ਪੈਨਸਿਲਵੇਨੀਆ ’ਚ ਭਾਰਤੀ ਮੋਟਲ ਮਾਲਕ ਦੀ ਹੱਤਿਆ !
ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ‘ਰਾਕੇਸ਼ ਇਹਾਗਾਬਨ’ ਦੀ ਪੈਨਸਿਲਵੇਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਜਦੋਂ ਉਹ ਰੌਲਾ ਰੱਪਾ ਸੁਣ ਆਪਣੇ ਘਰ ਦੇ ਬਾਹਰ ਆਇਆ।
ਇਹ ਘਟਨਾ ਉਦੋਂ ਵਾਪਰੀ ਜਦੋਂ ਇਹਾਗਾਬਨ ਨੇ ਸ਼ੱਕੀ ਨੂੰ ਪੁੱਛਿਆ, ‘ਕੀ ਤੂੰ ਠੀਕ ਹੈਂ, ਦੋਸਤ?’ ਜਿਸ ਤੋਂ ਬਾਅਦ ਉਸ ਆਦਮੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਹਮਲਾਵਰ ਦੀ ਪਛਾਣ 37 ਸਾਲਾ ਸਟੈਨਲੀ ਯੂਜੀਨ ਵੈਸਟ ( Stanley Eugene West) ਵਜੋਂ ਹੋਈ ਹੈ, ਜੋ ਕਿ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਇੱਕ ਔਰਤ ਅਤੇ ਬੱਚੇ ਨਾਲ ਮੋਟਲ ਵਿੱਚ ਰਹਿ ਰਿਹਾ ਸੀ।
ਇਹਾਗਾਬਨ ਦੀ ਮੌਤ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਹੈ ਕਿ ਵੈਸਟ ਨੇ ਇੱਕ ਔਰਤ, ਜੋ ਸ਼ਾਇਦ ਉਸ ਦੀ ਸਾਥੀ ਸੀ, ਨੂੰ ਪਾਰਕਿੰਗ ਲਾਟ ਵਿੱਚ ਕਾਰ ਵਿੱਚ ਬੈਠੇ ਹੋਏ ਗਲੇ ਵਿੱਚ ਗੋਲੀ ਮਾਰੀ। ਜਖ਼ਮੀ ਹੋਣ ਦੇ ਬਾਵਜੂਦ, ਉਸ ਔਰਤ ਨੇ ਹਿੰਮਤ ਕਰਕੇ ਨੇੜਲੇ ਆਟੋ ਰਿਪੇਅਰ ਸੈਂਟਰ ਤੱਕ ਗੱਡੀ ਚਲਾਈ, ਜਿੱਥੇ ਲੋਕਾਂ ਨੇ ਉਸ ਨੂੰ ਤੁਰੰਤ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਇਹਾਗਾਬਨ ਨੂੰ ਮਾਰਨ ਤੋਂ ਬਾਅਦ, ਵੈਸਟ ਕਥਿਤ ਤੌਰ ’ਤੇ ਇੱਕ ਨੇੜਲੇ ਯੂ-ਹਾਲ ਵੈਨ ਵੱਲ ਤੁਰਿਆ ਅਤੇ ਭੱਜ ਗਿਆ। ਬਾਅਦ ਵਿੱਚ ਪੁਲੀਸ ਦੁਆਰਾ ਉਸਨੂੰ ਪਿਟਸਬਰਗ ਦੇ ਈਸਟ ਹਿਲਜ਼ ਇਲਾਕੇ ਵਿੱਚ ਲੱਭਿਆ ਗਿਆ। ਗੋਲੀਬਾਰੀ ਤੋਂ ਬਾਅਦ ਪਿਟਸਬਰਗ ਦਾ ਇੱਕ ਜਾਸੂਸ ਜ਼ਖਮੀ ਹੋਇਆ ਅਤੇ ਵੈਸਟ ਵੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਵੈਸਟ ’ਤੇ ਅਪਰਾਧਿਕ ਕਤਲ ਅਤੇ ਕਤਲ ਦੀ ਕੋਸ਼ਿਸ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ, ਜਿਸ ਆਧਾਰ ਤੇ ਜਾਂਚ ਜਾਰੀ ਹੈ।
ਇਹ ਘਾਤਕ ਹਮਲਾ ਉਸ ਘਟਨਾ ਤੋਂ ਇੱਕ ਮਹੀਨੇ ਬਾਅਦ ਹੋਇਆ ਹੈ, ਜਿਸ ਵਿੱਚ ਟੈਕਸਾਸ ’ਚ ਇੱਕ ਹੋਰ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟਾਂ ਮੁਤਾਬਕ, ਪੀੜਤ ਦਾ ਇੱਕ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਿਰ ਕੱਟ ਦਿੱਤਾ ਗਿਆ ਸੀ। ਹਮਲਾਵਰ, ਜੋ ਕਿ ਉਸਦਾ ਸਾਥੀ ਕਰਮਚਾਰੀ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ।