ਲੰਡਨ ਦੇ ਕੌਮਾਂਤਰੀ ਅਦਬੀ ਮੇਲੇ ਵਿੱਚ ਪ੍ਰਵਾਨ ਹੋਏ ਅਹਿਮ ਮਤੇ
ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਦੇ ਪਸਾਰ ਲਈ ਅੰਤਰਰਾਸ਼ਟਰੀ ਪੱਧਰ ’ਤੇ ਹੁੰਦੇ ਸਮਾਗਮਾਂ ਦੀ ਲੜੀ ਵਿੱਚ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂਕੇ ਵੱਲੋਂ ਪਿਛਲੇ ਸਾਲ ਤੋਂ ਇੰਗਲੈਂਡ ਵਿੱਚ ਸ਼ੁਰੂ ਕੀਤਾ ਅਦਬੀ ਮੇਲਾ ਆਪਣਾ ਚੰਗਾ ਮੁਕਾਮ ਬਣਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਹੈ। ਆਪਣੀ ਬੋਲੀ ਅਤੇ ਸੱਭਿਆਚਾਰ ਪ੍ਰਤੀ ਇਸ ਮੇਲੇ ਦੇ ਪ੍ਰਬੰਧਕਾਂ ਦੀ ਪ੍ਰਤੀਬੱਧਤਾ ਦਾ ਨਤੀਜਾ ਹੈ ਕਿ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਇਸ ਨਾਲ ਜੁੜੇ ਹੋਏ ਹਨ।
ਇਸ ਵਰ੍ਹੇ ਵੀ ਮੇਲੇ ਵਿੱਚ ਕਵਿਤਾ, ਗੀਤ ਸੰਗੀਤ, ਰੰਗਮੰਚ, ਲੋਕ ਧਾਰਾ, ਵਿਚਾਰ ਚਰਚਾ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਸੰਜੀਦਾ ਮੁੱਦਿਆਂ ’ਤੇ ਭਰਵੀਂ ਗੱਲਬਾਤ ਹੋਈ। ਇਸ ਉਪਰਾਲੇ ਨੇ ਬਰਤਾਨੀਆ ਦੀ ਧਰਤੀ ’ਤੇ ਵਸਦੇ ਪੰਜਾਬ ਵਿੱਚ ਹੋਰ ਸੁਗੰਧਾਂ ਭਰੀਆਂ। ਇਸ ਬਾਰ ਦੂਸਰਾ ਕੌਮਾਂਤਰੀ ਅਦਬੀ ਮੇਲਾ ਪਿਛਲੇ ਦਿਨੀਂ ਸਾਊਥਾਲ (ਲੰਡਨ) ਸਥਿਤ ਡੋਰਮਰਸ ਵਿਲਸ ਸਕੂਲ ਦੇ ਥੀਏਟਰ ਹਾਲ ਵਿੱਚ ਕਰਵਾਇਆ ਗਿਆ। ਰਸਮੀ ਤੌਰ ’ਤੇ ਮੇਲਾ ਦੋ ਦਿਨ ਦਾ ਹੁੰਦਾ ਹੈ, ਪਰ ਇਸ ਬਾਰ ਤੀਜੇ ਅਤੇ ਚੌਥੇ ਦਿਨਾਂ ਦੀਆਂ ਦੋ ਸ਼ਾਮਾਂ ਵੀ ਇਸ ਮੇਲੇ ਦਾ ਹਿੱਸਾ ਬਣੀਆਂ। ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਅਤੇ ਯੂਰਪ ਤੋਂ ਪਹੁੰਚੇ ਅਦਬੀ ਭਾਗੀਦਾਰਾਂ ਸਮੇਤ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਕਲਮਕਾਰ ਇਸ ਅਦਬੀ ਮੇਲੇ ਦੀ ਸ਼ਾਨ ਬਣੇ ਅਤੇ ਉਨ੍ਹਾਂ ਦੀਆਂ ਰਚਨਾਵਾਂ, ਵਿਚਾਰ, ਕਲਾ, ਹੁਨਰ ਨੇ ਇਸ ਮੇਲੇ ਵਿੱਚ ਅਦਬੀ ਰੰਗ ਭਰਿਆ।
ਇਹ ਫੋਰਮ ਇਸ ਮੇਲੇ ਰਾਹੀਂ ਦੁਨੀਆ ਭਰ ਦੇ ਲੋਕਾਂ ਨੂੰ ਸਾਰਥਿਕ ਸੁਨੇਹਾ ਦੇਣਾ ਚਾਹੁੰਦਾ ਹੈ। ਇਸੇ ਕਰਕੇ ਇਸ ਵਿੱਚ ਅਹਿਮ ਮਤੇ ਪ੍ਰਵਾਨ ਕੀਤੇ, ਪ੍ਰਚਾਰੇ ਅਤੇ ਪ੍ਰਸਾਰੇ ਗਏ। ਇਨ੍ਹਾਂ ਮਤਿਆਂ ਦੇ ਖਰੜੇ ਦਾ ਨਿਰਮਾਣ ਮੇਲੇ ਵਿੱਚ ਹੋਈਆਂ ਵੱਖ ਵੱਖ ਪੇਸ਼ਕਾਰੀਆਂ ਵਿੱਚੋਂ ਹੀ ਹੋਇਆ। ਸ਼੍ਰੋਮਣੀ ਨਾਟਕਕਾਰ ਡਾ. ਆਤਮਜੀਤ ਨੇ ਮਾਨਵੀ ਵਿਕਾਸ ਵਿੱਚ ਮਸ਼ੀਨ ਅਤੇ ਕੁਦਰਤ ਦੀ ਅਹਿਮੀਅਤ ਨੂੰ ਉਸਾਰਦਿਆਂ ਅਦਬ ਦੀ ਭੂਮਿਕਾ ਨੂੰ ਬਿਆਨ ਕੀਤਾ। ਉੱਘੇ ਚਿੰਤਕ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਸ਼ਕਤੀਸ਼ਾਲੀ ਮੀਡੀਆ ਦੇ ਦੌਰ ਵਿੱਚ ਸਾਹਿਤ ਦੇ ਸਥਾਨ ਦੀ ਗੱਲ ਕੀਤੀ ਜਦੋਂ ਕਿ ਪੰਜਾਬੀ ਦੇ ਵਿਦਵਾਨ ਲੇਖਕ ਡਾ. ਕੁਲਦੀਪ ਸਿੰਘ ਦੀਪ ਨੇ ਸਾਮਰਾਜੀ ਜੰਗਾਂ ਦੇ ਦੌਰ ਵਿੱਚ ਅਦਬ ਦੀ ਭੂਮਿਕਾ ’ਤੇ ਖੋਜ ਪੱਤਰ ਪੜਿ੍ਹਆ।
ਕਵੀ ਦਰਬਾਰ ਦੇ ਸੈਸ਼ਨ ਦੌਰਾਨ ਪੰਜਾਬੀ ਸ਼ਾਇਰਾਂ ਦੀਆਂ ਕਵਿਤਾਵਾਂ, ਗੀਤਾਂ, ਨਜ਼ਮਾਂ, ਗ਼ਜ਼ਲਾਂ ਵਿੱਚੋਂ ਮਨਸੂਈ-ਬੁੱਧੀ ਦੇ ਦੌਰ ਵਿੱਚ ਮੁਹੱਬਤੀ ਭਾਵਨਾਵਾਂ ਦਾ ਅੱਖੋਂ ਪਰੋਖੇ ਹੋਣ ਦਾ ਤੌਖਲਾ ਨਜ਼ਰ ਆ ਰਿਹਾ ਸੀ। ਕਹਾਣੀਆਂ ਦੇ ਪਾਠ ਵਿੱਚ ਬਦਲ ਰਹੇ ਸੱਭਿਆਚਾਰ ਦੀ ਤਸਵੀਰ ਝਲਕਦੀ ਸੀ। ਸੋਮਪਾਲ ਹੀਰਾ ਨੇ ਨਾਟਕ ਰਾਹੀਂ ਮਾਰੀ ਜਾ ਰਹੀ ਮਾਂ ਬੋਲੀ ਦਾ ਫ਼ਿਕਰ ਕੀਤਾ। ਡਾ. ਆਤਮਜੀਤ ਵੱਲੋਂ ‘ਕਿਸ਼ਤੀਆਂ ਵਿੱਚ ਜਹਾਜ਼’ ਨਾਟਕ ਦੇ ਕੀਤੇ ਪਾਠ ਦੌਰਾਨ ਡਾ. ਦੀਵਾਨ ਸਿੰਘ ਦੀ ਅਨੋਖੀ ਗਾਥਾ ਨੇ ਦਰਸ਼ਕਾਂ ਨੂੰ ਧੁਰ ਅੰਦਰੋਂ ਝੰਜੋੜਿਆ। ਪਰਵਾਸ, ਪਰਵਾਸੀ, ਲੋਕ ਧਾਰਾ, ਨੌਜਵਾਨ ਪੀੜ੍ਹੀ ਅਤੇ ਗੀਤ ਸੰਗੀਤ ’ਤੇ ਚਰਚਾ ਵੀ ਹੋਈ ਅਤੇ ਪੰਮੀ ਹੰਸਪਾਲ ਨੇ ਸਾਹਿਤਕ ਸੰਗੀਤ ਦੀ ਹਾਜ਼ਰੀ ਵੀ ਲਗਵਾਈ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਵਿੱਚੋਂ ਉੱਭਰੇ ਫਿਕਰ, ਚਿੰਤਤਾਵਾਂ ਅਤੇ ਤੌਖਲਿਆਂ ਨੇ ਜੋ ਮਤੇ ਤਿਆਰ ਕਰਵਾਏ ਉਹ ਮੰਚ ਤੋਂ ਪੜ੍ਹੇ ਗਏ।
ਪਹਿਲਾ ਮਤਾ ਐਲਾਨਿਆ ਗਿਆ ਕਿ ਇਨ੍ਹਾਂ ਸਮਿਆਂ ਵਿੱਚ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਯੁੱਧਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕੁਝ ਥਾਵਾਂ ’ਤੇ ਅਸੀਂ ਯੁੱਧਾਂ ਵਿੱਚ ਹੋਏ ਵੱਡੇ ਨੁਕਸਾਨਾਂ ਬਾਰੇ ਵੇਖ-ਪੜ੍ਹ ਚੁੱਕੇ ਹਾਂ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ। ਸੰਵਾਦ ਰਾਹੀਂ ਮਸਲੇ ਨੂੰ ਨਜਿੱਠਣਾ ਹੀ ਹੱਲ ਹੈ। ਦੂਸਰੇ ਮਤੇ ਵਿੱਚ ਕਿਹਾ ਗਿਆ ਕਿ ਭਾਰਤ ਪਾਕਿਸਤਾਨ ਵਿੱਚ ਜੰਗ ਛਿੜਨ ’ਤੇ ਅਜੇ ਵੀ ਬਣੇ ਤਣਾਓ ਤੋਂ ਸਦਾ ਲਈ ਮੁਕਤ ਹੋਣ ਦੀ ਕਾਮਨਾ ਕਰਦੇ ਹੋਏ ਅਸੀਂ ਭਾਸ਼ਾ ਦੇ ਮਾਧਿਅਮ ਰਾਹੀਂ ਇਸ ਤਣਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਜਾਰੀ ਰਹੇਗੀ।
ਤੀਸਰਾ ਮਤਾ ਪੇਸ਼ ਕਰਦਿਆਂ ਭਾਸ਼ਾਵਾਂ ਬਾਰੇ ਗੱਲ ਹੋਈ ਕਿ ਘੱਟ ਗਿਣਤੀ ਭਾਸ਼ਾਵਾਂ ਨੂੰ ਜਾਣ ਬੁੱਝ ਕੇ ਹਾਸ਼ੀਏ ’ਤੇ ਲਿਆਂਦਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਭਾਸ਼ਾ ਨੂੰ ਬਰਾਬਰ ਪਿਆਰ ਸਤਿਕਾਰ ਮਿਲੇ ਅਤੇ ਭਾਸ਼ਾ ਸਦੀਵੀ ਰਹੇ। ਚੌਥਾ ਮਤਾ ਵਧ ਰਹੀ ਤਕਨਾਲੋਜੀ ਦੇ ਮਾਨਵੀ ਸੰਦਰਭ ਵਿੱਚੋਂ ਉੱਭਰਿਆ ਕਿ ਇਹ ਮੇਲਾ ਦੁਨੀਆ ਭਰ ਵਿੱਚ ਮਸਨੂਈ ਬੁੱਧੀ ਰਾਹੀਂ ਹੱਥੀਂ ਕਿਰਤ ਕਰਨ ਵਾਲੇ ਕਾਮਿਆਂ ਦੀ ਹੋ ਰਹੀ ਛਾਂਟੀ ’ਤੇ ਚਿੰਤਾ ਪ੍ਰਗਟਾਉਂਦਾ ਹੋਇਆ ਦੁਆ ਕਰਦਾ ਹੈ ਕਿ ਕਿਰਤ ਜਿਊਂਦੀ ਰਹੇ ਅਤੇ ਕਿਰਤੀ ਖ਼ੁਸ਼ ਰਹਿਣ। ਪੰਜਵਾਂ ਮਤਾ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕੁਰਬਾਨੀ ਅਤੇ ਲੋਕ ਪਿਆਰ ਨੂੰ ਉਜਾਗਰ ਕਰਦਿਆਂ ਪੜਿ੍ਹਆ ਗਿਆ ਕਿ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦਾ ਨਾਮ ਡਾਕਟਰ ਦੀਵਾਨ ਸਿੰਘ ਦੇ ਨਾਮ ’ਤੇ ਹੋਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉੱਥੇ ਵਸਦੇ ਕਾਮਿਆਂ ਦੀ ਭਲਾਈ ਅਤੇ ਤੰਦਰੁਸਤੀ ਦੇ ਲੇਖੇ ਲਾਇਆ।
ਰਾਜਿੰਦਰਜੀਤ, ਅਜ਼ੀਮ ਸ਼ੇਖਰ, ਮਹਿੰਦਰਪਾਲ ਧਾਲੀਵਾਲ ਅਤੇ ਅਬੀਰ ਬੁੱਟਰ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਮਤਿਆਂ ਨੂੰ ਮਿਲੀ ਭਰਵੀਂ ਪ੍ਰਵਾਨਗੀ ਉਪਰੰਤ ਇਸ ਕੌਮਾਂਤਰੀ ਅਦਬੀ ਮੇਲੇ ਦੀ ਕਾਮਯਾਬੀ ਲਈ ਹਾਲ ਤਾੜੀਆਂ ਨਾਲ ਗੂੰਜਿਆ।
ਸੰਪਰਕ: 98140-78799