ਕੈਨੇਡਾ ’ਚ ਭਾਰਤੀ ਫਿਲਮਾਂ ’ਤੇ ਰੋਕ !
ਓਕਵਿਲ ਦੇ ਸਿਨੇਮਾ ’ਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਰੋਕਣੀ ਪਈ ਹੈ, ਕਿਉਂਕਿ ਇੱਥੇ ਇੱਕ ਹਫ਼ਤੇ ਵਿੱਚ ਦੋ ਹਿੰਸਕ ਹਮਲੇ ਹੋਏ ਹਨ। Film.ca Cinemas ’ਤੇ ਪਹਿਲਾ ਹਮਲਾ 25 ਸਤੰਬਰ ਨੂੰ ਹੋਇਆ, ਜਦੋਂ ਥੀਏਟਰ ਨੂੰ ਅੱਗ ਲਗਾਈ ਗਈ। ਦੂਜਾ ਹਮਲਾ 2 ਅਕਤੂਬਰ ਨੂੰ ਹੋਇਆ, ਜਦੋਂ ਥੀਏਟਰ ਦੀਆਂ ਅੱਗੇ ਵਾਲੀਆਂ ਦਰਵਾਜ਼ਿਆਂ ’ਤੇ ਗੋਲੀਆਂ ਚਲਾਈਆਂ ਗਈਆਂ।
ਹਮਲਿਆਂ ਦੀ ਜਾਣਕਾਰੀ:
ਹੈਲਟਨ ਰੀਜਨਲ ਪੁਲੀਸ ਦੇ ਮੁਤਾਬਕ, 25 ਸਤੰਬਰ ਨੂੰ ਸਵੇਰੇ 5:20 ਵਜੇ ਦੋ ਸ਼ਖ਼ਸ ਥੀਏਟਰ ਦੇ ਬਾਹਰ ਆਏ, ਜਿੱਥੇ ਉਨ੍ਹਾਂ ਨੇ ਅੱਗ ਲੱਗਣ ਵਾਲਾ ਪਦਾਰਥ ਛਿੜਕਿਆ ਅਤੇ ਅੱਗ ਲਾਈ। ਇਸ ਘਟਨਾ ਵਿੱਚ ਥੋੜਾ ਬਹੁਤ ਨੁਕਸਾਨ ਹੋਇਆ ਪਰ ਅੱਗ ਫੈਲਣ ਤੋਂ ਪਹਿਲਾਂ ਹੀ ਬੁਝਾ ਦਿੱਤੀ ਗਈ।
ਦੂਜਾ ਹਮਲਾ 2 ਅਕਤੂਬਰ ਨੂੰ ਸਵੇਰੇ 1:50 ਵਜੇ ਵਾਪਰਿਆ, ਜਦੋਂ ਇੱਕ ਸ਼ਖ਼ਸ ਨੇ ਥੀਏਟਰ ਦੀ ਅੱਗੇ ਵਾਲੀ ਇਮਾਰਤ ’ਤੇ ਕਈ ਗੋਲੀਆਂ ਚਲਾਈਆਂ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਪਹਿਚਾਣ ਦਿੰਦੇ ਹੋਏ ਦੱਸਿਆ ਕਿ ਸਖ਼ਸ ਕਾਲੀ ਪਹਿਰਾਵੇ ’ਚ ਸੀ ਅਤੇ ਮੂੰਹ ਢੱਕਿਆ ਹੋਇਆ ਸੀ। ਦੋਵੇਂ ਹਮਲਿਆਂ ਟਾਰਗੇਟ ਹਮਲੇ ਦੱਸਿਆ ਜਾ ਰਿਹਾ ਸੀ ਪਰ ਅਜੇ ਤੱਕ ਕਾਰਨ ਪੱਕਾ ਨਹੀਂ ਹੋਇਆ।
ਫਿਲਮਾਂ ਦੀ ਸਕਰੀਨਿੰਗ ਰੱਦ:
ਪਹਿਲਾਂ ਥੀਏਟਰ ਦੇ ਸੀ.ਈ.ਓ. Jeff Knoll ਨੇ ਕਿਹਾ ਸੀ ਕਿ ਉਹ ਧਮਕੀਆਂ ਦੇ ਬਾਵਜੂਦ ਭਾਰਤੀ ਫਿਲਮਾਂ ਦਿਖਾਉਣ ਜਾਰੀ ਰੱਖਣਗੇ ਪਰ 3 ਅਕਤੂਬਰ ਨੂੰ ਇਕ ਹੋਰ ਬਿਆਨ ਵਿੱਚ ਥੀਏਟਰ ਨੇ ਦੱਸਿਆ ਕਿ ਉਹ ‘Kantara: A Legend Chapter 1’ ਅਤੇ ‘They Call Him OG’ ਫਿਲਮਾਂ ਨੂੰ ਰੋਕ ਰਹੇ ਹਨ। ਉਨ੍ਹਾਂ ਨੇ ਕਿਹਾ, “ ਸਾਡੇ ਕੋਲ ਇਹ ਸਬੂਤ ਹਨ ਕਿ ਸਾਊਥ ਏਸ਼ੀਆਈ ਫਿਲਮਾਂ ਦਿਖਾਉਣ ਨਾਲ ਇਹ ਹਮਲੇ ਹੋ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਧਮਕੀਆਂ ਸਾਹਮਣੇ ਝੁਕੀਏ ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ।”
ਹੁਣ ਥੀਏਟਰ ਦੀ ਵੈੱਬਸਾਈਟ ’ਤੇ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਈ ਜਾ ਰਹੀ। ਓਕਵਿਲ ਵਾਲੇ ਹਮਲਿਆਂ ਦੇ ਬਾਅਦ, ਯਾਰਕ ਸਿਨੇਮਾ (York Cinemas) ਨੇ ਵੀ ਕਿਹਾ ਕਿ ਉਹ ਹੁਣ ਕੋਈ ਵੀ ਭਾਰਤੀ ਫਿਲਮ ਨਹੀਂ ਦਿਖਾਵੇਗਾ।
ਉਨ੍ਹਾਂ ਨੇ ਕਿਹਾ,“ ਹਾਲੀਆ ਹਮਲਿਆਂ ਕਾਰਨ, ਅਸੀਂ ਸਾਰੇ ਭਾਰਤੀ ਸਿਨੇਮਾ ਰੋਕ ਰਹੇ ਹਾਂ। ਇਹ ਫੈਸਲਾ ਸਾਡੇ ਕਰਮਚਾਰੀਆਂ ਅਤੇ ਮਹਿਮਾਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਹ ਲੋਕ ਜੋ ਪਹਿਲਾਂ ਹੀ ਟਿਕਟਾਂ ਬੁੱਕ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ।”