ਜਸਵਿੰਦਰ ਭੱਲੇ ਦੀ ਵਿਅੰਗ ਕਰਨ ਦੀ ਪ੍ਰਤਿਭਾ ’ਤੇ ਚਰਚਾ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਸੇਖੋਂ, ਜਰਨੈਲ ਸਿੰਘ ਤੱਗੜ, ਮਾ. ਹਰਭਜਨ ਸਿੰਘ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰਾੜ ਨੇ ਨਿਭਾਈ। ਸਾਡੇ ਭਾਈਚਾਰੇ ਦੀਆਂ ਵਿੱਛੜ ਗਈਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਲਈ ਸਭਾ ਵੱਲੋਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਡਾ. ਪ੍ਰੋ. ਮਹਿੰਦਰ ਸਿੰਘ ਹੱਲਣ, ਡਾ. ਜਸਵਿੰਦਰ ਸਿੰਘ ਭੱਲਾ ਅਤੇ ਕੈਲਗਰੀ ਤੋਂ ਸਾਬਕਾ ਐੱਮ. ਐੱਲ. ਏ. ਰਹੇ ਪ੍ਰਭ ਸਿੰਘ ਗਿੱਲ ਦੇ ਨੌਜੁਆਨ ਸਪੁੱਤਰ ਕਾਕਾ ਅਰਜਨ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਤਨਾਮ ਸਿੰਘ ਢਾਹ ਨੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਰਨੈਲ ਸਿੰਘ ਪਾਰਸ ਦੀ ਲਿਖੀ ਕਵਿਤਾ ‘ਜੱਗ ਜੰਕਸ਼ਨ ਰੇਲਾਂ ਦਾ’ ਸੁਣਾਈ ਅਤੇ ਨਾਲ ਹੀ ਡਾ. ਮਹਿੰਦਰ ਸਿੰਘ ਦੇ ਸਹਿਕਰਮੀ ਰਹੇ ਗੁਰਨਾਮ ਢਿੱਲੋਂ ਅਤੇ ਸ਼ਾਗਿਰਦ ਕਹਾਣੀਕਾਰ ਵਰਿਆਮ ਸਿੰਘ ਸੰਧੂ ਵੱਲੋਂ ਭੇਜੇ ਗਏ ਸ਼ਰਧਾਂਜਲੀ ਸੁਨੇਹੇ ਪੜ੍ਹ ਕੇ ਸੁਣਾਏ। ਸੁਭਾਸ਼ ਸ਼ਰਮਾ ਨੇ ਜਸਵਿੰਦਰ ਭੱਲਾ ਦੀ ਜ਼ਿੰਦਗੀ ’ਤੇ ਚਾਨਣਾ ਪਾਉਂਦਿਆਂ ਆਪਣੇ ਛੋਟੇ ਭਰਾ ਬਾਲ ਮੁਕੰਦ ਸ਼ਰਮਾ ਦੇ ਇਕੱਠਿਆਂ ਕੰਮ ਕਰਨ ਅਤੇ ਆਪਣੀਆਂ ਪਰਿਵਾਰਕ ਸਾਝਾਂ ਦਾ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਭੱਲੇ ਕੋਲ ਵਿਅੰਗ ਕਰਨ ਦੀ ਕੁਦਰਤੀ ਪ੍ਰਤਿਭਾ ਸੀ। ਉਹ ਆਪਣੇ ਮਿੱਤਰਾਂ ਦੋਸਤਾਂ ਇੱਥੋਂ ਤੱਕ ਕਿ ਆਪਣੇ ਪਰਿਵਾਰਕ ਮੈਂਬਰ ’ਤੇ ਵੀ ਅਜਿਹਾ ਵਿਅੰਗ ਕਰ ਜਾਂਦਾ ਸੀ ਕਿ ਅਗਲਾ ਗੁੱਸਾ ਵੀ ਨਹੀਂ ਸੀ ਕਰਦਾ।
ਲਖਵਿੰਦਰ ਸਿੰਘ ਜੌਹਲ ਨੇ ਪੰਜਾਬ ਵਿੱਚ ਹੜ੍ਹਾਂ ਦੀ ਤ੍ਰਾਸਦੀ ਪੇਸ਼ ਕਰਦੀ ਕਵਿਤਾ ਸੁਣਾਈ। ਬੀਬਾ ਰਵਿੰਦਰ ਕੌਰ ਨੇ ਰੱਬ ਦੀ ਹੋਂਦ ਅਤੇ ਅਣਹੋਂਦ ਬਾਰੇ ਆਪਣੇ ਵਿਚਾਰ ਰੱਖੇ ਤੇ ਰੱਬ ਦੀ ਹੋਂਦ ਬਾਰੇ ਇੱਕ ਸਵਾਲ ਛੱਡਿਆ। ਦਿੱਲੀ ਤੋਂ ਆਏ ਜਸਵਿੰਦਰ ਸਿੰਘ ਨੇ 1984 ਵੇਲੇ ਦਿੱਲੀ ਵਿੱਚ ਹੋਏ ਸਰਕਾਰੀ ਕਤਲੇਆਮ ਦੀਆਂ ਹੱਡਬੀਤੀਆਂ ਸਾਂਝੀਆਂ ਕੀਤੀਆਂ। ਪਰਮਜੀਤ ਭੰਗੂ ਨੇ ਵੀ ਇੱਕ ਕਵਿਤਾ ਰਾਹੀਂ ਹਾਜ਼ਰੀ ਭਰੀ। ਜੈ ਸਿੰਘ ਉੱਪਲ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਪਰਿਵਾਰ ਦੇ ਜੈਤੋ ਦੇ ਮੋਰਚੇ ਸਮੇਂ ਪਈਆਂ ਸ਼ਹੀਦੀਆਂ ਅਤੇ ਤੇਜਾ ਸਿੰਘ ਸਮੁੰਦਰੀ ਦੇ ਸਾਥ ਦੀ ਗੱਲਬਾਤ ’ਤੇ ਚਾਨਣਾ ਪਾਇਆ। ਸਤਨਾਮ ਸਿੰਘ ਸ਼ੇਰਗਿੱਲ ਨੇ ਅਰਪਨ ਲਿਖਾਰੀ ਸਭਾ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣ ਦੇ ਅਨੁਭਵ ਸਾਂਝੇ ਕੀਤੇ। ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ। ਅੰਗਰੇਜ਼ ਸਿੰਘ ਸੀਤਲ ਨੇ ਆਪਣੀ ਸ਼ਾਇਰੀ ਨਾਲ ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲਿਆਂ ਨੂੰ ਦੁਨੀਆ ਦੇ ਸਾਰੇ ਰਿਸ਼ਤੇ ਖ਼ਤਮ ਹੋਣ ਦੀ ਚਿਤਾਵਨੀ ਦਿੱਤੀ। ਹਾਸਿਆਂ ਦੀ ਪਟਾਰੀ ਲੈ ਕੇ ਪਹੁੰਚੇ ਤਰਲੋਕ ਸਿੰਘ ਚੁੱਘ ਨੇ ਦੁੱਖ ਸੁੱਖ ਵਿੱਚ ਵੀ ਹੱਸਣ ਦੀ ਆਦਤ ਪਾ ਸੱਜਣਾ ਦਾ ਸੁਨੇਹਾ ਦਿੱਤਾ। ਚਰਨਜੀਤ ਸਿੰਘ ਫੁੱਲ ਨੇ ਭਜਨ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਹਰਮਿੰਦਰਪਾਲ ਸਿੰਘ ਨੇ ਸ਼ਬਦ ਸੁਣਾਇਆ।
ਮਾ. ਹਰਭਜਨ ਸਿੰਘ ਨੇ ਆਪਣੇ ਅਧਿਆਪਨ ਸਮੇਂ ਦੇ ਅਨੁਭਵ ਸਾਂਝੇ ਕਰਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭਾਮ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਕਿਰਨਜੋਤ ਹੁੰਝਣ ਨੇ ਆਪਣੇ ਪਿਤਾ ਕੇਸਰ ਸਿੰਘ ਨੀਰ ਦੀ ਮਕਬੂਲ ਗ਼ਜ਼ਲ ਦੇ ਸ਼ੇਅਰਾਂ ਨਾਲ ਆਪਣੀ ਹਾਜ਼ਰੀ ਲਗਵਾਈ। ਇੰਜੀ. ਜੀਰ ਸਿੰਘ ਬਰਾੜ ਨੇ ਪੰਜਾਬ ਬਿਜਲੀ ਬੋਰਡ ਵਿੱਚ ਕੰਮ ਕਰਦਿਆਂ ਦੇ ਕੁਝ ਤਜਰਬੇ ਸਾਂਝੇ ਕੀਤੇ। ਜਰਨੈਲ ਸਿੰਘ ਤੱਗੜ ਨੇ ਇੱਕ ਗ਼ਜ਼ਲ ਸਾਂਝੀ ਕੀਤੀ। ਸੁਖਪ੍ਰੀਤ ਸਿੰਘ ਦੌਲਤ ਸਰੀਹ ਵਾਲੇ ਨੇ ਕਵਿਤਾ ‘ਅਸੀਂ ਦਰਦ ਛੁਪਾਈ ਫਿਰਦੇ ਹਾਂ’ ਸੁਣਾ ਕੇ ਵਾਹ ਵਾਹ ਖੱਟੀ। ਬੀਬਾ ਬਲਜਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਅਸੀਂ ਅਰਪਨ ਲਿਖਾਰੀ ਸਭਾ ਦੀ ਨਵੀਂ ਕਾਰਜਕਰਨੀ ਟੀਮ ਦੇ ਕੰਮਾਂ ਦੇ ਮਿਆਰ ਨੂੰ ਹੋਰ ਵੀ ਵਧੀਆ ਅਤੇ ਉੱਚਾ ਚੁੱਕਣ ਲਈ ਵਚਨਵੱਧ ਹਾਂ। ਜਗਦੇਵ ਸਿੰਘ ਸਿੱਧੂ ਨੇ ਕੈਨੇਡੀਅਨ ਨੇਟਿਵ ਲੋਕਾਂ ਬਾਰੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਇਸ ਸਬੰਧੀ ਕਵਿਤਾ ਸੁਣਾ ਕੇ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਦਰਸ਼ਨ ਸਿੰਘ ਬਰਾੜ ਨੇ ਲੋਕ-ਸਿਆਣਪਾਂ ਨੂੰ ਆਪਣੀ ਕਵਿਤਾ ਰਾਹੀਂ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਸਿੱਧੂ ਨੇ ਅਰਪਨ ਲਿਖਾਰੀ ਸਭਾ ਦੇ ਮੋਢੀ ਮੈਂਬਰ, ਕੇਸਰ ਸਿੰਘ ਨੀਰ ਅਤੇ ਇਕਬਾਲ ਖ਼ਾਨ ਜੋ ਅਰਪਨ ਲਿਖਾਰੀ ਸਭਾ ਲਈ ਸਮਰਪਿਤ ਰਹੇ ਦੇ ਸਦੀਵੀ ਵਿਛੋੜਾ ਤੋਂ ਬਾਅਦ, ਨੀਰ ਅਤੇ ਖ਼ਾਨ ਪਰਿਵਾਰ ਦੀ ਅਰਪਨ ਲਿਖਾਰੀ ਸਭਾ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਨ੍ਹਾਂ ਤੋਂ ਇਲਾਵਾ ਮੁਖਵਿੰਦਰ ਸਿੰਘ ਉੱਪਲ, ਜਸਪਿੰਦਰ ਸਿੰਘ, ਮਹਿੰਦਰ ਕੌਰ ਕਾਲ਼ੀਰਾਏ, ਅਵਤਾਰ ਕੌਰ ਤੱਗੜ ਅਤੇ ਸੁਖਦੇਵ ਕੌਰ ਢਾਅ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਾਹਿਤਕ ਵਿਚਾਰਾਂ ਦਾ ਮੁਲਾਂਕਣ ਕਰਦਿਆਂ ਆਖਿਆ ਕਿ ਅੱਜ ਦੀ ਇਸ ਚਰਚਾ ਵਿੱਚ ਸਾਰੇ ਰੰਗਾਂ ਦੇ ਵਿਚਾਰ ਪੇਸ਼ ਕੀਤੇ ਗਏ ਹਨ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ