ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਮੇਂ ਦਾ ਸੱਚ ਬਿਆਨਦਾ ਪਰਵਾਸੀ ਸ਼ਾਇਰ ਪਵਿੱਤਰ ਧਾਲੀਵਾਲ

ਅਵਤਾਰ ਸਿੰਘ ਬਿਲਿੰਗ ਲੰਬੇ ਸਮੇਂ ਤੋਂ ਐਡਮਿੰਟਨ (ਕੈਨੇਡਾ) ਵੱਸਦਾ ਪਵਿੱਤਰ ਧਾਲੀਵਾਲ ਆਪਣੀ ਕਵਿਤਾ ਰਾਹੀਂ ਸੁਪਨੇ ਨਹੀਂ ਸਿਰਜਦਾ, ਸਗੋਂ ਸਮੇਂ ਦਾ ਸੱਚ ਬਿਆਨਣ ਵਿੱਚ ਯਕੀਨ ਰੱਖਦਾ ਹੈ। ਉਸ ਦਾ ਪਿਛੋਕੜ ਮੋਰਿੰਡਾ ਨੇੜਲੇ ਇਤਿਹਾਸਕ ਪਿੰਡ ਸਹੇੜੀ ਦਾ ਹੈ। ਹੁਣ ਤੱਕ ਉਸ ਦੇ...
Advertisement

ਅਵਤਾਰ ਸਿੰਘ ਬਿਲਿੰਗ

ਲੰਬੇ ਸਮੇਂ ਤੋਂ ਐਡਮਿੰਟਨ (ਕੈਨੇਡਾ) ਵੱਸਦਾ ਪਵਿੱਤਰ ਧਾਲੀਵਾਲ ਆਪਣੀ ਕਵਿਤਾ ਰਾਹੀਂ ਸੁਪਨੇ ਨਹੀਂ ਸਿਰਜਦਾ, ਸਗੋਂ ਸਮੇਂ ਦਾ ਸੱਚ ਬਿਆਨਣ ਵਿੱਚ ਯਕੀਨ ਰੱਖਦਾ ਹੈ। ਉਸ ਦਾ ਪਿਛੋਕੜ ਮੋਰਿੰਡਾ ਨੇੜਲੇ ਇਤਿਹਾਸਕ ਪਿੰਡ ਸਹੇੜੀ ਦਾ ਹੈ। ਹੁਣ ਤੱਕ ਉਸ ਦੇ ਦੋ ਕਾਵਿ ਸੰਗ੍ਰਹਿ- ‘ਸਮੇਂ ਦਾ ਰਾਗ’ ਅਤੇ ‘ਇਰਦ-ਗਿਰਦ’ ਪ੍ਰਕਾਸ਼ਿਤ ਹੋਏ ਹਨ ਜਿਹੜੇ ਉਸ ਦਾ ਆਪਣੀ ਮਾਤ ਭੂਮੀ ਲਈ ਮੋਹ ਅਤੇ ਫ਼ਿਕਰ ਵੀ ਜ਼ਾਹਰ ਕਰਦੇ ਹਨ। ਇਸ ਦੇ ਨਾਲ ਹੀ ਇਹ ਮੌਜੂਦਾ ਕੈਨੇਡੀਅਨ ਸਿਸਟਮ ਦਾ ਯਥਾਰਥ ਚਿਤਰਦੇ, ਆਸ਼ਾਵਾਦ ਦਾ ਪੱਲਾ ਨਹੀਂ ਛੱਡਦੇ, ਸਗੋਂ ਦੋਹਾਂ ਦੇਸ਼ਾਂ ਵਿੱਚ ਹਾਲਾਤ ਨਾਲ ਸਿੱਝਣ ਦਾ ਰਾਹ ਸੁਝਾਉਂਦੇ ਹਨ। ਉਸ ਦੀ ਨਵੀਂ ਕਵਿਤਾ ‘ਜੀ ਸਦਕੇ ਕੈਨੇਡਾ ਆ’ ਵਿੱਚੋਂ ਮਿਸਾਲ ਦੇਖੋ:

ਜੀ ਸਦਕੇ ਕੈਨੇਡਾ ਆ

Advertisement

ਪਰ ਏਥੇ ਮੀਣੇ ਬਲਦ ਵਾਗੂੰ

ਧੌਣ ਸੁੱਟ ਕੇ

ਗਾਧੀ ਜੁੜਨਾ ਪੈਂਦਾ ਹੈ

ਏਥੇ ਸਿਸਟਮ ਜਾਣਦਾ ਹੈ

ਅੱਥਰੇ ਘੋੜਿਆਂ ਨੂੰ ਕਾਠੀ ਪਾਉਣਾ

ਜੀ ਸਦਕੇ ਕੈਨੇਡਾ ਆ

ਪਰ ਛੱਡ ਆਵੀਂ

ਝੂਠੀ ਤੁਰਲੇ ਵਾਲੀ ਸਰਦਾਰੀ

ਤੇ ਸੱਥ ’ਚ ਖੜ੍ਹ ਕੇ

ਮਾਰਨੀਆਂ ਜੱਕੜੀਆਂ

...ਏਹ ਸੋਚ ਕੇ ਕੈਨੇਡਾ ਨਾ ਆਵੀਂ

ਕਿ ਏਥੇ ਸਭ ਸੁੱਖ-ਸਾਂਦ ਹੈ

ਏਥੇ ਵੀ ਮਰਦੇ ਹਨ ਲੋਕ ਦੁਰਘਟਨਾਵਾਂ ’ਚ

ਤੇ ਨੌਜਵਾਨ ਨਸ਼ਿਆਂ ’ਚ ਡੁੱਬ ਕੇ

ਜ਼ਿੰਦਗੀ ਦੀ ਜੱਦੋ ਜਹਿਦ ਦੇ ਚੱਲਦਿਆਂ

ਏਥੇ ਵੀ ਲੋਕ ਕਰਦੇ ਹਨ ਖੁਦਕੁਸ਼ੀ

ਪਰ ਭਾਰਤੀ ਬੰਦੇ ਨੂੰ ਕੈਨੇਡਾ ਕਿਉਂ ਆਉਣਾ ਪੈ ਰਿਹਾ? ਕਿਉਂ ਉਹ ਆਪਣਾ ਵਤਨ ਛੱਡ ਕੇ ਪਰਦੇਸੀ ਬਣਨ ਨੂੰ ਤਰਜੀਹ ਦਿੰਦਾ ਹੈ? ਜਵਾਬ ਹਾਜ਼ਰ ਹੈ:

ਹਸਪਤਾਲਾਂ ਦੀ ਥਾਂ ਬਣਦੇ ਨੇ ਮੰਦਰ

ਬਾਹਰੋਂ ਹੋਰ ਕੁਝ ਹੋਰ ਹੈ ਅੰਦਰ

ਸਿਰਫ਼ ਗੱਲਾਂ ਨੇ ਬਦਲਾਅ ਦੀਆਂ

ਪਰ ਬਦਲੀ ਨਹੀਂ ਅਜੇ ਤੱਕ ਨੁਹਾਰ

...ਗੁੱਜਰਾਂ ਦੀ ਭੇਡ ਵਾਂਗ

ਤੈਨੂੰ ਪਹਿਲਾਂ ਵੀ ਮੁੰਨਿਆ ਹੈ ਕਈ ਵਾਰ

ਮੇਰੇ ਪਰਦੇਸੀ ਯਾਰ

ਤੂੰ ਹੋ ਜਾ ਹੁਸ਼ਿਆਰ

ਧਾਰਮਿਕ ਆਸਥਾ ਜਿਨ੍ਹਾਂ ਨੇ ਸਾਧਾਰਨ ਲੋਕਾਂ ਨੂੰ ਦ੍ਰਿੜਤਾ ਪ੍ਰਦਾਨ ਕਰਨੀ ਸੀ, ਉਹ ਬਹਿਰੂਪੀਏ ਬਣੇ ਜਨਤਾ ਨੂੰ ਲੁੱਟ ਰਹੇ ਹਨ। ਆਮ ਆਦਮੀ ਕਿਸ ਉੱਪਰ ਵਿਸ਼ਵਾਸ ਕਰੇ?:

ਸਾਧਾਂ ਦੇ ਚੋਲਿਆਂ ਵਿੱਚ ਚੋਰ ਘੁੰਮ ਰਹੇ ਨੇ

ਇਹ ਅੰਦਰੋਂ ਨੇ ਨਾਗ

ਬਣ ਕੇ ਮੋਰ ਘੁੰਮ ਰਹੇ ਨੇ

ਕਿੰਨੇ ਆਜ਼ਾਦੀ ਦਿਵਸ ਮਨਾਉਣ ਮਗਰੋਂ ਵੀ ਬੇਰੁਜ਼ਗਾਰੀ ਹੈ। ਹੱਕਾਂ ਲਈ ਲੜ ਰਹੇ ਬੇਰੁਜ਼ਗਾਰਾਂ ਉੱਤੇ ਸਿਆਸਤ ਡਾਂਗਾਂ ਦਾ ਮੀਂਹ ਵਰਸਾਉਂਦੀ ਹੈ। ਸਮਾਜਿਕ ਨਾ ਬਰਾਬਰੀ ਹੈ:

ਇੱਕ ਪਾਸੇ ਕੁੱਤੇ ਸੌਣ ਏਸੀ ਕਮਰਿਆਂ ਵਿੱਚ

ਤੇ ਲੋਕ ਭੁੱਖੇ ਸੜਕਾਂ ’ਤੇ ਸੌਂਦੇ ਨੇ

ਨਖਿੱਧ ਸਿਸਟਮ ਵੱਲੋਂ ਉਦਾਸ ਹੋਏ ਵਤਨੀਂ ਲੋਕ ਜਨਮਾਂ ਜਾਂ ਮਾੜੇ ਕਰਮਾਂ ਮੁਕੱਦਰਾਂ ਦੇ ਚੱਕਰ ਵਿੱਚ ਪਏ ਦਿਨ ਕਟੀ ਕਰ ਰਹੇ ਹਨ। ਸ਼ਾਸਨ ਉੱਤੇ ਕਾਬਜ਼ ਅਮੀਰਾਂ ਤੇ ਚੌਧਰੀਆਂ ਦੀ ਉਨ੍ਹਾਂ ਉਦਾਸ ਚਿਹਰਿਆਂ ਵੱਲ ਨਜ਼ਰ ਨਹੀਂ ਜਾਂਦੀ ਜਿਹੜੇ:

ਕੁਝ ਰੋੜੀ ਕੁੱਟ ਕੇ ਢਿੱਡ ਭਰਦੇ ਨੇ

ਕੁਝ ਬਿਨ ਖਾਧੇ ਭੁੱਖੇ ਮਰਦੇ ਨੇ

ਕਿਸਾਨਾਂ ਤੇ ਕਾਮਿਆਂ ਦੀ ਗਾਥਾ ਲਿਖਾਂ ਤਾਂ ਕਿਸ ਤਰ੍ਹਾਂ?

ਇਖ਼ਲਾਕ ਨਾਂ ਦੀ ਕੋਈ ਚੀਜ਼ ਉਸ ਭ੍ਰਿਸ਼ਟਤੰਤਰ ਵਿੱਚੋਂ ਗਾਇਬ ਹੈ। ਥਾਣਾ ਜੋ ਅਮਨ ਦੀ ਰਾਖੀ ਲਈ ਬਣਿਆ, ਅੱਜ ਪਰਜਾ ਉੱਤੇ ਨਿਸ਼ਾਨੇ ਸਾਧ ਰਿਹਾ ਹੈ। ਸਿਆਸਤਦਾਨ ਪਰਜਾ ਦਾ ਸ਼ਿਕਾਰ ਖੇਡ ਰਹੇ ਹਨ। ਅਮਨ-ਅਮਾਨ ਕੌਣ ਸਥਾਪਤ ਕਰੇਗਾ? ਕੈਨੇਡਾ ਵਿੱਚ ਵੀ ‘ਸਭ ਅੱਛਾ’ ਨਹੀਂ ਹੈ। ਨਵਿਆਂ-ਪੁਰਾਣਿਆਂ ਨੂੰ ਸਦਾ ਕੰਮ ਦੀ ਚਿੰਤਾ ਚਿੰਬੜੀ ਰਹਿੰਦੀ ਹੈ। ਇਸ ਨੂੰ ਉਹ ਇਸ ਤਰ੍ਹਾਂ ਦਰਸਾਉਂਦਾ ਹੈ:

ਕੰਮਕਾਰ ਮੈਂ ਲੱਭਦੀ ਫਿਰਦੀ ਪਰ ਕੰਮ ਮਿਲੇ ਨਾ ਕੋਈ

ਇੰਡੀਆ ਛੱਡ ਕੈਨੇਡਾ ਆਈ

ਵਿੱਚ ਕੈਨੇਡਾ ਖੋਈ

ਭਾਰਤ ਵਿੱਚ ਕਿਰਤ ਸੱਭਿਆਚਾਰ ਦੀ ਘਾਟ ਰੜਕ ਰਹੀ ਹੈ, ਪਰ ਕੈਨੇਡਾ ਵਿਖੇ ਹੱਦੋਂ ਵੱਧ ਇਸ ਵਰਕ ਕਲਚਰ ਵਿੱਚ ਖਚਿਤ ਹੋਣਾ ਸਰਾਪ ਬਣ ਚੁੱਕਾ ਹੈ:

ਉੱਠ ਸਵੇਰੇ ਤੜਕੇ ਤੜਕੇ ਕੰਮਾਂ ਨੂੰ ਚਾਲੇ ਪਾਉਂਦੇ ਹਾਂ

ਸ਼ਾਮ ਢਲੀ ਤੋਂ ਤਾਰਿਆਂ ਛਾਵੇਂ ਮੁੜ ਘਰਾਂ ਨੂੰ ਆਉਂਦੇ ਹਾਂ

ਖਾਧਾ-ਪੀਤਾ ਨ੍ਹਾਤਾ-ਧੋਤਾ ਮੁੜ ਬਿਸਤਰ ’ਤੇ ਪੈ ਗਏ ਹਾਂ

ਸਮਝ ਨਹੀਂ ਲੱਗਦੀ ਮੇਰੇ ਯਾਰੋ ਕੀ ਏਸੇ ਜੋਗੇ ਰਹਿ ਗਏ ਹਾਂ?

ਅਜਿਹੀ ਸਥਿਤੀ ਵਿੱਚੋਂ ਨਿਕਲਣਾ ਆਸਾਨ ਨਹੀਂ। ਬੇਸ਼ੱਕ:

ਡਾਲਰਾਂ ਦੀ ਛਾਂ ਹੇਠ

ਸਾਨੂੰ ਧੁੱਪ ਲੂਹ ਰਹੀ ਹੈ

ਤੇ ਭਰਮ ਜਾਲ ’ਚ ਫਸੇ

ਅਸੀਂ ਆਪਣੇ ਆਪ ਨੂੰ

ਚਲਾਕ ਸਮਝ ਰਹੇ ਹਾਂ।

ਕੈਨੇਡਾ ਵਿਚਲਾ ਪਰਿਵਾਰਕ ਜੀਵਨ ਵੀ ਦੁਸ਼ਵਾਰੀਆਂ ਭਰਿਆ ਹੈ। ਕੋਈ ਵਿਆਹੀ ਲੜਕੀ ਜੋ ਇੱਥੇ ਪਰਿਵਾਰਕ ਸੁੱਖ ਦੀ ਭਾਲ ਵਿੱਚ ਆਉਂਦੀ ਹੈ, ਅਕਸਰ ਉਸ ਦਾ ਸੁਪਨਾ ਸਾਕਾਰ ਨਹੀਂ ਹੁੰਦਾ। ਸਗੋਂ ਦੋਹਰਾ ਪਰਿਵਾਰਕ ਕਲੇਸ਼ ਜੀਵਨ ਨੂੰ ਨਰਕ ਬਣਾ ਕੇ ਰੱਖ ਦਿੰਦਾ ਹੈ:

ਕਾਹਦੀ ਆਈ ਕੈਨੇਡਾ ਰੱਬਾ

ਝਿੰਗਾਂ ਦਾ ਭਰ ਲਿਆ ਥੱਬਾ

ਆਪਣੇ ਫ਼ਰਜ਼ ਪਛਾਨਣ ਲੱਗੀ

ਵਿੱਚੋਂ ਖੁਸ਼ੀਆਂ ਭਾਲਣ ਲੱਗੀ

...ਮਾਪੇ ਆਏ ਦੁੱਖ ਦੂਣਾ ਹੋਇਆ

ਬੇਰਹਿਮੀ ਨਾਲ ਮੈਨੂੰ ਕੋਹਿਆ

ਸਹੁਰੇ ਪੇਕੇ ਦੋਵੇਂ ਲੜ ਪਏ

ਘਰ ’ਚ ਸਾਰੇ ਬਿਜਲੀ ਕੜਕੇ

ਲੱਖ ਪਵਿੱਤਰ ਦਏ ਦਿਲਾਸੇ

ਨਹੀਂਓਂ ਮੁੜਨੇ ਹੁਣ ਮੇਰੇ ਹਾਸੇ

ਆਪੇ ਨੂੰ ਕੀ ਦਿਆਂ ਸਜ਼ਾਵਾਂ

ਕਿਹੜਾ ਰਿਸ਼ਤਾ ਕਿੰਝ ਨਿਭਾਵਾਂ?

ਅਜਿਹੀਆਂ ਹਾਲਤਾਂ ਵਿੱਚ ਵੀ ਸ਼ਾਇਰ ਮਨ ਢੇਰੀ ਨਹੀਂ ਢਾਹੁੰਦਾ। ਉਹ ਅਜਿਹੇ ਸਮਾਜਿਕ ਸਿਸਟਮ ਵਿੱਚ ਵੀ ਆਸ ਦੀ ਕਿਰਨ ਜਗਾਈ ਰੱਖਦਾ ਹੈ। ਉਹ ਕਦੇ ਨਹੀਂ ਹਾਰਦੇ ਜਿਨ੍ਹਾਂ ਨੇ ਜੀਵਨ ਦਾ ਕੋਈ ਨਿਸ਼ਾਨਾ ਮਿੱਥਿਆ ਹੋਵੇ ਜਿਸ ਨੂੰ ਉਹ ‘ਸੁਪਨਿਆਂ’ ਦੀ ਸੰਗਿਆ ਦਿੰਦਾ ਹੈ:

ਕਰ ਜਾਂਦੇ ਕਈ ਖੁਦਕੁਸ਼ੀਆਂ

ਸਭ ਕੁਝ ਹੁੰਦੇ ਸੁੰਦੇ

ਉਹ ਕਦੇ ਨਾ ਹਰਦੇ

ਸਦਾ ਹੀ ਲੜਦੇ

ਹੋਵਣ ਜਿਨ੍ਹਾਂ ਨੇ ਸੁਪਨੇ ਗੁੰਦੇ

ਕਦੇ ਨਾ ਮੰਜ਼ਿਲ ਲਾਂਭੇ ਹੁੰਦੀ

ਜੇ ਕਰ ਯਾਰਾ ਜਾਗ ਕੇ ਤੁਰੀਏ

ਉਦੋਂ ਹੀ ਪੈ ਜਾਏ ਕੁਰਾਹੇ

ਜਦ ਕੋਈ ਰਾਹੀ ਅੱਖਾਂ ਮੁੰਦੇ

ਜੇ ਫੇਰ ਵੀ ਕੋਈ ਗੱਲ ਨਾ ਬਣੇ ਤਾਂ ਸੰਘਰਸ਼ ਕਰਨਾ ਹੀ ਇੱਕੋ ਇੱਕ ਰਾਹ ਹੈ:

ਆ ਆਪਾਂ ਲੜੀਏ

ਬਿਮਾਰੀ ਦੀ ਜੜ੍ਹ ਫੜੀਏ

ਜੱਦੋ ਜਹਿਦ ਕਰੀਏ

ਸੰਪਰਕ: 82849-09596 (ਵੱਟਸਐਪ)

Advertisement