ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਹਾਂ ਨੂੰ ਟੁੰਬ ਗਈ ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ

ਸਰੀ ਆਰਟ ਸੈਂਟਰ ਵਿਖੇ ਬੀਤੇ ਐਤਵਾਰ ਸ਼ਾਮ ਹੋਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ਸ਼ਾਇਰਾਨਾ ਸ਼ਾਮ 2025 ਨੇ ਸੈਂਕੜੇ ਸ਼ਾਇਰੀ-ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਨਵੀਂ ਰੋਸ਼ਨੀ ਭਰ ਦਿੱਤੀ। ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਖੁਸ਼ਬੂ ਨੇ ਮਿਲ ਕੇ ਹਾਲ ਵਿੱਚ ਅਜਿਹਾ...
Advertisement

ਸਰੀ ਆਰਟ ਸੈਂਟਰ ਵਿਖੇ ਬੀਤੇ ਐਤਵਾਰ ਸ਼ਾਮ ਹੋਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ਸ਼ਾਇਰਾਨਾ ਸ਼ਾਮ 2025 ਨੇ ਸੈਂਕੜੇ ਸ਼ਾਇਰੀ-ਪ੍ਰੇਮੀਆਂ ਦੇ ਦਿਲਾਂ ਵਿੱਚ ਇੱਕ ਨਵੀਂ ਰੋਸ਼ਨੀ ਭਰ ਦਿੱਤੀ। ਤਾੜੀਆਂ ਦੀ ਗੂੰਜ ਤੇ ਸ਼ਬਦਾਂ ਦੀ ਖੁਸ਼ਬੂ ਨੇ ਮਿਲ ਕੇ ਹਾਲ ਵਿੱਚ ਅਜਿਹਾ ਕਾਵਿਕ ਮਾਹੌਲ ਸਿਰਜਿਆ ਜੋ ਸਿੱਧਾ ਸਰੋਤਿਆਂ ਦੀਆਂ ਰੂਹਾਂ ਤੱਕ ਉਤਰ ਗਿਆ।

ਸ਼ਾਇਰਾਨਾ ਸ਼ਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੇ ਪ੍ਰਧਾਨ ਕੁਲਵਿੰਦਰ, ਪਾਕਿਸਤਾਨ ਤੋਂ ਆਈ ਮਹਿਮਾਨ ਸ਼ਾਇਰਾ ਤਾਹਿਰਾ ਸਰਾ, ਇੰਗਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਸ਼ਾਇਰ ਅਜ਼ੀਮ ਸ਼ੇਖਰ ਅਤੇ ਪੰਜਾਬੀ-ਉਰਦੂ ਦੇ ਨਾਮਵਰ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ। ਸਵਾਗਤੀ ਸੰਬੋਧਨ ਰਾਜਵੰਤ ਰਾਜ ਵੱਲੋਂ ਸੀ, ਜਿਸ ਨੇ ਮੰਚ ਦੀਆਂ ਸਰਗਰਮੀਆਂ ਦਾ ਖਾਕਾ ਪੇਸ਼ ਕਰਦਿਆਂ ਪ੍ਰੋਗਰਾਮ ਨੂੰ ਸ਼ਬਦਾਂ ਦੀ ਮਹਿਕ ਨਾਲ ਭਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਵਿਛੜੇ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਰਹੀ।

Advertisement

ਸਭ ਤੋਂ ਪਹਿਲਾਂ ਮਨਜੀਤ ਕੰਗ ਨੇ ਔਰਤ ਮਨ ਦੀਆਂ ਗਹਿਰਾਈਆਂ ਨੂੰ ਛੋਂਹਦਿਆਂ ਕਿਹਾ:

“ਲਾਲਾ ਦੁਪੱਟਾ ਲੈਂਦੀ ਹਾਂ ਮੈਂ, ਪਰ ਕੋਠੇ ਸੁੱਕਣਾ ਪਾਇਆ ਨਹੀਂ ਮੈਂ

ਹੱਸਦੀ ਹਾਂ ਤਾਂ ਜੱਗ ਜ਼ਾਹਰ ਹੈ, ਰੀਝਾਂ ਨੂੰ ਦਫ਼ਨਾਇਆ ਨਹੀਂ ਮੈਂ।”

ਨੌਜਵਾਨ ਸ਼ਾਇਰ ਨੂਰ ਬੱਲ ਨੇ ਛੋਟੀ ਬਹਿਰ ਦੀਆਂ ਗ਼ਜ਼ਲਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ:

ਕੱਲਿਆਂ ਰਹਿਣ ਦਾ ਇੱਕ ਤਾਂ ਫ਼ਾਇਦਾ ਹੁੰਦਾ ਏ

ਰੋ ਲਈਏ ਤਾਂ ਕੋਈ ਕਿਸੇ ਤੇ ਹੱਸਦਾ ਨਹੀਂ

ਪੰਜਾਬ ਤੋਂ ਆਏ ਸੁਰੀਲੇ ਸ਼ਾਇਰ ਕਰਨਜੀਤ ਨੇ ਤਰੰਨੁਮ ਵਿੱਚ ਆਪਣਾ ਕਲਾਮ ਪੇਸ਼ ਕੀਤਾ:

“ਭਟਕਦਾ ਹਾਂ ਜੇ ਰਾਤਾਂ ਨੂੰ ਤਾਂ ਇਹ ਕੋਈ ਸ਼ੌਕ ਨਹੀਂ ਮੇਰਾ,

ਕੋਈ ਹੁੰਦਾ ਉਡੀਕਣ ਨੂੰ ਤਾਂ ਮੈਂ ਵੀ ਘਰ ਗਿਆ ਹੁੰਦਾ।”

ਸ਼ਾਇਰਾ ਸੁਖਜੀਤ ਨੇ ਮਰਦ ਦੀ ਚੌਧਰ ਨੂੰ ਚੁਣੌਤੀ ਦਿੱਤੀ:

“ਰੱਬ ਨੇ ਮੈਨੂੰ ਔਰਤ ਬਣਾਇਆ, ਤੈਨੂੰ ਮਰਦ ਬਣਾਇਆ,

ਇਸ ਵਿੱਚ ਮੇਰੀ ਹੇਠੀ ਕੀ, ਕੀ ਤੇਰੀ ਵਡਿਆਈ ਹੂ।”

ਟੋਰਾਂਟੋ ਤੋਂ ਆਈ ਸ਼ਾਇਰਾ ਨੇ ਆਪਣਾ ਦਰਦ ਕੁਝ ਇਸ ਤਰ੍ਹਾਂ ਬਿਆਨ ਕੀਤਾ:

“ਬੜਾ ਕੁਝ ਹੈ ਮਨਾਂ ਅੰਦਰ, ਸਮਾਂ ਆਇਆ ਤਾਂ ਦੱਸਾਂਗੇ,

ਕਿਨ੍ਹਾਂ ਖੋਭੇ ਸੀ ਕਦ ਖੰਜਰ, ਸਮਾਂ ਆਇਆ ਤਾਂ ਦੱਸਾਂਗੇ।”

ਇੰਗਲੈਂਡ ਦੇ ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਦੀ ਸ਼ਾਇਰੀ ਨੇ ਰੂਹ ਨੂੰ ਝੰਜੋੜ ਦਿੱਤਾ:

“ਤੂੰ ਕਰ ਤਕਸੀਮ, ਦੇਹ ਜ਼ਰਬ੍ਹਾਂ ਤੇ ਲੈ ਭਾਵੇਂ ਘਟਾ ਮੈਨੂੰ,

ਪਰ ਆਪਣੀ ਹੋਂਦ ਦਾ ਇੱਕ ਵਾਰ ਲੈ ਹਿੱਸਾ ਬਣਾ ਮੈਨੂੰ।”

ਕੈਲੀਫੋਰਨੀਆ ਦੇ ਸ਼ਾਇਰ ਕੁਲਵਿੰਦਰ ਦੀ ਆਵਾਜ਼ ਵਿੱਚ ਪਿਆਰ ਤੇ ਕਦਰ ਦਾ ਸੁਮੇਲ ਸੀ:

“ਤੁਹਾਡਾ ਸ਼ੁਕਰੀਆ ਮੈਨੂੰ ਬਚਾ ਲਿਆ ਹੈ ਤੁਸੀਂ,

ਮੈਂ ਬੁਝ ਗਿਆ ਸੀ ਤੇ ਮੁੜ ਕੇ ਜਗਾ ਲਿਆ ਹੈ ਤੁਸੀਂ।”

ਦਵਿੰਦਰ ਗੌਤਮ ਨੇ ਉਡੀਕ ਦੇ ਦਰਦ ਨੂੰ ਸ਼ਬਦਾਂ ਵਿੱਚ ਪ੍ਰੋਇਆ:

“ਚੰਗੀ ਭਲੀ ਜ਼ਮੀਨ ਮੈਂ ਬੰਜਰ ਬਣਾ ਲਈ,

ਤੇਰੀ ਉਡੀਕ ਕਰਦਿਆਂ ਵੱਤਰ ਗਵਾ ਲਈ।”

ਪਾਕਿਸਤਾਨ ਦੀ ਮਹਿਬੂਬ ਸ਼ਾਇਰਾ ਤਾਹਿਰਾ ਸਰਾ ਨੇ ਆਪਣੀਆਂ ਸ਼ਾਇਰੀ ਅਤੇ ਅਦਾਇਗੀ ਨਾਲ ਸਮੁੱਚੇ ਹਾਲ ਨੂੰ ਮੋਹ ਲਿਆ:

“ਜਾਹ ਨੀ ਪਿੱਛਲ ਪੈਰੀਏ ਸਾਹਿਬਾਂ! ਮਾਣ ਵਧਾਇਆ ਈ ਵੀਰਾਂ ਦਾ,

ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ।”

ਉਰਦੂ ਸ਼ਾਇਰੀ ਨਾਲ ਦਸ਼ਮੇਸ਼ ਗਿੱਲ ਫਿਰੋਜ਼ ਨੇ ਵੀ ਖ਼ੂਬ ਰੰਗ ਬੰਨ੍ਹਿਆ:

“ਮੈਂਨੇ ਘਰ ਭੀ ਜੋ ਬਨਾਇਆ ਤੋ ਬਿਨਾ ਦਰਵਾਜ਼ਾ,

ਲੋਗ ਖਿੜਕੀ ਭੀ ਬਨਾਤੇ ਹੈਂ ਸਲਾਖ਼ੋਂ ਵਾਲੀ।”

ਪ੍ਰੀਤ ਮਨਪ੍ਰੀਤ ਦਰਦ ਨੇ ਵਿਛੋੜੇ ਦੀ ਪੀੜ ਨੂੰ ਇਉਂ ਪੇਸ਼ ਕੀਤਾ:

“ਪੀੜ, ਉਦਾਸੀ, ਹਉਕੇ, ਹੰਝੂ, ਬੇਚੈਨੀ, ਲਾਚਾਰੀ

ਤੂੰ ਨਾ ਆਇਆ, ਪਰ ਇਹ ਸਾਰੇ ਆ ਗਏ ਵਾਰੋ ਵਾਰੀ।”

ਰਜਾਈਨਾ ਤੋਂ ਆਏ ਨੌਜਵਾਨ ਸ਼ਾਇਰ ਪਰਤਾਪ ਜਗਰਾਉਂ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ:

“ਧਰਤੀ ਗਗਨ ਵਿਚਾਲੇ ਆਪਣਾ ਮੁਕਾਮ ਕਰ ਕੇ,

ਬੱਦਲਾਂ ਨੇ ਰੱਖ ਲਿਆ ਸੂਰਜ ਗ਼ੁਲਾਮ ਕਰ ਕੇ।”

ਦਰਸ਼ਨ ਬੁੱਟਰ ਨੇ ਆਪਣੀ ਗ਼ਜ਼ਲ ਨਾਲ ਮਨਾਂ ਨੂੰ ਝੰਜੋੜ ਦਿੱਤਾ:

“ਸ਼ੀਸ਼ੇ ਦੀ ਮੇਰੀ ਕਾਇਆ ਪਰ ਤੂੰ ਉਠਾਏ ਪੱਥਰ,

ਇੱਕ ਫੁੱਲ ਵਾਸਤੇ ਕਿਉਂ ਸੁੱਤੇ ਜਗਾਏ ਪੱਥਰ।”

ਬਲਦੇਵ ਸੀਹਰਾ ਨੇ ਜ਼ਿੰਦਗੀ ਦੀ ਵਿਡੰਬਨਾ ਉਜਾਗਰ ਕੀਤੀ:

“ਨ੍ਹੇਰਿਆਂ ਦੀ ਲੀਕ ਨੂੰ ਹੀ ਰੌਸ਼ਨੀ ਸਮਝੀ ਗਿਆ,

ਨਬਜ਼ ਚੱਲਣ ਨੂੰ ਮਹਿਜ਼ ਮੈਂ ਜ਼ਿੰਦਗੀ ਸਮਝੀ ਗਿਆ।”

ਇੰਦਰਜੀਤ ਧਾਮੀ ਨੇ ਆਪਣੇ ਵਿਸਮਾਦੀ ਰੰਗ ਵਿੱਚ ਮਾਹੌਲ ਰੰਗਿਆ। ਗੁਰਮੀਤ ਸਿੱਧੂ ਨੇ ਆਪਣੀ ਸੁਰੀਲੀ ਸ਼ਾਇਰੀ ਨਾਲ ਮਹਿਫ਼ਿਲ ਨੂੰ ਨਵੀਂ ਸਿਖਰ ਦਿੱਤੀ:

‘ਮੈਂ ਸਤਰ ਸਤਰ ਨਿੱਖਰਾਂ ਤੇ ਸ਼ਬਦ ਸ਼ਬਦ ਬਿਖਰਾਂ

ਤੂੰ ਹਰਫ਼ ਹਰਫ਼ ਪੜ੍ਹ ਲੈ, ਖੁੱਲ੍ਹੀ ਕਿਤਾਬ ਹਾਂ ਮੈਂ’

ਸੰਚਾਲਕ ਰਾਜਵੰਤ ਰਾਜ ਨੇ ਬੇਹਦ ਸੁੰਦਰ ਅੰਦਾਜ਼ ਵਿੱਚ ਸ਼ਾਮ ਚਲਾਈ। ਉਸ ਦਾ ਅੰਦਾਜ਼ ਸੀ:

“ਉਹਨੇ ਗਿਣ ਕੇ ਬਰਾਬਰ ਦੇਣੀਆਂ ਸੀ ਓਨੀਆਂ ਪੀੜਾਂ,

ਕਿ ਮੇਰੀਆਂ ਮੁਸਕਰਾਹਟਾਂ ਦੀ ਕਰੀ ਗਿਣਤੀ ਗਿਆ ਕੋਈ।”

ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਿਰਜੇ ਮਿਆਰਾਂ ਤੋਂ ਪਰ੍ਹੇ ਜਾਣ ਦੀ ਗੱਲ ਕੀਤੀ:

“ਸਵੇਰ ਸ਼ਾਮ ਗੁਜ਼ਾਰਿਸ਼ ਕਰਾਂ ਮੈਂ ਯਾਰਾਂ ਨੂੰ,

ਚਲੋ ਉਲੰਘੀਏ ਖ਼ੁਦ ਸਿਰਜਿਆਂ ਮਿਆਰਾਂ ਨੂੰ।”

ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਹਰ ਮੈਂਬਰ ਉੱਚ ਪੱਧਰ ਦਾ ਸ਼ਾਇਰ ਹੈ ਅਤੇ ਸਰੀ ਦੇ ਸਰੋਤੇ ਮੁਬਾਰਕਬਾਦ ਦੇ ਹੱਕਦਾਰ ਹਨ ਕਿ ਉਹ ਸ਼ਾਇਰੀ ਨੂੰ ਸਿਰਫ਼ ਸੁਣਦੇ ਨਹੀਂ, ਸਹੀ ਮਾਇਨਿਆਂ ਵਿੱਚ ਮਾਣਦੇ ਹਨ। ਉਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸ ਮੁਹਾਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ਼ਜ਼ਲ ਮੰਚ ਸਰੀ ਦਾ ਸੈਸ਼ਨ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਗੂੰਜਦਾ ਹੈ।

ਅੰਤ ਵਿੱਚ ਗ਼ਜ਼ਲ ਮੰਚ ਦੇ ਜਸਵਿੰਦਰ ਨੇ ਸਭ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਬਦਾਂ ਦੀ ਇਹ ਸ਼ਾਮ ਕੇਵਲ ਸੁਣੀ ਨਹੀਂ ਗਈ, ਮਹਿਸੂਸ ਕੀਤੀ ਗਈ। ਜਦ ਸ਼ਬਦ ਰੂਹ ਨੂੰ ਛੂਹਣ ਲੱਗ ਪੈਂਦੇ ਹਨ, ਤਦ ਮਹਿਫ਼ਿਲ ਇਤਿਹਾਸ ਬਣ ਜਾਂਦੀ ਹੈ। ਇਸ ਮੌਕੇ ਗ਼ਜ਼ਲ ਮੰਚ ਵੱਲੋਂ ਸਾਰੇ ਸਪਾਂਸਰਾਂ ਅਤੇ ਮਹਿਮਾਨ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਇੰਦਰਜੀਤ ਧਾਮੀ ਨੇ ‘ਦਿਲਬਰ ਨੂਰਪੁਰੀ ਐਵਾਰਡ’ ਇਸ ਵਾਰ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੂੰ ਪ੍ਰਦਾਨ ਕੀਤਾ।

Advertisement
Show comments