ਸੁਰਿੰਦਰ ਸੀਹਰਾ ਦੇ ਗ਼ਜ਼ਲ ਸੰਗ੍ਰਹਿ ‘ਸ੍ਰੀ’ ’ਤੇ ਚਰਚਾ
ਸਾਊਥਾਲ: ਪਿਛਲੇ ਦਿਨੀਂ ‘ਅਦਾਰਾ ਸ਼ਬਦ’ ਵੱਲੋਂ ਆਪਣਾ ਅਠਾਈਵਾਂ ਸਾਲਾਨਾ ਸਮਾਗਮ ਅੰਬੇਦਕਰ ਹਾਲ, ਸਾਊਥਾਲ ਵਿਖੇ ਪੂਰੀ ਧੂਮਧਾਮ ਨਾਲ ਰਚਾਇਆ ਗਿਆ। ਇਸ ਸਮਾਗਮ ਦੇ ਦੋ ਭਾਗ ਸਨ। ਪਹਿਲੇ ਭਾਗ ਵਿੱਚ ਕੁੰਜੀਵਤ ਭਾਸ਼ਨ ਦਰਸ਼ਨ ਬੁਲੰਦਵੀ ਨੇ ‘ਸਮਕਾਲ ਤੇ ਸਾਹਿਤ’ ਬਾਰੇ ਪੜਿ੍ਹਆ ਤੇ ਇਸ ਤੋਂ ਬਿਨਾਂ ਸਮਾਗਮ ਵਿੱਚ ਚਾਰ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਡਾ. ਦੇਵਿੰਦਰ ਕੌਰ ਦਾ ਸੁਰਿੰਦਰ ਸੀਹਰਾ ਦੇ ਨਵੇਂ ਗਜ਼ਲ ਸੰਗ੍ਰਹਿ ‘ਸ੍ਰੀ’ ਬਾਰੇ ਲਿਖਿਆ ਗਿਆ ਸੀ ਜਿਸ ਦਾ ਵਿਸ਼ਾ ਸੀ, ‘ਸ੍ਰੀ’ ਹੋਣ ਦਾ ਮਹੱਤਵ। ਦੇਵਿੰਦਰ ਕੌਰ ਦਾ ਪਰਚਾ ਕੁਲਵੰਤ ਢਿੱਲੋਂ ਨੇ ਪੜ੍ਹਿਆ।
ਦੂਜਾ ਪਰਚਾ ਸੁਰਿੰਦਰ ਸੀਹਰਾ ਦੇ ਗਜ਼ਲ ਸੰਗ੍ਰਹਿ ‘ਸ੍ਰੀ’ ਬਾਰੇ ਮਿਨਾਕਸ਼ੀ ਰਾਠੌਰ ਦਾ ਲਿਖਿਆ ਹੋਇਆ ਸੀ, ਇਹ ਪਰਚਾ ਹਰਦੇਸ਼ ਬਸਰਾ ਨੇ ਪੜ੍ਹਿਆ। ਤੀਜਾ ਪਰਚਾ ਗੁਰਪਾਲ ਸਿੰਘ ਲੰਡਨ ਨੇ ਸੁਰਿੰਦਰ ਸੀਹਰਾ ਨੂੰ ਮੁਖਾਤਬ ਹੋ ਕੇ ਉਸ ਦੀਆਂ ਗਜ਼ਲਾਂ ਬਾਰੇ ਇੱਕ ਚਿੱਠੀ ਦੇ ਰੂਪ ਵਿੱਚ ਪੇਸ਼ ਕੀਤਾ। ਚੌਥਾ ਪਰਚਾ ਪਾਕਿਸਤਾਨੀ ਗ਼ਜ਼ਲ ਬਾਰੇ ਡਾ. ਨਬੀਲਾ ਰਹਿਮਾਨ ਦਾ ਲਿਖਿਆ ਹੋਇਆ ਸੀ। ਪਰਚਿਆਂ ਨੂੰ ਪੜ੍ਹਨ ਉਪਰੰਤ ਇਨ੍ਹਾਂ ਉੱਪਰ ਭਰਪੂਰ ਬਹਿਸ ਹੋਈ ਜਿਸ ਵਿੱਚ ਸਾਰੇ ਪਰਚੇ ਹੀ ਹਾਜ਼ਰੀਨ ਵੱਲੋਂ ਬਹੁਤ ਸਲਾਹੇ ਗਏ ਤੇ ਸੁਰਿੰਦਰ ਸੀਹਰਾ ਦੀਆਂ ਗਜ਼ਲਾਂ ਬਾਰੇ ਖੁੱਲ੍ਹ ਕੇ ਗੱਲਾਂ ਹੋਈਆਂ। ਸਮਾਗਮ ਦੇ ਇਸ ਭਾਗ ਦੀ ਪ੍ਰਧਾਨਗੀ ਰਣਜੀਤ ਧੀਰ ਨੇ ਕੀਤੀ ਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਦਵਾਨਾਂ ਵਿੱਚ ਡਾ. ਨਬੀਲਾ ਰਹਿਮਾਨ, ਸਦਾਫ ਮਿਰਜ਼ਾ, ਡਾ. ਕਰਨੈਲ ਸ਼ੇਰਗਿੱਲ, ਸੁਕੀਰਤ ਅਨੰਦ ਸ਼ਾਮਲ ਸਨ। ਇਸ ਭਾਗ ਦੀ ਮੰਚ ਸੰਚਾਲਨਾ ਦਰਸ਼ਨ ਬੁਲੰਦਵੀ ਨੇ ਕੀਤੀ।
ਸਮਾਗਮ ਦੇ ਦੂਜੇ ਭਾਗ ਵਿੱਚ ਕਵੀ ਦਰਬਾਰ ਹੋਇਆ। ਇਸ ਦੀ ਪ੍ਰਧਾਨਗੀ ਵਰਿੰਦਰ ਪਰਿਹਾਰ ਨੇ ਕੀਤੀ ਤੇ ਉਨ੍ਹਾਂ ਨਾਲ ਦਲਵੀਰ ਕੌਰ, ਕੁਲਵੰਤ ਕੌਰ ਤੇ ਜਸਵਿੰਦਰ ਮਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਇਸ ਕਵੀ ਦਰਬਾਰ ਵਿੱਚ ਤਕਰੀਬਨ ਤਿੰਨ ਦਰਜਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਪ੍ਰੋਗਰਾਮ ਦੇ ਇਸ ਭਾਗ ਦੀ ਮੰਚ ਸੰਚਾਲਨਾ ਸੁਰਿੰਦਰ ਸੀਹਰਾ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕੀਤੀ। ਉਪਰੋਕਤ ਤੋਂ ਬਿਨਾਂ ਦਰਸ਼ਨ ਢਿੱਲੋਂ, ਅਜੀਤ ਸਿੰਘ ਢਿੱਲੋਂ, ਨਛੱਤਰ ਭੋਗਲ, ਪਰਮਜੀਤ ਸਿੰਘ, ਬਲਵਿੰਦਰ ਚਹਿਲ, ਨੀਲਮ ਜੋਗਨ, ਕਿਰਪਾਲ ਪੂਨੀ, ਸੁਰਿੰਦਰ ਪਾਲ, ਕੁਲਵੰਤ ਢੇਸੀ, ਸੰਤੋਖ ਹੇਅਰ, ਡਾ. ਅਜੀਤਪਾਲ ਸਿੰਘ, ਰਪਿੰਦਰ ਗਿੱਲ, ਸ਼ਿਵਜੀਤ ਢੇਸੀ, ਕਿੱਟੀ ਬੱਲ, ਸ਼ੇਖਰ, ਪਰਮਿੰਦਰ ਹਾਰਟਫੋਰਡ, ਮਿਸਟਰ ਹਾਰਟਫੋਰਡ, ਪਰਮ ਸੰਧਾਵਾਲੀਆ, ਮਿਸਿਜ਼ ਸ਼ੇਖਰ, ਚੀਮਾ, ਮਨਜੀਤ ਪੱਡਾ, ਚਰਨਜੀਤ ਬੁਲੰਦਵੀ, ਕੇ.ਸੀ. ਮੋਹਨ, ਸੁਖਦੇਵ ਔਜਲਾ, ਭਿੰਦਰ ਜਲਾਲਾਬਾਦੀ, ਬੇਅੰਤ ਕੌਰ, ਸਿਕੰਦਰ ਬਰਾੜ, ਜਸਵਿੰਦਰ ਸਿੰਘ, ਯਾਕੂਬ ਪਰਦੇਸੀ, ਮੰਜੂ ਬਾਲਾ ਤੇ ਸਤਨਾਮ ਚਾਨਾ ਆਦਿ ਪ੍ਰੋਗਰਾਮ ਵਿੱਚ ਸ਼ਾਮਲ ਹੋਏ।