ਕੈਨੇਡਾ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੋ ਕਲਾਕਾਰਾਂ ਨਾਲ ਰੂਬਰੂ
ਵਿਸ਼ਵ ਪੰਜਾਬੀ ਸਾਹਿਤ ਸਭਾ ਵਲੋਂ ਸਥਾਨਕ ਪੰਜਾਬੀ ਭਵਨ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਦੋ ਕਲਾਕਾਰਾਂ ਦੇ ਰੂਬਰੂ ਪ੍ਰੋਗਰਾਮ ਕਰਵਾਏ ਗਏ ਜਿਨ੍ਹਾਂ ਵਿਚ ਭਾਰਤੀ ਪੰਜਾਬ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਮੱਖਣ ਕੋਹਾੜ ਅਤੇ ਸ਼ੇਖੂਪੁਰਾ ਪਾਕਿਸਤਾਨ ਤੋਂ ਹੁਸਨੈਨ ਸਈਅਦ ਸ਼ਾਮਲ ਸੀ।
ਮੱਖਣ ਕੋਹਾੜ ਨੇ ਆਪਣੀ ਕਵਿਤਾ ਅਤੇ ਜ਼ਿੰਦਗੀ ਦੇ ਸਫਰ ਦੀ ਗੱਲ ਕਰਦਿਆਂ ਕਿਹਾ ਕਿ ਉਨਾਂ ਦੀ ਕਵਿਤਾ ਲੋਕਪੱਖੀ ਹੈ। ਕੋਹਾੜ ਨੇ ਕਿਹਾ ਕਿ ਉਹ ਕਲਮ ਨਾਲ ਭਾਰਤ ਦੇ ਵਰਤਮਾਨ ਸਿਸਟਮ ਨੂੰ ਬਦਲਣ ਲਈ ਲੜ ਰਿਹਾ ਹੈ ਜਿਸ ਸਮਾਜ ਵਿਚ ਜਾਤ-ਪਾਤ ਅਤੇ ਉੱਚ ਨੀਚ ਦੀ ਵੰਡ ਪਈ ਹੋਈ ਅਮੀਰ ਸ਼੍ਰੇਣੀ ਗਰੀਬ ਜਨਤਾ ਦਾ ਖੂਨ ਪੀ ਰਹੀ ਹੈ। ਭਾਰਤ ਅੰਦਰ ਫਾਸੀਵਾਦ ਦਾ ਖ਼ਤਰਾ ਦਿਨੋ-ਦਿਨ ਵੱਧ ਰਿਹਾ ਹੈ। ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਇਆ ਜਾ ਰਿਹਾ ਹੈ ਤੇ ਭ੍ਰਿਸ਼ਟਾਚਾਰ ਦਾ ਜ਼ੋਰ ਵੱਧ ਰਿਹਾ ਹੈ।
ਕੋਹਾੜ ਨੇ ਮੰਚ ਤੋਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਜਿਨ੍ਹਾਂ ਵਿੱਚ ਜਨਤਾ ਦੇ ਦੁੱਖਾਂ ਦਰਦਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ। ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵੀਂ ਦਾਦ ਮਿਲੀ। ਮੱਖਣ ਕੋਹਾੜ ਦੇ ਹੁਣ ਤੱਕ ਕਾਵਿ ਸੰਗ੍ਰਹਿ ‘ਬਲਦੇ ਰਾਹਾਂ ਦਾ ਸਫ਼ਰ’, ‘ਕਿਰਨਾ ਦੇ ਨਕਸ਼’ ‘ਕੇਸਕੀ ਦੇ ਫੁੱਲ’, ਕਹਾਣੀ ਸੰਗ੍ਰਹਿ ‘ਕੱਚੀਆਂ ਤੰਦਾਂ’ ਛਪ ਚੁੱਕੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਪੁਸਤਕ ‘ਆਪਣਾ ਮੂਲ ਪਛਾਣ’ ਛਪੀ ਹੈ ਜਿਸ ਨੂੰ ਇਸ ਮੌਕੇ ਲੋਕ ਅਰਪਣ ਵੀ ਕੀਤਾ ਗਿਆ।
ਇਸ ਦੇ ਨਾਲ ਹੀ ਪਾਕਿਸਤਾਨੀ ਗਾਇਕ ਹੁਸਨੈਨ ਸਈਅਦ ਨੇ ਰੂਬਰੂ ਦੌਰਾਨ ਕਿਹਾ ਕਿ ਉਸ ਨੇ ਰਵਾਇਤੀ ਗਾਇਕੀ ਵਿੱਚ ਹੀਰ ਸੱਸੀ ਮਿਰਜ਼ਾ ਟੱਪੇ ਮਾਹੀਆ ਆਦਿ ਨੂੰ ਗਾਇਆ ਅਤੇ ਪਾਕਿ ਗਾਇਕੀ ਵਿੱਚ ਚੰਗਾ ਨਾਮਣਾ ਖੱਟਿਆ। ਰਵਾਇਤੀ ਗਾਇਕੀ ਦੋਵੇਂ ਪੰਜਾਬਾਂ ਦੀ ਸਾਂਝੀ ਰਹਿਤਲ ਹੈ ਤੇ ਕਲਾਕਾਰ ਦੋਵੇਂ ਪੰਜਾਬਾਂ ਦੇ ਸਾਂਝੇ ਹਨ। ਉਨ੍ਹਾਂ ਦੱਸਿਆ ਕਿ ਗਾਇਕੀ ਨੂੰ ਬਚਪਨ ਵਿੱਚ ਸ਼ੌਂਕੀਆਂ ਸ਼ੁਰੂ ਕੀਤਾ ਜੋ ਬਾਅਦ ਵਿੱਚ ਰੁਜ਼ਗਾਰ ਬਣ ਗਈ।
ਇਸੇ ਮੰਚ ਤੋਂ ਉਨ੍ਹਾਂ ਨੂੰ ਨੌਰਥ ਅਮਰੀਕਾ ਯੂਨੀਵਰਸਿਟੀ ਦੀ ਵੀਸੀ ਡਾ. ਸ਼ਰੀਨਾ ਨੇ ਪੀਐੱਚ. ਡੀ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਸਮਾਗਮ ਨੂੰ ਮੰਚ ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਬਾਖੂਬੀ ਢੰਗ ਨਾਲ ਪੇਸ਼ ਕੀਤਾ।
ਇਸ ਮੌਕੇ ਕੈਸਰ ਇਕਬਾਲ, ਡਾ. ਰਮੀਦੀ, ਕਵਿੱਤਰੀ ਤਾਹਿਰਾ ਸਰਾਅ, ਦਲਬੀਰ ਸਿੰਘ ਕਥੂਰੀਆ, ਡਾ. ਦਰਸ਼ਨਦੀਪ, ਸਰਬਜੀਤ ਕੌਰ ਕਾਹਲੋਂ, ਨਾਹਰ ਸਿੰਘ ਔਜਲਾ, ਬਲਜਿੰਦਰ ਲੇਲਨਾ, ਸੁਰਜੀਤ ਕੌਰ, ਸਤੀਸ਼ ਗੁਲਾਟੀ, ਹੀਰਾ ਹੰਸਪਾਲ, ਬਲਵੀਰ ਕੌਰ ਰਾਏਕੋਟੀ, ਪਰਮਜੀਤ ਵਿਰਦੀ, ਟਹਿਲ ਬਰਾੜ, ਸਰਬਜੀਤ ਕੌਰ ਕੋਹਲੀ ਆਦਿ ਨੇ ਦੋਵਾਂ ਲੇਖਕ ਕਲਾਕਾਰਾਂ ਬਾਰੇ ਆਪਣੇ ਵਿਚਾਰ ਰੱਖੇ। ਵਿਸ਼ਵ ਸਭਾ ਦੇ ਚੇਅਰਮੈਨ ਡਾ. ਦਲਵੀਰ ਕਥੂਰੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।