ਕੈਲਗਰੀ ’ਚ ਲਾਇਆ ਰੋਗ ਨਿਵਾਰਣ ਕੈਂਪ
ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਚੰਡੀਗੜ੍ਹ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਚਾਰ ਰੋਜ਼ਾ ਰੋਗ ਨਿਵਾਰਣ ਕੈਂਪ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਲਾਇਆ ਗਿਆ। ਇਸ ਕੈਂਪ ਵਿੱਚ ਮਿਸ਼ਨ ਦੇ ਬਾਨੀ ਅਤੇ ਮੁਖੀ ਸਰਦਾਰ ਹਰਦਿਆਲ ਸਿੰਘ ਆਪਣੇ ਸਾਥੀ ਜਗਮੋਹਨ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਪਹੁੰਚੇ।
ਸਮਾਗਮ ਦੀ ਸ਼ੁਰੂਆਤ ਰੋਜ਼ਾਨਾ ਸੁਖਮਨੀ ਸਾਹਿਬ ਦੀਆਂ ਛੇ ਅਸ਼ਟਪਦੀਆਂ ਸੰਗਤੀ ਰੂਪ ਵਿੱਚ ਪੜ੍ਹ ਕੇ ਹੁੰਦੀ ਸੀ। ਉਸ ਤੋਂ ਬਾਅਦ ਟੋਰਾਂਟੋ ਤੋਂ ਆਏ ਸਿੰਘ ਸਾਹਿਬਾਨ ਜਗਮੋਹਨ ਸਿੰਘ, ਸੁਰਜੀਤ ਸਿੰਘ ਅਤੇ ਗੁਰਮੇਲ ਸਿੰਘ ਨੇ ਵਾਰੀ ਵਾਰੀ ਸੰਗਤ ਨੂੰ ਸ਼ਬਦ ਜਾਪ ਕਰਵਾਇਆ ਅਤੇ ਕੈਂਪ ਦੇ ਅਨੁਭਵ ਸਾਂਝੇ ਕੀਤੇ। ਪਹਿਲੇ ਦਿਨ ਹੀ ਵਿਨੀਪੈੱਗ ਤੋਂ ਬੱਚਿਆਂ ਸਮੇਤ ਆਈ ਇੱਕ ਨਰਸ ਨੇ ਇਸ ਮਿਸ਼ਨ ਨਾਲ ਜੁੜ ਕੇ ਗੁਰਬਾਣੀ ਰਾਹੀਂ ਪਿਛਲੇ ਛੇ ਮਹੀਨੇ ਦੌਰਾਨ ਆਪਣੀਆਂ ਪ੍ਰਾਪਤੀਆਂ ਬਾਰੇ ਦੱਸ ਕੇ ਸੰਗਤ ਨੂੰ ਹੈਰਾਨ ਕਰ ਦਿੱਤਾ।
ਸ. ਹਰਦਿਆਲ ਸਿੰਘ ਨੇ ਹਰ ਰੋਜ਼ ਪਰਮਾਰਥ ਅਤੇ ਗੁਰਮਤਿ ਜੀਵਨ ਜਾਚ ’ਤੇ ਇੱਕ ਘੰਟੇ ਦਾ ਗੁਰਬਾਣੀ ਆਧਾਰਿਤ ਲੈਕਚਰ ਦਿੱਤਾ। ਮੰਚ ’ਤੇ ਉਨ੍ਹਾਂ ਦਾ ਸਾਥ ਭੁਪਿੰਦਰ ਸਿੰਘ ਬੱਲ ਨੇ ਦਿੱਤਾ। ਉਨ੍ਹਾਂ ਅਨੁਸਾਰ ਦੁੱਖਾਂ ਰੋਗਾਂ ਦੀ ਹਾਲਤ ਵਿੱਚ ਭਰੋਸੇ ਵਾਲੇ ਸ਼ਬਦ ਅਤੇ ਤੁਕਾਂ ਦਾ ਜਾਪ ਕਰਨ ਨਾਲ ਰੋਗੀ ਦਾ ਭਰੋਸਾ ਗੁਰਬਾਣੀ ’ਤੇ ਬਣ ਜਾਂਦਾ ਹੈ। ਉਨ੍ਹਾਂ ਨੇ ਕਿਸੇ ਨੂੰ ਵੀ ਦਵਾਈ ਜਾਂ ਇਲਾਜ ਛੱਡਣ ਲਈ ਨਹੀਂ ਕਿਹਾ, ਸਗੋਂ ਇਲਾਜ ਦੇ ਨਾਲ ਗੁਰਬਾਣੀ ਦੇ ਸ਼ਬਦ ਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਆਪਣੀ ਲਾਇਲਾਜ ਬਿਮਾਰੀ ਦੇ ਗੁਰਬਾਣੀ ਅਤੇ ਸਿਮਰਨ ਨਾਲ ਠੀਕ ਹੋਣ ਉਪਰੰਤ 1983 ਵਿੱਚ ਹੋਂਦ ਵਿੱਚ ਆਏ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੀ ਗਾਥਾ ਵੀ ਸੰਗਤ ਨਾਲ ਸਾਂਝੀ ਕੀਤੀ। ਹੁਣ ਇਸ ਮਿਸ਼ਨ ਦੀਆਂ ਸ਼ਾਖਾਵਾਂ ਪੂਰੀ ਦੁਨੀਆ ਵਿੱਚ ਫੈਲ ਚੁੱਕੀਆਂ ਹਨ ਅਤੇ ਅਨੇਕਾਂ ਪ੍ਰਾਣੀ ਇਨ੍ਹਾਂ ਕੈਂਪਾਂ ਰਾਹੀਂ ਅਸਾਧ ਰੋਗਾਂ ਤੋਂ ਰਾਹਤ ਪਾ ਚੁੱਕੇ ਹਨ। ਉਨ੍ਹਾਂ ਅਨੁਸਾਰ ਗੁਰਬਾਣੀ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ ਨਾ ਕਿ ਕੇਵਲ ਸਿੱਖਾਂ ਲਈ। ਸੁਖਮਨੀ ਸਾਹਿਬ ਦੇ ਫੁਰਮਾਨਾਂ ਦੁਆਰਾ ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਬਾਣੀ ਨੂੰ ਦੋਹਾਂ ਕੰਨਾਂ ਨਾਲ ਸੁਣ ਕੇ ਹਿਰਦੇ ਵਿੱਚ ਵਸਾਉਣ ਤੇ ਅਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਜਪੁਜੀ ਸਾਹਿਬ ਦਾ ਪਾਠ 25 ਮਿੰਟ ਵਿੱਚ ਬਗੈਰ ਫੁਰਨਿਆਂ ਤੋਂ ਕਰ ਲਿਆ ਜਾਵੇ ਤਾਂ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸੰਪਰਕ: 403 404 1450