ਲੋਹੇ ਦੀ ਪੇਟੀ
ਕਹਾਣੀ
ਉਦੋਂ ਬੜੇ ਭਾਰੇ ਹੜ੍ਹ ਆਏ ਸਨ। ਜਿਸ ਦਿਨ ਹੜ੍ਹ ਆਏ ਸਨ ਉਸ ਤੋਂ ਇੱਕ ਦਿਨ ਪਹਿਲਾਂ ਵਜੀਦਪੁਰ ਪਿੰਡ ਦੇ ਲੋਕਾਂ ਨੇ ਹਲਕਾ ਜਿਹਾ ਮੀਂਹ ਪੈਣ ਕਾਰਨ ਗਰਮੀ ਦੀ ਤਪਸ਼ ਤੋਂ ਰਾਹਤ ਮਹਿਸੂਸ ਕੀਤੀ ਸੀ। ਮੀਂਹ ਦਾ ਇਹ ਛਰਾਟਾ ਬਾਸਮਤੀ ਦੀ ਫ਼ਸਲ ਲਈ ਬੜਾ ਹੀ ਸੁਖਾਵਾਂ ਤੇ ਲਾਹੇਵੰਦ ਸੀ। ਇਸ ਰਾਤ ਇਹ ਸੋਚ ਕੇ ਕਿਸਾਨ ਬੜੇ ਹੀ ਆਰਾਮ ਨਾਲ ਸੁੱਤੇ ਕਿ ਮੀਂਹ ਦੀ ਇਸ ਸਲ੍ਹਾਬ ਕਾਰਨ ਖੇਤਾਂ ਨੂੰ ਬੜੇ ਹੀ ਆਰਾਮ ਨਾਲ ਵਾਹਿਆ ਜਾ ਸਕੇਗਾ ਤੇ ਇਨ੍ਹਾਂ ਝੋਨਾ ਕੱਟੇ ਖੇਤਾਂ ਵਿੱਚ ਕਣਕ ਦੀ ਬੀਜਾਈ ਕਰ ਦਿੱਤੀ ਜਾਵੇਗੀ।
ਪਿੰਡ ਦੇ ਉੱਚੇ ਹਿੱਸੇ ਵਿੱਚ ਲੋਕ ਅਜੇ ਸੁੱਤੇ ਹੀ ਪਏ ਸਨ ਕਿ ਪਿੰਡ ਦੇ ਕੁਝ ਨੀਵੇਂ ਹਿੱਸਿਆਂ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਜਿਵੇਂ ਪਾਣੀ ਉਨ੍ਹਾਂ ਦੇ ਮੰਜਿਆਂ ਉੱਪਰ ਬਿਸਤਰਿਆਂ ਨੂੰ ਛੋਹ ਰਿਹਾ ਹੋਵੇ। ਜ਼ਿਆਦਾ ਮੀਂਹ ਉੱਪਰ ਪਿਆ ਸੀ। ਹੇਠਾਂ ਅਜੇ ਥੋੜ੍ਹਾ ਸਮਾਂ ਪਹਿਲਾਂ ਮੀਂਹ ਸ਼ੁਰੂ ਹੋਇਆ ਸੀ। ਪਾਣੀ ਇੰਨੀ ਤੇਜ਼ੀ ਨਾਲ ਉੱਚਾ ਉੱਠਦਾ ਜਾ ਰਿਹਾ ਸੀ ਕਿ ਲੋਕਾਂ ਨੇ ਜਾਗ ਖੁੱਲ੍ਹਦੇ ਸਾਰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ: ਹੜ੍ਹ ਓਏ! ਹੜ੍ਹ ਓਏ! ਦੌੜੋ! ਦੌੜੋ! ਮਰ ਗਏ ਓ ਲੋਕੋ! ਡੁੱਬ ਗਏ ਓ ਲੋਕੋ!
ਬਚਨਾ ਇਸ ਪਿੰਡ ਦੇ ਨੀਵੇਂ ਹਿੱਸੇ ਵਿੱਚ ਰਹਿ ਰਿਹਾ ਇੱਕ ਮੱਧਵਰਗੀ ਕਿਸਾਨ ਸੀ। ਉਸ ਦਾ ਘਰ ਅਰਧ ਪੱਕਾ ਸੀ। ਉਸ ਦੇ ਨਾਲ ਲੱਗਦਾ ਮਾਰਖੁੰਢਿਆਂ ਦੇ ਭੂਰੇ ਹੁਰਾਂ ਦਾ ਘਰ ਬੜਾ ਮਜ਼ਬੂਤ ਸੀ ਤੇ ਨਵਾਂ ਬਣਿਆ ਹੋਇਆ ਸੀ। ਭੂਰੇ ਹੁਰਾਂ ਦੀ ਆਦਤ ਵੈਸੇ ਵੀ ਲੋਕਾਂ ਨੂੰ ਤੰਗ ਕਰਨ ਦੀ ਹੁੰਦੀ ਸੀ। ਉਹ ਲੋਕਾਂ ਦੀਆਂ ਚੀਜ਼ਾਂ ਚੋਰੀ ਵੀ ਕਰ ਲਿਆ ਕਰਦੇ ਸਨ। ਇੱਕ ਵਾਰ ਭੂਰੇ ਹੋਰਾਂ ਬਚਨੇ ਦੇ ਤੰਗੜ ਚੋਰੀ ਕਰ ਲਏ। ਪੰਚਾਇਤ ਦਾ ਇਕੱਠ ਹੋਇਆ ਸੀ ਤੇ ਤੰਗੜ ਮਸਾਂ ਲੱਭੇ ਸਨ। ਭੂਰੇ ਹੋਰੀਂ ਇੱਕ ਵਾਰ ਖੂਨੀਆਂ ਦੇ ਟੱਬਰ ਦੇ ਖੇਤਾਂ ਵਿੱਚੋਂ 30-40 ਹਲਵਾ ਕੱਦੂ ਤੋੜ ਲਏ ਸਨ। ਇਹ ਕੱਦੂ ਉਦੋਂ ਲੋਕ ਘਰ ਦੀ ਪੜਛੱਤੀ ’ਤੇ ਰੱਖ ਲਿਆ ਕਰਦੇ ਸਨ। ਜਦੋਂ ਝੋਨਾ ਲਗਾਉਣ ਦਾ ਸਮਾਂ ਆਉਂਦਾ ਸੀ ਤਾਂ ਉਹ ਇਨ੍ਹਾਂ ਕੱਦੂਆਂ ਦੀ ਸਬਜ਼ੀ ਬਣਾ ਕੇ ਲਾਵਿਆਂ ਦੇ ਡੰਗ ਸਾਰ ਦਿਆਂ ਕਰਦੇ ਸਨ।
ਹੜ੍ਹ ਦਾ ਪਾਣੀ ਆਉਣ ਨਾਲ ਬਚਨਾ ਬਹੁਤ ਡਰ ਗਿਆ। ਉਸ ਨੇ ਜਿੰਨਾ ਹੋ ਸਕਿਆ ਸਾਮਾਨ ਆਪਣੀ ਰੇਹੜੀ ’ਤੇ ਲੱਦ ਲਿਆ। ਬਲ਼ਦ ਉਸ ਨੇ ਪਹਿਲਾਂ ਹੀ ਘਰ ਦੇ ਨਾਲ ਲੱਗਦੇ ਉੱਚੇ ਥਾਂ ਬੰਨ੍ਹੇ ਹੋਏ ਸਨ। ਮਸਲਾ ਇੱਕ ਵੱਡੀ ਪੇਟੀ ਦਾ ਸੀ। ਬਚਨੇ ਅਤੇ ਉਸ ਦੀ ਤੀਵੀਂ ਨੇ ਇਹ ਲੋਹੇ ਦੀ ਪੇਟੀ ਪੱਠੇ ਕੁਤਰਨ ਵਾਲੀ ਗੇੜੀ ਨਾਲ ਸੰਗਲ ਲਾ ਕੇ ਬੰਨ੍ਹ ਦਿੱਤੀ। ਬਚਨੇ ਨੂੰ ਉਮੀਦ ਸੀ ਕਿ ਘਰਾਂ ਵਿੱਚ ਵੜਿਆ ਪਾਣੀ ਇੱਕ ਦੋ ਦਿਨ ਵਿੱਚ ਉਤਰ ਜਾਵੇਗਾ ਤੇ ਉਹ ਆਪਣੀ ਬਹੁਮੁੱਲੀ ਪੇਟੀ ਵਾਪਸ ਆ ਕੇ ਸੰਭਾਲ ਲਵੇਗਾ। ਘਰ ਨੇੜਲੀ ਸੜਕ ਉੱਪਰ ਨੂੰ ਅਰਧ ਪਹਾੜੀ ਇਲਾਕੇ ਵੱਲ ਨੂੰ ਜਾਂਦੀ ਸੀ ਤੇ ਅੱਗੇ ਇਹ ਸੜਕ ਬਚਨੇ ਦੇ ਸਹੁਰੇ ਪਿੰਡ ਨੂੰ ਚਲੀ ਜਾਂਦੀ ਸੀ। ਬਚਨੇ ਦਾ ਸਹੁਰਾ ਪਿੰਡ ਉੱਪਰ ਉੱਚੀ ਥਾਂ ’ਤੇ ਸੁਰੱਖਿਅਤ ਸੀ।
ਜਿਸ ਸਮੇਂ ਬਚਨੇ ਤੇ ਉਸ ਦੀ ਘਰਵਾਲੀ ਨੇ ਪੇਟੀ ਨੂੰ ਜਿੰਦਰੇ ਨਾਲ ਚਾਰਾ ਕੁਤਰਨ ਵਾਲੀ ਮਸ਼ੀਨ ਨਾਲ ਬੰਨ੍ਹਿਆ ਉਸ ਸਮੇਂ ਭੂਰੇ ਹੋਰੀਂ ਉਸ ਨੂੰ ਆਪਣੇ ਅਹਾਤੇ ਦੀ ਬਿਰਲ ਵਿੱਚੋਂ ਦੇਖ ਰਹੇ ਸਨ। ਭੂਰੇ ਹੋਰੀਂ ਸੋਚਦੇ ਸਨ ਕਿ ਪਾਣੀ ਦਾ ਪਹਿਲਾ ਉਛਾਲਾ ਥੋੜ੍ਹੇ ਚਿਰ ਲਈ ਹੈ। ਇਸ ਲਈ ਬਚਨੇ ਦੇ ਅੰਦਰ ਵੜ ਕੇ ਸੰਗਲ ਤੋੜ ਕੇ ਬਚਨੇ ਦੀ ਪੇਟੀ ਨੂੰ ਕਾਬੂ ਕਰ ਲਿਆ ਜਾਵੇ। ਉਨ੍ਹਾਂ ਨੇ ਲੋਹਾ ਕੱਟਣ ਵਾਲੇ ਔਜ਼ਾਰ ਆਪਣੇ ਘਰ ਦੇ ਪਿਛਵਾੜਿਓਂ ਛੱਪੜ ਦੇ ਕੰਢਿਓਂ ਆਪਣੇ ਇੱਕ ਕਮਰੇ ਵਿੱਚੋਂ ਚੁੱਕੇ ਤੇ ਬਚਨੇ ਦੇ ਵਾੜੇ ਵਿੱਚ ਜਾ ਵੜੇ। ਉਹ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਸੰਗਲ ਨੂੰ ਤੋੜਨ ਦੀ ਕੋਸ਼ਿਸ ਕਰ ਰਹੇ ਸਨ ਕਿ ਉੱਪਰੋਂ ਪਾਣੀ ਦੀ ਇੱਕ ਬਹੁਤ ਹੀ ਵੱਡੀ ਛੱਲ ਆਈ ਜੋ ਦੋਹਾਂ ਭਰਾਵਾਂ ਨੂੰ ਹੜ੍ਹਾ ਕੇ ਲੈ ਗਈ। ਪਾਣੀ ਇੰਨਾ ਆਇਆ ਕਿ ਪਿੰਡ ਦਾ ਨੀਵਾਂ ਹਿੱਸਾ ਪਾਣੀ ਨਾਲ ਭਰ ਗਿਆ। ਪਿੰਡ ਦਾ ਇੱਕ ਪਾਸੇ ਦਾ ਉੱਚਾ ਹਿੱਸਾ ਬਿਲਕੁਲ ਸੁਰੱਖਿਅਤ ਸੀ। ਕੁਝ ਲੋਕ ਵੀ ਆਪਣੇ ਨੀਵੇਂ ਘਰਾਂ ’ਚੋਂ ਉੱਪਰ ਨੂੰ ਚੜ੍ਹਨ ਵਿੱਚ ਕਾਮਯਾਬ ਹੋ ਗਏ ਸਨ।
ਪਿੰਡ ਦੇ ਨੀਵੇਂ ਪਾਸੇ ਬੈਠੇ ਗੱਡੀਆਂ ਵਾਲੇ ਜਾਨੀ ਨੁਕਸਾਨ ਤੋਂ ਤਾਂ ਬਚ ਗਏ, ਪਰ ਚੀਜ਼ਾਂ ਵਸਤਾਂ ਉਨ੍ਹਾਂ ਦੀਆਂ ਵੀ ਹੜ੍ਹ ਗਈਆਂ ਸਨ। ਜਦ ਚਾਰ ਪੰਜ ਦਿਨਾਂ ਬਾਅਦ ਵਰਖਾ ਘਟੀ ਤਾਂ ਹੜ੍ਹ ਉੱਤਰ ਗਏ। ਸਮਾਜ ਸੇਵੀ ਸੰਸਥਾਵਾਂ ਰਾਹਤ ਦਾ ਸਾਮਾਨ ਲੈ ਕੇ ਪਹੁੰਚ ਗਈਆਂ। ਲੋਕਾਂ ਨੇ ਤੇ ਇਨ੍ਹਾਂ ਸਮਾਜਸੇਵੀਆਂ ਨੇ ਦੇਖਿਆ ਕਿ ਭੂਰੇ ਹੁਰਾਂ ਦੀਆਂ ਲਾਸ਼ਾਂ ਪਾਣੀ ਉੱਪਰ ਤੈਰ ਰਹੀਆਂ ਸਨ। ਪੁਲੀਸ ਨੇ ਆ ਕੇ ਇਹ ਲਾਸ਼ਾਂ ਬਾਹਰ ਕਢਵਾਈਆਂ ਤੇ ਇਨ੍ਹਾਂ ਦਾ ਦਾਹ ਸੰਸਕਾਰ ਕਰਵਾਇਆ। ਪੁਲੀਸ, ਸਮਾਜ ਸੇਵੀ ਇਕਾਈਆਂ ਤੇ ਲੋਕਾਂ ਨੂੰ ਕੋਈ ਬਹੁਤੀ ਹੈਰਾਨੀ ਨਾ ਹੋਈ ਕਿ ਨੇੜੇ ਰਹਿੰਦੇ ਭੂਰੇ ਹੋਰੀਂ ਇੱਧਰ ਉੱਧਰ ਨੂੰ ਕਿਵੇਂ ਆਏ ਤੇ ਇੱਥੇ ਆ ਕੇ ਡੁੱਬ ਗਏ। ਉਦੋਂ ਹੜ੍ਹਾਂ ਨਾਲ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਬਚਨਾ ਤੇ ਉਸ ਦੀ ਘਰਵਾਲੀ ਹੜ੍ਹ ਦੇ ਠੱਲ੍ਹਣ ਤੋਂ ਬਾਅਦ ਵਾਪਸ ਆਪਣਾ ਘਰ ਦੇਖਣ ਆਏ। ਉਨ੍ਹਾਂ ਨੂੰ ਬਹੁਤਾ ਫਿਕਰ ਆਪਣੀ ਪੇਟੀ ਦਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਗਹਿਣੇ ਅਤੇ ਪੈਸੇ ਪਲਾਸਟਿਕ ਦੇ ਮੋਟੇ ਲਿਫ਼ਾਫ਼ਿਆਂ ਵਿੱਚ ਪਾ ਕੇ ਸੰਭਾਲੇ ਹੋਏ ਸਨ। ਜਦ ਉਹ ਆਪਣੇ ਘਰ ਹੜ੍ਹ ਵਾਲੀ ਥਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਆਪਣੀ ਪੇਟੀ ਕਿਧਰੇ ਵੀ ਦਿਖਾਈ ਨਾ ਦਿੱਤੀ। ਉਨ੍ਹਾਂ ਦੇ ਮਨ ਵਿੱਚ ਉੱਕਾ ਹੀ ਸ਼ੱਕ ਨਹੀਂ ਸੀ ਕਿ ਨੇੜੇ ਰਹਿੰਦੇ ਭੂਰੇ ਹੋਰੀਂ ਕੋਈ ਕਾਰਾ ਕੀਤਾ ਹੋਵੇਗਾ, ਪਰ ਹੈਰਾਨੀ ਇਹ ਸੀ ਕਿ ਉਹ ਹੜ੍ਹ ਵਿੱਚ ਖ਼ੁਦ ਹੀ ਡੁੱਬ ਗਏ ਸਨ। ਕੋਈ ਹੋਰ ਬੰਦਾ ਦੂਰੋਂ ਆ ਕੇ ਚੋਰੀ ਕਰਦਾ ਇਹ ਅਸੰਭਵ ਸੀ ਕਿਉਂਕਿ ਪਾਣੀ ਬਹੁਤ ਜਲਦੀ ਵਧ ਗਿਆ ਸੀ। ਪੇਟੀ ਕਿੱਧਰ ਗਈ: ਇਹ ਬਚਨੇ ਵਾਸਤੇ ਇੱਕ ਬੁਝਾਰਤ ਬਣ ਗਈ ਸੀ।
ਦੋ ਕੁ ਮਹੀਨੇ ਬਾਅਦ ਸੂਬੇ ਦੀ ਸਰਕਾਰ ਬਦਲ ਗਈ। ਨਵੀਂ ਬਣੀ ਸਰਕਾਰ ਬੜੀ ਹੀ ਇਮਾਨਦਾਰ ਸਿਆਸੀ ਪਾਰਟੀ ਦੀ ਸੀ। ਇਹ ਸਰਕਾਰ ਲੋਕਾਂ ਵਿੱਚ ਆਪਣੀ ਸਾਖ ਕਾਇਮ ਕਰਨ ਲਈ ਸਾਰਾ ਜ਼ੋਰ ਲਗਾ ਰਹੀ ਸੀ। ਸਰਕਾਰ ਨਵੀਆਂ ਨਵੀਆਂ ਸਕੀਮਾਂ ਲੋਕਾਂ ਅੱਗੇ ਰੱਖ ਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਸੀ। ਹੜ੍ਹਾਂ ਵਿੱਚ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ, ਕਈਆਂ ਦੇ ਘਰ ਢਹਿ ਗਏ ਸਨ। ਜ਼ਮੀਨ ਵਿੱਚ ਵੱਡੇ ਵੱਡੇ ਪਾੜ ਪੈ ਗਏ ਸਨ ਤੇ ਕਈ ਪਸ਼ੂ ਮਰ ਗਏ ਸਨ। ਪਿੰਡ ਦੇ ਲਾਗੇ ਬੈਠੇ ਗੱਡੀਆਂ ਵਾਲਿਆਂ ਦਾ ਸਭ ਕੁਝ ਹੜ੍ਹ ਗਿਆ ਸੀ। ਉਹ ਖ਼ੁਦ ਉੱਪਰ ਨੂੰ ਉੱਚੇ ਪਾਸੇ ਵੱਲ ਨੂੰ ਚਲੇ ਗਏ ਸਨ। ਉਨ੍ਹਾਂ ਦੇ ਇੱਕ ਪਰਿਵਾਰ ਨੇ ਆਪਣੇ ਇੱਕ ਵੱਡੇ ਪੇਟੀਨੁਮਾ ਟਰੰਕ ਹੜ੍ਹ ਜਾਣ ਦਾ ਵੇਰਵਾ ਪੰਚਾਇਤ ਨੂੰ ਦਿੱਤਾ ਸੀ। ਕੁਝ ਸਮਾਂ ਗੱਡੀਆਂ ਵਾਲਿਆਂ ਨੂੰ ਪਿੰਡ ਦੇ ਪੰਚਾਇਤ ਘਰ ਵਿੱਚ ਠਹਿਰਾਇਆ ਗਿਆ ਸੀ।
ਬਚਨੇ ਦੇ ਤਿੰਨ ਨੁਕਸਾਨ ਹੋਏ ਸਨ: ਫ਼ਸਲ ਦਾ, ਮਕਾਨ ਢਹਿਣ ਦਾ ਤੇ ਸਾਮਾਨ ਡੁੱਬ ਜਾਣ ਦਾ। ਉਸ ਦੇ ਵੇਰਵੇ ਨਾਲ ਹੁਣ ਇਹ ਸਬੂਤ ਵੀ ਸੀ ਕਿ ਦੋ ਬੰਦੇ ਉਸ ਦੇ ਸਾਮਾਨ ਨੂੰ ਚੋਰੀ ਕਰਨ ਉਸ ਦੇ ਘਰ ਅੰਦਰ ਗਏ ਸਨ ਜਿਨ੍ਹਾਂ ਦੀਆਂ ਉਸ ਸਮੇਂ ਲਾਸ਼ਾਂ ਵੀ ਮਿਲ ਗਈਆਂ ਸਨ। ਲੋਕਾਂ ਨੂੰ ਧੜਾ ਧੜ ਮੁਆਵਜ਼ੇ ਮਿਲ ਰਹੇ ਸਨ। ਸਰਪੰਚ ਬੜਾ ਹੀ ਇਮਾਨਦਾਰ ਸੀ। ਹਲਕੇ ਦਾ ਵਿਧਾਇਕ ਵੀ ਬੜਾ ਹੀ ਚੰਗਾ ਸੀ। ਮੁੱਖ ਮੰਤਰੀ ਸਿਰੇ ਦਾ ਇਮਾਨਦਾਰ ਤੇ ਲੋਕ ਪੱਖੀ ਬੰਦਾ ਸੀ। ਆਪ ਘੁੰਮ ਕੇ ਸਭ ਪ੍ਰਾਜੈਕਟਾਂ ਦੀ ਪੈਰਵੀ ਕਰਦਾ ਸੀ। ਨਿਆਂ ਨੂੰ ਲੰਮਾ ਨਹੀਂ ਸੀ ਪੈਣ ਦੇ ਰਿਹਾ। ਬਹੁਤੇ ਫ਼ੈਸਲੇ ਦਰਬਾਰ ਲਗਾ ਕੇ ਬੜੀ ਜਲਦੀ ਕਰੀ ਜਾ ਰਿਹਾ ਸੀ।
ਕੁਝ ਦਿਨਾਂ ਬਾਅਦ ਪੰਚਾਇਤ ਕੋਲ ਇੱਕ ਖ਼ਬਰ ਪੁੱਜੀ। ‘ਰਾਮਗਲੋਲੀਆਂ ਦੇ ਘਰ ਦੇ ਪਿਛਵਾੜੇ ਇੱਕ ਪੇਟੀ ਪਈ ਏ। ਇਹ ਓਹੀ ਲੱਗਦੀ ਏ ਜਿਸ ਦੀ ਰਿਪੋਰਟ ਤੁਹਾਡੇ ਪਾਸ ਦਰਜ ਕਰਵਾਈ ਗਈ ਸੀ।’ ਮਹਿਰੂਆਂ ਦੇ ਘੋਲੇ ਨੇ ਇਹ ਗੱਲ ਸਰਪੰਚ ਦੇ ਕੰਨੀਂ ਪਾਈ।
ਸਰਪੰਚ ਨੇ ਬਾਕੀ ਮੈਂਬਰਾਂ ਨੂੰ ਨਾਲ ਲੈ ਕੇ ਇਸ ਕਣਸੋਅ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕੀਤੀ। ਰਾਮਗਲੋਲੀਆਂ ਦੇ ਘਰ ਦੇ ਪਿਛਵਾੜੇ ਇੱਕ ਗੱਡੀਆਂ ਵਾਲੇ ਨੂੰ ਤਰੀਕੇ ਨਾਲ ਲਿਜਾਇਆ ਗਿਆ। ਇਸ ਗੱਡੀਆਂ ਵਾਲੇ ਨੇ ਇਹ ਪੇਟੀ ਪਹਿਚਾਣ ਲਈ। ਫਿਰ ਸਰਪੰਚ ਨੇ ਰਾਮਗਲੋਲੀਆਂ ਦੇ ਹਿੰਮਤ ਸਿੰਘ ਨਾਲ ਗੱਲ ਕੀਤੀ।
“ਬਾਈ ਸਿੰਹਾਂ, ਗੁੱਸਾ ਨਾ ਕਰੀਂ। ਇੱਕ ਗੱਲ ਕਰਨੀ ਏ।’’ ਸਰਪੰਚ ਕਹਿਣ ਲੱਗਾ।
“ਸਰਪੰਚਾ ਗੁੱਸਾ ਕਾਹਦਾ? ਦੱਸ ਕੀ ਗੱਲ ਏ।’’
“ਇੱਕ ਵੱਡਾ ਟਰੰਕ ਤੁਹਾਡੇ ਪਿਛਵਾੜੇ ਪਿਆ ਏ। ਇਹ ਕੀਹਦਾ ਏ।?’’
“ਪਤਾ ਨਹੀਂ ਕੀਹਦਾ ਏ। ਹੜ੍ਹ ਵਿੱਚ ਕਿਤੇ ਰੁਲਦਾ ਖੁਲਦਾ ਦੇਖਿਆ ਸੀ। ਮੇਰੇ ਮੁੰਡੇ ਨੇ ਸੋਚਿਆ ਮੱਝ ਨੂੰ ਪੱਠੇ ਪਾਉਣ ਲਈ ਖੁਰਲੀ ਦੇ ਤੌਰ ’ਤੇ ਵਰਤਾਂਗੇ। ਬਸ ਐਵੇਂ ਹੀ ਘਰ ਨੂੰ ਚੁੱਕ ਲਿਆਇਆ। ਕੀ ਗੱਲ ਚਾਹੀਦਾ ਏ?’’
“ਹਿੰਮਤ ਬਾਈ, ਗੱਲ ਇਵੇਂ ਐ। ਇਹ ਟਰੰਕ ਗੱਡੀਆਂ ਵਾਲਿਆਂ ਦਾ ਏ। ਉਹ ਵਿਚਾਰੇ ਲੱਭ ਰਹੇ ਨੇ ਤੇ ਉਨ੍ਹਾਂ ਨੇ ਇਹਦੀ ਰਿਪੋਰਟ ਵੀ ਸਾਡੇ ਪਾਸ ਦਰਜ ਕਰਾ ਰੱਖੀ ਏ।’’
“ਕੋਈ ਗੱਲ ਨਹੀਂ ਸਰਪੰਚਾ, ਚੁੱਕ ਕੇ ਲੈ ਜਾਓ, ਅਸੀਂ ਕੀ ਕਰਨਾ ਏ? ਸਾਡਾ ਮੁੰਡਾ ਤਾਂ ਐਵੇਂ ਖਿੱਚ ਲਿਆਇਆ ਸੀ।’’
ਸਰਕਾਰ ਨੇ ਹੜ੍ਹ ਦੀ ਰਾਹਤ ਦੇਣ ਦੇ ਨਾਲ ਨਾਲ ਦੂਜਾ ਕੰਮ ਸੜਕਾਂ ਦੀ ਮੁਰੰਮਤ ਦਾ ਸ਼ੁਰੂ ਕੀਤਾ ਹੋਇਆ ਸੀ। ਸੜਕਾਂ ਵਿੱਚ ਪਏ ਪਾੜ ਠੀਕ ਕੀਤੇ ਜਾ ਰਹੇ ਸਨ। ਕੁਝ ਦਿਨਾਂ ਬਾਅਦ ਸਰਕਾਰ ਦੀ ਇੱਕ ਨਵੀਂ ਸਕੀਮ ਆ ਗਈ ਸੀ। ਇਹ ਪ੍ਰਾਜੈਕਟ ਸੀ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਦਾ। ਛੱਪੜਾਂ ਦੀ ਗਾਰ ਕੱਢ ਕੇ ਉਨ੍ਹਾਂ ਦਾ ਕੁਝ ਹਿੱਸਾ ਪੱਕਾ ਕੀਤਾ ਜਾਣਾ ਸੀ। ਇਹ ਵਾਤਾਵਰਨ ਦੀ ਸੰਭਾਲ ਵੱਲ ਇੱਕ ਠੋਸ ਕਦਮ ਸੀ। ਛੱਪੜਾਂ ਦੁਆਲੇ ਇੱਟਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ। ਵੱਡੀਆਂ ਵੱਡੀਆਂ ਕਰੇਨਾਂ ਤੇ ਮਸ਼ੀਨਾਂ ਵੀ ਆ ਗਈਆਂ ਸਨ। ਹਰ ਪਿੰਡ ਵਿੱਚ ਵਿਧਾਇਕ ਜਾਂਦੇ ਸਨ ਤੇ ਛੱਪੜ ਦਾ ਕੰਮ ਸ਼ੁਰੂ ਕਰਵਾ ਆਉਂਦੇ ਸਨ।
ਵਜੀਦਪੁਰ ਵਿੱਚ ਵੀ ਕੰਮ ਸ਼ੁਰੂ ਹੋ ਗਿਆ ਸੀ। ਜਿਸ ਦਿਨ ਕੰਮ ਚੱਲਦੇ ਨੂੰ ਤਿੰਨ ਦਿਨ ਹੋ ਗਏ ਤਾਂ ਛੱਪੜ ਵਿੱਚੋਂ ਇੱਕ ਪੇਟੀ ਨਿਕਲੀ। ਭੂਰੇ ਦੇ ਮੁੰਡੇ ਗੇਜੇ ਨੇ ਪੇਟੀ ’ਤੇ ਆਪਣੀ ਮਾਲਕੀ ਜ਼ਾਹਰ ਕੀਤੀ। ਉਸ ਨੇ ਕਿਹਾ ਕਿ ਇਸ ਪੇਟੀ ਨੂੰ ਬਚਾਉਂਦੇ ਬਚਾਉਂਦੇ ਉਸ ਦਾ ਬਾਪੂ, ਭਰਾ ਤੇ ਚਾਚਾ ਹੜ੍ਹ ਵਿੱਚ ਹੜ੍ਹ ਗਏ। ਗੇਜੇ ਨੇ ਅੱਗੇ ਕਿਹਾ ਕਿ ਉਹ ਪਿੰਡ ਵਿੱਚ ਇਕੱਠ ਸਮੇਂ ਵਿਧਾਇਕ ਦੀ ਹਾਜ਼ਰੀ ਵਿੱਚ ਇਸ ਪੇਟੀ ਉੱਤੇ ਆਪਣੀ ਮਾਲਕੀ ਦਾ ਇਜ਼ਹਾਰ ਕਰੇਗਾ।
ਥੋੜ੍ਹੇ ਦਿਨਾਂ ਬਾਅਦ ਪਿੰਡ ਦੀ ਚੌਪਾਲ ਤੇ ਪੰਚਾਇਤ ਤੇ ਲੋਕਾਂ ਦਾ ਆਮ ਇਕੱਠ ਹੋਇਆ। ਛੱਪੜ ’ਚੋਂ ਮਿਲੀਆਂ ਚੀਜ਼ਾਂ ਵਸਤਾਂ ਬਾਰੇ ਲੋਕਾਂ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਵਾਪਸ ਦਿਵਾਉਣੀਆਂ ਸਨ। ਜੇ ਕਿਸੇ ਚੀਜ਼ ਦੀ ਮਾਲਕੀ ਦਾ ਪਤਾ ਨਾ ਲੱਗੇ ਤਾਂ ਉਹ ਨੀਲਾਮ ਕਰ ਦਿੱਤੀ ਜਾਣ ਦੀ ਗੱਲ ਚੱਲੀ। ਸਭ ਤੋਂ ਪਹਿਲਾਂ ਇੱਕ ਟਾਹਲੀ ਦੀ ਕਾਲੀ ਸਿਆਹ ਲੱਕੜੀ ਦੀ ਗੱਲ ਚੱਲੀ। ਬਾਰੀਕੀ ਨਾਲ ਛਾਣ ਬੀਣ ਕਰਨ ਤੋਂ ਬਾਅਦ ਪਤਾ ਲੱਗ ਗਿਆ ਕਿ ਇਹ ਭਾਨੀਮਾਰਾਂ ਦੇ ਫੱਕਰ ਹੋਰਾਂ ਦੀ ਸੀ। ਇਹ ਮੋਛਾ ਵੀ ਕਿਸੇ ਸਮੇਂ ਦਾ ਹੜ੍ਹ ਕੇ ਛੱਪੜ ਦੇ ਪਾਣੀ ਵਿੱਚ ਹੀ ਗੁਆਚ ਚੁੱਕਾ ਸੀ। ਕਾਲਾ ਸਿਆਹ ਹੋਣ ਕਰਕੇ ਇਹ ਬਹੁਤ ਭਾਰਾ ਸੀ ਤੇ ਇਹ ਪਾਣੀ ਉੱਪਰ ਨਹੀਂ ਤਰਿਆ ਸੀ। ਅੱਕ ਦੇ ਬੂਟਿਆਂ ਵਿੱਚ ਫਸ ਕੇ ਗਾਰ ਹੇਠਾਂ ਹੀ ਦੱਬ ਹੋ ਗਿਆ ਸੀ। ਫੱਕਰ ਨੂੰ ਇਹ ਗੁਆਚੀ ਹੋਈ ਮਹਿੰਗੀ ਲੱਕੜੀ ਵਾਪਸ ਮਿਲ ਗਈ, ਉਹ ਬੜਾ ਖ਼ੁਸ਼ ਹੋਇਆ। ਦੂਜੀ ਵੱਡੀ ਪ੍ਰਾਪਤੀ ਲੋਹੇ ਦੀ ਪੇਟੀ ਸੀ। ਇਹਦੇ ’ਤੇ ਬਚਨਾ ਤੇ ਗੇਜਾ ਦੋਨੋਂ ਮਾਲਕੀ ਜਤਾ ਰਹੇ ਸਨ। ਫ਼ੈਸਲਾ ਕਰਨਾ ਔਖਾ ਸੀ।
“ਮੇਰਾ ਬਾਪ ਤੇ ਚਾਚਾ ਇਸ ਪੇਟੀ ਨੂੰ ਬਚਾਉਂਦੇ ਬਚਾਉਂਦੇ ਆਪ ਮਾਰੇ ਗਏ।’’ ਗੇਜੇ ਨੇ ਭਰੀ ਸਭਾ ਵਿੱਚ ਕਿਹਾ, “ਪੇਟੀ ਸਾਡੀ ਏ। ਇਹ ਸਾਨੂੰ ਦਿੱਤੀ ਜਾਵੇ।’’ ਬਚਨਾ ਚੱਕਰ ਵਿੱਚ ਪੈ ਗਿਆ। ਉਹ ਇਸ ਉੱਤੇ ਆਪਣੀ ਮਾਲਕੀ ਕਿਵੇਂ ਸਿੱਧ ਕਰੇ?
“ਗੇਜੇ, ਤੈਨੂੰ ਪਤਾ ਏ ਕਿ ਇਸ ਪੇਟੀ ਵਿੱਚ ਕੀ ਏ? ਜੇ ਤੂੰ ਦੱਸ ਦੇਵੇਂ ਤਾਂ ਅਸੀਂ ਖੋਲ੍ਹ ਕੇ ਦੇਖ ਲਵਾਂਗੇ। ਜੇ ਤੇਰੀਆਂ ਦੱਸੀਆਂ ਦੋ ਚੀਜ਼ਾਂ ਵੀ ਵਿੱਚ ਹੋਣ ਤਾਂ ਇਹ ਤੈਨੂੰ ਮਿਲ ਜਾਵੇਗੀ।’’ ਸਰਪੰਚ ਨੇ ਅਸਲੀਅਤ ਜਾਣਨ ਲਈ ਇਹ ਸਵਾਲ ਪਾ ਦਿੱਤਾ।
“ਇਸ ਵਿੱਚ ਜੋ ਕੁਝ ਵੀ ਹੈ ਉਹ ਮੈਂ ਤਾਂ ਪਾਇਆ ਹੀ ਨਹੀਂ। ਉਹ ਤਾਂ ਮੇਰੇ ਘਰਦਿਆਂ ਨੇ ਪਾਇਆ ਹੋਊ। ਮੈਂ ਕਿਵੇਂ ਦੱਸ ਸਕਦਾ ਹਾਂ ਕਿ ਇਸ ਵਿੱਚ ਕੀ ਏ?’’ ਗੇਜਾ ਬੋਲਿਆ।
“ਤੇਰੇ ਘਰ ਦਾ ਕੋਈ ਦੱਸ ਦੇਵੇ?’’ ਸਰਪੰਚ ਕਹਿਣ ਲੱਗਾ।
ਗੇਜਾ ਅਜੇ ਚੁੱਪ ਹੀ ਸੀ।
“ਮੈਂ ਦੱਸ ਦਿੰਦੀ ਹਾਂ?’’ ਇਕਦਮ ਬਚਨੇ ਦੇ ਘਰਵਾਲੀ ਬੋਲ ਪਈ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜ਼ਾਹਰ ਹੋ ਗਿਆ ਕਿ ਇਹ ਬਚਨੇ ਦੀ ਹੀ ਏ। ਬਚਨੇ ਹੋਰੀਂ ਮੋਟਾ ਮੋਟਾ ਦੱਸ ਦਿੱਤਾ ਕਿ ਇਸ ਵਿੱਚ ਕੀ ਏ? ਇਸ ਪ੍ਰਕਾਰ ਇਹ ਪੇਟੀ ਉਨ੍ਹਾਂ ਨੂੰ ਦੇ ਦਿੱਤੀ ਗਈ। ਉਹ ਆਪਣੀ ਗੁਆਚੀ ਬਹੁਮੁੱਲੀ ਚੀਜ਼ ਪ੍ਰਾਪਤ ਕਰਕੇ ਬੜੇ ਖ਼ੁਸ਼ ਹੋਏ।
ਸੰਪਰਕ: 0437641033
