ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਲਾ, ਸਾਹਿਤ ਅਤੇ ਖ਼ੂਬਸੂਰਤੀ ਦਾ ਸੁਮੇਲ ਮੈਕਸਿਕੋ

ਖੁਸ਼ਪਾਲ ਗਰੇਵਾਲ ਉੱਤਰੀ ਅਮਰੀਕੀ ਦੇਸ਼ ਮੈਕਸਿਕੋ ਆਪਣੇ ਖਾਣੇ ਤੇ ਗਾਣੇ ਲਈ ਦੁਨੀਆ ਭਰ ’ਚ ਮਸ਼ਹੂਰ ਹੈ। ਘੁਮੱਕੜ ਲੋਕ ਅਕਸਰ ਮੈਕਸਿਕੋ ਦੇ ਖਾਣ-ਪਾਣ ਤੇ ਕੁਦਰਤੀ ਖ਼ੂਬਸੂਰਤੀ ਦਾ ਜ਼ਿਕਰ ਕਰਦੇ ਸੁਣਾਈ ਦਿੰਦੇ ਹਨ। ਕੈਨੇਡਾ ਦੇ ਬਰਫ਼ੀਲੇ ਤੂਫ਼ਾਨਾਂ ਤੇ ਅਮੁੱਕ ਸ਼ਿਫਟਾਂ ਤੋਂ ਕੁਝ...
Advertisement

ਖੁਸ਼ਪਾਲ ਗਰੇਵਾਲ

ਉੱਤਰੀ ਅਮਰੀਕੀ ਦੇਸ਼ ਮੈਕਸਿਕੋ ਆਪਣੇ ਖਾਣੇ ਤੇ ਗਾਣੇ ਲਈ ਦੁਨੀਆ ਭਰ ’ਚ ਮਸ਼ਹੂਰ ਹੈ। ਘੁਮੱਕੜ ਲੋਕ ਅਕਸਰ ਮੈਕਸਿਕੋ ਦੇ ਖਾਣ-ਪਾਣ ਤੇ ਕੁਦਰਤੀ ਖ਼ੂਬਸੂਰਤੀ ਦਾ ਜ਼ਿਕਰ ਕਰਦੇ ਸੁਣਾਈ ਦਿੰਦੇ ਹਨ। ਕੈਨੇਡਾ ਦੇ ਬਰਫ਼ੀਲੇ ਤੂਫ਼ਾਨਾਂ ਤੇ ਅਮੁੱਕ ਸ਼ਿਫਟਾਂ ਤੋਂ ਕੁਝ ਰਾਹਤ ਪਾਉਣ ਲਈ ਮੈਕਸਿਕੋ ਦੀਆਂ ਨਿੱਘੀਆਂ ਹਵਾਵਾਂ ਦੀ ਗੋਦ ਵਿੱਚ ਜਾਣ ਦਾ ਹੰਭਲਾ ਮਾਰਿਆ। ਮੈਕਸਿਕੋ ਧਰਾਤਲ ਪੱਖੋਂ ਕਾਫ਼ੀ ਵਿਸ਼ਾਲ ਦੇਸ਼ ਹੈ ਤੇ ਇਸ ਦਾ ਕੈਨਕੁੰਨ ਤੇ ਮੈਕਸਿਕੋ ਸ਼ਹਿਰ ਸੈਰ-ਸਪਾਟੇ ਲਈ ਸੈਲਾਨੀਆਂ ਵਿੱਚ ਮਸ਼ਹੂਰ ਹੈ। ਹਮਸਫ਼ਰ ਨਾਲ ਜਾਣ ਕਰਕੇ ਇਹ ਸਫ਼ਰ ਹੋਰ ਵੀ ਵੱਧ ਸੁਹਾਵਣਾ ਬਣ ਗਿਆ। ਮੈਕਸਿਕੋ ਦੀ ਇਤਿਹਾਸਕ-ਸੱਭਿਆਚਾਰ ਮਹੱਤਤਾ ਉਸ ਦੇ ਵਿਸ਼ਾਲ ਸ਼ੂਕਦੇ ਸਮੁੰਦਰਾਂ ਜਿੱਡੇ ਕੈਨਵਸ ’ਤੇ ਫੈਲੀ ਹੋਈ ਹੈ। ਇਸ ਦੀ ਇਤਿਹਾਸਕ-ਸੱਭਿਆਚਾਰ ਮਹੱਤਤਾ ਸਾਡੀ ਮੈਕਸਿਕੋ ਫੇਰੀ ਦੀ ਖਿੱਚ ਦਾ ਮੁੱਖ ਕਾਰਨ ਸੀ।

Advertisement

ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਮੈਕਸਿਕੋ ਸ਼ਹਿਰ ਦਾ ਹਵਾਈ ਸਫ਼ਰ ਛੇ ਘੰਟਿਆਂ ਦਾ ਸੀ। ਹਵਾਈ ਅੱਡੇ ਤੋਂ ਹੋਟਲ ਤੱਕ ਸਫ਼ਰ ਲਈ ਭਾੜੇ ’ਤੇ ਲਈ ਟੈਕਸੀ ਦੇ ਡਰਾਈਵਰ ਨੇ ਮੈਕਸਿਕੋ ਸ਼ਹਿਰ ਦੀਆਂ ਕੁਝ ਕੁ ਇਤਿਹਾਸਕ ਥਾਵਾਂ ਬਾਰੇ ਦੱਸਿਆ। ਨੈੱਟਫਲਿਕਸ ਵਰਗੇ ਪਲੈਟਫਾਰਮਾਂ ਉੱਪਰ ਮੈਕਸਿਕਨ ਡਰੱਗ ਮਾਫੀਆ ਬਾਰੇ ਵੈੱਬ ਸੀਰੀਜ਼ ਦੀ ਭਰਮਾਰ ਕਾਰਨ ਅਸੀਂ ਥੋੜ੍ਹੀ ਜਿਹੀ ਝਿਜਕ ਨਾਲ ਮੈਕਸੀਕਨ ਡਰੱਗ ਮਾਫ਼ੀਆ ਦੀ ਹਕੀਕੀ ਹਾਲਤ ਬਾਰੇ ਜਾਣਨਾ ਚਾਹਿਆ ਤਾਂ ਉਸ ਨੇ ਬੜੇ ਸਹਿਜ ਨਾਲ ਸਮਝਾਇਆ ਕਿ ਇਹ ਸਭ ਬੀਤੇ ਦੀਆਂ ਗੱਲਾਂ ਹਨ। ਫਿਲਮਾਂ ਵਾਲੇ ਕੁਝ ਜ਼ਿਆਦਾ ਹੀ ਮਸਾਲਾ ਲਾ ਦਿੰਦੇ ਹਨ। ਜਦੋਂਕਿ ਸਰਕਾਰਾਂ ਵੱਲੋਂ ਪਾਲੇ ਗੈਂਗਸਟਰਾਂ ਨਾਲੋਂ ਵੱਧ, ਪਹਿਲਾਂ ਸਪੇਨ ਤੇ ਫਿਰ ਅਮਰੀਕਾ ਨੇ ਡਰੱਗ ਮਾਫੀਆ ਤੇ ਗੈਂਗਸਟਰਾਂ ਦੇ ਬਹਾਨੇ ਆਮ ਮੈਕਸੀਕਨਾਂ ’ਤੇ ਬਹੁਤ ਜ਼ੁਲਮ ਕੀਤੇ ਹਨ। ਹੋਟਲ ਦੇ ਬੂਹੇ ’ਤੇ ਦਸਤਕ ਦੇਣ ਤੋਂ ਪਹਿਲਾਂ ਉਸ ਨੇ ਗੈਂਗਵਾਦ ਬਾਰੇ ਸਰਕਾਰੀ ਦਹਿਸ਼ਤੀ ਪ੍ਰਚਾਰ ਤੋਂ ਨਿਸ਼ਚਿੰਤ ਰਹਿ ਕੇ ਘੁੰਮਣ-ਫਿਰਨ ਦੀ ਸਲਾਹ ਦੇ ਕੇ ਆਪਣੀ ਗੱਲ ਮੁਕਾਈ ਤੇ ਸਾਡੀ ਬੇਲੋੜੀ ਚਿੰਤਾ। ਉਸੇ ਸ਼ਾਮ ਗਲੀ ਦੀ ਹਰ ਨੁੱਕਰ ’ਤੇ ਥੋੜ੍ਹੀ-ਥੋੜ੍ਹੀ ਵਿੱਥ ਉੱਪਰ ਸਜੀਆਂ ਰੇਹੜੀਆਂ ਨੇ ਮੈਕਸੀਕਨ ਸਟਰੀਟ ਫੂਡ ਦੀਆਂ ਸੁਣੀਆਂ ਚਰਚਾਵਾਂ ਨੂੰ ਹਕੀਕੀ ਅਨੁਭਵ ਵਿੱਚ ਬਦਲ ਦਿੱਤਾ।

ਅਗਲੀ ਸਵੇਰ ਜਲਦੀ-ਜਲਦੀ ਤਿਆਰ ਹੋ ਕੇ ਜਦੋਂ ਅਸੀਂ ‘ਬੇਲਾ ਆਰਟਸ ਪੈਲੇਸ’ ਜਾਣ ਲਈ ਟੈਕਸੀ ਲੈਣ ਹੀ ਲੱਗੇ ਸਾਂ ਤਦ ਹੀ ਸਾਨੂੰ ਖ਼ਿਆਲ ਆਇਆ ਕਿ ਕਿਉਂ ਨਾ ਉੱਥੋਂ ਦੇ ਜਨਤਕ ਬੱਸ ਸਫ਼ਰ ਦਾ ਅਨੁਭਵ ਕੀਤਾ ਜਾਵੇ। ਇਹ ਨਾ ਸਿਰਫ਼ ਸਾਡੇ ਬਜਟ ਨੂੰ ਰਾਹਤ ਦੇਵੇਗਾ ਸਗੋਂ ਮੈਕਸੀਕਨ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਨੇੜੇ ਤੋਂ ਦੇਖਣ-ਜਾਣਨ ਦਾ ਸਕੂਨ ਵੀ ਦੇਵੇਗਾ। ਮੈਕਸਿਕੋ ਸ਼ਹਿਰ ’ਚ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਬਹੁਤ ਸ਼ਾਨਦਾਰ ਹੈ, ਬਿਲਕੁਲ ਭਾਰਤ ਦੇ ਕੋਲਕਾਤਾ ਸ਼ਹਿਰ ਵਾਂਗ। ਹਾਲਾਂਕਿ ਕੈਨੇਡਾ-ਅਮਰੀਕਾ ਵਰਗੇ ਵਿਕਸਤ ਮੁਲਕ ਪਬਲਿਕ ਟਰਾਂਸਪੋਰਟ ਦੀ ਸੁਵਿਧਾ ਵਿੱਚ ਮੈਕਸਿਕੋ ਤੋਂ ਵੀ ਫਾਡੀ ਹਨ। ਬੱਸ ਸਫ਼ਰ ਮੁਕਣ ਤੋਂ ਬਾਅਦ ਪਤਾ ਲੱਗਾ ਕਿ ਉੱਥੇ ਦੇ ਲੋਕਾਂ ਨੇ ਇਸ ਸਹੂਲਤ ਲਈ ਕਾਫ਼ੀ ਸੰਘਰਸ਼ ਕੀਤਾ ਸੀ। ਮਤਲਬ ਧਰਤੀ ਦਾ ਕੋਈ ਵੀ ਕੋਨਾ ਹੋਵੇ, ਲੋਕ ਸਵਰਗ ਆਪਣੇ ਸੰਘਰਸ਼ ਸਦਕਾ ਹੀ ਸਿਰਜਦੇ ਹਨ।

ਜਨਤਕ ਥਾਵਾਂ ਤੇ ਬਾਜ਼ਾਰਾਂ ’ਚ ਹਰ ਥਾਂ ਹਰ ਕੋਈ ਆਪਣੇ ਹੱਥ ’ਚ ਜੂਸ ਜਾਂ ਸੋਢਾ ਚੁੱਕੀ ਦਿਖਾਈ ਦਿੰਦਾ ਹੈ। ਹੋਰ ਤਾਂ ਹੋਰ ਕੋਕਾ-ਕੋਲਾ ਦਾ ਸਭ ਤੋਂ ਜ਼ਿਆਦਾ ਸੇਵਨ ਮੈਕਸੀਕਨ ਲੋਕਾਂ ਦੁਆਰਾ ਹੀ ਕੀਤਾ ਜਾਂਦਾ ਹੈ। ਸੁਆਦ ਦੇ ਇਨ੍ਹਾਂ ਚਸਕਿਆਂ ਕਾਰਨ ਇੱਥੇ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਐਨੀ ਜ਼ਿਆਦਾ ਹੋ ਚੁੱਕੀ ਹੈ ਕਿ ਮੈਕਸੀਕਨ ਸਰਕਾਰ ਨੂੰ ਕੋਕਾ-ਕੋਲਾ ਜਿਹੇ ਪਦਾਰਥਾਂ ਅਤੇ ਪਬਲਿਕ ਕੌਫ਼ੀ ਹਾਊਸ ਵਿੱਚ ਸ਼ੂਗਰ ’ਤੇ ਮੁਕੰਮਲ ਪਾਬੰਦੀ ਲਾਉਣੀ ਪਈ ਹੈ। ਲੋਕ ਸਿਰਫ਼ ਬਣਾਉਟੀ ਮਿਠਾਸ ਵਾਲੀ ਖੰਡ ਦਾ ਸੇਵਨ ਕਰਦੇ ਹਨ। ਬੱਸੋਂ ਉਤਰਕੇ ਅਸੀਂ ਖ਼ੂਬਸੂਰਤ ਪਬਲਿਕ ਪਾਰਕਾਂ ਵਿੱਚੋਂ ਦੀ ਹੁੰਦੇ ਹੋਏ ਬੇਲਾ ਆਰਟਸ ਪੈਲੇਸ ਵਿੱਚ ਦਾਖਲ ਹੋਏ। ਸ਼ਹਿਰ ਦੇ ਵਿੱਚੋ-ਵਿੱਚ ਸਥਿਤ ਇਹ ਪੈਲੇਸ ਆਪਣੀ ਖ਼ੂਬਸੂਰਤੀ ਦੇ ਨਾਲ-ਨਾਲ ਇਤਿਹਾਸਕ ਪੱਖ ਤੋਂ ਵੀ ਕਾਫ਼ੀ ਮਹੱਤਵਪੂਰਨ ਹੈ। ਇਹ ਪੈਲੇਸ ਮੈਕਸਿਕੋ ਦੀ ਆਜ਼ਾਦੀ ਦੇ ਨਾਲ-ਨਾਲ ਸਾਹਿਤ ਤੇ ਕਲਾ ਦੀ ਮਹੱਤਤਾ ਨੂੰ ਵੀ ਬਾਖ਼ੂਬੀ ਦਰਸਾਉਂਦਾ ਹੈ। ਬਾਹਰੀ ਕੰਧਾਂ ਉੱਪਰ ਹੋਈ ਕਲਾਕਾਰੀ, ਕਲਾ ਦੇ ਸਿਖਰ ਦਾ ਉੱਤਮ ਨਮੂਨਾ ਹੈ। ਅੰਦਰ ਖ਼ੂਬਸੂਰਤ ਤੇ ਅਰਥ ਭਰਪੂਰ ਪੇਂਟਿੰਗਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਜਾਪਦਾ ਹੈ ਕਿ ਮੈਕਸਿਕੋ ਵਿੱਚ ਸਨਕੀ ਤੇ ਖੂੰਖਾਰ ਫਿਲਮੀ ਗੈਂਗਸਟਰ ਨਹੀਂ ਬਲਕਿ ਕਲਾ ਅਤੇ ਸਾਹਿਤ ਦੇ ਸੱਚੇ ਪ੍ਰੇਮੀ ਵਸਦੇ ਹਨ। ਮੈਕਸਿਕੋ ’ਚ ਅਪਰਾਧੀ ਨਹੀਂ ਬਲਕਿ ਉਹ ਲੋਕ ਵੀ ਵਸਦੇ ਹਨ ਜਿਨ੍ਹਾਂ ਨੇ ਇਸ ਧਰਤੀ ਨੂੰ ਖੂਨ-ਪਸੀਨੇ, ਕੁਰਬਾਨੀਆਂ, ਮਿਹਨਤ, ਕਲਾ, ਸਾਹਿਤ, ਸੱਭਿਆਚਾਰ ਤੇ ਅਮੀਰ ਵਿਰਾਸਤ ਨਾਲ ਜਿਊਂਦਾ ਰੱਖਿਆ ਹੈ। ਇਹੀ ਤਾਂ ਹੈ ਮੈਕਸਿਕੋ ਦਾ ਧੜਕਦਾ ਹੋਇਆ ਦਿਲ। ਇਨ੍ਹਾਂ ਦੀ ਕਲਾ ਵਿੱਚ ਮੈਕਸੀਕਨ ਕਿਸਾਨਾਂ ਦੀ ਹੱਡਭੰਨਵੀਂ ਮਿਹਨਤ ਵਰਗਾ ਜਜ਼ਬਾ ਤੇ ਹਠ ਦਿਖਾਈ ਦਿੰਦਾ ਹੈ।

75 ਪੈਸੇ ਦੀ ਟਿਕਟ ਲੈਣ ਬਾਅਦ ਜਦੋਂ ਪੇਂਟਿੰਗ ਵਾਲੀ ਗੈਲਰੀ ਵਿੱਚ ਦਾਖਲ ਹੋਏ ਤਾਂ ਉਸ ਪੈਲੇਸ ਦੀ ਸਭ ਤੋਂ ਮਸ਼ਹੂਰ ਤੇ ਵਿਵਾਦਤ ਪੇਂਟਿੰਗ ‘ਦੇਈਗੋ ਰਾਵੀਰਾ’ ਦਾ ਮਾਸਟਰ ਪੀਸ ਦੇਖਿਆ। ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵੱਡੇ-ਵੱਡੇ ਅਰਥ ਇਸ ਪੇਂਟਿੰਗ ਨੂੰ ਬਹੁਤ ਜ਼ਿਆਦਾ ਖ਼ਾਸ ਬਣਾਉਂਦੇ ਹਨ। ਉਦਾਹਰਨ ਵਜੋਂ ਪੂੰਜੀਵਾਦੀ ਸਮਾਜ ਤੇ ਸਮਾਜਵਾਦੀ ਸਮਾਜ ਦੀਆਂ ਵਿਲੱਖਣਤਾਵਾਂ ਨੂੰ ਬਹੁਤ ਹੀ ਸੁਚੱਜੇ ਤੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੇਂਟਿੰਗ ਵਿੱਚ ਦੋ ਸਮਾਜਾਂ ਨੂੰ ਤੁਲਨਾਤਮਕ ਤੌਰ ’ਤੇ ਦਰਸਾਉਂਦਿਆਂ ਦਿਖਾਇਆ ਗਿਆ ਹੈ ਕਿ ਇੱਕ ਪਾਸੇ ਲੈਨਿਨ ਆਮ ਲੋਕਾਂ ਵਿਚਕਾਰ ਖੜ੍ਹ ਕੇ ਰੂਸੀਆਂ ਨੂੰ ਜਥੇਬੰਦ ਹੋਣ ਦਾ ਸੁਨੇਹਾ ਦੇ ਰਿਹਾ ਹੈ। ਲੋਕ ਆਪਸੀ ਪਿਆਰ ਨਾਲ ਮਿਲ ਕੇ ਉਸ ਦੀ ਗੱਲ ਸੁਣ ਰਹੇ ਹਨ। ਰੋਟੀ ਵਾਲੇ ਡੱਬੇ ਵਿੱਚ ਪਏ ਫ਼ਲ ਚੰਗੀ ਸਿਹਤ ਤੇ ਖ਼ੁਸ਼ਹਾਲ ਜ਼ਿੰਦਗੀ ਨੂੰ ਦਰਸਾਉਂਦੇ ਹਨ। ਔਰਤਾਂ ਆਜ਼ਾਦ ਤੇ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੀਆਂ ਹਨ। ਲੋਕ ਇਕੱਠੇ ਹੋ ਕੇ ਸਾਂਝੀਵਾਲਤਾ ਦਾ ਸੁਨੇਹਾ ਦੇ ਰਹੇ ਹਨ। ਜਦਕਿ ਦੂਜੇ ਪਾਸੇ ਪੂੰਜੀਵਾਦੀ ਪ੍ਰਬੰਧ ਅੰਦਰ ਫੌਜ ਲੋਕਾਂ ਨੂੰ ਕੁੱਟਣ ਲਈ ਤਿਆਰ-ਬਰ-ਤਿਆਰ ਦਿਖਾਈ ਦਿੰਦੀ ਹੈ। ਲੋਕਾਂ ਨੂੰ ਡਰਾਉਣ-ਦਬਕਾਉਣ ਲਈ ਰਾਜਕੀ ਜਬਰ ਦੇ ਨਾਲ-ਨਾਲ ਧਰਮ ਦਾ ਡਰਾਵਾ ਪਾਇਆ ਜਾ ਰਿਹਾ ਹੈ। ਔਰਤਾਂ ਅਹਾਤੇ ਵਿੱਚ ਬੈਠ ਕੇ ਸ਼ਰਾਬ ਪੀ ਰਹੀਆਂ ਹਨ। ਪੂਰਾ ਪ੍ਰਬੰਧ ਸਮਾਜ ਨੂੰ ਭੈੜੀਆਂ ਤੇ ਖ਼ਤਰਨਾਕ ਬਿਮਾਰੀਆਂ ਵੱਲ ਧੱਕ ਰਿਹਾ ਹੈ।

ਹੋਰਨਾਂ ਤਸਵੀਰਾਂ ਵਿੱਚ ਸਪੇਨੀ ਸਾਮਰਾਜ ਵੱਲੋਂ ਕੀਤੇ ਜਬਰ-ਜ਼ੁਲਮਾਂ ਤੇ ਉਸ ਦੇ ਵਿਰੁੱਧ ਬਗਾਵਤ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਵੱਡਆਕਾਰੀ ਤਸਵੀਰਾਂ ਕਲਾਕ੍ਰਿਤਾਂ ਨੂੰ ਹੋਰ ਵੀ ਵੱਧ ਪ੍ਰਭਾਵਸ਼ਾਲੀ ਬਣਾ ਰਹੀਆਂ ਸਨ। ਸਪੇਨ ਨੇ ਲਗਾਤਾਰ ਤਿੰਨ ਸਦੀਆਂ ਤੱਕ ਮੈਕਸਿਕੋ ’ਤੇ ਰਾਜ ਕੀਤਾ, ਫ਼ਲਸਰੂਪ ਮੈਕਸਿਕੋ ਦੀਆਂ ਸਥਾਨਕ ਭਾਸ਼ਾਵਾਂ ਦੀ ਕਬਰ ਖੋਦ ਕੇ ਸਪੈਨਿਸ਼ ਭਾਸ਼ਾ ਦਾ ਗਲਬਾ ਕਾਇਮ ਕੀਤਾ ਗਿਆ।

ਬੇਲਾ ਆਰਟਸ ਪੈਲੇਸ ਵਿੱਚੋਂ ਨਿਕਲਦਿਆਂ ਹੀ ਸਾਹਮਣੇ ਛੱਤ ਉੱਪਰ ਇੱਕ ਕੌਫ਼ੀ ਹਾਊਸ ਬਣਿਆ ਹੋਇਆ ਹੈ। ਕੌਫ਼ੀ ਦੇ ਸ਼ੌਕੀਨ ਬੜੇ ਚਾਅ ਨਾਲ ਲੰਬੀ ਲਾਈਨ ’ਚ ਲੱਗ ਕੇ ਤੇ ਲੰਮਾ ਸਮਾਂ ਇੰਤਜ਼ਾਰ ਕਰਕੇ ਇਸ ਜਗ੍ਹਾ ਕੌਫ਼ੀ ਦਾ ਲੁਤਫ਼ ਉਠਾਉਂਦੇ ਹਨ। ਇਸ ਜਗ੍ਹਾ ’ਤੇ ਬੈਠ ਕੇ ਬੇਲਾ ਆਰਟਸ ਦੇ ਪੈਲੇਸ ਦੀ ਖ਼ੂਬਸੂਰਤੀ ਨੂੰ ਨਿਹਾਰਦਿਆਂ, ਕੌਫ਼ੀ ਦਾ ਆਨੰਦ ਲੈ ਕੇ ਅਸੀਂ ਆਪਣੀ ਸਾਰੀ ਥਕਾਵਟ ਨੂੰ ਲਾਂਭੇ ਕੀਤਾ। ਬੇਲਾ ਆਰਟਸ ਦੇ ਸਾਹਮਣੇ ਲੋਕਾਂ ਨਾਲ ਖਚਾਖਚ ਭਰੇ ਬਾਜ਼ਾਰ ’ਚ ਸਥਾਨਕ ਲੋਕਾਂ ਦੁਆਰਾ ਤਿਆਰ ਕੀਤੀਆਂ ਛੋਟੀਆਂ-ਵੱਡੀਆਂ ਸਜਾਵਟੀ ਚੀਜ਼ਾਂ ਤਾਂ ਬਾਕਮਾਲ ਹੈ ਹੀ ਸਨ, ਪਰ ਜਿਹੜੀ ਚੀਜ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਸੀ ਮਹਾਤਮਾ ਗਾਂਧੀ ਦੇ ਨਾਮ ’ਤੇ ਬਣੇ ਹੋਏ ਕਿਤਾਬ ਘਰ। ਹਰ ਨੁੱਕਰ ਵਿੱਚ ਮਹਾਤਮਾ ਗਾਂਧੀ ਦੇ ਨਾਮ ’ਤੇ ਕਿਤਾਬ ਘਰ ਤੇ ਲਾਇਬ੍ਰੇਰੀਆਂ ਦੀ ਭਰਮਾਰ ਹੈ। ਇਹ ਸਾਡੇ ਲਈ ਅਚੰਭਾ ਤੇ ਉਤਸੁਕਤਾ ਭਰੀ ਗੁੱਥੀ ਸੀ। ਇਹ ਵੀ ਆਪਣੇ-ਆਪ ਵਿੱਚ ਕਮਾਲ ਦੀ ਭਾਵਨਾ ਹੈ ਕਿ ਐਨਾ ਲੰਬਾ ਸਮਾਂ ਕੋਈ ਮੁਲਕ ਗ਼ੁਲਾਮ ਰਹਿਣ ਦੇ ਬਾਵਜੂਦ ਸਾਹਿਤ-ਕਲਾ ਦੇ ਰੁਝਾਨ ਨੂੰ ਬਰਕਰਾਰ ਰੱਖ ਸਕਿਆ ਹੈ। ਅਸੀਂ ਮੈਕਸੀਕੋ ’ਚ ਮਹਾਤਮਾ ਗਾਂਧੀ ’ਤੇ ਬਣੇ ਬਹੁਤ ਵੱਡੇ ਕਿਤਾਬ ਘਰ ਦਾ ਵੀ ਚੱਕਰ ਲਗਾਇਆ।

ਤੀਸਰੇ ਦਿਨ ਤੜਕੇ-ਤੜਕੇ ਅਸੀਂ ਪਹਿਲਾਂ ਟਰੇਨ ਵਿੱਚ ਬੈਠ ਕੇ ਬੱਸ ਅੱਡੇ ਲਈ ਰਵਾਨਾ ਹੋਏ। ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ‘ਮੈਕਸੀਕਨ ਪਿਰਾਮਿਡ’ ਦੇਖਣ ਪਹੁੰਚੇ। ਸੂਰਜ ਦੀ ਧਰਮ ਵਿੱਚ ਖ਼ਾਸ ਅਹਿਮੀਅਤ ਹੋਣ ਕਰਕੇ ਇਨ੍ਹਾਂ ਨੂੰ ‘ਸੂਰਜ ਦੇ ਪਿਰਾਮਿਡ’ ਵੀ ਕਿਹਾ ਜਾਂਦਾ ਹੈ। ਸਦੀਆਂ ਪੁਰਾਣੇ ਤੇ ਲਗਭਗ 213 ਫੁੱਟ ਉੱਚੇ ਪਿਰਾਮਿਡ ਉੱਥੋਂ ਦੀ ਅਮੀਰ ਸੱਭਿਅਤਾ ਨੂੰ ਦਰਸਾਉਂਦੇ ਹਨ। ਸੈਂਕੜੇ ਏਕੜਾਂ ’ਚ ਫੈਲੇ ਇਹ ਪੁਰਾਤਨ ਪੱਥਰ ਦੇ ਬਣੇ ਪਿਰਾਮਿਡ 200 ਸੀ. ਈ. ਦੇ ਸਮੇਂ ਹੋਂਦ ਵਿੱਚ ਆਏ ਸਨ। ਪੁਰਤਾਨ ਕਸਬੇ, ਪਾਣੀ ਦਾ ਪ੍ਰਬੰਧ, ਮਲ-ਤਿਆਗ ਦਾ ਪ੍ਰਬੰਧ ਅਤੇ ਮੰਡੀ ਦੀ ਵਿਵਸਥਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦੇਖਣ ’ਤੇ ਹੈਰਾਨੀ ਹੋਈ ਕਿ ਪੁਰਾਤਨ ਸਮੇਂ ਵਿੱਚ ਵੀ ਮੈਕਸਿਕੋ ਦੀ ਸੱਭਿਅਤਾ ਕਿੰਨੀ ਅਮੀਰ ਤੇ ਅਗਾਂਹਵਧੂ ਸੀ। ਪਾਣੀ ਦਾ ਪ੍ਰਬੰਧ ਤੇ ਨਗਰਾਂ ਦੀ ਉਸਾਰੀ ਕਿੰਨੇ ਆਧੁਨਿਕ ਢੰਗ ਤੇ ਨਕਸ਼ੇ ਦੀ ਤਰਤੀਬ ਵਿੱਚ ਕੀਤੀ ਗਈ ਸੀ, ਇਹ ਦੇਖਣਾ ਆਪਣੇ ਆਪ ਵਿੱਚ ਇੱਕ ਵੱਖਰਾ ਅਨੁਭਵ ਸੀ ਜੋ ਹੜੱਪਾ ਸੱਭਿਅਤਾ ਨਾਲ ਮਿਲਦਾ-ਜੁਲਦਾ ਸੀ। ਸ਼ਾਇਦ ਇਸੇ ਪੁਰਤਾਨ ਵਿਰਾਸਤ ਕਾਰਨ ਮੈਕਸੀਕਨ ਸੱਭਿਅਤਾ ਵੀ ਬਹੁਤ ਅਮੀਰ ਤੇ ਆਧੁਨਿਕ ਸੱਭਿਆਤਾਵਾਂ ਵਿੱਚ ਸ਼ਾਮਲ ਹੈ।

ਚੌਥਾ ਦਿਨ ਅਸੀਂ ਸਾਹਿਤਕ ਥਾਵਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਸਾਂ। ਹੋਟਲ ਵਿੱਚੋਂ ਨਿਕਲਣ ਤੋਂ ਪਹਿਲਾਂ ਅਸੀਂ ਕੁਝ ਲਾਇਬ੍ਰੇਰੀਆਂ ਦੇਖਣ ਦੀ ਸੂਚੀ ਬਣਾਈ। ਜ਼ਿਆਦਾਤਰ ਲਾਇਬ੍ਰੇਰੀਆਂ ਦੇ ਨਾਮ ਮਹਾਤਮਾ ਗਾਂਧੀ ਦੇ ਨਾਮ ’ਤੇ ਹਨ। ਸਾਨੂੰ ਜਿਹੜੀਆਂ ਗੱਲਾਂ ਨੇ ਹੈਰਾਨ ਕੀਤਾ ਉਨ੍ਹਾਂ ਵਿੱਚੋਂ ਪਹਿਲੀ ਗੱਲ ਸੀ ਸਾਹਿਤ ਪ੍ਰਤੀ ਲੋਕਾਂ ਦੀ ਖਿੱਚ। ਕਿਉਂਕਿ ਕੈਨੇਡਾ-ਅਮਰੀਕਾ ਵਿੱਚ ਜਿਸ ਤਰ੍ਹਾਂ ਮੈਕਸਿਕੋ ਪ੍ਰਤੀ ਸਿਰਫ਼ ਨਸ਼ਾਖੋਰੀ ਤੇ ਜ਼ਹਾਲਤ ਭਰੇ ਪੱਛੜੇ ਲੋਕਾਂ ਵਾਲੀ ਧਾਰਨਾ ਬਣੀ ਹੋਈ ਹੈ, ਪ੍ਰੰਤੂ ਇੱਥੇ ਹਾਲਾਤ ਉਸ ਦੇ ਬਿਲਕੁਲ ਉਲਟ ਸੀ। ਦੂਜੀ ਹੈਰਾਨੀ ਹੋਈ ਮਹਾਤਮਾ ਗਾਂਧੀ ਦੇ ਨਾਮ ’ਤੇ ਲਾਇਬ੍ਰੇਰੀਆਂ ਦੀ ਬਹੁਤਾਤ। ਵਿਦੇਸ਼ ਅੰਦਰ ਮਹਾਤਮਾ ਗਾਂਧੀ ਦੇ ਨਾਮ ’ਤੇ ਲਾਇਬ੍ਰੇਰੀਆਂ ਹੋਣਾ ਬਿਲਕੁਲ ਨਵਾਂ ਅਨੁਭਵ ਸੀ।

ਸ਼ਹਿਰ ਦੀ ਸਭ ਤੋਂ ਮਸ਼ਹੂਰ ਲਾਇਬ੍ਰੇਰੀ ਪਹੁੰਚਣ ਤੋਂ ਪਹਿਲਾਂ ਅਸੀਂ ‘ਸਨ ਜੂੰਆਂ ਪਾਬਲੋ’ ਦੀ ਮਸ਼ਹੂਰ ਚਰਚ ਵਿੱਚ ਦਾਖਲ ਹੋਏ। ਚਰਚ ਦੇ ਆਲੇ-ਦੁਆਲੇ ਈਸਾਈ ਧਰਮ ਤੇ ਚਰਚ ਨਾਲ ਸਬੰਧਿਤ ਦੁਕਾਨਾਂ ਸਨ। ਹਾਲਾਂਕਿ ਪਿਰਾਮਿਡ ਦੇਖਣ ਤੇ ਲੱਗਦਾ ਸੀ ਕਿ ਮੈਕਸੀਕਨ ਲੋਕਾਂ ਲਈ ਕਿਸੇ ਵੇਲੇ ਪੂਜਣ ਲਈ ਜਾਂ ਧਰਮ ਦੇ ਨਾਮ ’ਤੇ ਸਿਰਫ਼ ਕੁਦਰਤੀ ਸਰੋਤ ਹੀ ਸਨ ਜਿਵੇਂ ਕਿ ਸੂਰਜ, ਪ੍ਰੰਤੂ ਸਪੇਨੀਆਂ ਨੇ ਨਾ ਸਿਰਫ਼ ਆਪਣੀ ਭਾਸ਼ਾ ਸਗੋਂ ਧਰਮ ਵੀ ਮੈਕਸੀਕਨ ਲੋਕਾਂ ’ਤੇ ਥੋਪਿਆ। ਇਹੀ ਕਾਰਨ ਹੈ ਕਿ ਮੈਕਸਿਕੋ ਵਿੱਚ ਚਰਚ ਕਾਫ਼ੀ ਵੱਡੀ ਗਿਣਤੀ ਵਿੱਚ ਹਨ। ਅਖੀਰ ਅਸੀਂ ਮਸ਼ਹੂਰ ਲਾਇਬ੍ਰੇਰੀ ‘ਕੈਫ-ਕਿਤਾਬ ਘਰ ਏਲ ਪੈਂਡੂਲੋ’ ਵਿੱਚ ਪਹੁੰਚੇ। ਇਸ ਲਾਇਬ੍ਰੇਰੀ ਵਿੱਚ ਬਹੁਤ ਕੁਝ ਖ਼ਾਸ ਸੀ। ਇੰਝ ਕਹਿ ਲਵੋ ਕਿਤਾਬਾਂ ਤੇ ਚਾਹ-ਕੌਫ਼ੀ ਦੇ ਸ਼ੌਕੀਨਾਂ ਲਈ ਤਾਂ ਜਿਵੇਂ ਸਵਰਗ ਹੋਵੇ। ਤਿੰਨ ਮੰਜ਼ਿਲਾਂ ਇਮਾਰਤ ਵਿੱਚ ਬਣੀ ਇਹ ਲਾਇਬ੍ਰੇਰੀ ਕਿਤਾਬਾਂ, ਕੌਫ਼ੀ ਤੇ ਖਾਣ-ਪੀਣ ਦਾ ਬਿਹਤਰੀਨ ਸੁਮੇਲ ਸੀ। ਅੰਦਰ ਜਾਂਦਿਆਂ ਉੱਚੀਆਂ ਕੰਧਾਂ ਤੇ ਕਿਤਾਬਾਂ ਦੀਆਂ ਸ਼ੈਲਫਾਂ ਵਿੱਚ ਪਿਆ ਸਪੈਨਿਸ਼-ਇੰਗਲਿਸ਼ ਸਾਹਿਤ। ਇੱਕ ਪਾਸੇ ਕੌਫ਼ੀ ਹਾਊਸ ਤੇ ਖਾਣੇ ਦੇ ਲੱਗੇ ਟੇਬਲ। ਖਾਣੇ ਦਾ ਪ੍ਰਬੰਧ ਹੋਣ ਦੇ ਬਾਵਜੂਦ ਪੜ੍ਹਨ ਨੂੰ ਤਰਜੀਹ ਦੇਣ ਵਾਲਾ ਮਾਹੌਲ ਸੀ। ਦੂਸਰੀ ਮੰਜ਼ਿਲ ਚੜ੍ਹਦਿਆਂ ਪੌੜੀਆਂ ਦੇ ਦੋਵੇਂ ਪਾਸੇ ਕਿਤਾਬਾਂ ਦੀਆਂ ਸ਼ੈਲਫਾਂ ਵਿੱਚ ਸਾਹਿਤਕ ਕਿਤਾਬਾਂ ਸਨ। ਇੰਝ ਪ੍ਰਤੀਤ ਹੋ ਰਿਹਾ ਸੀ ਕਿ ਪੌੜੀਆਂ ਚੜ੍ਹਨਾ ਵੀ ਤੁਹਾਨੂੰ ਕਿਤਾਬਾਂ ਤੋਂ ਦੂਰ ਨਹੀਂ ਜਾਣ ਦਿੰਦਾ। ਕਿਤਾਬਾਂ ਨਾਲ ਲੱਦੀਆਂ ਗਿਆਨ ਦੀਆਂ ਪੌੜੀਆਂ।

ਦੂਸਰੀ ਮੰਜ਼ਿਲ ਦੀ ਬਾਲਕੋਨੀ ਵਿੱਚ ਬਣੀਆਂ ਆਰਾਮਦਾਇਕ ਕੁਰਸੀਆਂ ਤੋਂ ਦਿਖ ਰਿਹਾ ਬਾਹਰ ਸੜਕ ਦਾ ਦ੍ਰਿਸ਼ ਤੇ ਗਮਲਿਆਂ ਦੀ ਹਰਿਆਲੀ ਪੜ੍ਹਨ ਦੇ ਮਾਹੌਲ ਨੂੰ ਹੋਰ ਵੀ ਖ਼ੁਸ਼ਨੁਮਾ ਬਣਾ ਰਿਹਾ ਸੀ। ਦੂਸਰੀ ਮੰਜ਼ਿਲ ਲਗਭਗ ਸਾਰੀ ਬਾਲ ਸਾਹਿਤ ਨਾਲ ਭਰਪੂਰ ਸੀ। ਤੀਸਰੀ ਮੰਜ਼ਿਲ ’ਤੇ ਸ਼ਰਾਬੀ ਸਾਹਿਤਕਾਰਾਂ ਲਈ ਬਾਰ ਬਣਿਆ ਹੋਇਆ ਸੀ ਤੇ ਛੱਤ ਤੇ ਰੰਗ-ਬਿਰੰਗੇ ਕੱਚ ਵਿੱਚੋਂ ਸੂਰਜ ਦਾ ਪ੍ਰਕਾਸ਼ ਆ ਰਿਹਾ ਸੀ। ਸ਼ਰਾਬਾਂ ਤੇ ਕਿਤਾਬਾਂ ਦਾ ਸੁਮੇਲ ਥੋੜਾ ਅਜੀਬ ਲੱਗਿਆ, ਪ੍ਰੰਤੂ ਮੈਕਸੀਕਨ ਲੋਕ ਇਸ ਸੁਮੇਲ ਨੂੰ ਹੋਰ ਤਰ੍ਹਾਂ ਮਾਣਦੇ ਹਨ। ਹਰ ਸੱਭਿਆਚਾਰ ਦੇ ਆਪਣ-ਆਪਣੇ ਰੰਗ-ਰਸ ਹਨ।

ਆਖਰੀ ਦਿਨ ਅਸੀਂ ਸ਼ਹਿਰ ਦੇ ਸਭ ਤੋਂ ਮਸ਼ਹੂਰ ਪਾਰਕ ‘ਚੈਪੁਲਟਪੈਕ’ ’ਚ ਬਣੇ ਚਿੜੀਆ ਘਰ, ਮਹਿਲ ਤੇ ਖ਼ੂਬਸੂਰਤ ਮੂਰਤੀਆਂ ਦੇਖਣ ਲਈ ਰਵਾਨਾ ਹੋਏ। ਸ਼ਾਮ ਨੂੰ ਕੈਨੇਡਾ ਦੀ ਵਾਪਸੀ ਹੋਣ ਕਰਕੇ ਅਸੀਂ ਸਮੇਂ ਦਾ ਖ਼ੂਬ ਲਾਹਾ ਲੈਣ ਲਈ ਆਪਣਾ ਸਾਮਾਨ ਹੋਟਲ ਵਿੱਚੋਂ ਚੁੱਕ ਕੇ ਸਵੇਰੇ-ਸਵੇਰੇ ਹੀ ਕਮਰਾ ਖਾਲੀ ਕਰ ਦਿੱਤਾ ਤਾਂ ਜੋ ਘੁੰਮਦੇ-ਘੁਮਾਉਂਦੇ ਹੀ ਏਅਰਪੋਰਟ ਪਹੁੰਚੀਏ। ਚੈਪੁਲਟਪੈਕ ਪਾਰਕ ਪਹੁੰਚ ਕੇ ਪਤਾ ਲੱਗਾ ਕਿ ਚਿੜੀਆ ਘਰ ਕੁਝ ਕਾਰਨਾਂ ਕਰਕੇ ਬੰਦ ਸੀ। ਪੈਲੇਸ ਦੇ ਖੁੱਲ੍ਹਣ ਵਿੱਚ ਸਮਾਂ ਹੋਣ ਕਰਕੇ ਅਸੀਂ ਪਾਰਕ ਵਿੱਚ ਘੁੰਮਣ ਚਲੇ ਗਏ। ਅਲੱਗ-ਅਲੱਗ ਤਰ੍ਹਾਂ ਦੇ ਰੁੱਖ ਤੇ ਕਲਾਕਾਰੀ ਦੇ ਉੱਤਮ ਨਮੂਨੇ ਮੂਰਤੀਆਂ ਦੀਆਂ ਬਾਰੀਕੀਆਂ ਦੇਖ ਕੇ ਦਿਲ ਨੂੰ ਡੋਬ ਪੈ ਰਹੇ ਸਨ ਕਿ ਸਾਡਾ ਮੈਕਸਿਕੋ ਵਿੱਚ ਆਖਰੀ ਦਿਨ ਸੀ। ਸਾਹਿਤ, ਕਲਾ, ਕੁਦਰਤ ਦੇ ਨਜ਼ਾਰਿਆਂ ਭਰੇ ਅਸਮਾਨ ’ਚ ਉੱਡਦਿਆਂ ਸ਼ਿਫਟਾਂ ਦੀ ਘੁੰਮਣਘੇਰੀ ਵਿੱਚ ਫਸਣ ਨੂੰ ਭਲਾਂ ਕਿਸਦਾ ਦਿਲ ਕਰਦਾ ਹੈ?

ਕੁਝ ਸਮਾਂ ਬਿਤਾਉਣ ਤੋਂ ਬਾਅਦ ਅਸੀਂ ਮਹਿਲ ਦੇਖਣ ਲਈ ਟਿਕਟਾਂ ਖ਼ਰੀਦੀਆਂ ਤੇ ਕਾਫ਼ੀ ਲੰਮਾ ਪੈਂਡਾ ਤੁਰਨ ਤੋਂ ਬਾਅਦ ਮਹਿਲ ਵਿੱਚ ਦਾਖਲ ਹੋਏ। ਕਿਸੇ ਵੇਲੇ ਸਪੇਨੀਆਂ ਦੇ ਐਸ਼ੋ-ਆਰਾਮ ਲਈ ਵਰਤਿਆ ਜਾਂਦਾ ਇਹ ਮਹਿਲ ਅੱਜ-ਕੱਲ੍ਹ ਮਿਊਜ਼ੀਅਮ ਵਿੱਚ ਬਦਲ ਦਿੱਤਾ ਗਿਆ ਹੈ। ਐਸ਼ਪ੍ਰਸਤੀ ਤੇ ਹਰ ਆਮ ਵਰਤੋਂ ਵਾਲੀ ਚੀਜ਼ ਨੂੰ ਖ਼ਾਸ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ। ਉਦਾਹਰਨ ਵਜੋਂ ਜੇ ਲੋਕ ਪੀਣ ਵਾਲੇ ਪਾਣੀ ਲਈ ਮੁਥਾਜ ਸਨ ਤਾਂ ਮਹਿਲ ਵਿੱਚ ਬੇਸ਼ਕੀਮਤੀ ਬਰਤਨਾਂ ਦੀ ਭਰਮਾਰ ਸੀ। ਮਹਿੰਗਾ ਫਰਨੀਚਰ ਤੇ ਪਖਾਨੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਇਹ ਦਰਸਾਅ ਰਹੀ ਸੀ ਕਿ ਸਪੇਨੀਆਂ ਨੇ ਹਰ ਸੁੱਖ-ਸਹੂਲਤ ਦਾ ਆਨੰਦ ਮੈਕਸਿਕੋ ਦੀ ਲੁੱਟ ਦੇ ਆਸਰੇ ਲਿਆ ਸੀ।

ਇਹ ਮਹਿਲ ਮੈਕਸਿਕੋ ਦੀ ਇੱਕ ਪਹਾੜੀ ਉੱਪਰ ਬਣਿਆ ਹੋਣ ਕਰਕੇ ਇਸ ਦੇ ਚਾਰ-ਚੁਫੇਰੇ ਸ਼ਹਿਰ ਦਾ ਨਜ਼ਾਰਾ ਕਾਫ਼ੀ ਖ਼ੂਬਸੂਰਤ ਸੀ। ਮੈਕਸਿਕੋ ਵਿੱਚ ਆਖ਼ਰੀ ਦਿਨ ਦਾ ਭਰਪੂਰ ਆਨੰਦ ਲੈਣ ’ਤੇ ਖ਼ੁਸ਼ੀ ਹੋ ਰਹੀ ਸੀ। ਮਹਿਲ ਵਿੱਚੋਂ ਬਾਹਰ ਆ ਕੇ ਅਸੀਂ ਏਅਰਪੋਰਟ ਲਈ ਰਵਾਨਾ ਹੋਏ। ਕੈਨੇਡਾ ਪਹੁੰਚਣ ਤੋਂ ਬਾਅਦ ਕਈ ਦਿਨਾਂ ਤੱਕ ਦਿਲ ਵਿੱਚੋਂ ਇਹੀ ਆਵਾਜ਼ ਆਉਂਦੀ ਰਹੀ ‘ਆਜਾ ਮੈਕਸਿਕੋ ਚੱਲੀਏ!’

ਸੰਪਰਕ: 1 514-576-4373

Advertisement