ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੌਕ ਦਾ ਸ਼ੌਕ, ਕੰਮ ਦਾ ਕੰਮ

ਅਕਸਰ ਇਹ ਹੁੰਦਾ ਹੈ ਕਿ ਅਸੀਂ ਜੀਵਨ-ਜਾਚ ਬਾਰੇ ਦਿੱਤੀ ਮਾਪਿਆਂ, ਅਧਿਆਪਕਾਂ ਤੇ ਗੁਣੀ ਜਨਾਂ ਦੀਆਂ ਨਸੀਹਤਾਂ ਅਣਗੌਲਿਆ ਕਰ ਦਿੰਦੇ ਹਾਂ। ਜੀਵਨ-ਜਾਚ ਬਾਰੇ ਜੇ ਕੋਈ ਲੇਖ ਪੜ੍ਹਦੇ ਹਾਂ, ਕੋਈ ਵੀਡੀਓ ਦੇਖਦੇ ਹਾਂ ਜਾਂ ਫਿਰ ਕੋਈ ਪੌਡਕਾਸਟ/ਰੇਡੀਓ ਪ੍ਰੋਗਰਾਮ ਸੁਣਦੇ ਹਾਂ, ਕੁਝ ਅਰਸੇ...
Advertisement

ਅਕਸਰ ਇਹ ਹੁੰਦਾ ਹੈ ਕਿ ਅਸੀਂ ਜੀਵਨ-ਜਾਚ ਬਾਰੇ ਦਿੱਤੀ ਮਾਪਿਆਂ, ਅਧਿਆਪਕਾਂ ਤੇ ਗੁਣੀ ਜਨਾਂ ਦੀਆਂ ਨਸੀਹਤਾਂ ਅਣਗੌਲਿਆ ਕਰ ਦਿੰਦੇ ਹਾਂ। ਜੀਵਨ-ਜਾਚ ਬਾਰੇ ਜੇ ਕੋਈ ਲੇਖ ਪੜ੍ਹਦੇ ਹਾਂ, ਕੋਈ ਵੀਡੀਓ ਦੇਖਦੇ ਹਾਂ ਜਾਂ ਫਿਰ ਕੋਈ ਪੌਡਕਾਸਟ/ਰੇਡੀਓ ਪ੍ਰੋਗਰਾਮ ਸੁਣਦੇ ਹਾਂ, ਕੁਝ ਅਰਸੇ ਬਾਅਦ ਉਹ ਯਾਦ ਵਿੱਚੋਂ ਵਿਸਾਰ ਦਿੰਦੇ ਹਾਂ, ਪਰ ਜੇ ਸਾਨੂੰ ਕੁਝ ਯਾਦ ਰਹਿੰਦਾ ਹੈ ਤਾਂ ਉਹ ਹਨ: ਗ਼ਲਤੀਆਂ, ਤਲਖ਼ੀਆਂ, ਦੁੱਖ ਦੇ ਵੇਲੇ। ਜੀਵਨ-ਯਾਤਰਾ ’ਤੇ ਚੱਲਦਿਆਂ ਜਿਹੜਾ ਵਿਅਕਤੀ ਉਨ੍ਹਾਂ ਗ਼ਲਤੀਆਂ ਤੋਂ ਸਿੱਖ ਕੇ ਜੀਵਨ ਦੇ ਕਦਮ ਪੁੱਟਦਾ ਹੈ, ਉਹ ਸਫਲਤਾ ਦੀ ਮੰਜ਼ਿਲ ਵੱਲ ਵਧਦਾ ਹੈ ਅਤੇ ਜਿਹੜੇ ਉਨ੍ਹਾਂ ਗ਼ਲਤੀਆਂ ਤੋਂ ਨਹੀਂ ਸਿੱਖਦੇ, ਉਹ ਭਟਕਦੇ ਰਹਿੰਦੇ ਹਨ, ਸੋਚਦੇ ਰਹਿੰਦੇ ਹਨ ਕਿ ਜੇ ਅਜਿਹਾ ਨਾ ਹੁੰਦਾ ਤਾਂ ਕੀ ਹੁੰਦਾ ਜਾਂ ਫਿਰ ਜੇ ਉਸ ਤਰ੍ਹਾਂ ਹੁੰਦਾ ਤਾਂ ਕੀ ਹੁੰਦਾ? ਉਹ ਆਪਣੇ ਵਰਤਮਾਨ ਨੂੰ ਮਾਣਨ ਅਤੇ ਭਵਿੱਖ ਨੂੰ ਸੰਵਾਰਨ ਦੀ ਬਜਾਇ, ਅਤੀਤ ਦੇ ਖੰਡਰਾਂ ਵਿੱਚ ਗੁਆਚੇ ਰਹਿੰਦੇ ਹਨ।

ਇੱਕ ਕਹਾਵਤ ਹੈ ਕਿ ਜ਼ਿੰਦਗੀ ਵਿੱਚ ਸਾਨੂੰ ਇੱਕ ਸੰਤੁਲਿਤ ਤੇ ਸੰਪੂਰਨ ਜੀਵਨ ਜਿਊਣ ਲਈ ਇਹ 5 ਸ਼ੌਕ ਜ਼ਰੂਰ ਪਾਲਣੇ ਚਾਹੀਦੇ ਹਨ;

Advertisement

ਸ਼ੌਕ ਜੋ ਤੁਹਾਡੀ ਕਮਾਈ ਦਾ ਸਾਧਨ ਬਣੇ

ਸ਼ੌਕ ਜੋ ਤੁਹਾਨੂੰ ਸਿਹਤਮੰਦ ਰੱਖੇ

ਸ਼ੌਕ ਜੋ ਤੁਹਾਨੂੰ ਰਚਨਾਤਮਕ ਬਣਾਏ

ਸ਼ੌਕ ਜੋ ਤੁਹਾਡੇ ਗਿਆਨ ਨੂੰ ਵਧਾਏ

ਸ਼ੌਕ ਜੋ ਤੁਹਾਡੀ ਮਾਨਸਿਕਤਾ ਨੂੰ ਵਿਕਸਿਤ ਕਰੇ

ਆਓ, ਇਨ੍ਹਾਂ ਦੇ ਬਾਰੇ ਵਿਸਤਾਰਪੂਰਵਕ ਵਿਚਾਰ ਕਰੀਏ।

ਸ਼ੌਕ ਜੋ ਤੁਹਾਡੀ ਕਮਾਈ ਦਾ ਸਾਧਨ ਬਣੇ: ਮਾਰਕ ਟਵੇਨ ਨੇ ਕਿਹਾ ਸੀ, ‘‘ਅਜਿਹਾ ਕੰਮ ਲੱਭੋ ਜਿਸ ਵਿੱਚ ਤੁਹਾਨੂੰ ਆਨੰਦ ਆਵੇ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਕ ਦਿਨ ਵੀ ਕੰਮ ਨਹੀਂ ਕਰਨਾ ਪਵੇਗਾ।’’ ਕਮਾਈ ਦਾ ਸਾਧਨ ਮਨੁੱਖ ਦੀਆ ਆਰਥਿਕ ਤੇ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦਾ ਹੈ, ਬੇਸ਼ੱਕ ਪੈਸਾ ਇਕ ਸਾਧਨ ਹੈ, ਅੰਤਿਮ ਮੰਜ਼ਿਲ ਨਹੀਂ। ਹਰ ਇੱਕ ਮਨੁੱਖ ਦੀ ਮੰਜ਼ਿਲ ਅਲੱਗ-ਅਲੱਗ ਹੁੰਦੀ ਹੈ ਤੇ ਹਰ ਇੱਕ ਦਾ ਪੈਂਡਾ ਵੀ ਅਲੱਗ-ਅਲੱਗ ਹੁੰਦਾ ਹੈ, ਇਸ ਕਰਕੇ ਆਪਣੇ ਸ਼ੌਕ ਮੁਤਾਬਕ ਚੱਲੋ। ਜਿਵੇਂ ਕਹਿੰਦੇ ਹਨ - ਦੋ ਪੈਰ ਘੱਟ ਟੁਰਨਾ ਪਰ ਟੁਰਨਾ ਮਟਕ ਦੇ ਨਾਲ। ਇਹ ਵੀ ਸੱਚ ਹੈ ਕਿ ਪੈਸਾ ਕਮਾਉਣ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਕੰਮ-ਧੰਦਾ ਕਰਨਾ ਪੈਂਦਾ ਹੈ, ਪਰ ਜੇ ਤੁਹਾਡਾ ਸ਼ੌਕ ਹੀ ਤੁਹਾਡਾ ਕੰਮ-ਧੰਦਾ ਹੈ ਤਾਂ ਤੁਸੀਂ ਸਮਝੋ ਬਹੁਤ ਖ਼ੁਸ਼ਕਿਸਮਤ ਹੋ, ਕਿਉਂਕਿ ਅਜਿਹਾ ਕੰਮ ਕਰਨਾ ਜੋ ਤੁਹਾਨੂੰ ਖ਼ੁਸ਼ੀ ਦਿੰਦਾ ਹੈ ਤਾਂ ਤੁਸੀਂ ਉਸ ਨੂੰ ਬੋਝ ਨਹੀਂ ਸਮਝਦੇ! ਭਾਵੇਂ ਤੁਸੀਂ ਉਸ ਨਾਲ ਬਹੁਤ ਜ਼ਿਆਦਾ ਕਮਾਈ ਨਹੀਂ ਕਰ ਸਕਦੇ, ਪਰ ਜੇ ਤੁਸੀਂ ਉਸੇ ਵਿੱਚ ਖ਼ੁਸ਼ ਹੋ ਤਾਂ ਸਮਝੋ ਤੁਸੀਂ ਜੀਵਨ-ਜਾਚ ਦਾ ਸਭ ਤੋਂ ਵੱਡਾ ਹੁਨਰ ਪਾ ਲਿਆ ਹੈ। ਦੂਜੇ ਸ਼ਬਦਾਂ ਵਿੱਚ ਸਾਨੂੰ ਆਪਣੇ ਸ਼ੌਕ ਨੂੰ ਹੀ ਆਪਣਾ ਕੰਮ-ਧੰਦਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਪਹਿਲਾਂ ਤੁਸੀਂ ਆਪਣੇ ਸ਼ੌਕ ਨੂੰ ਸਾਈਡ ਬਿਜਨਸ ਦੇ ਤੌਰ ’ਤੇ ਵੀ ਸ਼ੁਰੂ ਕਰ ਸਕਦੇ ਹੋ। ਇਹ ਕਹਿਣਾ ਸੌਖਾ ਹੈ, ਪਰ ਕਰਨਾ ਬਹੁਤ ਔਖਾ। ਦੁਨੀਆ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਸ਼ੌਕ ਨੂੰ ਕੰਮ ਬਣਾਉਂਦੇ ਹਨ ਅਤੇ ਉਹ ਲੋਕ ਅਕਸਰ ਬਹੁਤ ਕਾਮਯਾਬ ਹੁੰਦੇ ਹਨ, ਪਰ ਅਜਿਹੇ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਸ਼ੌਕ ਨੂੰ ਕੰਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਫਲ ਨਹੀਂ ਹੁੰਦੇ। ਇਹ ਸਭ ਕੁਝ ਉਨ੍ਹਾਂ ਦੇ ਹੱਥ-ਬਸ ਨਹੀਂ ਹੁੰਦਾ, ਕਿਸਮਤ ਜਾਂ ਸੰਜੋਗਾਂ ਦੀ ਖੇਡ ਕਹਿ ਲਓ ਜਾਂ ਜੀਵਨ ਦਾ ਉੱਘੜ-ਦੁੱਘੜ ਸੁਭਾਅ ਕਹਿ ਲਓ। ਇਸ ਦਾ ਮਤਲਬ ਇਹ ਹਰਗ਼ਿਜ਼ ਨਹੀਂ ਕਿ ਜੇ ਤੁਸੀਂ ਆਪਣੇ ਸ਼ੌਕ ਨੂੰ ਕੰਮ ਨਹੀਂ ਬਣਾਇਆ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਜੇ ਤੁਸੀਂ ਮਿਹਨਤ ਤੇ ਦਿਲ ਨਾਲ ਕੰਮ ਕਰਕੇ, ਉੱਚੀ ਪੜ੍ਹਾਈ ਪੜ੍ਹ ਕੇ ਆਪਣੇ ਆਪਣੇ ਕੰਮ ਦੇ ਖੇਤਰ ਵਿੱਚ ਨਿਪੁੰਨਤਾ ਹਾਸਲ ਕਰੋ ਤਾਂ ਤੁਹਾਡਾ ਕੰਮ ਤੁਹਾਡਾ ਸ਼ੌਕ ਬਣ ਸਕਦਾ ਹੈ। ਹਾਂ! ਇਸ ਲਈ ਤੁਹਾਨੂੰ ਸਮਾਂ ਜ਼ਰੂਰ ਲੱਗ ਸਕਦਾ ਹੈ।

ਤੁਸੀਂ ਚਾਹੇ ਕਿਸੇ ਵੀ ਕਿਸਮ ਦਾ ਕੰਮ ਕਰਦੇ ਹੋ, ਪਰ ਸੁਖੀ ਜੀਵਨ ਵਿਉਂਤਬੰਦੀ ਵਾਸਤੇ ਹੇਠ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ; ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਬਜਟ ਤੈਅ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਵਿੱਤੀ ਸਲਾਹਕਾਰ 50/30/20 ਦਾ ਨਿਯਮ ਸੁਝਾਉਂਦੇ ਹਨ। ਆਪਣੀ ਤਨਖਾਹ ਵਿੱਚੋਂ 50% ਜ਼ਰੂਰਤਾਂ (ਰਿਹਾਇਸ਼, ਸਹੂਲਤਾਂ, ਆਵਾਜਾਈ ਅਤੇ ਹੋਰ ਖ਼ਰਚੇ) ਲਈ ਵਰਤੋ, 30% ਜ਼ਰੂਰਤਾਂ (ਬਾਹਰ ਖਾਣਾ, ਕੱਪੜੇ ਅਤੇ ਮਨੋਰੰਜਨ) ਲਈ ਅਤੇ 20% ਬੱਚਤ ਅਤੇ ਕਰਜ਼ੇ ਦੀ ਅਦਾਇਗੀ ਲਈ ਵਰਤੋ।

ਐਮਰਜੈਂਸੀ ਵਾਸਤੇ ਘੱਟੋ-ਘੱਟ 3-6 ਮਹੀਨਿਆਂ ਦੀ ਤਨਖਾਹ ਆਪਣੇ ਬੱਚਤ ਖਾਤੇ ਵਿੱਚ ਜ਼ਰੂਰ ਰੱਖੋ, ਆਪਣੇ ਰਿਟਾਇਰਮੈਂਟ ਖਾਤੇ ਵਿੱਚ ਹਰ ਮਹੀਨੇ ਵੱਧ-ਤੋਂ-ਵੱਧ ਯੋਗਦਾਨ ਪਾਓ। ਆਪਣੀ ਆਮਦਨ ਦਾ ਘੱਟੋ-ਘੱਟ 10 ਪ੍ਰਤੀਸ਼ਤ ਹਿੱਸਾ ਬੱਚਤ ਖਾਤੇ ਵਿੱਚ ਹਰ ਮਹੀਨੇ ਜਮ੍ਹਾਂ ਕਰਨਾ ਚਾਹੀਦਾ ਹੈ, ਖ਼ਾਸ ਤੌਰ ’ਤੇ ਅਜਿਹੇ ਖਾਤੇ ਵਿੱਚ ਜਿਸ ਵਿੱਚ ਮਿਸ਼ਰਤ (ਕੰਪਾਊਂਡ) ਵਿਆਜ ਮਿਲਦਾ ਹੋਵੇ। ਮਿਸ਼ਰਤ ਵਿਆਜ ਬੱਚਤ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਾਧਨ ਹੈ। ਬੱਚਤ ਜਿੰਨੀ ਜਲਦੀ ਤੇ ਛੋਟੀ ਉਮਰ ਵਿੱਚ ਸ਼ੁਰੂ ਕੀਤੀ ਜਾਵੇ, ਓਨਾ ਹੀ ਚੰਗਾ ਹੈ। ਤੁਹਾਡਾ ਪੈਸਾ ਜਿੰਨਾ ਜ਼ਿਆਦਾ ਨਿਵੇਸ਼ ਕੀਤਾ ਜਾਂਦਾ ਹੈ, ਓਨਾ ਹੀ ਸਮੇਂ ਦੇ ਨਾਲ ਮਿਸ਼ਰਤ ਵਿਆਜ ਕਰਕੇ ਜ਼ਿਆਦਾ ਵਧਦਾ ਹੈ। ਉਦਾਹਰਨ ਦੇ ਤੌਰ ’ਤੇ ਜੇ ਕਿਸੇ ਵਿਅਕਤੀ ਨੇ 22 ਸਾਲ ਦੀ ਉਮਰ ਵਿੱਚ ਸ਼ੁਰੂ ਕਰਕੇ ਹਰ ਸਾਲ 12,000 ਬੱਚਤ ਖਾਤੇ ਵਿੱਚ ਨਿਵੇਸ਼ ਕੀਤਾ ਹੋਵੇ, ਤਾਂ 7 ਪ੍ਰਤੀਸ਼ਤ ਸਾਲਾਨਾ ਮਿਸ਼ਰਤ ਵਿਆਜ ’ਤੇ 60 ਸਾਲ ਦੀ ਉਮਰ ਤੱਕ (38 ਸਾਲ ਵਿੱਚ) ਉਸ ਦੀ ਰਕਮ 22,15,684 ਹੋ ਜਾਵੇਗੀ। ਇਸ ਦੇ ਉਲਟ ਜੇ ਕੋਈ ਵਿਅਕਤੀ 30 ਸਾਲ ਦੀ ਉਮਰ ਵਿੱਚ ਸ਼ੁਰੂ ਵਿੱਚ ਹੋ ਕਿ ਹਰ ਸਾਲ 12,000 ਨਿਵੇਸ਼ ਕਰਦਾ ਹੈ ਤਾਂ 60 ਸਾਲ ਦੀ ਉਮਰ ਤੱਕ (30 ਸਾਲ ਵਿੱਚ), ਉਸ ਦੀ ਰਕਮ ਸਿਰਫ਼ 12,12,877 ਹੀ ਹੋਵੇਗੀ। ਸਿਰਫ਼ 8 ਸਾਲ ਜਲਦੀ ਬੱਚਤ ਸ਼ੁਰੂ ਕਰਨ ਨਾਲ ਤੁਹਾਡੇ ਕੋਲ ਉਸ ਵਿਅਕਤੀ ਤੋਂ ਤਕਰੀਬਨ ਦੁੱਗਣੀ ਰਕਮ ਹੋਵੇਗੀ। ਬੱਚਤ ਕਰਨ ਲਈ ਅਨੁਸ਼ਾਸਨ ਦਾ ਹੋਣਾ ਅਤਿ ਜ਼ਰੂਰੀ ਹੈ ਤਾਂ ਜੋ ਹਰ ਮਹੀਨੇ ਤੇ ਹਰ ਸਾਲ ਬੱਚਤ ਕੀਤੀ ਜਾ ਸਕੇ।

ਜੇ ਤੁਹਾਡੇ ਬੱਚੇ ਹਨ ਤਾਂ ਉਨ੍ਹਾਂ ਦੀ ਸਕੂਲ ਤੇ ਕਾਲਜ ਦੀ ਪੜ੍ਹਾਈ ਲਈ ਅਲੱਗ-ਅਲੱਗ ਬੱਚਤ ਖਾਤੇ ਖੋਲ੍ਹਣੇ ਚਾਹੀਦੇ ਹਨ, ਜਿਸ ਵਿੱਚ ਹਰ ਮਹੀਨੇ ਯੋਗਦਾਨ ਪਾਉਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦਾ ਕਰਜ਼ਾ ਲੈਣ ਤੋਂ ਗੁਰੇਜ਼ ਕਰੋ, ਖ਼ਾਸ ਤੌਰ ’ਤੇ ਕ੍ਰੈਡਿਟ ਕਾਰਡ ਤੋਂ। ਪਰ, ਜੇ ਤੁਸੀਂ ਆਪਣੇ ਪਹਿਲੇ ਘਰ ਲਈ ਕਰਜ਼ਾ ਲੈਣਾ ਹੈ, ਤਾਂ ਕਰਜ਼ਾ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲਓ ਕਿ ਕੀ ਤੁਸੀਂ ਉਸ ਦੀਆਂ ਕਿਸ਼ਤਾਂ ਹਰ ਮਹੀਨੇ ਭਰ ਸਕਦੇ ਹੋ ਕਿ ਨਹੀਂ? ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਤਾਂ ਹਰ ਮਹੀਨੇ ਉਸ ਦਾ ਬਿੱਲ ਪੂਰਾ ਭਰੋ ਤੇ ਕੋਈ ਬਕਾਇਆ ਨਾ ਰੱਖੋ ਕਿਉਂਕਿ ਬਕਾਏ ਦੇ ਉੱਪਰ ਹਰ ਮਹੀਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਵਿਆਜ ਲੱਗਦਾ ਹੈ (ਤਕਰੀਬਨ 9%-22%), ਜੋ ਕਿ ਜਲਦੀ ਹੀ ਬਹੁਤ ਵੱਡੀ ਰਕਮ ਬਣ ਸਕਦੀ ਹੈ ਜਿਸ ਨੂੰ ਵਾਪਸ ਮੋੜਨ ਲਈ ਕਈ ਸਾਲ ਲੱਗ ਸਕਦੇ ਹਨ।

ਜੇਕਰ ਤੁਹਾਡੇ ਸਿਰ ਕੋਈ ਵੱਡਾ ਕਰਜ਼ਾ ਹੈ (ਜਿਵੇਂ ਕਿ ਘਰ ਵਾਸਤੇ) ਤਾਂ ਤੁਹਾਨੂੰ ਓਨੀ ਰਕਮ ਜਿੰਨਾ ਜੀਵਨ-ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਤੋਂ ਬਾਅਦ ਵਿੱਚ ਤੁਹਾਡੇ ਪਰਿਵਾਰ ਦੀ ਵਿੱਤੀ ਸੁਰੱਖਿਆ ਹੋ ਸਕੇ। ਆਪਣੇ ਸਾਰੇ ਅੰਡੇ ਇੱਕ ਟੋਕਰੀ ਵਿੱਚ ਨਾ ਪਾਓ, ਜਿਸ ਦਾ ਮਤਲਬ ਹੈ ਕਿ ਆਪਣੀ ਬੱਚਤ ਅਲੱਗ-ਅਲੱਗ ਬੈਂਕ ਖਾਤਿਆਂ ਜਿਵੇਂ ਕਿ ਫਿਕਸਡ ਡਿਪਾਜ਼ਿਟ ਆਦਿ, ਬਾਂਡ ਤੇ ਸਟਾਕ ਮਾਰਕੀਟ, ਜ਼ਮੀਨ-ਜਾਇਦਾਦ ਆਦਿ ਵਿੱਚ ਨਿਵੇਸ਼ ਕਰੋ, ਪਰ ਸੋਚ ਸਮਝ ਕੇ ਅਤੇ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਕਰਕੇ। ਕਈ ਬੈਂਕ ਮੁਫ਼ਤ ਵਿੱਚ ਵਿੱਤੀ ਸਲਾਹਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਕੰਮ ਦੇ ਮਾਰਫ਼ਤ ਵੀ ਵਿੱਤੀ ਸਲਾਹਕਾਰ ਮਿਲ ਸਕਦਾ ਹੈ।

ਇਸੇ ਤਰ੍ਹਾਂ ਜੇ ਤੁਸੀਂ ਆਪਣੀ ਆਮਦਨ ਦੇ ਸਾਧਨ ਵੀ ਵਧਾ ਸਕੋਂ ਤਾਂ ਚੰਗਾ ਹੈ, ਜਿਵੇਂ ਤਨਖਾਹ ਦੇ ਨਾਲ-ਨਾਲ ਜ਼ਮੀਨ-ਜਾਇਦਾਦ ਤੋਂ ਕਿਰਾਏ ਦਾ ਆਉਣਾ ਜਾਂ ਫਿਰ ਕੋਈ ਸਾਈਡ ਬਿਜਨਸ ਜਿਸ ਵਿੱਚ ਤੁਸੀਂ ਸ਼ੌਕ ਰੱਖਦੇ ਹੋ ਤੇ ਮਾਹਿਰ ਹੋ, ਕਿਉਂਕਿ ਬਿਜਨਸ ਕਰਨ ਲਈ ਲੋੜੀਂਦਾ ਅਨੁਭਵ ਹੋਣਾ ਅਤਿ ਜ਼ਰੂਰੀ ਹੈ। ਆਪਣੀ ਵਸੀਅਤ ਜ਼ਰੂਰ ਰਜਿਸਟਰ ਕਰੋ। ਤੁਸੀਂ ਤਹਿਸੀਲਦਾਰ ਦੇ ਦਫ਼ਤਰ ਵਿੱਚ ਆਪਣੀ ਵਸੀਅਤ ਰਜਿਸਟਰ ਕਰਵਾ ਸਕਦੇ ਹੋ। ਜੇ ਤੁਸੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਬੱਚੇ ਛੋਟੇ ਅਤੇ ਨਾਬਾਲਗ ਹਨ ਤਾਂ ਵਸੀਅਤ ਕਰਵਾਉਣਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਜੇ ਤੁਹਾਡੀ ਵਸੀਅਤ ਨਹੀਂ ਹੈ ਤਾਂ ਜੇ ਅਜਿਹੀ ਅਣਸੁਖਾਵੀਂ ਦੁਰਘਟਨਾ ਹੋ ਜਾਵੇ ਕਿ ਤੁਸੀਂ ਤੇ ਤੁਹਾਡਾ ਜੀਵਨਸਾਥੀ ਇਸ ਦੁਨੀਆ ਵਿੱਚ ਨਾ ਰਹਿਣ, ਤਾਂ ਵਸੀਅਤ ਨਾ ਹੋਣ ਦੀ ਹਾਲਤ ਵਿੱਚ ਤੁਹਾਡੇ ਨਾਬਾਲਗ ਬੱਚਿਆਂ ਦੀ ਦੇਖਭਾਲ ਲਈ ਕੋਰਟ ਕਾਨੂੰਨੀ ਸਰਪ੍ਰਸਤ ਨਿਯੁਕਤ ਕਰਦਾ ਹੈ।

ਸ਼ੌਕ ਜੋ ਤੁਹਾਨੂੰ ਸਿਹਤਮੰਦ ਰੱਖੇ:ਅਜਿਹੀ ਕਸਰਤ ਕਰੋ ਜੋ ਤੁਹਾਨੂੰ ਚੰਗੀ ਲੱਗਦੀ ਹੈ ਤੇ ਜਿਸ ਨਾਲ ਤੁਸੀਂ ਸਿਹਤਮੰਦ ਰਹਿ ਸਕੋ, ਕਿਉਂਕਿ ਸਿਹਤਮੰਦ ਸਰੀਰ ਹੀ ਸਿਹਤਮੰਦ ਮਨ ਦਾ ਬਸੇਰਾ ਹੁੰਦਾ ਹੈ। ਰੋਜ਼ਾਨਾ ਕਸਰਤ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਅਤਿ ਮਹੱਤਵਪੂਰਨ ਹੈ। ਰੋਜ਼ਾਨਾ ਕਸਰਤ ਗੰਭੀਰ ਬਿਮਾਰੀਆਂ ਨੂੰ ਰੋਕਣ ਵਿੱਚ ਸਹਾਇਤਾ ਕਰਦੀ ਹੈ, ਸਰੀਰਕ ਸ਼ਕਤੀ ਨੂੰ ਵਧਾਉਂਦੀ ਹੈ, ਤੁਹਾਡੇ ਮੂਡ ਨੂੰ ਚੰਗਾ ਬਣਾਉਂਦੀ ਹੈ। ਕਸਰਤ ਕਰਨ ਨਾਲ ਸਾਨੂੰ ਸੁਖਾਲ਼ੀ ਨੀਂਦ ਆਉਂਦੀ ਹੈ, ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਮਾਨਸਕਿ ਤਣਾਅ ਘਟਦਾ ਹੈ ਅਤੇ ਬੁੱਧੀ ਦਾ ਵਿਕਾਸ ਹੁੰਦਾ ਹੈ। ਰੋਜ਼ਾਨਾ ਲੰਬੀ ਸੈਰ ਕਰਨਾ, ਦੌੜਨਾ, ਯੋਗ-ਆਸਣ, ਨੱਚਣਾ-ਕੁੱਦਣਾ, ਕੋਈ ਵੀ ਮਨਪਸੰਦ ਖੇਡ ਆਦਿ ਤੁਹਾਡੇ ਤਨ-ਮਨ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦੇ ਹਨ। ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕਸਰਤ ਰੋਜ਼ਾਨਾ ਕਰ ਸਕਦੇ ਹੋ, ਪਰ ਜੋ ਤੁਹਾਡੇ ਮਨ ਨੂੰ ਚੰਗੀ ਲੱਗੇ, ਜਿਸ ਦਾ ਤੁਸੀਂ ਸੱਚਮੁੱਚ ਆਨੰਦ ਮਾਣਦੇ ਹੋ ਅਤੇ ਜੋ ਤੁਹਾਡੇ ਸਰੀਰ ਨੂੰ ਚੁਣੌਤੀ ਦੇਵੇ।

ਵੈਸੇ ਸਾਨੂੰ ਡਾਕਟਰਾਂ ਦੇ ਅਨੁਸਾਰ ਰੋਜ਼ 10, 000 ਕਦਮ (8 ਕਿਲੋਮੀਟਰ/5 ਮੀਲ) ਚੱਲਣਾ ਚਾਹੀਦਾ ਹੈ ਜਾਂ ਫਿਰ ਘੱਟੋ-ਘੱਟ 20 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਪਰ ਜਿੰਨੀ ਵੀ ਸੈਰ ਹੋ ਸਕੇ ਸਿਹਤ ਲਈ ਚੰਗੀ ਹੈ। ਵੈਸੇ ਤਾਂ ਸਾਨੂੰ ਆਪਣੇ ਪੂਰੇ ਸਰੀਰ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਪਰ ਜੇ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਤੇ ਤਕੜਾ ਰੱਖਣਾ ਹੈ, ਖ਼ਾਸ ਤੌਰ ’ਤੇ ਬੁਢਾਪੇ ਵਿੱਚ ਤਾਂ ਇਸ ਦੇ ਮਹੱਤਵਪੂਰਨ ਅੰਗਾਂ ਦੀ ਸੰਭਾਲ ਅਤਿ ਜ਼ਰੂਰੀ ਹੈ ਜਿਨ੍ਹਾਂ ਵਿੱਚ ਦਿਮਾਗ਼, ਅੱਖਾਂ, ਦੰਦ, ਕੰਨ, ਪੈਰ, ਕਮਰ, ਗੋਡੇ ਤੇ ਕੇਂਦਰੀ ਭਾਗ (Core) ਆਦਿ ਸ਼ਾਮਲ ਹਨ। ਅੱਖਾਂ ਹਰ ਸਾਲ ਜਾਂ ਤਿੰਨ ਸਾਲ ਵਿੱਚ ਇੱਕ ਵਾਰ ਜ਼ਰੂਰ ਡਾਕਟਰ ਨੂੰ ਦਿਖਾਉਣੀਆਂ ਚਾਹੀਦੀਆਂ ਹਨ। ਦੰਦਾਂ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਹਿੰਦੇ ਹਨ ਕਿ ਦੰਦ ਗਏ ਤਾਂ ਸੁਆਦ ਗਿਆ। ਵੈਸੇ ਵੀ ਨਕਲੀ ਦੰਦ ਬਹੁਤ ਮਹਿੰਗੇ ਹੁੰਦੇ ਹਨ ਅਤੇ ਦੰਦ ਖ਼ਰਾਬ ਹੋਣ ਤੇ ਜਾਂ ਨਕਲੀ ਦੰਦਾਂ ਨਾਲ ਸਰੀਰ ਨੂੰ ਜੋ ਦੁੱਖ ਮਿਲਦਾ ਹੈ, ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ! ਖਾਣ ਤੋਂ ਬਾਅਦ ਕੁਰਲੀ, ਫਲੌਸ ਤੇ ਬੁਰਸ਼ ਜ਼ਰੂਰ ਕਰੋ। ਪੰਜਾਹ ਸਾਲ ਦੀ ਉਮਰ ਤੋਂ ਬਾਅਦ ਆਪਣੇ ਕੰਨ ਇੱਕ ਵਾਰ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਓ। ਕੰਨਾਂ ਦੀ ਸਫ਼ਾਈ ਜ਼ਰੂਰ ਕਰੋ, ਪਰ ਬਾਹਰੋਂ ਬਾਹਰ ਤਾਂ ਜੋ ਪਰਦੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਦੇ ਨਾਲ ਹੀ ਸਭ ਤੋਂ ਜ਼ਰੂਰੀ ਆਪਣੇ ਦਿਮਾਗ਼ ਨੂੰ ਤੰਦਰੁਸਤ ਰੱਖਣਾ ਵੀ ਬਹੁਤ ਜ਼ਰੂਰੀ ਹੈ, ਚੰਗੀ ਨੀਂਦ, ਕਸਰਤ, ਸਿਗਰਟ, ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਨਾ ਕਰਨਾ ਆਦਿ ਕਾਫ਼ੀ ਮਦਦਗਾਰ ਸਾਬਤ ਹੋ ਸਕਦੇ ਹਨ।

ਸ਼ੌਕ ਜੋ ਤੁਹਾਨੂੰ ਰਚਨਾਤਮਕ ਬਣਾਏ: ਜੀਵਨ ਦੀ ਨੀਰਸਤਾ ਨੂੰ ਦੂਰ ਕਰਨ ਲਈ, ਨਵੀਨਤਾ ਅਤੇ ਸਵੈ ਪ੍ਰਗਟਾਵੇ ਲਈ ਸਾਨੂੰ ਆਪਣੀ ਸਿਰਜਣ ਕਲਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਸ਼ੌਕ ਕੁਝ ਵੀ ਹੋ ਸਕਦਾ ਹੈ ਜੋ ਤੁਹਾਡੇ ਕਲਪਨਾਤਮਕ ਪੱਖ ਨੂੰ ਪੇਸ਼ ਕਰਦਾ ਹੋਵੇ: ਪੇਂਟਿੰਗ, ਲਿਖਣਾ, ਗੀਤ-ਸੰਗੀਤ, ਫੋਟੋਗ੍ਰਾਫੀ, ਬਾਗ਼ਬਾਨੀ, ਜਾਂ ਖਾਣਾ-ਪਕਵਾਨ ਪਕਾਉਣਾ ਆਦਿ। ਰਚਨਾਤਮਕ ਕੰਮ ਕਰਨ ਨਾਲ ਮਾਨਸਿਕ ਤਣਾਅ ਘਟਦਾ ਹੈ, ਤੁਹਾਡਾ ਦਿਲੋ-ਦਿਮਾਗ਼ ਤਾਜ਼ਾ ਹੁੰਦਾ ਹੈ ਤੇ ਸਮੱਸਿਆ ਹੱਲ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਣ ਵਿੱਚ ਸਹਾਈ ਹੁੰਦਾ ਹੈ। ਸਭ ਤੋਂ ਵਧ ਕੇ ਰਚਨਾਤਮਕ ਸ਼ੌਕ ਨਾਲ ਤੁਹਾਨੂੰ ਆਤਮਿਕ ਸੰਤੁਸ਼ਟੀ ਮਿਲਦੀ ਹੈ। ਜੇ ਤੁਸੀਂ ਇਤਿਹਾਸ ਵਿੱਚ ਝਾਤੀ ਮਾਰੋ ਤਾਂ ਦੇਖੋਗੇ ਕੇ ਰਚਨਾਤਮਕ ਸ਼ੌਕ ਵਾਲੇ ਲੋਕ ਲੰਮਾ ਸਮਾਂ ਜਿਊਂਦੇ ਹਨ।

ਸ਼ੌਕ ਜੋ ਤੁਹਾਡੇ ਗਿਆਨ ਨੂੰ ਵਧਾਏ: ਜੀਵਨ ਵਿੱਚ ਤਰੱਕੀ ਕਰਨ ਲਈ ਤੇ ਨਵੀਆਂ ਮੰਜ਼ਿਲਾਂ ਸਰ ਕਰਨ ਲਈ ਨਿਰੰਤਰ ਸਿੱਖਣਾ ਬਹੁਤ ਜ਼ਰੂਰੀ ਹੈ। ਇਹ ਸ਼ੌਕ ਤੁਹਾਡੀ ਸਮਝ ਨੂੰ ਵਧਾਉਣ ਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਜਿਵੇਂ ਕਿ ਇੱਕ ਨਵੀਂ ਭਾਸ਼ਾ ਸਿੱਖਣਾ, ਸੰਗੀਤ ਜਾਂ ਕੋਈ ਸਾਜ਼ ਸਿੱਖਣਾ, ਧਾਰਮਿਕ ਗ੍ਰੰਥਾਂ ਤੇ ਇਤਿਹਾਸ ਦਾ ਅਧਿਐਨ ਕਰਨਾ, ਤਾਰਾ ਵਿਗਿਆਨ ਵਿੱਚ ਦਿਲਚਸਪੀ, ਸੈਰ ਸਪਾਟਾ ਕਰਨਾ, ਅਨੇਕਾਂ ਵਿਭਿੰਨ ਵਿਸ਼ਿਆਂ ਨੂੰ ਪੜ੍ਹਨਾ ਜਾਂ ਤੁਹਾਨੂੰ ਦਿਲਚਸਪ ਲੱਗਣ ਵਾਲੇ ਵਿਸ਼ਿਆਂ ਵਿੱਚ ਔਨਲਾਈਨ ਕੋਰਸ ਕਰਨਾ ਹੋ ਸਕਦਾ ਹੈ - ਅਜਿਹੇ ਕੋਰਸ ਜੋ ਤੁਸੀਂ ਹਮੇਸ਼ਾਂ ਕਰਨਾ ਚਾਹੁੰਦੇ ਸੀ, ਪਰ ਸਮੇਂ ਦੀ ਕਮੀ ਕਰ ਕੇ ਨਹੀਂ ਸੀ ਕਰ ਸਕੇ! ਅੱਜ-ਕੱਲ੍ਹ ਔਨਲਾਈਨ, ਯੂਨੀਵਰਸਿਟੀ ਪੱਧਰ ਦੇ ਕੋਰਸ ਮੁਫ਼ਤ ਉਪਲੱਬਧ ਹਨ। ਇਹ ਸ਼ੌਕ ਤੁਹਾਨੂੰ ਸੂਝਵਾਨ ਬਣਾਉਂਦਾ ਹੈ, ਤਰਕਸ਼ੀਲ ਤੇ ਆਲੋਚਨਾਤਮਕ ਸੋਚ ਵਿੱਚ ਵੀ ਵਾਧਾ ਕਰਦਾ ਹੈ, ਤੁਹਾਡੀ ਸੋਚ ਦਾ ਘੇਰਾ ਵਿਸ਼ਾਲ ਕਰਦਾ ਹੈ, ਤੁਹਾਨੂੰ ਆਜ਼ਾਦ ਸੋਚ ਦਾ ਧਾਰਨੀ ਬਣਾਉਂਦਾ ਹੈ ਅਤੇ ਸਭ ਤੋਂ ਵੱਧ ਤੁਹਾਡੀ ਹਉਮੈ ਨੂੰ ਘੱਟ ਜਾਂ ਖ਼ਤਮ ਕਰਨ ਵਿੱਚ ਸਹਾਈ ਹੁੰਦਾ ਹੈ।

ਸ਼ੌਕ ਜੋ ਤੁਹਾਡੀ ਮਾਨਸਿਕਤਾ ਨੂੰ ਵਿਕਸਿਤ ਕਰੇ: ਇਹ ਸ਼ੌਕ ਚਿੰਤਨ ਤੇ ਧਿਆਨ ਲਗਾਉਣਾ, ਪਾਠ ਕਰਨਾ, ਡਾਇਰੀ ਲਿਖਣਾ, ਬੁਝਾਰਤਾਂ ਬੁੱਝਣਾ, ਨਵੇਂ ਸੱਭਿਆਚਾਰਾਂ ਦੀ ਪੜਚੋਲ ਕਰਨਾ, ਆਪਣੇ ਵਰਗੀ (ਸਮਾਨ) ਸੋਚ ਵਾਲੇ ਲੋਕਾਂ ਨਾਲ ਜੁੜਨਾ, ਸੇਵਾ ਕਰਨਾ ਜਾਂ ਕਿਸੇ ਸਮਾਜਿਕ ਕਲੱਬ ਵਿੱਚ ਹਿੱਸਾ ਲੈਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਹੋ ਸਕਦਾ ਹੈ। ਕਿਉਂਕਿ ਸਮਾਜਿਕ ਭਾਈਚਾਰਾ ਸਫਲ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ, ਜਿੱਥੇ ਮਨੁੱਖੀ ਮੇਲ-ਜੋਲ ਪਣਪਦਾ ਹੈ, ਧਾਰਮਿਕ ਤੇ ਸਮਾਜਿਕ ਵਿਦਿਆ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਹਨ, ਜੋ ਤੁਹਾਨੂੰ ਵਧੇਰੇ ਖੁੱਲ੍ਹੀ ਅਤੇ ਵਾਤਾਅਨੁਕੂਲ (ਅਨੁਕੂਲਣਯੋਗ) ਮਾਨਸਿਕਤਾ ਵਿਕਸਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਜਿਸ ਨਾਲ ਸਮੁੱਚਾ ਸਮਾਜ ਮਜ਼ਬੂਤ ਤੇ ਤੰਦਰੁਸਤ ਬਣਦਾ ਹੈ। ਸੇਵਾ ਕਰਨ ਨਾਲ ਵੀ ਹਉਮੈ ਮਿਟਦੀ ਹੈ ਤੇ ਨਿਮਰਤਾ ਆਉਂਦੀ ਹੈ। ਸਾਧ-ਸੰਗਤ ਨਾਲ ਵਿਚਾਰ ਕਰਕੇ, ਤੁਹਾਡੀ ਸੋਚ ਸਕਾਰਾਤਮਕ ਵੀ ਬਣਦੀ ਹੈ, ਧਾਰਮਿਕ ਗ੍ਰੰਥਾਂ ਤੇ ਹੋਰ ਕਿਤਾਬਾਂ ਦੀ ਸਮਝ ਆਉਂਦੀ ਹੈ। ਧਿਆਨ ਤੇ ਚਿੰਤਨ ਨਾਲ ਤੁਹਾਡੀ ਮਾਨਸਿਕਤਾ ਦ੍ਰਿੜ ਬਣਦੀ ਹੈ। ਜਿਵੇਂ ਕਿ ਥਾਮਸ ਐਲਵਾ ਐਡੀਸਨ ਨੂੰ ਦੇਖੋ, ਜੋ ਬਲਬ ਬਣਾਉਣ ਵਿੱਚ 10,000 ਵਾਰ ਅਸਫਲ ਰਿਹਾ। ਜੇ ਉਸ ਦੀ ਮਾਨਸਿਕਤਾ ਦ੍ਰਿੜ ਨਾ ਹੁੰਦੀ ਅਤੇ ਉਹ ਹਾਰ ਮੰਨ ਲੈਂਦਾ ਤਾਂ ਅੱਜ ਇਤਿਹਾਸ ਕੁਝ ਹੋਰ ਹੀ ਹੋਣਾ ਸੀ।

ਇਨ੍ਹਾਂ ਸ਼ੌਕਾਂ ਨੂੰ ਆਪਣਾ ਕੇ ਤੁਸੀਂ ਜੀਵਨ ਵਿੱਚ ਸਫਲ ਹੋਣ ਦੀ ਜਾਚ ਸਿੱਖ ਸਕਦੇ ਹਾਂ, ਜ਼ਿਹਨੀ ਤੇ ਆਰਥਿਕ ਤੌਰ ’ਤੇ ਆਜ਼ਾਦ, ਸਵੈ ਵਿਕਾਸ ਅਤੇ ਤਨ-ਮਨ ਦੀ ਤੰਦਰੁਸਤੀ ਪ੍ਰਾਪਤ ਕਰ ਸਕਦੇ ਹਾਂ। ਇਸ ਕਰਕੇ ਆਪਣੇ ਸ਼ੌਕ ਪਛਾਣਨ ਤੇ ਵਿਕਸਿਤ ਕਰਨ ਲਈ ਸਮਾਂ ਜ਼ਰੂਰ ਕੱਢੋ, ਉਨ੍ਹਾਂ ਨੂੰ ਵਿਹਾਰਕ ਪਹਿਲੂ ਵਜੋਂ ਵਰਤਣ ਦੀ ਕੋਸ਼ਿਸ਼ ਕਰੋ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਵਿੱਤੀ ਆਜ਼ਾਦੀ ਪ੍ਰਾਪਤ ਕਰਨ ਵੱਲ ਕਦਮ ਪੁੱਟੋ, ਤੁਹਾਡਾ ਭਵਿੱਖ ਤੁਹਾਡਾ ਧੰਨਵਾਦੀ ਹੋਵੇਗਾ।

Advertisement