ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰ ਕ੍ਰਿਤਾਂ ਦਾ ਸਿਰਜਕ ਲਿਓਨਾਰਡੋ ਦਾ ਵਿੰਚੀ

ਸੰਧਰ ਵਿਸਾਖਾ ਲਿਓਨਾਰਡੋ ਦਾ ਵਿੰਚੀ ਦੁਨੀਆ ਦੀ ਉਹ ਮਹਾਨ ਸ਼ਖ਼ਸੀਅਤ ਹੈ ਜਿਸ ਬਾਰੇ ਕੋਈ ਸਹੀ ਅਨੁਮਾਨ ਹੀ ਨਹੀਂ ਲਗਾਇਆ ਜਾ ਸਕਿਆ ਕਿ ਉਸ ਦੀ ਪਕੜ ਕਿੰਨਿਆਂ ਵਿਸ਼ਿਆਂ ’ਤੇ ਸੀ। ਵਿੰਚੀ ਬਹੁਤ ਸਾਰੇ ਵਿਸ਼ਿਆਂ ਵਿੱਚ ਨਿਪੁੰਨ ਸੀ। ਉਹ ਗਣਿਤ-ਸ਼ਾਸਤਰੀ, ਲੇਖਕ, ਇੰਜੀਨੀਅਰਿੰਗ,...
Advertisement

ਸੰਧਰ ਵਿਸਾਖਾ

ਲਿਓਨਾਰਡੋ ਦਾ ਵਿੰਚੀ ਦੁਨੀਆ ਦੀ ਉਹ ਮਹਾਨ ਸ਼ਖ਼ਸੀਅਤ ਹੈ ਜਿਸ ਬਾਰੇ ਕੋਈ ਸਹੀ ਅਨੁਮਾਨ ਹੀ ਨਹੀਂ ਲਗਾਇਆ ਜਾ ਸਕਿਆ ਕਿ ਉਸ ਦੀ ਪਕੜ ਕਿੰਨਿਆਂ ਵਿਸ਼ਿਆਂ ’ਤੇ ਸੀ। ਵਿੰਚੀ ਬਹੁਤ ਸਾਰੇ ਵਿਸ਼ਿਆਂ ਵਿੱਚ ਨਿਪੁੰਨ ਸੀ। ਉਹ ਗਣਿਤ-ਸ਼ਾਸਤਰੀ, ਲੇਖਕ, ਇੰਜੀਨੀਅਰਿੰਗ, ਹੇਅਰਮੋਨਿਸਟ, ਵਿਗਿਆਨੀ, ਚਿੱਤਰਕਾਰ, ਆਰਕੀਟੈਕਟ ਆਦਿ ਦਾ ਬਹੁਤ ਜ਼ਿਆਦਾ ਡੂੰਘਾ ਗਿਆਨ ਰੱਖਦਾ ਸੀ। ਕਹਿੰਦੇ ਹਨ ਕਿ ਵਿੰਚੀ ਦੋਵੇਂ ਹੱਥਾਂ ਨਾਲ ਇੱਕੋ ਸਮੇਂ ਵੱਖ ਵੱਖ ਕਾਗਜ਼ਾਂ ’ਤੇ ਲਿਖ ਸਕਦਾ ਸੀ। ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਮਿਰਰ ਲਿਖਣਾ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਮਿਰਰ ਲਿਖਣ ਤੋਂ ਭਾਵ ਉਲਟਾ ਲਿਖਣਾ ਜੋ ਸਿਰਫ ਸ਼ੀਸ਼ੇ ਵਿੱਚ ਵੇਖ ਕੇ ਪੜ੍ਹਿਆ ਜਾ ਸਕੇ। ਵਿੰਚੀ ਦੁਨੀਆ ਦਾ ਉਹ ਚਿੱਤਰਕਾਰ ਹੋ ਨਿੱਬੜਿਆ ਜੋ ਆਪਣੀਆਂ ਬਣਾਈਆਂ ਕਲਾਕ੍ਰਿਤਾਂ ਵਿੱਚ ਮੁਰਦਿਆਂ ਨੂੰ ਵੀ ਬੋਲਣ ਲਾ ਦਿੰਦਾ ਸੀ। ਉਸ ਦੇ ਹੱਥੀਂ ਬਣਾਈਆਂ ਗਈਆਂ ਬਹੁਤ ਸਾਰੀਆਂ ਪੇਂਟਿੰਗਾਂ ਸਾਂਭੀਆਂ ਹੀ ਨਹੀਂ ਗਈਆਂ, ਪਰ ਇਸ ਸਭ ਦੇ ਬਾਵਜੂਦ ਦੋ ਤਸਵੀਰਾਂ ਅੱਜ ਵੀ ਆਪਣੀ ਵਿਸ਼ਾਲ ਅਹਿਮੀਅਤ ਰੱਖਦੀਆਂ ਹਨ। ਇਹ ਦੋਵੇਂ ਪੇਂਟਿੰਗਾਂ ਸੰਸਾਰ ਪ੍ਰਸਿੱਧ ਤੇ ਬੇਸ਼ਕੀਮਤੀ ਹਨ। ਪਹਿਲੀ ਪੇਂਟਿੰਗ ਹੈ ‘ਦਿ ਲਾਸਟ ਸਪਰ’ ਅਤੇ ਦੂਜੀ ਹੈ ‘ਮੋਨਾ ਲੀਸਾ’।

Advertisement

ਅੱਜ ਦੀਆਂ ਸਾਇੰਸ ਦੀਆਂ ਕਾਢਾਂ ਨੂੰ ਵਿੰਚੀ ਨੇ 300 ਸਾਲ ਪਹਿਲਾਂ ਹੀ ਆਪਣੀ ਕਿਤਾਬ ਵਿੱਚ ਲਿਖ ਦਿੱਤਾ ਸੀ ਜੋ ਕਿ 1994 ਵਿੱਚ ਮਾਈਕਰੋਸੌਫਟ ਦੇ ਮਾਲਕ ਨੇ 30 ਮਿਲੀਅਨ ਡਾਲਰ ਲਗਭਗ ਢਾਈ ਸੋ ਕਰੋੜ ਰੁਪਏ ਵਿੱਚ ਖ਼ਰੀਦ ਲਈ ਸੀ। ਇਸ ਕਿਤਾਬ ਵਿੱਚ ਵੀ ਵਿੰਚੀ ਨੇ ਮਿਰਰ ਲਿਖਣ ਦੀ ਕਲਾ ਵਰਤੀ ਹੈ। ਕਹਿਣ ਤੋਂ ਭਾਵ ਹੈ ਕਿ ਇਸ ਕਿਤਾਬ ਨੂੰ ਸਿਰਫ਼ ਸ਼ੀਸ਼ੇ ਵਿੱਚ ਵੇਖ ਕੇ ਹੀ ਪੜ੍ਹਿਆ ਜਾ ਸਕਦਾ ਹੈ। ਇਸ ਕਿਤਾਬ ਵਿੱਚ ਉਸ ਨੇ ਟੈਂਕ, ਤੋਪ, ਹੈਲੀਕਾਪਟਰ, ਪੈਰਾਸ਼ੂਟ ਆਦਿ ਸਾਇੰਸ ਦੀਆਂ ਕਾਢਾਂ ਬਾਰੇ ਵਿਸਥਾਰਪੂਰਵਕ ਲਿਖ ਦਿੱਤਾ ਸੀ। ‘ਦਿ ਲਾਸਟ ਸਪਰ’ ਜੋ ਵਿੰਚੀ ਨੇ 1494 ਤੋਂ 1498 ਵਿੱਚ ਪੂਰੀ ਕੀਤੀ। ਇਸ ਵਿੱਚ ਯਿਸ਼ੂ ਮਸੀਹ ਆਪਣੇ ਉਪਾਸ਼ਕਾਂ ਨਾਲ ਖਾਣਾ ਖਾਂਦੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਅਜਿਹਾ ਸੀ ਕਿ ਉਹ ਕਹਿ ਰਹੇ ਹੋਣ ਕਿ ਤੁਹਾਡੇ ਵਿੱਚੋਂ ਹੀ ਕੋਈ ਇੱਕ ਮੈਨੂੰ ਧੋਖਾ ਦੇਵੇਗਾ। ਵਿੰਚੀ ਦਾ ਕਿਹਾ ਹੋਇਆ ਇਹ ਸੱਚ ਸਾਬਤ ਹੋਇਆ।

ਲਿਓਨਾਰਡੋ ਦਾ ਵਿੰਚੀ ਦੀ ਸ਼ਾਹਕਾਰ ਕ੍ਰਿਤ ਦਿ ਲਾਸਟ ਸਪਰ

ਵਿੰਚੀ ਦੀ ਦੂਸਰੀ ਪ੍ਰਸਿੱਧ ਕਲਾਕ੍ਰਿਤ ਹੈ ਮੋਨਾ ਲੀਸਾ ਨਾਮਕ ਪੇਂਟਿੰਗ। ਇਹ ਪੇਂਟਿੰਗ ਆਕਾਰ ਵਿੱਚ 77x53 ਸੈਂਟੀਮੀਟਰ ਹੈ ਜੋ ਕਿ ਫਰਾਂਸ ਦੇ ਮਸ਼ਹੂਰ ਲੂਵਰ (Loovre) ਅਜਾਇਬ ਘਰ ਵਿੱਚ ਲਗਾਈ ਗਈ ਹੈ। ਮੋਨਾ ਲੀਸਾ ਦੀ ਇਹ ਪੇਂਟਿੰਗ ਦਰਸ਼ਕਾਂ ਅਤੇ ਵਿਦਵਾਨਾਂ ਲਈ ਬ੍ਰਹਿਮੰਡ ਦੀ ਤਰ੍ਹਾਂ ਅਭੇਦ ਹੈ, ਜਿਸ ਦਾ ਭੇਤ ਪਾਉਣਾ ਅਸੰਭਵ ਹੈ। ਮੈਨੂੰ ਜਿੰਨੀ ਵਾਰ ਵੀ ਲੂਵਰ ਅਜਾਇਬ ਘਰ ਫਰਾਂਸ ਜਾਣ ਦਾ ਮੌਕਾ ਮਿਲਿਆ ਹੈ, ਮੈਂ ਹਰ ਵਾਰ ਮੋਨਾ ਲੀਸਾ ਦੀ ਪੇਂਟਿੰਗ ਨੂੰ ਵੱਖ ਵੱਖ ਕੋਣਾਂ ਤੋਂ ਤੱਕਿਆ ਤੇ ਹਰ ਵਾਰ ਮੇਰੇ ਮੂੰਹੋਂ ‘ਵਾਹ’ ਨਿਕਲਿਆ। ਇਸ ਪੇਂਟਿੰਗ ਦੀ ਕੀਮਤ ਅੱਜ ਲਗਭਗ 22 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਵਿੰਚੀ ਨੇ ਇਹ ਪੇਂਟਿੰਗ 1503 ਤੋਂ 1506 ਦੇ ਸਮੇਂ ਦੌਰਾਨ ਫਲੋਰੈਂਸ ਸ਼ਹਿਰ ਵਿੱਚ ਰਹਿ ਕੇ ਬਣਾਈ ਸੀ। ਫਲੋਰੈਂਸ, ਇਟਲੀ ਦਾ ਇੱਕ ਘੁੱਗ ਵੱਸਦਾ ਸ਼ਹਿਰ ਹੈ। ਉਸ ਨੇ ਮੋਨਾ ਲੀਸਾ ਦਾ ਮੁਜੱਸਮਾ ਜਾਂ ਕਹਿ ਲਵੋ ਤਲਿੱਸਮ ਇਸ ਤਰ੍ਹਾਂ ਆਪਣੇ ਕੈਨਵਸ ’ਤੇ ਉਤਾਰਿਆ ਕਿ ਉਹ ਆਪ ਤਾਂ ਸਦਾ ਲਈ ਅਮਰ ਹੋ ਹੀ ਗਿਆ ਨਾਲ ਹੀ ਮੋਨਾਲੀਜ਼ਾ ਨੂੰ ਵੀ ਅਮਰ ਕਰ ਗਿਆ।

ਲਿਓਨਾਰਡੋ ਦਾ ਵਿੰਚੀ ਦੀ ਅਮਰ ਕ੍ਰਿਤ ਮੋਨਾ ਲੀਸਾ

ਬਹੁਤ ਸਾਰੇ ਇਤਿਹਾਸਕਾਰਾਂ ਦਾ ਮੱਤ ਹੈ ਕਿ ਵਿੰਚੀ ਨੇ ਇਹ ਪੇਂਟਿੰਗ ਅਸਲ ਵਿੱਚ ਇਟਲੀ ਦੇ ਧਨਾਢ ਵਪਾਰੀ ਫਰਾਸਿਸਕੋ ਡੇਲ ਜੀਓ ਕੋਨਡੋ ਦੀ ਪਤਨੀ ਮੋਨਾ ਲੀਸਾ ਡੇਲ ਜੀਓ ਕੋਨਡੋ ਦੀ ਹੀ ਬਣਾਈ ਸੀ। ਮੋਨਾ ਲੀਸਾ ਦੀ ਮੁਸਕਾਨ ਕਈ ਖੋਜਾਂ ਦਾ ਆਗਾਜ਼ ਕਰ ਰਹੀ ਹੈ, ਉਸ ਦੀ ਚੁੱਪ ਵੀ ਬਹੁਤ ਕੁਝ ਕਹਿ ਰਹੀ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਵਿੰਚੀ ਦੀ ਰੂਹ ਹਰ ਵਕਤ ਮੋਨਾ ਲੀਸਾ ਦੇ ਇਰਦ ਗਿਰਦ ਹੀ ਘੁੰਮ ਰਹੀ ਹੈ। ਉਸ ਨੇ ਮਨੁੱਖੀ ਸਰੀਰ ’ਤੇ ਵੀ ਬਹੁਤ ਅਧਿਐਨ ਕੀਤਾ। ਉਸ ਨੇ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਆਪਣੀਆਂ ਕ੍ਰਿਤਾਂ ਵਿੱਚ ਬਹੁਤ ਕੁਝ ਅਜਿਹਾ ਦਰਸਾਇਆ ਜੋ ਉਸ ਤੋਂ ਪਹਿਲਾਂ ਕਿਸੇ ਹੋਰ ਨੇ ਨਹੀਂ ਕੀਤਾ ਸੀ।

ਕਹਿੰਦੇ ਨੇ ਕੁਦਰਤ ਆਪਣਾ ਭੇਤ ਸਦਾ ਹੀ ਆਪਣੇ ਕੋਲ ਰੱਖਦੀ ਹੈ। ਕਹਿੰਦੇ ਨੇ ਵਿੰਚੀ ਅਤੇ ਉਸ ਦਾ ਸਮਕਾਲੀ ਦਾਰਸ਼ਨਿਕ ਨਿਕੋਲੋ ਮਾਚੀਆਕੇਲੀ

(Nicolo Machiakelli) ਦੋਵਾਂ ਨੇ ਇਟਲੀ ਦੇ ਸ਼ਹਿਰ ਫਲੋਰੈਂਸ ਵਿੱਚ ਵਗਦੀ ਅਰਨੋ ਨਾਮਕ ਨਦੀ ਦਾ ਬਹਾਅ ਬਦਲਣ ਦੀ ਵੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਵਿੰਚੀ ਦੀ ਬਣਾਈ ਪਹਿਲੀ ਪੇਂਟਿੰਗ ਵੀ ਅਰਨੋ ਨਦੀ ਦੀ ਹੀ ਹੈ ਜੋ ਉਸ ਨੇ 1473 ਵਿੱਚ ਬਣਾਈ ਸੀ। ਉਹ ਕਦੇ ਵੀ ਸਕੂਲ ਨਹੀਂ ਸੀ ਗਿਆ। ਉਸ ਨੇ ਪੜ੍ਹਨਾ ਲਿਖਣਾ ਸਭ ਆਪਣੀ ਘਾਲਣਾ ਘਾਲ ਕੇ ਸਿੱਖਿਆ ਸੀ। ਉਸ ਦੀ ਤੇਜ਼ ਤਰਾਰ ਸੋਚ ਤੇ ਚਾਲ ਨੂੰ ਵੇਖ ਕੇ ਉਸ ਦੇ ਪਿਤਾ ਨੇ ਉਸ ਨੂੰ ਪ੍ਰਸਿੱਧ ਮੂਰਤੀਕਾਰ ਅਤੇ ਚਿੱਤਰਕਾਰ ਐਂਡਰਲੋ ਡੇਲ ਵੇਰੋਚਿਓ ਕੋਲ ਭੇਜਿਆ। ਉਹ ਹੀ ਵਿੰਚੀ ਦਾ ਗੁਰੂ ਸੀ। ਵਿੰਚੀ ਹੀ ਉਹ ਪਹਿਲਾ ਇਨਸਾਨ ਸੀ ਜਿਸ ਨੇ ਦੱਸਿਆ ਕਿ ਆਕਾਸ਼ ਨੀਲਾ ਕਿਉਂ ਹੁੰਦਾ ਹੈ? ਉਸ ਨੇ ਦੱਸਿਆ ਕਿ ਹਵਾ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਨੂੰ ਬਿਖੇਰ ਦਿੰਦੀ ਹੈ। ਦੂਜੇ ਰੰਗਾ ਨਾਲੋਂ ਨੀਲਾ ਰੰਗ ਜ਼ਿਆਦਾ ਫੈਲਦਾ ਹੈ, ਇਸ ਕਰਕੇ ਨੀਲਾ ਰੰਗ ਸਾਨੂੰ ਜ਼ਿਆਦਾ ਵਿਖਾਈ ਦਿੰਦਾ ਹੈ।

1516 ਈਸਵੀ ਵਿੱਚ ਫਰਾਂਸ ਦੇ ਰਾਜੇ ਦੇ ਸੱਦਣ ’ਤੇ ਵਿੰਚੀ ਇਟਲੀ ਨੂੰ ਸਦਾ ਲਈ ਛੱਡ ਗਿਆ ਸੀ। ਉਹ ਆਪਣੀਆਂ ਸਾਰੀਆਂ ਕਲਾਕ੍ਰਿਤਾਂ ਆਪਣੇ ਨਾਲ ਹੀ ਫਰਾਂਸ ਨੂੰ ਲੈ ਗਿਆ ਸੀ। ਕਹਿੰਦੇ ਹਨ ਕਿ ਉਸ ਦੀ ਜ਼ਿੰਦਗੀ ਦੇ ਆਖ਼ਰੀ ਦਿਨ ਉਸ ਲਈ ਬਹੁਤ ਦਰਦ ਭਰੇ ਸਾਬਤ ਹੋਏ। ਉਸ ਦਾ ਦੋਸਤ ਮਿਲਜੀ ਸਦਾ ਹੀ ਉਸ ਦੇ ਨਾਲ ਰਿਹਾ। ਆਪਣੇ ਆਖ਼ਰੀ ਸਾਹਾਂ ਵਿੱਚ ਵਿੰਚੀ ਨੇ ਆਪਣੀ ਸਾਰੀ ਧੰਨ ਦੌਲਤ ਆਪਣੇ ਦੋਸਤ ਮਿਲਜੀ ਨੂੰ ਹੀ ਸੌਂਪ ਦਿੱਤੀ ਸੀ। 1519 ਈਸਵੀ ਨੂੰ ਉਹ ਸਦਾ ਲਈ ਇਸ ਜਹਾਨ ਤੋਂ ਸਰੀਰਕ ਰੂਪ ’ਚ ਲੋਪ ਹੋ ਗਿਆ। ਦੁਨੀਆ ਤੋਂ ਜਾਣ ਲੱਗੇ ਪਤਾ ਨਹੀਂ ਵਿੰਚੀ ਹੋਰ ਕਿੰਨੇ ਭੇਤ ਅਤੇ ਕਿੰਨੀਆਂ ਖੋਜਾਂ ਆਪਣੇ ਨਾਲ ਹੀ ਲੈ ਗਿਆ। ਲਿਓਨਾਰਡੋ ਦਾ ਵਿੰਚੀ ਨੂੰ ਫਰਾਂਸ ਦੀ ਸੇਂਟ-ਫਲੋਰੈਂਟਿਨ ਚਰਚ ਵਿੱਚ ਦਫ਼ਨਾਇਆ ਗਿਆ। 1800 ਈਸਵੀ ਵਿੱਚ ਫਰਾਂਸ ਦੀ ਕ੍ਰਾਂਤੀ ਦੌਰਾਨ ਇਹ ਚਰਚ ਢਹਿ ਢੇਰੀ ਕਰ ਦਿੱਤੀ ਗਈ ਸੀ। ਇਸ ਚਰਚ ਦੇ ਨਾਲ ਹੀ ਵਿੰਚੀ ਦੀ ਕਬਰ ਵੀ ਮਲੀਆਮੇਟ ਕਰ ਦਿੱਤੀ ਗਈ। ਵਿੰਚੀ ਹਮੇਸ਼ਾਂ ਕਲਾ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦਾ ਰਹੇਗਾ।

ਸੰਪਰਕ: 1 (647) 234-7466

Advertisement