ਆਸਟਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਬਾਰੇ ਪ੍ਰਦਰਸ਼ਨੀ
ਆਸਟਰੇਲੀਆ ਵਿੱਚ ਮੁੱਢ ਕਦੀਮੀ ਆਏ ਭਾਰਤੀਆਂ ਸਬੰਧੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਆਸਟਰੇਲੀਅਨ ਖੋਜੀ ਇਤਿਹਾਸਕਾਰ ਤੇ ਲੇਖਕ ਜੋੜੀ ਲੈੱਨ ਕੇਨਾ ਤੇ ਕ੍ਰਿਸਟਲ ਜੌਰਡਨ ਨੇ ਆਸਟਰੇਲੀਅਨ ਇੰਡੀਅਨ ਹਿਸਟਰੀ ਦੇ ਬੈਨਰ ਹੇਠ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਇੱਕ ਸੂਤਰ ਚ ਪਰੋਣ ਦਾ ਕੰਮ ਕੀਤਾ ਹੈ। ਇਸ ਪ੍ਰਦਰਸ਼ਨੀ ਵਿਚ ਆਸਟਰੇਲੀਆ ਵਿੱਚ ਖ਼ਾਸਕਰ ਸਿੱਖ ਮਾਈਗ੍ਰੇਸ਼ਨ ਦੇ ਇਤਿਹਾਸ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪੇਸ਼ ਕੀਤਾ ਗਿਆ ਹੈ ਜਿਸ ਵਿਚ ਸਾਲ 1840 ਤੋਂ 1901 ਤੱਕ ਦੇ ਸਮੇਂ ਨੂੰ ਫੋਟੋਗ੍ਰਾਫੀ ਤੇ ਚਿੱਤਰਕਾਰੀ ਨਾਲ ਦਰਸਾਇਆ ਗਿਆ ਹੈ ਜੋ ਸਿੱਖਾਂ ਦੇ ਰੋਜ਼ੀ-ਰੋਟੀ ਦੇ ਮੌਕਿਆਂ, ਸਮਾਜਿਕ, ਧਾਰਮਿਕ ਰੀਤੀ ਰਿਵਾਜਾਂ ਅਤੇ ਖੇਡਾਂ ਦੀਆਂ ਗਤੀਵਿਧੀਆਂ ’ਤੇ ਵੀ ਚਾਨਣਾ ਪਾਉਂਦੀਆਂ ਹਨ।
ਲੇਖਕ ਕੇਨਾ ਨੇ ਦੱਸਿਆ ਕਿ ਸਿੱਖ ਮਾਈਗ੍ਰੈਂਟਸ ਨੇ 1840 ਦੇ ਦਹਾਕੇ ਤੋਂ ‘ਵਾਈਟ ਆਸਟਰੇਲੀਆ ਪਾਲਿਸੀ’ ਦੇ ਲਾਗੂ ਹੋਣ ਤੱਕ ਆਸਟਰੇਲੀਆ ਵਿੱਚ ਪਰਵਾਸ ਕੀਤਾ। ਉਨ੍ਹਾਂ ਨੂੰ ਦੇਸ਼ ਪਹੁੰਚਣ 'ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਸਿੱਖਾਂ ਨੇ ਹਾਕਰ ਵਜੋਂ ਗਲੀਆਂ ਮੁਹੱਲਿਆਂ ਵਿਚ ਪੈਦਲ ਤੇ ਟਾਂਗਿਆਂ ਰਾਹੀਂ ਹੋਕਾ ਦੇ ਕੇ ਫੇਰੀ ਲਾਉਣ ਦਾ ਕੰਮ ਕੀਤਾ ਜਿਵੇਂ ਕਿ ਰਾਮ ਸਿੰਘ, ਉੱਤਮ ਸਿੰਘ, ਬੱਡ ਸਿੰਘ ਤੇ ਹੋਰਨਾਂ ਨੇ ਸਾਲ 1890 ਵਿੱਚ ਆਸਟਰੇਲੀਆ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਿੱਖਾਂ ਨੇ ਕਿਰਤ ਕਮਾਈ ਵਿਚੋਂ ਔਖੇ ਸਮੇਂ ਵਿਚ ਵੀ ਸਮਾਜ ਦੇ ਕਲਿਆਣਕਾਰੀ ਕੰਮ ਜਿਵੇਂ ਕਿ ਲੋੜਵੰਦ ਲੋਕਾਂ ਦੀ ਮਦਦ, ਹਸਪਤਾਲ ਤੇ ਚੈਰਿਟੀਆਂ ਨੂੰ ਵੀ ਦਾਨ ਕੀਤਾ।
ਪ੍ਰਦਰਸ਼ਨੀ ਵਿਚ ਸਥਾਨਕ ਮੈਂਬਰ ਪਾਰਲੀਮੈਂਟ ਐਨਾਬੇਲ ਕਲੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਭਾਈਚਾਰਾ ਸਦੀ ਪਹਿਲਾ ਤੋਂ ਇੱਥੇ ਵਿਚਰ ਰਿਹਾ ਹੈ ਜਿਨ੍ਹਾਂ ਨੇ ਆਸਟਰੇਲੀਆ ਨੂੰ ਵਿਕਸਿਤ ਮੁਲਕ ਬਣਾਉਣ ਵਿਚ ਯੋਗਦਾਨ ਪਾਇਆ। ਇਸ ਮੌਕੇ ਹਿਸਟਰੀ ਸੁਸਾਇਟੀ ਦੇ ਆਗੂ ਬਲਜਿੰਦਰ ਸਿੰਘ ਤੇ ਪਾਰੂਲ ਸਿੰਘ ਸ਼ਾਮਲ ਹੋਏ ਜੋ ਮਹਿੰਗਾ ਸਿੰਘ ਉਰਫ਼ ਚਾਰਲਸ ਸਿੰਘ ਜੋ 1920 ਵਿਚ ਆਸਟਰੇਲੀਆ ਆਏ ਸਨ ਦੀ ਚੌਥੀ ਪੀੜ੍ਹੀ ਵਿੱਚੋਂ ਪੜਪੋਤੇ ਹਨ।