ਸਿੱਖੀ ਸਿਧਾਤਾਂ ਦਾ ਪ੍ਰਚਾਰ ਕੇਂਦਰ ਗੁਰਦੁਆਰਾ ਗਲੈਨਵੁੱਡ
ਸਿਡਨੀ, ਆਸਟਰੇਲੀਆ ਦੇ ਪੂਰਬ ਸਾਗਰ ਤੱਟ ’ਤੇ ਵੱਸਿਆ ਸਭ ਤੋਂ ਵੱਧ ਆਬਾਦੀ ਵਾਲਾ ਖੂਬਸੂਰਤ ਸ਼ਹਿਰ ਹੈ। ਇਹ ਨਿਊ ਸਾਊਥ ਵੇਲਜ਼ ਪ੍ਰਾਂਤ ਦੀ ਰਾਜਧਾਨੀ ਵੀ ਹੈ। ਇਸ ਸ਼ਹਿਰ ਦੀ ਆਬਾਦੀ 55 ਲੱਖ ਤੋਂ ਵੱਧ ਹੈ। ਮਿਲੀਆਂ ਜੁਲੀਆਂ ਸੱਭਿਅਤਾਵਾਂ ਵਾਲੇ ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 2022 ਦੇ ਅੰਕੜਿਆਂ ਅਨੁਸਾਰ 38 ਹਜ਼ਾਰ ਤੋਂ ਜ਼ਿਆਦਾ ਸੀ, ਜਿਸ ਵਿੱਚ ਨਿਰੰਤਰ ਵਾਧਾ ਹੋਇਆ ਹੈ। ਸਿੱਖ ਜਿੱਥੇ ਵੀ ਗਏ, ਗੁਰੂ ਦਾ ਓਟ ਆਸਰਾ ਨਾਲ ਗਿਆ ਤੇ ਗੁਰੂ ਦਰਬਾਰ ਸਜਾਉਣ ਨੂੰ ਤਰਜੀਹ ਦਿੱਤੀ ਗਈ।
ਪੰਜਾਬ ਗੁਰੂਆਂ ਦੀ ਧਰਤੀ ਮੰਨੀ ਜਾਂਦੀ ਹੈ, ਪਰ ਗੁਰੂ ਸਾਹਿਬਾਨ ਦਾ ਸੁਨੇਹਾ ਪੂਰੇ ਵਿਸ਼ਵ ਅਤੇ ਸਾਰੀ ਮਨੁੱਖਤਾ ਦੇ ਭਲੇ ਦਾ ਸੀ। ਇਹ ਮਿਸ਼ਨ ਅੱਜ ਵੀ ਜਾਰੀ ਹੈ। ਸਿਡਨੀ ਦਾ ਗੁਰਦੁਆਰਾ ਗਲੈਨਵੁੱਡ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਬੰਧ ਹੇਠ ਚੱਲ ਰਿਹੇ ਇਸ ਗੁਰਦੁਆਰੇ ਦਾ ਭਵਨ ਆਪਣੇ ਖੂਬਸੂਰਤ ਆਰਕੀਟੈਕਚਰ ਨਾਲ ਦੂਰੋਂ ਹੀ ਮਨ ਮੋਹ ਲੈਂਦਾ ਹੈ। ਉੱਚਾ ਝੂਲਦਾ ਨਿਸ਼ਾਨ ਸਾਹਿਬ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਮਨ ਅੰਦਰ ਸਿੱਖ ਹੋਣ ਦਾ ਮਾਣ ਪੈਦਾ ਕਰ ਦਿੰਦਾ ਹੈ। ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਪੌੜੀਆਂ ਚੜ੍ਹ ਕੇ ਉੱਪਰ ਬਣਿਆ ਹੋਇਆ ਹੈ। ਬੀਬੀਆਂ ਤੇ ਪੁਰਸ਼ਾਂ ਲਈ ਵੱਖ ਵੱਖ ਜੋੜੇ ਘਰ ਬਣੇ ਹੋਏ ਹਨ। ਦਰਬਾਰ ਹਾਲ ਦੇ ਮੁੱਖ ਦੁਆਰ ਦੇ ਦੋਵੇਂ ਪਾਸੇ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਨਿੱਤ ਦਾ ਹੁਕਮਨਾਮਾ ਪੜ੍ਹਿਆ ਜਾ ਸਕਦਾ ਹੈ। ਗੁਰਦੁਆਰੇ ਦੇ ਪ੍ਰੋਗਰਾਮ ਲਾਈਵ ਚਲਾਏ ਜਾਂਦੇ ਹਨ।
ਸਾਲ 1970 ਵਿੱਚ ਗੁਰਦੁਆਰੇ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ ਸੀ, ਉਦੋਂ ਹੀ ਇਸ ਨੂੰ ਵਿਆਪਕ ਰੂਪ ਦੇਣ ਦਾ ਵਿਚਾਰ ਦ੍ਰਿੜ ਕਰ ਲਿਆ ਗਿਆ ਸੀ। ਗੁਰਦੁਆਰਾ ਸਾਹਿਬ ਨੂੰ ਆਮ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਅਸਥਾਨ ਅਤੇ ਸਾਧ ਸੰਗਤ ਦੇ ਜੁੜਨ ਦਾ ਕੇਂਦਰ ਮੰਨਿਆ ਜਾਂਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਵਿਆਪਕ ਅਰਥ ਦਿੰਦਿਆਂ ਕਿਹਾ ਸੀ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ। ਗਲੈਨਵੁੱਡ ਦਾ ਗੁਰਦੁਆਰਾ ਇਸ ਭਾਵਨਾ ਤੋਂ ਪ੍ਰੇਰਿਤ ਵਿਖਾਈ ਦਿੰਦਾ ਹੈ। ਇਸ ਗੁਰਦੁਆਰੇ ਵਿੱਚ ਜਿੱਥੇ ਨਿੱਤ ਦੀ ਮਰਿਆਦਾ ਦੇ ਨਾਲ ਹੀ ਵਿਸ਼ੇਸ਼ ਕਥਾ ਅਤੇ ਕੀਰਤਨ ਸਮਾਗਮ ਚੱਲਦੇ ਰਹਿੰਦੇ ਹਨ, ਉੱਥੇ ਹੀ ਪੰਜਾਬ ਤੋਂ ਬਾਹਰ ਖ਼ਾਸ ਤੌਰ ’ਤੇ ਆਸਟਰੇਲੀਆ ਵਿੱਚ ਜੰਮੀ ਨਵੀਂ ਪੀੜ੍ਹੀ ਨੂੰ ਗੁਰਸਿੱਖੀ ਤੇ ਗੁਰਬਾਣੀ ਨਾਲ ਜੋੜਨ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ।
ਆਪਣੇ ਵਿਰਸੇ ਨਾਲ ਜੋੜਨ ਵਿੱਚ ਸਭ ਤੋਂ ਵੱਡਾ ਅੜਿੱਕਾ ਭਾਸ਼ਾ ਦਾ ਹੈ। ਸਥਾਨਕ ਭਾਸ਼ਾ ਅੰਗਰੇਜ਼ੀ ਹੋਣ ਕਰ ਕੇ ਪੰਜਾਬੀ ਦਾ ਗਿਆਨ ਦੇਣ ਲਈ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਹੀ ਪੰਜਾਬੀ ਸਕੂਲ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀ ਤੇ ਗੁਰਸਿੱਖੀ ਦੀਆਂ ਮੁਫ਼ਤ ਕਲਾਸਾਂ ਚਲਾਈਆਂ ਜਾਂਦੀਆਂ ਹਨ। ਇਹ ਕਲਾਸਾਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਹੁੰਦੀਆਂ ਹਨ। ਸਾਹਿਤ ਨੂੰ ਮਨੁੱਖੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਅਹਿਮ ਮੰਨਦਿਆਂ ਭਾਈ ਗੁਰਦਾਸ ਜੀ ਦੇ ਨਾਮ ’ਤੇ ਇੱਕ ਲਾਇਬ੍ਰੇਰੀ ਵੀ ਕਾਇਮ ਕੀਤੀ ਗਈ ਹੈ ਜਿਸ ਵਿੱਚ ਸਿੱਖ ਧਰਮ ਦਰਸ਼ਨ ਤੇ ਇਤਿਹਾਸ ਨਾਲ ਸਬੰਧਤ ਪੁਸਤਕਾਂ, ਪੱਤ੍ਰਿਕਾਵਾਂ ਦੇ ਨਾਲ ਹੀ ਵੀਡੀਓ ਆਦਿ ਵੀ ਉਪਲੱਬਧ ਕਰਾਏ ਗਏ ਹਨ। ਇਹ ਲਾਇਬ੍ਰੇਰੀ ਸ਼ਨਿਚਰਵਾਰ ਤੇ ਐਤਵਾਰ ਖੁੱਲ੍ਹਦੀ ਹੈ ਕਿਉਂਕਿ ਇਹ ਛੁੱਟੀ ਦੇ ਦਿਨ ਹੁੰਦੇ ਹਨ ਤੇ ਸੰਗਤ ਨੂੰ ਵੀ ਸੁਵਿਧਾ ਹੁੰਦੀ ਹੈ। ਗੁਰਦੁਆਰੇ ਦੀ ਮੀਡੀਆ ਇੰਚਾਰਜ ਬੀਬੀ ਹਰਕਿਰਨ ਕੌਰ ਨੇ ਦੱਸਿਆ ਕਿ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਵੀ ਸਮੇਂ ਸਮੇਂ ’ਤੇ ਲਗਾਏ ਜਾਂਦੇ ਹਨ। ਗੁਰਬਾਣੀ ਦੇ ਨਾਲ ਹੀ ਗੁਰ ਇਤਿਹਾਸ, ਸੱਭਿਆਚਾਰ ਤੇ ਸਿੱਖ ਇਤਿਹਾਸ ਨਾਲ ਜੋੜਨ ਵਿੱਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਵਿਸ਼ੇਸ਼ ਰੁਚੀ ਰਹਿੰਦੀ ਹੈ। ਗੁਰੂ ਘਰਾਂ ਵਿੱਚ ਤਸਵੀਰਾਂ ਲੱਗੀਆਂ ਆਮ ਵਿਖਾਈ ਦਿੰਦੀਆਂ ਹਨ, ਪਰ ਗੁਰਦੁਆਰਾ ਗਲੈਨਵੁੱਡ ਸ਼ਾਇਦ ਵਿਰਲਾ ਹੀ ਹੋਵੇਗਾ ਜਿੱਥੇ ਬਾਕੀ ਸਿੱਖ ਸ਼ਖ਼ਸੀਅਤਾਂ ਦੇ ਨਾਲ ਹੀ ਆਪਣੇ ਸਮੇਂ ਦੇ ਉੱਘੇ ਵਿਦਵਾਨ, ਲੇਖਕ, ਪੰਥਕ ਆਗੂ ਗਿਆਨੀ ਦਿੱਤ ਸਿੰਘ ਦੀ ਫੋਟੋ ਵੀ ਲੱਗੀ ਹੋਈ ਹੈ ਜਦੋਂਕਿ ਆਪਣੀ ਹੀ ਧਰਤੀ ’ਤੇ ਸਿੱਖ ਇਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ। ਇਹ ਹੀ ਨਹੀਂ ਗੁਰਦੁਆਰਾ ਸਾਹਿਬ ਅੰਦਰ ਮੁੱਖ ਅਸਥਾਨ ’ਤੇ ਪੂਰੀ ਸਿੱਖ ਰਹਿਤ ਮਰਿਆਦਾ ਦਾ ਬੋਰਡ ਲੱਗਿਆ ਹੋਇਆ ਹੈ ਜਿਸ ਤੋਂ ਆਮ ਸਿੱਖ ਅਣਜਾਣ ਰਹਿੰਦੇ ਹਨ।
ਸਿੱਖ ਕੌਮ ਅੰਦਰ ਸ਼ਰਧਾ ਭਾਵਨਾ ਗੁਰੂ ਦੀ ਬਖ਼ਸ਼ੀ ਹੋਈ ਹੈ ਜਿਸ ਕਾਰਨ ਗੁਰੂ ਦੇ ਸਾਰੇ ਕਾਰਜ ਸ਼ੋਭਨੀਕ ਢੰਗ ਨਾਲ ਪੂਰਨ ਹੁੰਦੇ ਹਨ। ਬੇਸਮੈਂਟ ਵਿੱਚ ਬਣਿਆ ਵਿਸ਼ਾਲ ਲੰਗਰ ਹਾਲ ਇਸ ਦਾ ਪ੍ਰਤੀਕ ਹੈ। ਹਰ ਦਿਨ ਲੰਗਰ ਚੱਲਦਾ ਹੈ ਤੇ ਖੁੱਲ੍ਹਾ ਵਰਤਾਇਆ ਜਾਂਦਾ ਹੈ। ਸੰਗਤ ਆਪ ਹੀ ਲੰਗਰ ਤਿਆਰ ਕਰਨ ਤੇ ਵਰਤਾਉਣ ਦੀ ਸੇਵਾ ਕਰਦੀ ਹੈ। ਵਰਤਾਉਣ ਦੇ ਨਾਲ ਹੀ ਇੱਕ ਅਸਥਾਨ ’ਤੇ ਰੱਖੀਆਂ ਲੰਗਰ ਦੀਆਂ ਬਾਲਟੀਆਂ ਵਿੱਚੋਂ ਆਪ ਵੀ ਲੰਗਰ ਲਿਆ ਜਾ ਸਕਦਾ ਹੈ। ਸੰਗਤ ਦੇ ਲਿਆਏ ਫ਼ਲ ਤੇ ਮਠਿਆਈਆਂ ਵੀ ਲਗਾਤਾਰ ਵਰਤਦੀਆਂ ਰਹਿੰਦੀਆਂ ਹਨ। ਚਾਹ ਦਾ ਲੰਗਰ ਵੀ ਨਾਲ ਹੀ ਚੱਲਦਾ ਹੈ।
ਆਸਟਰੇਲੀਆ ਚੋਣਵੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਸਿਹਤ ਅਤੇ ਫਿਟਨੈਸ ’ਤੇ ਬਹੁਤ ਜ਼ੋਰ ਹੈ। ਸਿੱਖ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਇਸ ਭਾਵਨਾ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਸਪੋਰਟਸ ਮੇਲਾ ਕਰਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਜਿਸ ਵਿੱਚ ਵੱਖ ਵੱਖ ਖੇਡਾਂ ਹੁੰਦੀਆਂ ਹਨ। ਇਨ੍ਹਾਂ ਵਿੱਚ ਵਾਲੀਬਾਲ, ਰੱਸਾਕਸ਼ੀ, ਸ਼ੂਟਿੰਗ ਆਦਿਕ ਵੀ ਸ਼ਾਮਲ ਹਨ। ਇਸ ਵਿੱਚ ਸ਼ਾਮਲ ਹੋਣ ਲਈ ਸੰਗਤ ਅੰਦਰ ਖ਼ਾਸ ਉਤਸ਼ਾਹ ਹੁੰਦਾ ਹੈ। ਹਾਲ ’ਚ ਹੀ ਹੋਏ ਸਪੋਰਟਸ ਕਾਰਨੀਵਲ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਤੇ ਟੀਮਾਂ ਸ਼ਾਮਲ ਹੋਈਆਂ।
ਨਗਰ ਕੀਰਤਨ ਗੁਰਸਿੱਖੀ ਦਾ ਅਨਿੱਖੜਵਾਂ ਹਿੱਸਾ ਬਣ ਗਏ ਹਨ। ਨਗਰ ਕੀਰਤਨ ਰਾਹੀਂ ਪੰਥ ਦੇ ਜਾਹੋ ਜਲਾਲ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਹ ਚੜ੍ਹਦੀਕਲਾ ਦੀ ਭਾਵਨਾ ਜੀਵਤ ਰੱਖਣ ਲਈ ਸਹਾਇਕ ਮੰਨਿਆ ਗਿਆ ਹੈ। ਨਗਰ ਕੀਰਤਨ ਗੁਰਪੁਰਬ, ਖ਼ਾਸ ਇਤਿਹਾਸਕ ਦਿਵਸ ਮਨਾਉਣ ਲਈ ਕੀਤੇ ਜਾਂਦੇ ਹਨ। ਗਲੈਨਵੁੱਡ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਸੋਚ ਵੱਖ ਹੈ। ਗੁਰਦੁਆਰਾ ਸਾਹਿਬ ਦੁਆਰਾ ਹਰ ਸਾਲ ਨਗਰ ਕੀਰਤਨ ਕੀਤਾ ਜਾਂਦਾ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਮਹਿੰਗਾ ਸਿੰਘ ਖੱਕ ਅਨੁਸਾਰ ਸਾਡੇ ਲਈ ਨਗਰ ਕੀਰਤਨ ਦਾ ਅਰਥ ਗੁਰਬਾਣੀ ਦਾ ਪ੍ਰਚਾਰ ਕਰਨਾ, ਸ਼ਹਿਰ, ਪਿੰਡ ਦੀ ਗਲੀ ਗਲੀ ਵਿੱਚ ਗੁਰਬਾਣੀ ਦਾ ਸੰਗੀਤਮਈ ਉਚਾਰਨ, ਸੰਗਤ ਵਿੱਚ ਚੇਤਨਾ ਜਗਾਉਣਾ, ਇਨਸਾਨੀਅਤ, ਨਿਮਰਤਾ, ਸੇਵਾ ਤੇ ਸਿਮਰਨ ਲਈ ਪ੍ਰੇਰਿਤ ਕਰਨਾ ਹੈ। ਗਲੈਨਵੁੱਡ ਗੁਰਦੁਆਰੇ ਦਾ 2025 ਦਾ ਨਗਰ ਕੀਰਤਨ 5 ਅਕਤੂਬਰ ਨੂੰ ਕੀਤਾ ਜਾਵੇਗਾ ਜਿਸ ਰਾਹੀਂ ਸੱਦਾ ਦਿੱਤਾ ਜਾਵੇਗਾ ਕਿ ਗੁਰਬਾਣੀ ਪੂਰੀ ਮਨੁੱਖਤਾ ਲਈ ਪ੍ਰੇਮ ਦਾ ਸੰਦੇਸ਼ ਹੈ। ਪੂਰੇ ਨਗਰ ਕੀਰਤਨ ਵਿੱਚ ਨਾ ਕੋਈ ਲੰਗਰ ਵਰਤਾਇਆ ਜਾਂਦਾ ਹੈ ਅਤੇ ਨਾ ਹੀ ਕੋਈ ਵਿਖਾਵਾ ਕੀਤਾ ਜਾਂਦਾ ਹੈ। ਪੂਰਾ ਧਿਆਨ ਗੁਰਬਾਣੀ ਗਾਇਨ ਅਤੇ ਸਿਮਰਨ ’ਤੇ ਹੁੰਦਾ ਹੈ। ਨਗਰ ਕੀਰਤਨ ਦੀ ਇਹ ਦ੍ਰਿਸ਼ਟੀ ਪੂਰੇ ਪੰਥ ਲਈ ਪ੍ਰੇਰਕ ਹੈ।
ਗੁਰੂ ਨਾਨਕ ਸਾਹਿਬ ਦਾ ਪੰਥ ਗੁਰ ਸ਼ਬਦ ਦੀ ਅਗਆਈ ਵਿੱਚ ਚੱਲਣ ਵਾਲਾ ਪੰਥ ਹੈ। ਗੁਰ ਸ਼ਬਦ ਲਈ ਸਮਰਪਣ ਤੇ ਪ੍ਰਤੀਬੱਧਤਾ ਹੀ ਗੁਰਸਿੱਖੀ ਹੈ। ਗੁਰਦੁਆਰਾ ਗਲੈਨਵੁੱਡ ਵਿੱਚ ਇਸ ਸਮਰਪਣ ਤੇ ਪ੍ਰਤੀਬੱਧਤਾ ਦੇ ਦਰਸ਼ਨ ਹੁੰਦੇ ਹਨ। ਇਸ ਦੇ ਨਾਲ ਹੀ ਪੰਥਕ ਅਤੇ ਸਮਾਜਿਕ ਸਰੋਕਾਰ ਵੀ ਬਰਾਬਰ ਪ੍ਰਗਟ ਹੁੰਦੇ ਹਨ। ਪੰਜਾਬ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ ਗਲੈਨਵੁੱਡ ਗੁਰਦੁਆਰੇ ਦੀ ਤੁਰੰਤ ਚਿੰਤਾ ਦਾ ਵਿਸ਼ਾ ਬਣੀ ਤੇ ਬਿਨਾਂ ਦੇਰ ਕੀਤਿਆਂ ਸਹਾਇਤਾ ਲਈ ਫੰਡ ਇਕੱਠਾ ਕਰਨ ਦਾ ਐਲਾਨ ਕਰ ਦਿੱਤਾ। ਪ੍ਰਬੰਧਕਾਂ ਦੀ ਅਪੀਲ ’ਤੇ ਸੰਗਤ ਨੇ ਅੱਗੇ ਵਧ ਕੇ ਆਪਣਾ ਹਿੱਸਾ ਪਾਇਆ। ਸਿਡਨੀ ਦਾ ਗੁਰਦੁਆਰਾ ਗਲੈਨਵੁੱਡ ਵਿਸ਼ਵ ਵਿੱਚ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਦਾ ਪ੍ਰਮੁੱਖ ਕੇਂਦਰ ਬਣ ਕੇ ਉੱਭਰਨਾ, ਇਸ ਦੇ ਪ੍ਰਬੰਧ ਵਿੱਚ ਪੜ੍ਹੇ ਲਿਖੇ, ਸੂਝਵਾਨ ਸਿੱਖਾਂ ਦੇ ਦਖਲ ਕਾਰਨ ਸੰਭਵ ਹੋ ਸਕਿਆ ਹੈ ਜੋ ਨਿਸ਼ਕਾਮ ਸੇਵਾ ਕਰ ਰਹੇ ਹਨ।
ਈ-ਮੇਲ: akaalpurkh.7@gmail.com