ਬਜ਼ੁਰਗ ਔਰਤਾਂ ਨੂੰ ਦਿਲ ਦੀਆਂ ਪਰਤਾਂ ਫਰੋਲਣ ਦਾ ਮੌਕਾ ਮਿਲਿਆ
ਗੁਰਚਰਨ ਕੌਰ ਥਿੰਦ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਅਲਬਰਟਾ ਸਰਕਾਰ ਦੇ ‘ਨਿਊ ਹੋਰਾਈਜ਼ਨ ਫਾਰ ਸੀਨੀਅਰਜ਼ ਪ੍ਰੋਗਰਾਮ’ ਤਹਿਤ ਬਜ਼ੁਰਗ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਗਤੀਵਿਧੀਆਂ ਅਤੇ ‘ਐਮਪਾਵਰਿੰਗ ਸੈਲਫ ਐਸਟੀਮ ਐਂਡ ਵੈੱਲਬੀਅੰਗ’ ਬੈਨਰ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਇਆ।
ਇਸ ਮੀਟਿੰਗ ਵਿੱਚ ਬਜ਼ੁਰਗਾਂ ਵੱਲੋਂ ਚਿਰਾਂ ਤੋਂ ਵਿਸਾਰੀ ਕਲਮ ਨੂੰ ਮੁੜ ਫੜਾਉਣ ਦਾ ਉਪਰਾਲਾ ਕੀਤਾ ਗਿਆ। ਮੇਜ਼ਾਂ ਦੇ ਚੁਫ਼ੇਰੇ ਬੈਠ ਹਰੇਕ ਨੂੰ ਕਾਗਜ਼ ਤੇ ਪੈਨਸਿਲ ਦੇ ਕੇ ਕੁਝ ਨਾ ਕੁਝ ਲਿਖਣ ਲਈ ਪ੍ਰੇਰਿਆ ਗਿਆ। ਬਹੁਤਿਆਂ ਨੇ ਆਪਣਾ ਨਾਮ ਲਿਖਿਆ। ਫਿਰ ਇਸ ਨੂੰ ਖੁਸ਼ਖ਼ਤ ਕਰਕੇ ਲਿਖਣ ਦੀ ਜਾਚ ਸਭਾ ਦੀ ਨੌਜੁਆਨ ਮੈਂਬਰ ਮਨਿੰਦਰ ਕੌਰ ਨੇ ਬੋਰਡ ’ਤੇ ਲਿਖ ਕੇ ਕਰਵਾਈ। ਮਨਿੰਦਰ ਕੈਲੀਗ੍ਰਾਫ਼ੀ ਦੀ ਮਾਹਿਰ ਹੈ, ਉਸ ਦੇ ਦਿਸ਼ਾ ਨਿਰਦੇਸ਼ ਹੇਠ ਭੈਣਾਂ ਨੇ ਸੁੰਦਰ ਲਿਖਤ ’ਤੇ ਹੱਥ ਅਜ਼ਮਾਇਆ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੀ ਇਕੱਲਤਾ ਵਿੱਚ ਇੱਕ ਹੋਰ ਮਨਪਸੰਦ ਰੁਝੇਵਾਂ ਅਪਣਾਉਣ ਦੀ ਮੁਹਾਰਤ ਹਾਸਲ ਹੋਈ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਬਜ਼ੁਰਗ ਔਰਤਾਂ ਦੀ ਭਰਵੀਂ ਹਾਜ਼ਰੀ ਵਿੱਚ ਆਪਣੇ ਸਵੈਮਾਣ, ਸਤਿਕਾਰ, ਸਲਾਮਤੀ ਤੇ ਸੁਖ-ਸਾਂਦ ਦੀ ਲੋੜ ਤੇ ਮਹੱਤਵ ਸਬੰਧੀ ਪੀਸੀਐੱਚਐੱਸ ਤੋਂ ਆਏ ਮਨੋਵਿਗਿਆਨਕ ਮਾਹਿਰ ਸੰਦੀਪ ਕੌਰ ਵੜਿੰਗ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਪਰੰਤ ਗੋਲ ਮੇਜ਼ ਡਿਸਕਸ਼ਨ ਹੋਈ, ਜਿਸ ਵਿੱਚ 80 ਦੇ ਲਗਭਗ ਭੈਣਾਂ ਨੇ 10 ਮੇਜ਼ਾਂ ਦੁਆਲੇ ਬੈਠ ਕੇ ਸੰਜੀਦਾ ਵਾਰਤਾਲਾਪ ਵਿੱਚ ਹਿੱਸਾ ਲਿਆ। ਗੱਲਬਾਤ ਤੋਰਨ ਲਈ ਹਰ ਮੇਜ਼ ਉੱਪਰ ਮੌਜੂਦ ਫੈਸਿਲੀਟੇਟਰ ਦੇ ਹੱਥ ਅੱਜ ਦੇ ਵਿਸ਼ੇ ਸਬੰਧੀ ਕੁਝ ਸੁਆਲ ਸਨ, ਜਿਨ੍ਹਾਂ ਨੂੰ ਉਸ ਨੇ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਮੇਜ਼ ਦੁਆਲੇ ਬੈਠੀਆਂ ਭੈਣਾਂ ਨੇ ਆਪਣੇ ਨਿੱਜੀ ਅਨੁਭਵਾਂ ਤੇ ਤਜਰਬਿਆਂ ਅਨੁਸਾਰ ਆਪਣੇ ਵਿਚਾਰਾਂ ਦੀ ਸਾਂਝ ਪਾਈ। ਜਿਸ ਨੂੰ ਫੈਸਿਲੀਟੇਟਰ ਨਾਲੋ ਨਾਲ ਨੋਟ ਕਰਦੇ ਗਏ। ਉਪਰੰਤ ਹਰੇਕ ਫੈਸਿਲੀਟੇਟਰ ਨੇ ਆਪਣੇ ਮੇਜ਼ ’ਤੇ ਹੋਈ ਗੱਲਬਾਤ ਦਾ ਸਾਰ-ਅੰਸ਼ ਸਾਰਿਆਂ ਨਾਲ ਸਾਂਝਾ ਕੀਤਾ ਤਾਂ ਬਹੁਤ ਰੌਚਕ ਜਾਣਕਾਰੀ, ਤਜਰਬੇ, ਅਨੁਭਵ ਤੇ ਸੁਝਾਅ ਸਾਹਮਣੇ ਆਏ। ਇਸ ਨਾਲ ਬਜ਼ੁਰਗ ਔਰਤਾਂ ਨੂੰ ਆਪਣੀ ਮਨਮਰਜ਼ੀ ਨਾਲ ਆਪਣਾ ਅੰਦਰਲਾ ਫਰੋਲਣ ਦਾ ਮੌਕਾ ਮਿਲਿਆ ਅਤੇ ਕੁਝ ਨਵਾਂ ਕਰਨ ਦੀ ਪ੍ਰਾਪਤੀ ਤੇ ਤਸੱਲੀ ਵੀ ਹੋਈ।
ਇਸ ਪ੍ਰੋਗਰਾਮ ਵਿੱਚ ਸਾਊਥ ਵੈਸਟ ਦੀ ‘ਕੈਲਗਰੀ ਯੂਨਿਟੀ ਐਂਡ ਵੈੱਲਨੈੱਸ ਸੁਸਾਇਟੀ’ ਦੇ ਮੈਂਬਰ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਉਜ਼ਮਾ ਖਾਨ ਨੇ ਆਪਣੀ ਸਭਾ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨਾਲ ਤੁਆਰਫ਼ ਕਰਵਾਇਆ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ’ਤੇ ਦਿਲੋਂ ਖ਼ੁਸ਼ੀ ਜ਼ਾਹਿਰ ਕੀਤੀ। ਵਾਰਡ-5 ਦੇ ਕਾਊਂਸਲਰ ਰਾਜ ਧਾਲੀਵਾਲ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਸ ਨੇ ਇਸ ਪ੍ਰੋਗਰਾਮ ਲਈ ਸਭਾ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਹਰੇਕ ਮੇਜ਼ ’ਤੇ ਜਾ ਕੇ ਗੱਲਬਾਤ ਕੀਤੀ।
ਇਸ ਪ੍ਰੋਗਰਾਮ ਵਿੱਚ ਅਵਨੀਤ ਕੌਰ, ਅਮਰੀਤ ਗਿੱਲ, ਗਗਨਦੀਪ ਕੌਰ, ਜਸਮੀਤ ਕੌਰ, ਹਰਜੀਤ ਕੌਰ ਅਤੇ ਉਸਤਤ ਸਿੰਘ ਦੀਆਂ ਫੈਸਿਲੀਟੇਟਰ ਵਜੋਂ ਵਾਲੰਟੀਅਰ ਸੇਵਾਵਾਂ ਜ਼ਿਕਰਯੋਗ ਰਹੀਆਂ। ਇਸ ਤੋਂ ਬਾਅਦ ਗਰਾਉਂਡ ਵਿੱਚ ਬਜ਼ੁਰਗਾਂ ਲਈ ਹਲਕੀਆਂ ਫੁਲਕੀਆਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਸੌ ਮੀਟਰ ਦੀ ਦੌੜ, ਚਾਟੀ ਰੇਸ, ਚਮਚਾ-ਆਲੂ ਰੇਸ, ਗ੍ਰੈਂਡਮਾਂ-ਗ੍ਰੈਂਡਕਿਡ ਰੇਸ ਤੇ ਫੈਮਿਲੀ ਰੀਲੇਅ ਰੇਸ ਸ਼ਾਮਲ ਸਨ। ਇਨ੍ਹਾਂ ਖੇਡਾਂ ਨਾਲ ਅੰਦਰਲੀ ਝਿਜਕ ਨੂੰ ਦੂਰ ਕਰ ਕੇ ਸਵੈਮਾਣ ਤੇ ਸਨਮਾਨ ਨਾਲ ਮੁੜ ਜੁੜਨ ਦੀ ਪ੍ਰਵਿਰਤੀ ਨੂੰ ਉਭਾਰਨਾ ਅਤੇ ਖ਼ਾਸ ਤੌਰ ’ਤੇ ਪੀੜ੍ਹੀ-ਪਾੜੇ ’ਤੇ ਪੁਲ ਉਸਾਰਨਾ ਸੀ। ਦਾਦੀ/ਨਾਨੀ ਆਪਣੇ ਪੋਤੇ-ਪੋਤੀ/ਦੋਹਤੇ-ਦੋਹਤੀ ਦਾ ਹੱਥ ਫੜ ਦੌੜਦੀ ਅਤੇ ਇੱਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਰੀਲੇਅ ਰੇਸ ਜਿੱਤਣ ਲਈ ਉਤਸ਼ਾਹਿਤ ਕਰਦੀਆਂ ਸਹਿਜ-ਸੁਭਾਅ ਹੀ ਪਰਿਵਾਰ ਨੂੰ ਇੱਕ ਮੁੱਠ ਹੋਣ ਦਾ ਸੁਨੇਹਾ ਦੇ ਗਈਆਂ। ਇਸ ਮੌਕੇ ਐੱਮ.ਐੱਲ.ਏ. ਗੁਰਿੰਦਰ ਸਿੰਘ ਨੇ ਹਾਜ਼ਰ ਹੋ ਕੇ ਇਸ ਨਿਵੇਕਲੇ ਪ੍ਰੋਗਰਾਮ ਦੀ ਕਾਮਯਾਬੀ ’ਤੇ ਵਧਾਈ ਦਿੱਤੀ। ਹਰੇਕ ਗਤੀਵਿਧੀ ਦੇ ਪਹਿਲੇ ਤਿੰਨ ਜੇਤੂਆਂ ਨੂੰ ਵਿਸ਼ੇਸ਼ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਸਭਾ ਵੱਲੋਂ ਯੰਗਸਤਾਨ ਸਪੋਰਟਸ ਤੇ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਖਵੀਰ ਗਰੇਵਾਲ ਅਤੇ ਸਮੁੱਚੀ ਟੀਮ ਤੇ ਵਾਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸੰਪਰਕ: 403-402-9635