ਜਸਵੰਤ ਸਿੰਘ ਖਾਲੜਾ ਦਿਹਾੜਾ ਐਲਾਨਿਆ
ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੇਂ ਸ਼ਹੀਦੀ ਦਿਹਾੜੇ ’ਤੇ ਬੀਸੀ, ਕੈਨੇਡਾ ਸਰਕਾਰ ਵੱਲੋਂ ਵਿਕਟੋਰੀਆ, ਬੀਸੀ ਲੈਜਿਸਲੇਸ਼ਨ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ। ਬੀਸੀ ਸਰਕਾਰ ਵੱਲੋਂ ਲੈਫਟੀਨੈਂਟ ਗਵਰਨਰ ਅਤੇ ਅਟਾਰਨੀ ਜਰਨਲ ਤੇ ਡਿਪਟੀ ਪ੍ਰੀਮੀਅਰ ਦੇ ਦਫ਼ਤਰ ਵੱਲੋਂ ਜਾਰੀ ਐਲਾਨਨਾਮੇ ਵਿੱਚ 6 ਸਤੰਬਰ, 2025 ਦਾ ਦਿਨ ਬੀਸੀ ਕੈਨੇਡਾ ਵਿੱਚ ‘ਜਸਵੰਤ ਸਿੰਘ ਖਾਲੜਾ ਦਿਹਾੜਾ’ ਐਲਾਨਿਆ ਗਿਆ ਹੈ।
ਬੀਸੀ ਸਰਕਾਰ ਵੱਲੋਂ ਸ਼ਹੀਦ ਖਾਲੜਾ ਨੂੰ ਯਾਦ ਕਰਦਿਆਂ ਐਲਾਨਨਾਮਾ ਸ਼ਲਾਘਾਯੋਗ ਕਦਮ ਹੈ। ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਜਥੇਬੰਦੀਆਂ ਅਤੇ ਸਿੱਖ ਭਾਈਚਾਰਾ ਵਿਸ਼ੇਸ਼ ਤੌਰ ’ਤੇ ਇਸ ਦਾ ਸਵਾਗਤ ਕਰਦਾ ਹੈ। ਜ਼ਿਕਰਯੋਗ ਹੈ ਕਿ 30 ਸਾਲ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦੇ ਹੱਕ ਅਤੇ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਬਣਾਉਣ ਮਗਰੋਂ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਕੌਮਾਂਤਰੀ ਪੱਧਰ ’ਤੇ ਆਵਾਜ਼ ਉਠਾਉਣ ਕਰਕੇ, ਪੰਜਾਬ ਪੁਲੀਸ ਵੱਲੋਂ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਬੀਸੀ ਸਰਕਾਰ ਵੱਲੋਂ ਸ. ਜਸਵੰਤ ਸਿੰਘ ਖਾਲੜਾ ਯਾਦਗਾਰੀ ਦਿਹਾੜੇ ’ਤੇ ਐਲਾਨਨਾਮੇ ਵਿੱਚ ਲਿਖਿਆ ਗਿਆ ਹੈ ਕਿ ਇੱਥੋਂ ਦੀ ਸਰਕਾਰ ਮਨੁੱਖੀ ਅਧਿਕਾਰਾਂ ਦੀ ਤਰਜ਼ਮਾਨੀ ਕਰਦੀ ਹੈ ਅਤੇ ਸਿੱਖਾਂ ਦੇ ਵਿਸ਼ੇਸ਼ ਯੋਗਦਾਨ ਦੀ ਕਦਰ ਕਰਦੀ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਤਿਕਾਰਤ ਸ਼ਖ਼ਸੀਅਤ ਸਨ, ਜਿਸ ਕਰਕੇ 6 ਸਤੰਬਰ, 2025 ਦਾ ਦਿਨ ਬੀਸੀ ਕੈਨੇਡਾ ਵਿੱਚ ‘ਸ਼ਹੀਦ ਜਸਵੰਤ ਸਿੰਘ ਖਾਲੜਾ ਦਿਹਾੜਾ’ ਐਲਾਨਿਆ ਗਿਆ ਹੈ।