ਪਾਕਿ ’ਚ ਗੁਰੂ ਨਾਨਕ ਦੇਵ ਜੀ ’ਤੇ PhD ਕਰਨ ਵਾਲੀ ਪਹਿਲੀ ਮਹਿਲਾ ਡਾ. ਸੁਮੈਰਾ ਦਾ ਸਨਮਾਨ
ਬਰੈਂਪਟਨ ਦੇ ਪੰਜਾਬੀ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਵਲੋਂ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿਚ ਪਾਕਿਸਤਾਨ ’ਚ ਗੁਰੂ ਨਾਨਕ ਦੇਵ ਜੀ ’ਤੇ ਪਹਿਲੀ ਪੀਐਚਡੀ ਕਰਨ ਵਾਲੀ ਪੰਜਾਬਣ ਡਾ. ਸੁਮੈਰਾ ਸਫ਼ਦਰ ਦੇ ਅਦਬ ਵਿਚ ਉਨ੍ਹਾਂ ਲਈ ਸਨਮਾਨ ਸਮਾਰੋਹ ਤੇ ਸੰਵਾਦ ਰਚਾਇਆ ਗਿਆ।
ਇਸ ਮੌਕੇ ਬੋਲਦਿਆਂ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਗੁਰੂ ਨਾਨਕ ਦੇ ਘਰ ਦੀ ਬਾਤ ਪਾਕਿਸਤਾਨ ਦੀ ਸਰਜ਼ਮੀਨ ਤੋਂ ਆਰੰਭ ਕਰਕੇ ਡਾ. ਸਫ਼ਦਰ ਨੇ ਚੜ੍ਹਦੇ ਪੰਜਾਬ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਸਲਾਮਾਬਾਦ ਦੀ ਇਸ ਧੀ ਨੇ ਲਹਿੰਦੇ ਪੰਜਾਬ ਵਿੱਚ ਗੁਰੂ ਨਾਨਕ ’ਤੇ ਖੋਜ ਕਾਰਜ ਕਰ ਕੇ ਪੰਜਾਬੀ ਕੌਮ ਨੂੰ ਇੱਕ ਮੰਚ ’ਤੇ ਖਲੋਣ ਲਈ ਸੱਦਾ ਦਿੱਤਾ ਹੈ ਤੇ ਸੁਨੇਹਾ ਦਿੱਤਾ ਹੈ ਕਿ ਗੁਰੂ ਨਾਨਕ ਦਾ ਫ਼ਲਸਫ਼ਾ ਸੰਸਾਰ ਭਰ ਲਈ ਚਾਨਣ ਮੁਨਾਰਾ ਹੈ।’’
ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਸੰਸਾਰ ਭਰ ’ਚ ਗੁਰੂ ਨਾਨਕ ’ਤੇ ਖੋਜਾਂ ਹੋਣ ਤਾਂ ਕਿ ਤਪ ਰਹੀਆਂ ਪਰਮਾਣੂ ਭੱਠੀਆਂ ਦਾ ਸੇਕ ਘਟ ਸਕੇ। ਉਨ੍ਹਾਂ ਡਾ. ਸੁਮੈਰਾ ਨੂੰ ਪਾਕਿਸਤਾਨ ਵਿੱਚ ਅਜਿਹੀ ਖੋਜ ਕਰਨ ’ਤੇ ਵਧਾਈ ਵੀ ਦਿੱਤੀ।
ਡਾ. ਗੁਰਨਾਮ ਕੌਰ ਸਾਬਕਾ ਮੁਖੀ ਸਿੱਖ ਧਰਮ ਅਧਿਐਨ ਨੇ ਕਿਹਾ ਕਿ ਡਾ. ਸੁਮੈਰਾ ਨੇ ਆਪਣੇ ਖੋਜ ਪੱਤਰ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਅਹਿਮ ਸਵਾਲ ਉਠਾਏ ਹਨ, ਜਿਨ੍ਹਾਂ ਦੀ ਰੌਸ਼ਨੀ ਵਿੱਚ ਸਿਖਿਆਰਥੀਆਂ ਲਈ ਨਵੇਂ ਰਾਹ ਖੁੱਲ੍ਹਣਗੇ। ਗੁਰੂ ਨਾਨਕਬਾਣੀ ਵਿੱਚ ਵਿਸ਼ਵ ਦੇ ਜੀਣ ਥੀਣ ਦੀ ਸੋਚ ਪਈ ਹੈ। ਗੁਰੂ ਸਾਹਿਬ ਨੇ ‘ਜਪੁਜੀ ਸਾਹਿਬ’ ਵਿੱਚ ਹੀ ਮਨੁੱਖ ਦੀ ਹੋਣੀ ਨੂੰ ਘੜ ਦਿੱਤਾ ਹੈ। ਸਾਰੀ ਬਾਣੀ ਮਨੁੱਖ ਹੋਣ ਦੇ ਪਰਪਜ਼ ਨੂੰ ਹੀ ਉਜਾਗਰ ਕਰਦੀ ਹੈ। ਪਾਕਿਸਤਾਨ ਵਿੱਚ ਡਾ. ਸੁਮੈਰਾ ਪੰਜਾਬੀ ਦਾ ਧੰਨਭਾਗ ਹੈ।
ਇਸ ਮੌਕੇ ਡਾ. ਸੁਮੈਰਾ ਨੇ ਕਿਹਾ, ‘‘ਪੰਜਾਬੀ ਚਿੰਤਨ ਗੁਰੂ ਨਾਨਕ ਦਾ ਰਿਣੀ ਹੈ, ਇਹ ਕਰਜ਼ ਅਸੀਂ ਆਪਣੇ ਵਿੱਚ ਗੁਣ ਧਾਰਨ ਕਰਕੇ ਹੀ ਉਤਾਰ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਆਪੇ ਨੂੰ ਪਛਾਨਣ ਦੀ ਜੁਗਤ ਨਾਨਕ ਘਰ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ।’’ ਉਨ੍ਹਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਕਲਾ ਤੇ ਸਭਿਆਚਾਰ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਖੋਜ ਕਰਦੇ ਸਮੇਂ ਪੇਸ਼ ਆਈਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ।
ਗਾਇਕ ਗੁਰਵਿੰਦਰ ਸਿੰਘ ਬਰਾੜ ਨੇ ਪੰਜਾਬੀ ਮਿਆਰੀ ਗੀਤ ਗਾ ਕੇ ਚੰਗਾ ਮਾਹੌਲ ਸਿਰਜਿਆ। ਹੁਸਨੈਨ ਅਕਬਰ ਨੇ ਸੂਫ਼ੀ ਕਲਾਮ ਪੇਸ਼ ਕੀਤਾ। ਇਸੇ ਦੌਰਾਨ ਰਾਜਵੀਰ ਬੋਪਾਰਾਏ, ਰਮਿੰਦਰ ਰੰਮੀ, ਰਿੰਟੂ ਭਾਟੀਆ, ਜਰਨੈਲ ਸਿੰਘ, ਹਰਜੀਤ ਗਿੱਲ ਪੱਤਰਕਾਰ ਹਰਜੀਤ ਕੌਰ ਭੰਬਰਾ, ਦਰਸ਼ਨਦੀਪ ਅਰੋੜਾ, ਹਰਜੀਤ ਬਾਜਵਾ, ਇੰਦਰਜੀਤ ਬੱਲ, ਮੀਤਾ ਖੰਨਾ ਆਦਿ ਨੇ ਵੀ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ।