ਅਜਨਬੀ ਨੂੰ ਕਾਰ ’ਤੇ ਪਿਸ਼ਾਬ ਕਰਨ ਤੋਂ ਰੋਕਣ ’ਤੇ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ
ਐਡਮੰਟਨ ਦੇ ਡਾਊਨ ਟਾਊਨ ਵਿਚ ਇਕ ਅਜਨਬੀ ਵੱਲੋਂ ਕੀਤੇ ਹਮਲੇ ਵਿਚ ਭਾਰਤੀ ਮੂਲ ਦੇ 55 ਸਾਲਾ ਕਾਰੋਬਾਰੀ ਆਰਵੀ ਸਿੰਘ ਸੱਗੂ ਦੀ ਮੌਤ ਹੋ ਗਈ। ਇਹ ਘਟਨਾ 19 ਅਕਤੂਬਰ ਦੀ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਸੱਗੂ ਨੇ ਇਸ ਅਜਨਬੀ ਨੂੰ 109 ਸਟਰੀਟ ’ਤੇ ਦਿ ਕੌਮਨ ਰੈਸਟੋਰੈਂਟ ਨੇੜੇ ਆਪਣੀ ਕਾਰ ’ਤੇ ਪਿਸ਼ਾਬ ਕਰਨ ਤੋਂ ਰੋਕਿਆ ਸੀ।
ਐਡਮੰਟਨ ਪੁਲੀਸ ਸਰਵਿਸ ਮੁਤਾਬਕ ਸੱਗੂ ਤੇ ਉਸ ਦੀ ਮਹਿਲਾ ਮਿੱਤਰ ਰਾਤ ਦੇ ਖਾਣੇ ਮਗਰੋਂ ਆਪਣੇ ਵਾਹਨ ਕੋਲ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਅਜਨਬੀ ਨੂੰ ਆਪਣੀ ਕਾਰ ’ਤੇ ਪਿਸ਼ਾਬ ਕਰਦਿਆਂ ਦੇਖਿਆ। ਜਦੋਂ ਸੱਗੂ ਨੇ ਉਸ ਨੂੰ ਸਵਾਲ ਕੀਤਾ ਤਾਂ ਮਸ਼ਕੂਕ ਨੇ ਕਥਿਤ ਉਸ ਦੇ ਸਿਰ ’ਤੇ ਵਾਰ ਕੀਤਾ। ਸੱਗੂ ਜ਼ਮੀਨ ’ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਉਸ ਨੂੰ ਗੰਭੀਰ ਸੱਟਾਂ ਨਾਲ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸੱਗੂ ਦੀ 24 ਅਕਤੂਬਰ ਨੂੰ ਮੌਤ ਹੋ ਗਈ। ਪੁਲੀਸ ਨੇ 40 ਸਾਲਾ ਕਾਇਲੇ ਪੈਪਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਸ਼ੁਰੂ ਵਿੱਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਸੀ। ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਸੱਗੂ ਅਤੇ ਪੈਪਿਨ ਹਮਲੇ ਤੋਂ ਪਹਿਲਾਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਈਪੀਐਸ ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ, ਅਤੇ ਪੁਲੀਸ ਦਾ ਕਹਿਣਾ ਹੈ ਕਿ ਹੋਰ ਦੋਸ਼ ਲੱਗਣ ਦੀ ਉਮੀਦ ਹੈ। ਪੈਪਿਨ ਨੂੰ 4 ਨਵੰਬਰ ਨੂੰ ਕੋਰਟ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
