ ਤੁਰਿਆ। ਹੁਣ ਤਾਂ ਇਸ ਨੇ ਕਮਾਲ ਹੀ ਕਰ ਦਿੱਤੀ ਹੈ, ਖਾਣ-ਪੀਣ, ਰਹਿਣ-ਸਹਿਣ, ਪਹਿਨਣ ਵਿੱਚ ਲਾਜਵਾਬ ਤਰੱਕੀ ਕੀਤੀ ਹੈ। ਜੇਕਰ ਸਾਡੇ ਦਾਇਰੇ ਸੀਮਤ ਹੋਣਗੇ ਤਾਂ ਫਿਰ ਵਿਕਾਸ ਨਹੀਂ ਹੁੰਦਾ। ਕੁਝ ਸਿੱਖਣ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਅਤੇ ਇਸੇ ਨੂੰ ਹੀ ਪਰਵਾਸ ਕਿਹਾ ਜਾਂਦਾ ਹੈ।

ਇਨਸਾਨ ਸ਼ੁਰੂ ਤੋਂ ਹੀ ਪਰਵਾਸ ਕਰਦਾ ਆਇਆ ਹੈ। ਇਨਸਾਨ ਨੇ ਪਿੰਡਾਂ ਤੋਂ ਸ਼ਹਿਰਾਂ ਤੱਕ ਦਾ ਪਰਵਾਸ ਵੀ ਚੰਗੀ ਸਿੱਖਿਆ ਅਤੇ ਸਹੂਲਤਾਂ ਲਈ ਕੀਤਾ। ਇਸੇ ਕਰਕੇ ਮਨੁੱਖ ਨੇ ਵਿਕਾਸ ਕੀਤਾ ਹੈ ਅਤੇ ਕਈ ਕੁਝ ਸਿੱਖਿਆ ਵੀ ਹੈ। ਇੱਕ ਦੂਸਰੇ ਨੂੰ ਦੇਖ ਕੇ ਸਿੱਖਣ ਦੀ ਪ੍ਰਕਿਰਿਆ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਸਿਆਣਿਆਂ ਨੇ ਵੀ ਕਿਹਾ ਹੈ, ‘ਸਾੜੇ ਨਾਲੋਂ ਰੀਸ ਚੰਗੀ’ ਸੋ ਮਨੁੱਖ ਦੀ ਰੀਸ ਕਰਨ ਦੀ ਆਦਤ ਪੁਰਾਣੀ ਹੈ। ਵਧੀਆ ਨੂੰ ਦੇਖ ਕੇ ਹਮੇਸ਼ਾਂ ਮਨ ਵਿੱਚ ਆਪ ਵੀ ਵਧੀਆ ਅਤੇ ਸੁੱਖ ਸਹੂਲਤਾਂ ਵਾਲਾ ਜੀਵਨ ਜਿਊਣ ਨੂੰ ਦਿਲ ਕਰਦਾ ਹੈ। ਅਸੀਂ ਜਿੰਨੇ ਵੱਧ ਲੋਕਾਂ ਨੂੰ ਜਾਣਾਂਗੇ, ਜਿੰਨੀ ਵੱਧ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜਾਂਗੇ ਸਾਡੇ ਗਿਆਨ ਵਿੱਚ ਵੱਖ-ਵੱਖ ਪਹਿਲੂਆਂ ਦੇ ਹਿਸਾਬ ਨਾਲ ਵਾਧਾ ਹੋਵੇਗਾ। ਰੋਜ਼ੀ-ਰੋਟੀ ਅਤੇ ਸੁੱਖ ਸਹੂਲਤਾਂ ਦੀ ਭਾਲ ਵਿੱਚ ਇਨਸਾਨ ਸ਼ੁਰੂ ਤੋਂ ਹੀ ਲੱਗਾ ਰਿਹਾ ਹੈ। ਇਸੇ ਕਰਕੇ ਸਦੀਆਂ ਤੋਂ ਪਰਵਾਸ ਦੀ ਬਿਰਤੀ ਬਣੀ ਹੋਈ ਹੈ ਅਤੇ ਅੱਗੇ ਵੀ ਬਣੀ ਰਹੇਗੀ।

ਕਈ ਵਾਰ ਪਰਵਾਸ ਕਰਨਾ ਮਜਬੂਰੀ ਵੀ ਹੁੰਦਾ ਹੈ। ਹਾਲਾਤ ਹੱਥੋਂ ਮਜਬੂਰ ਹੋ ਕੇ ਵੀ ਇਨਸਾਨ ਪਰਵਾਸ ਕਰਦਾ ਹੈ। ਜਦੋਂ ਕਿਸੇ ਦੇਸ਼ ਵਿੱਚ ਕੋਈ ਕੁਦਰਤੀ ਕਰੋਪੀ ਆ ਜਾਵੇ, ਤਾਂ ਵੀ ਪਰਵਾਸ ਦੀ ਸਥਿਤੀ ਬਣ ਜਾਂਦੀ ਹੈ। ਦੋਹਾਂ ਦੇਸ਼ਾਂ ਵਿਚਕਾਰ ਜੇਕਰ ਜੰਗ-ਯੁੱਧ ਲੱਗ ਜਾਣ ਤਾਂ ਇਸ ਕਰਕੇ ਵੀ ਇੱਕ ਦੇਸ਼ ਤੋਂ ਲਾਗਲੇ ਗੁਆਂਢੀ ਦੇਸ਼ਾਂ ਵਿੱਚ ਜਾ ਕੇ ਸ਼ਰਨ ਲੈਣ ਨੂੰ ਵੀ ਪਰਵਾਸ ਹੀ ਕਹਿ ਸਕਦੇ ਹਾਂ। ਕਿਸੇ ਦੇਸ਼ ਵਿੱਚ ਭੁੱਖਮਰੀ, ਸੋਕਾ ਜਾਂ ਫਿਰ ਕਿਸੇ ਵੀ ਆਫ਼ਤ ਸਮੇਂ ਪਰਵਾਸ ਦੀ ਸਥਿਤੀ ਬਣਦੀ ਹੈ। ਫਿਰ ਜਿੱਥੇ ਇਨਸਾਨ ਲਗਾਤਾਰ ਰਹਿਣ ਲੱਗ ਪਵੇ, ਉਸ ਦਾ ਉੱਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਦਾ ਆਦੀ ਹੋ ਜਾਣਾ ਸੁਭਾਵਿਕ ਹੈ। ਭਾਈਚਾਰਕ ਅਤੇ ਇਨਸਾਨੀਅਤ ਦੀ ਸਾਂਝ ਦੇ ਮੱਦੇਨਜ਼ਰ ਹਰੇਕ ਦੇਸ਼ ਇੱਕ ਦੂਸਰੇ ਦੇ ਆਮ ਲੋਕਾਂ ਦੀ ਮਦਦ ਕਰਦਾ ਆਇਆ ਹੈ, ਕਿਉਂਕਿ ਜੰਗਾਂ-ਯੁੱਧਾਂ ਵਿੱਚ ਆਮ ਲੋਕਾਂ ਅਤੇ ਜਨਤਾ ਦਾ ਹੀ ਨੁਕਸਾਨ ਹੁੰਦਾ ਹੈ। ਪਰਵਾਸ ਮਨੁੱਖੀ ਸਰੀਰ ਨੂੰ ਸੁੱਖ ਦੇਣ ਲਈ ਅਤੇ ਆਤਮਾ ਨੂੰ ਸੰਤੁਸ਼ਟੀ ਦੇਣ ਲਈ ਕੀਤਾ ਜਾਂਦਾ ਹੈ।

ਰਾਜਿਆਂ-ਮਹਾਰਾਜਿਆਂ ਤੋਂ ਲੈ ਕੇ ਅੱਜ ਦੇ ਹਾਕਮਾਂ ਦਾ ਵੀ ਇਹੀ ਹਾਲ ਹੈ ਕਿ ਉਨ੍ਹਾਂ ਨੇ ਆਪਣੀ ਬਿਹਤਰੀ ਲਈ ਦੂਸਰੀ ਧਰਤੀ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅਮੀਰ ਹੋਰ ਅਮੀਰ ਬਣਨ ਦੀ ਹੋੜ ਵਿੱਚ ਵੀ ਪਰਵਾਸ ਕਰਦਾ ਹੈ ਅਤੇ ਗ਼ਰੀਬ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਪਰਵਾਸ ਕਰਦਾ ਹੈ। ਹਮੇਸ਼ਾਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆਏ ਹਨ। ਅੱਗੇ ਤੋਂ ਵੀ ਇਹ ਦੋ ਪਹਿਲੂ ਹੀ ਰਹਿਣਗੇ। ਆਪਣੇ ਸਰੀਰ ਨੂੰ ਸੁੱਖ ਦੇਣ ਲਈ ਅਤੇ ਆਤਮਾ ਦੀ ਤ੍ਰਿਪਤੀ ਲਈ ਵੀ ਇਨਸਾਨ ਪਰਵਾਸ ਕਰਦਾ ਹੈ। ਪੁਰਾਣੇ ਸਮੇਂ ਵਿੱਚ ਵੀ ਜੰਗਲਾਂ ਵਿੱਚ ਜਾ ਕੇ ਭਗਤੀ ਕਰਨੀ, ਉੱਥੇ ਜਾ ਕੇ ਰਹਿਣਾ ਅਤੇ ਆਪਣੇ ਜੀਵਨ ਵਿੱਚ ਉਹੋ ਜਿਹੇ ਹਾਲਾਤ ਨਾਲ ਲੜਨ ਦੀ ਸ਼ਕਤੀ ਪੈਦਾ ਕਰਨਾ ਤਾਂ ਕਿ ਮਨ ਨੂੰ ਸੋਧਿਆ ਜਾ ਸਕੇ। ਇਸ ਕਰਕੇ ਹਰੇਕ ਇਨਸਾਨ ਦਾ ਪਰਵਾਸ ਕਰਨ ਦਾ ਤਰੀਕਾ ਅਤੇ ਮਕਸਦ ਵੱਖਰਾ-ਵੱਖਰਾ ਹੁੰਦਾ ਹੈ। ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਬਿਤਾਉਣ ਲਈ ਇਨਸਾਨ ਨੇ ਹਮੇਸ਼ਾਂ ਹੀਲੇ-ਵਸੀਲੇ ਕੀਤੇ ਹਨ। ਇਸੇ ਕੜੀ ਤਹਿਤ ਪੰਜਾਬੀਆਂ ਨੇ ਵੀ ਪਰਵਾਸ ਕੀਤਾ ਹੈ, ਪਰ ਜਿਸ ਹਿਸਾਬ ਨਾਲ ਅੰਕੜੇ ਸਾਹਮਣੇ ਆ ਰਹੇ ਹਨ, ਬਹੁਤ ਹੀ ਭਾਰੀ ਗਿਣਤੀ ਵਿੱਚ ਪੰਜਾਬੀਆਂ ਨੇ ਵੱਖ-ਵੱਖ ਦੇਸ਼ਾਂ ਵਿੱਚ ਪਰਵਾਸ ਕੀਤਾ ਹੈ। ਕੁਝ ਹਾਲਾਤ ਹੱਥੋਂ ਮਜਬੂਰ ਹੋ ਗਏ ਅਤੇ ਕਈਆਂ ਨੂੰ ਸਰਕਾਰਾਂ, ਦੁਨੀਆਦਾਰਾਂ ਅਤੇ ਆਪਣਿਆਂ ਦੇ ਕਰਕੇ ਵੀ ਪਰਵਾਸ ਕਰਨਾ ਪਿਆ।

ਪਰਵਾਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਮੁੱਖ ਤੌਰ ’ਤੇ ਜੋ ਕਾਰਨ ਹਨ, ਉਹ ਹੈ ਬੇਰੁਜ਼ਗਾਰੀ ਅਤੇ ਮਾੜਾ ਸਿਸਟਮ। ਸਮੇਂ ਅਨੁਸਾਰ ਸਹੀ ਤਨਖਾਹ ’ਤੇ ਕੰਮ ਨਾ ਮਿਲਣਾ। ਪੜ੍ਹ ਲਿਖ ਕੇ ਵੀ ਦੁਸ਼ਵਾਰੀਆਂ ਭਰਪੂਰ ਜ਼ਿੰਦਗੀ ਬਤੀਤ ਕਰਨੀ। ਸ਼ਰੀਕੇ ਬਰਾਦਰੀ ਦੀ ਵੇਖੋ ਵੇਖੀ‌ ਆਦਿ ਕਈ ਕਾਰਨ ਹਨ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਪੰਜਾਬੀ ਜਿਸ ਪਾਸੇ ਵੀ ਉੱਲਰਦੇ ਹਨ, ਉਸ ਪਾਸੇ ਪੂਰੀ ਸ਼ਿੱਦਤ ਨਾਲ ਜਾਂਦੇ ਹਨ। ਪੰਜਾਬੀਆਂ ਨੇ ਰਿਕਾਰਡ ਤੋੜ ਪਰਵਾਸ ਕੀਤਾ ਹੈ। ਪੜ੍ਹਾਈ ਦੇ ਤੌਰ ’ਤੇ ਬਾਹਰ ਜਾਂਦੇ ਬੱਚੇ ਉੱਥੇ ਜਾ ਕੇ ਵਧੀਆ ਜ਼ਿੰਦਗੀ ਦੀ ਆਸ ਵਿੱਚ ਉਲਝ ਜਾਂਦੇ ਹਨ। ਕਈ ਵਿਦਿਆਰਥੀਆਂ ਨੇ ਬੜੀਆਂ ਮੱਲਾਂ ਵੀ ਮਾਰੀਆਂ ਹਨ, ਪਰ ਕਈਆਂ ਨੂੰ ਉੱਥੇ ਜਾ ਕੇ ਰੁਲਣਾ ਵੀ ਪਿਆ ਹੈ। ਕਿਤੇ ਵੀ ਜਾਓ, ਜ਼ਿੰਦਗੀ ਦੇ ਦੋਵੇਂ ਪੱਖ ਸਾਹਮਣੇ ਆਉਂਦੇ ਹਨ। ਚੰਗਾ ਵੀ ਅਤੇ ਮਾੜਾ ਵੀ। ਇਨਸਾਨ ਦੀ ਆਦਤ ਹੈ ਕਿ ਉਹ ਚੰਗੇ ਪੱਖ ਵੱਲ ਘੱਟ ਜਾਂਦਾ ਹੈ ਅਤੇ ਮਾੜੇ ਪੱਖ ਵੱਲ ਜ਼ਿਆਦਾ ਜਾਂਦਾ ਹੈ। ਰਹੀ ਗੱਲ ਸੰਘਰਸ਼ ਦੀ, ਉਹ ਤਾਂ ਕਿਤੇ ਵੀ ਚਲੇ ਜਾਓ, ਆਪਣੇ ਹਿੱਸੇ ਦਾ ਸੰਘਰਸ਼ ਤਾਂ ਕਰਨਾ ਹੀ ਪੈਣਾ ਹੈ।

ਪਰਵਾਸ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ, ਪਰ ਮੇਰੇ ਹਿਸਾਬ ਨਾਲ 1984 ਦੇ ਦੌਰ ਤੋਂ ਬਾਅਦ 90ਵਿਆਂ ਦੇ ਦਹਾਕੇ ਵਿੱਚ ਪੰਜਾਬੀਆਂ ਨੇ ਮਜਬੂਰੀ ਵੱਸ ਪਰਵਾਸ ਕੀਤਾ, ਜੋ ਅੱਜ ਬਹੁਤ ਹੱਦ ਤੱਕ ਸ਼ੌਕ ਅਤੇ ਲਾਲਚ ਬਣ ਚੁੱਕਾ ਹੈ। ਆਪਣੀਆਂ ਜੱਦੀ ਜ਼ਮੀਨਾਂ ਵੇਚ ਕੇ ਭਾਰੀ ਕਰਜ਼ੇ ਚੁੱਕ ਕੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਪੜ੍ਹਨਾ ਅਤੇ ਫਿਰ ਸੈੱਟ ਹੋਣ ਲਈ ਹਰ ਪੰਜਾਬੀ ਕਾਹਲਾ ਹੈ। ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਜੀਵਨ ਦੇਣਾ ਚਾਹੁੰਦਾ ਹੈ। ਇਸ ਲਈ ਚਾਹੇ ਉਨ੍ਹਾਂ ਨੂੰ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਵੇ, ਉਹ ਕਰਦੇ ਹਨ। ਪਰਵਾਸ ਕਰਨਾ ਬੁਰਾ ਨਹੀਂ ਹੈ। ਪਰਵਾਸ ਕਰਨ ਦਾ ਤਰੀਕਾ ਬੁਰਾ ਹੋ ਸਕਦਾ ਹੈ ਕਿ ਅਸੀਂ ਕਿਸੇ ਲਾਲਸਾ ਵੱਸ ਮੁਸੀਬਤ ਵਿੱਚ ਤਾਂ ਨਹੀਂ ਫਸ ਰਹੇ। ਸਹੀ ਤਰੀਕੇ ਅਤੇ ਸੋਚ ਨਾਲ ਕੀਤਾ ਪਰਵਾਸ ਗ਼ਲਤ ਨਹੀਂ ਹੁੰਦਾ।

ਮੁਸ਼ਕਲਾਂ ਤਾਂ ਹਰ ਜਗ੍ਹਾ ਆਉਂਦੀਆਂ ਹਨ। ਜ਼ਿੰਦਗੀ ਏਨੀ ਵੀ ਸੌਖੀ ਨਹੀਂ ਹੈ, ਜਿੰਨੀ ਕਿ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਏਨੀ ਵੀ ਔਖੀ ਨਹੀਂ ਹੈ, ਜਿੰਨੀ ਅਸੀਂ ਇਸ ਨੂੰ ਬਣਾ ਲਿਆ ਹੈ। ਦੂਸਰਾ ਸਾਡੇ ਸਿਸਟਮ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹਨ ਕਿ ਜੋ ਵਿਅਕਤੀ ਹੱਕ-ਸੱਚ ਦੀ ਗੱਲ ਕਰੇ, ਉਸ ਨੂੰ ਸਜ਼ਾ ਅਤੇ ਫਾਂਸੀ ਮਿਲਦੀ ਹੈ। ਕਾਨੂੰਨ ਵਿੱਚ ਕਈ ਚੋਰ ਮੋਰੀਆਂ ਹਨ। ਮਾੜੇ ਲਈ ਰੁਪਈਏ ਦੀ ਚੋਰੀ ਦੀ ਵੀ ਸਜ਼ਾ ਹੈ ਅਤੇ ਤਕੜੇ ਲਈ ਅਰਬਾਂ ਰੁਪਈਏ ਦੇ ਘਪਲੇ ਵੀ ਕੋਈ ਮਾਅਨਾ ਨਹੀਂ ਰੱਖਦੇ। ਜਿਸ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਘਪਲੇਬਾਜ਼ ਹੋਣ, ਪਰ ਉਨ੍ਹਾਂ ਉੱਪਰ ਕੋਈ ਕੇਸ ਦਰਜ ਨਾ ਹੋਵੇ, ਫਿਰ ਅਸੀਂ ਇਸ ਸਿਸਟਮ ਤੋਂ ਜ਼ਰੂਰ ਭੱਜਾਂਗੇ। ਬਾਹਰ ਗਏ ਸਿਰਫ਼ ਵਧੀਆ ਸਿਸਟਮ ਕਰਕੇ ਹੀ ਵਾਪਸ ਨਹੀਂ ਆਉਂਦੇ। ਚਾਹੇ ਦਿਹਾੜੀ ਵੀ ਕਰਨੀ ਪਵੇ, ਗੁਜ਼ਾਰਾ ਤਾਂ ਹੋ ਜਾਂਦਾ ਹੈ। ਮਾਪਿਆਂ ਦੇ ਮਨਾਂ ਵਿੱਚ ਬੇਰੁਜ਼ਗਾਰੀ, ਅਪਰਾਧ, ਨਸ਼ੇ ਅਤੇ ਕਈ ਹੋਰ ਗੱਲਾਂ ਹਨ, ਜਿਨ੍ਹਾਂ ਕਰਕੇ ਉਹ ਮਜਬੂਰੀ ਵੱਸ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਖ਼ੁਸ਼ ਹਨ।

ਕੁਝ ਕੁ ਲੋਕ ਪਰਵਾਸ ਦੇ ਵਿਰੋਧ ਵਿੱਚ ਵੀ ਹਨ, ਪਰ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਪਰਵਾਸ ਲਈ ਭੇਜ ਕੇ ਸੰਤੁਸ਼ਟ ਹਨ। ਰੁਜ਼ਗਾਰ ਦੀ ਗੱਲ ਕਰ ਲਈਏ ਤਾਂ ਇੱਧਰ ਵੀ ਕਈ ਅਜਿਹੇ ਹਨ ਜੋ ਪੀਐੱਚ. ਡੀ. ਕਰਕੇ ਰੇਹੜੀ ਲਗਾ ਰਹੇ ਹਨ। ਤੇਰਾਂ ਸਾਲ ਯੂਨੀਵਰਸਿਟੀ ਵਿੱਚ ਨੌਕਰੀ ਕਰਨ ਦੇ ਬਾਅਦ ਵੀ ਪੱਕਾ ਨਹੀਂ ਕੀਤਾ ਗਿਆ। ਇਸ ਵਿੱਚ ਉਸ ਵਿਅਕਤੀ ਦਾ ਕੀ ਕਸੂਰ ਹੈ? ਜਿਸ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਤੇਰਾਂ ਵਰ੍ਹੇ ਇੱਕ ਸੰਸਥਾ ਨੂੰ ਦੇ ਦਿੱਤੇ। ਵਿਆਹ ਤੋਂ ਬਾਅਦ ਖ਼ਰਚੇ ਵਧ ਜਾਂਦੇ ਹਨ। ਜੋ ਵਿਅਕਤੀ 40-45 ਸਾਲ ਦੀ ਉਮਰ ਵਿੱਚ ਆਪ ਸੈੱਟ ਨਹੀਂ ਹੋ ਸਕਿਆ, ਉਸ ਵਿਚਾਰੇ ਨੇ ਆਪਣੇ ਬੱਚਿਆਂ ਨੂੰ ਕਿਵੇਂ ਸੈੱਟ ਕਰਨਾ ਹੈ।

ਪੜ੍ਹਾਈਆਂ ਦੇ ਵਧ ਰਹੇ ਖ਼ਰਚੇ ਅਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਖਿੱਚਣ ਦੇ ਅਨੇਕਾਂ ਅਜਿਹੇ ਖ਼ਰਚੇ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੈ। ਪੜ੍ਹਾਈ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਟੈਸਟ ਦੇ ਕੇ ਇੱਕ ਆਮ ਵਿਅਕਤੀ ਉਂਝ ਵੀ ਮਾਨਸਿਕ ਪਰੇਸ਼ਾਨੀ ਵਿੱਚ ਘਿਰ ਜਾਂਦਾ ਹੈ। ਇਕੱਲਾ ਪੰਜਾਬੀ ਹੀ ਪਰਵਾਸ ਨਹੀਂ ਕਰ ਰਿਹਾ। ਕਿਸੇ ਕੰਪਨੀ ਵਿੱਚ ਬੱਚਿਆਂ ਨੇ ਰੁਜ਼ਗਾਰ ਲਈ ਜਾਣਾ ਹੋਵੇ ਤਾਂ ਉਹ ਵੀ ਇੱਕ ਸ਼ਹਿਰ ਨੂੰ ਛੱਡ ਕੇ ਦੂਸਰੇ ਸ਼ਹਿਰ ਜਾਣਾ ਪਰਵਾਸ ਹੀ ਕਹਾਉਂਦਾ ਹੈ। ਹਮੇਸ਼ਾਂ ਹਰ ਗੱਲ ਨੂੰ ਚਿੱਥੇ ਹੀ ਜਾਣ ਦੀ ਲੋੜ ਨਹੀਂ ਹੁੰਦੀ। ਸਮੇਂ ਅਤੇ ਹਾਲਾਤ ਨਾਲ ਬਦਲਣਾ ਪੈਂਦਾ ਹੈ। ਅੱਜ ਦੀ ਦੁਨੀਆ ਵਿੱਚ ਹਰ ਕੋਈ ਸਿਆਣਾ ਹੈ। ਨੈੱਟ ਦੇ ਆਉਣ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਉਪਲੱਬਧ ਹੋ ਜਾਂਦੀ ਹੈ। ਮੇਰਾ ਤਾਂ ਇਹੀ ਮੰਨਣਾ ਹੈ ਕਿ ਵਿਅਕਤੀ ਨੂੰ ਜਿੱਥੇ ਵੀ ਜਾ ਕੇ ਸੰਤੁਸ਼ਟੀ ਮਿਲਦੀ ਹੈ, ਉਸ ਨੂੰ ਜਾਣਾ ਚਾਹੀਦਾ ਹੈ। ਕੌਣ ਕੀ ਕਹਿ ਰਿਹਾ ਹੈ? ਇਸ ਬਾਰੇ ਵਿਚਾਰ ਚਰਚਾ ਕਰਨ ਨਾਲੋਂ ਬਿਹਤਰ ਇਹੀ ਹੈ ਕਿ ਆਪਣੀ ਜ਼ਿੰਦਗੀ ਦੇ ਸਾਲਾਂ ਨੂੰ ਬਿਹਤਰ ਬਣਾਇਆ ਜਾਵੇ। ਅਗਾਂਹਵਧੂ ਸੋਚ ਨਾਲ ਅੱਗੇ ਵਧਿਆ ਜਾਵੇ। ਆਪਣੇ ਦਾਇਰਿਆਂ ਨੂੰ ਵਿਸ਼ਾਲ ਕਰਕੇ, ਮੁਸੀਬਤਾਂ ਨੂੰ ਝੱਲਣ ਦੇ ਕਾਬਲ ਬਣ ਕੇ, ਅੱਗੇ ਵਧਦੇ ਰਹਿਣਾ ਹੀ ਜ਼ਿੰਦਗੀ ਦੀ ਹੋਂਦ ਦਾ ਸੰਕੇਤ ਹੈ।

ਸੰਪਰਕ: 81465-36200

Advertisement