ਦੀਪ
ਕਹਾਣੀ
ਆਰਥਿਕ ਤੰਗੀਆਂ ਤੁਰਸ਼ੀਆਂ ਦੇ ਮਾਰੇ ਘਰ ਦਾ ਛਿੰਦਾ ਹੋਸ਼ ਸੰਭਾਲਦੇ ਹੀ ਆਪਣੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗੇ ਪਿਆ ਸੀ। ਖੂਹ ਦੀ ਮਿੱਟੀ ਖੂਹ ਵਿੱਚ ਈ ਪਿੜ ਪੱਲੇ ਕੁਝ ਨਹੀਂ ਪੈ ਰਿਹਾ ਸੀ, ਪਰ ਫਿਰ ਵੀ ਉਹ ਕੰਮ ਧੰਦੇ ਦੇ ਨਾਲ ਨਾਲ ਪੜ੍ਹਾਈ ਵੱਲ ਵੀ ਧਿਆਨ ਜ਼ਰੂਰ ਦੇ ਰਿਹਾ ਸੀ। ਸਮਰੱਥਾ ਅਨੁਸਾਰ ਪੜ੍ਹਾਈ ਪੂਰੀ ਕਰਨ ਉਪਰੰਤ ਨੌਕਰੀ ਚਾਕਰੀ ਲਈ ਕਈ ਥਾਈਂ ਹੱਥ ਪੱਲਾ ਮਾਰਿਆ, ਪਰ ਜੈਕ ਨਾ ਹੋਣ ਕਰਕੇ ਨਿਰਾਸ਼ਾ ਹੀ ਪੱਲੇ ਪੈ ਰਹੀ ਸੀ। ਉਸ ਦਾ ਆਪਣੀ ਮਿੱਟੀ ਤੋਂ ਮਨ ਉਚਾਟ ਹੋਣ ਲੱਗਾ।
ਘਰ ਪਰਿਵਾਰ ਦੀ ਮਾਲੀ ਹਾਲਤ ਸੁਧਾਰਨ ਲਈ ਆਖਰ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। ਯੋਗਤਾ ਪੂਰੀ ਹੋਣ ਦੇ ਬਾਵਜੂਦ ਲੋੜੀਂਦੇ ਫੰਡ ਜੁਟਾ ਨਾ ਸਕਣ ਕਾਰਨ ਉਸ ਨੂੰ ਲੇਬਰ ਕੋਟੇ ਵਿੱਚ ਹੀ ਵਿਦੇਸ਼ ਜਾਣਾ ਪਿਆ। ਜਦ ਛਿੰਦੇ ਨੇ ਵਿਦੇਸ਼ੀ ਧਰਤੀ ’ਤੇ ਪੈਰ ਪਾਇਆ ਤਾਂ ਉਸ ਨੂੰ ਆਪਣੇ ਸੁਫ਼ਨੇ ਚਕਨਾਚੂਰ ਹੁੰਦੇ ਜਾਪੇ। ਸਿਰੜੀ ਪਿਓ ਦੇ ਸਿਰੜੀ ਪੁੱਤ ਨੇ ਉੱਥੋਂ ਦੇ ਮਾਹੌਲ ਵਿੱਚ ਢਲਦਿਆਂ ਮਿਹਨਤ ਦਾ ਪੱਲਾ ਫੜ ਲਿਆ। ਕਰੜੇ ਤੋਂ ਕਰੜੇ ਕੰਮਾਂ ਨੂੰ ਵੀ ਸਸਤੀ ਤੋਂ ਸਸਤੀ ਲੇਬਰ ਵਿੱਚ ਹੀ ਕਰਨ ਲਈ ਮਜਬੂਰ ਹੋਣਾ ਪਿਆ। ਆਪਣੀ ਥੋੜ੍ਹੀ ਕਮਾਈ ਵਿੱਚੋਂ ਹੀ ਮੂੰਹ ਬੰਨ੍ਹ ਕੇ ਕੀਤੀ ਬੱਚਤ ਆਪਣੇ ਵਤਨ ਆਪਣੇ ਪਰਿਵਾਰ ਨੂੰ ਭੇਜਦਾ ਤਾਂ ਉਸ ਦਾ ਮੁੱਲ ਕੁਝ ਵੱਧ ਜ਼ਰੂਰ ਪੈ ਜਾਂਦਾ ਸੀ।
ਛਿੰਦੇ ਦੇ ਹਮ ਵਤਨੀ ਕਾਮਿਆਂ ਦੇ ਨਾਲ ਨਾਲ ਪਾਕਿਸਤਾਨੀ ਕਾਮੇ ਵੀ ਸਨ। ਦੋਹਾਂ ਵਤਨਾਂ (ਭਾਰਤ-ਪਾਕ) ਵਿਚਕਾਰ ਖਿੱਚੀ ਗਈ ਫਿਰਕੂ ਲਕੀਰ ਨੂੰ ਭੁੱਲ ਭਲਾ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਇਹ ਸਭ ਕਾਮੇ ਇੱਕ ਸਾਂਝ ਵਜੋਂ ਮਿਲ ਜੁਲ ਕੇ ਰਹਿੰਦੇ ਸਨ ਤੇ ਦੁੱਖ ਸੁੱਖ ਵੀ ਸਾਂਝੇ ਕਰ ਲੈਂਦੇ। ਗੱਲਾਂ ਗੱਲਾਂ ਵਿੱਚ ਆਜ਼ਾਦੀ ਦੇ ਨਾਂ ’ਤੇ ਹੋਈ ਬਰਬਾਦੀ ਦੀ ਗੱਲ ਛਿੜ ਪਈ। ‘‘ਆਜ਼ਾਦੀ ਲਈ ਦੇਸ਼ ਭਗਤਾਂ ਵੱਲੋਂ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇ ਸਗੋਂ ਅੱਗੇ ਵਧ ਕੇ ਆਪ ਮੁਹਾਰੇ ਕੁਰਬਾਨੀਆਂ ਦਿੰਦੇ ਰਹੇ।’’ ਰਹੀਮ ਨੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਫਰੋਲਦਿਆਂ ਗੱਲ ਤੋਰੀ।
‘‘ਫਿਰਕੂ ਨੇਤਾਵਾਂ ਨੇ ਆਜ਼ਾਦੀ ਦੀ ਥਾਂ ਬਰਬਾਦੀ ਸਹੇੜਦਿਆਂ ਭਾਰਤ ਦੇ ਦੋ ਟੁਕੜੇ ਕਰਵਾ ਲਏ।’’ ਪ੍ਰਗਟ ਨੇ ਫਿਰਕੂ ਸਿਆਸਤ ਦੀਆਂ ਕੁਤਰ ਬਾਜ਼ੀਆਂ ਨੂੰ ਉਜਾਗਰ ਕੀਤਾ।
‘‘ਆਜ਼ਾਦੀ ਦੇ ਨਾਂ ’ਤੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਦਾ ਜੋ ਘਾਣ ਹੋਇਆ, ਉਹ ਆਜ਼ਾਦੀ ਦੇ ਇਤਿਹਾਸ ਵਿੱਚ ਲਹੂ ਲਿੱਬੜਿਆ ਪੰਨਾ ਐ।’’ ਇਲਮਦੀਨ ਨੇ ਫਿਰਕੂ ਅੱਗ ਦੇ ਸੇਕ ਨੂੰ ਯਾਦ ਕਰਵਾਇਆ।
‘‘ਕੁਝ ਮਰ ਮੁੱਕ ਗਏ ਤੇ ਕੁਝ ਆਪਣਾ ਸਭ ਕੁਝ ਗਵਾ ਕੇ ਮਰਿਆ ਵਰਗੇ ਹੋ ਗਏ ਸਨ.ਨਾ ਉਹ ਮਰਿਆਂ ਵਿੱਚ ਤੇ ਨਾ ਉਹ ਜਿਊਂਦਿਆਂ ਵਿੱਚ.।’’ ਘੀਤੇ ਨੇ ਉਜਾੜੇ ਦੇ ਸ਼ਿਕਾਰ ਆਪਣੇ ਪਿਓ-ਦਾਦਿਆਂ ਦੀ ਵਿਥਿਆ ਨੂੰ ਯਾਦ ਕਰਦਿਆਂ ਇੱਕ ਲੰਮਾ ਹਉਕਾ ਭਰਿਆ।
‘‘ਚਲੋ ਜੋ ਵੀ ਹੋਇਆ.ਹੋਇਆ ਤਾਂ ਬਹੁਤ ਮਾੜਾ ਈ, ਪਰ ਉਨ੍ਹਾਂ ਜ਼ਖ਼ਮ ਨੂੰ ਕੁਰੇਦਣ ਦੀ ਥਾਂ, ਹੁਣ ਹੀ ਦੋਵੇਂ ਮੁਲਕ ਸਾਊ ਗੁਆਂਢੀਆਂ ਵਾਂਗ ਵਸਣ ਤੇ ਰਸਣ। ਜਨਤਾ ਦੀ ਭਲਾਈ ਬਾਰੇ ਸੋਚਣ, ਨਾ ਕਿ ਨਿੱਕੇ ਮੋਟੇ ਕਬਜ਼ਿਆਂ ਨੂੰ ਲੈ ਕੇ ਐਵੇਂ ਹੀ ਸਿੰਗ ਫਸਾਈ ਰੱਖਣ। ਰੀਸ ਕਰਨੀ ਐਂ ਤਾਂ ਆਪਣੇ ਆਪਣੇ ਮੁਲਕਾਂ ਦੇ ਵਿਕਾਸ ਦੀ ਕਰਨ। ਇੱਕ ਦੂਜੇ ਦਾ ਸਹਿਯੋਗ ਕਰਨ, ਨਾ ਕਿ ਤਿੰਗੜ ਤਿੰਗੜ ਕੇ ਇੱਕ ਦੂਜੇ ਨੂੰ ਮਰਨ ਮਾਰਨ ਲਈ ਮਾਰੂ ਹਥਿਆਰ ਖ਼ਰੀਦਣ ’ਤੇ ਜ਼ੋਰ ਦੇਈ ਜਾਣ। ਗੱਦੀ ਬਚਾਉਣ ਲਈ ਖੇਡੀਆਂ ਸਿਆਸੀ ਖੇਡਾਂ ਦੋਵਾਂ ਦੇਸ਼ਾਂ ਲਈ ਘਾਟੇ ਦਾ ਸੌਦਾ ਹੀ ਆ। ਨਾਲੇ ਇਹ ਕਿਹੜੇ ਕਾਇਦੇ ਕਾਨੂੰਨ ਵਿੱਚ ਲਿਖਿਐ ਕਿ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਦਾ ਟੈਕਸ ਰੂਪ ਬੇਹਤਾਸ਼ਾ ਸਰਮਾਇਆ ਭੰਗ ਦੇ ਭਾਅ ਹਥਿਆਰਾਂ ’ਤੇ ਰੋੜ੍ਹਿਆ ਜਾਵੇ?’’ ਪਵਨ ਕੁਮਾਰ ਨੇ ਦੋਹਾਂ ਪਾਸਿਆਂ ਦੀ ਸਿਆਸੀ ਖਿੱਚੋਤਾਣ ਨੂੰ ਕੋਸਿਆ।
‘‘ਕਿਸੇ ਵੇਲੇ ਸੋਨ ਚਿੜੀ ਅਖਵਾਉਣ ਵਾਲੀ ਉਸ ਧਰਤੀ ਮਾਂ ਦੇ ਜਾਏ ਦੋਵੇਂ ਦੇਸ਼ਾਂ ਦੀ ਸੱਤਾਧਾਰੀ ਸਿਆਸਤ ਵੰਡ ਵੰਡਾਈ ਤੇ ਕਬਜ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਜਿੰਨਾ ਪੈਸਾ ਫੌਜੀ ਸ਼ਕਤੀ ’ਤੇ ਖ਼ਰਚ ਰਹੇ ਨੇ ਉਹਦਾ ਅੱਧਾ ਹਿੱਸਾ ਹੀ ਆਪਣੇ ਆਪਣੇ ਦੇਸ਼ਾਂ ਦੀ ਖੁਸ਼ਹਾਲੀ ਵਾਸਤੇ ਖ਼ਰਚਣ ਤਾਂ ਸਾਡੇ ਵਰਗਿਆਂ ਅਨੇਕਾਂ ਬੇਰੁਜ਼ਗਾਰਾਂ ਨੂੰ ਰੋਜ਼ੀ ਰੋਟੀ ਲਈ ਘਰ ਪਰਿਵਾਰ ਛੱਡ ਕੇ ਵਿਦੇਸ਼ਾਂ ਦੀ ਖ਼ਾਕ ਨਾ ਛਾਣਨੀ ਪਵੇ। ਅਸੀਂ ਵੀ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਗੁੱਲੀ, ਕੁੱਲੀ, ਜੁੱਲੀ ਦੀ ਪੂਰਤੀ ਕਰਦੇ ਹੋਏ ਆਪਣੇ ਮੁਲਕਾਂ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਰਹੀਏ।’’ ਭਜਨ ਸਿੰਘ ਨੇ ਦੋਹਾਂ ਮੁਲਕਾਂ ਦੇ ਸਿਆਸੀ ਨਿਜ਼ਾਮ ’ਤੇ ਟਿੱਪਣੀ ਕੀਤੀ।
‘‘ਜਦ ਵਤਨ ਵਾਸੀ ਲੁੱਟ ਖਸੁੱਟ, ਬੇਇਨਸਾਫ਼ੀ, ਕਾਣੀ ਵੰਡ, ਮਨੁੱਖ ਹੱਥੋਂ ਮਨੁੱਖੀ ਸ਼ੋਸ਼ਣ, ਭ੍ਰਿਸ਼ਟਾਚਾਰ, ਸਿਆਸੀ ਲੂੰਬੜ ਚਾਲਾਂ, ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਫ਼ਿਰਕੂ ਰੰਗਾਂ, ਜਾਤ-ਪਾਤ, ਨਸ਼ਿਆਂ-ਪੱਤਿਆਂ ਆਦਿ ਬੁਰਾਈਆਂ ਤੋਂ ਮੁਕਤ ਹੋ ਕੇ ਫਰਜ਼ਾਂ ਤੇ ਅਧਿਕਾਰਾਂ ਦੇ ਸੁਮੇਲ ਰੂਪੀ ਆਜ਼ਾਦੀ ਦਾ ਨਿੱਘ ਮਾਣਨ ਲੱਗ ਪੈਣਗੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਛੋਟੀ ਜਿਹੀ ਜ਼ਿੰਦਗੀ /ਕੁਰਬਾਨੀ ਦਾ ਮੁੱਲ ਪੈ ਗਿਆ।’’ ਛਿੰਦੇ ਨੇ ਆਜ਼ਾਦੀ ਪਰਵਾਨਿਆਂ ਦੀ ਮਹਾਨ ਸੋਚ ਤੇ ਉਨ੍ਹਾਂ ਵੱਲੋਂ ਲਏ ਸੁਫ਼ਨਿਆਂ ਨੂੰ ਯਾਦ ਕੀਤਾ। ਅਜਿਹਾ ਕੁਝ ਵਿਚਾਰਦਿਆਂ ਕਾਫ਼ੀ ਰਾਤ ਹੋ ਚੁੱਕੀ ਸੀ ਤੇ ਸਵੇਰੇ ਕੰਮਕਾਰ ਲਈ ਵੇਲੇ ਸਿਰ ਉੱਠਣਾ ਵੀ ਸੀ। ਸੋ ਸਾਰੇ ਹੀ ਆਪਣੇ ਆਪਣੇ ਬਿਸਤਰਿਆਂ ’ਤੇ ਜਾ ਲੇਟੇ। ਬਿਸਤਰੇ ਵੀ ਕਾਹਦੇ ਸੀ ? ਘੁੱਟਵੇਂ ਜਿਹੇ ਕਮਰੇ ਵਿੱਚ ਹੇਠਾਂ ਉੱਪਰ ਕਈ ਕਈ ਖਾਨੇ ਬਣੇ ਸਨ। ਇੱਕ ਖਾਨਾ ਹਰੇਕ ਕਾਮੇ ਲਈ ਉਹੀ ਬਿਸਤਰਾ ਤੇ ਉਹੀ ਸਾਮਾਨ ਰੱਖਣ ਵਾਲਾ ਸਟੋਰ। ਰੋਗਾਂ ਦੇ ਘਰ ਬਣੇ ਅਜਿਹੇ ਫਲੈਟਾਂ ਵਿੱਚ ਰਹਿ ਰਹਿ ਕੇ ਕਾਮੇ ਤਰ੍ਹਾਂ ਤਰ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਝੇਲਦਿਆਂ ਪਿੱਛੇ ਘਰ ਪਰਿਵਾਰਾਂ ਦੀ ਨਿੱਘਰੇ ਹਾਲਤਾਂ ਦੀ ਡਕੇ ਡੋਲੇ ਖਾਹ ਰਹੀ ਬੇੜੀ ਨੂੰ ਠੁੰਮਣੇ ਲਾਉਣ ਦੀ ਪੂਰੀ ਵਾਹ ਲਾ ਰਹੇ ਸਨ, ਪਰ ਕੁਝ ਮਾਯੂਸੀ ਦੀ ਹਾਲਤ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਕੇ ਘਰ ਪਰਿਵਾਰ ਨਾਲੋਂ ਟੁੱਟ ਚੁੱਕੇ ਸਨ। ਦੁੱਖ ਸੁੱਖ ਦੇ ਸੁਨੇਹਿਆਂ ਦਾ ਅਦਾਨ ਪ੍ਰਦਾਨ ਵੀ ਤਕਰੀਬਨ ਬੰਦ ਹੋ ਚੁੱਕਾ ਸੀ। ਪਿੱਛੋਂ ਕਈਆਂ ਦੇ ਜਣਦੇ ਮਾਪੇ ਪ੍ਰਦੇਸ ਗਏ ਆਪਣੇ ਜਾਇਆਂ ਨੂੰ ਉਡੀਕ ਉਡੀਕ ਪੱਥਰ ਹੋ ਗਏ ਸਨ ਤੇ ਕਈਆਂ ਦੇ ਸਿਵੇ ਬਲ ਕੇ ਠੰਢੇ ਵੀ ਚੁੱਕੇ ਸਨ। ਜਦ ਉਨ੍ਹਾਂ ਨੂੰ ਆਲੇ ਦੁਆਲਿਓਂ ਆਪਣੇ ਪਰਿਵਾਰਾਂ ਬਾਰੇ ਕੋਈ ਅਜਿਹੀ ਮਨਹੂਸ ਖ਼ਬਰ ਮਿਲਦੀ ਤਾਂ ਉਹ ਡਾਰੋਂ ਵਿੱਛੜੀ ਕੂੰਜ ਵਾਂਗ ਤੜਫ਼ ਕੇ ਰਹਿ ਜਾਂਦੇ।
ਅਜਿਹੇ ਹੀ ਮਾਰੂ ਹਾਲਤ ਦਾ ਸ਼ਿਕਾਰ ਹੋ ਚੁੱਕਾ ਸੀ ਛਿੰਦੇ ਦੇ ਬੈੱਡ ਤੋਂ ਹੇਠਲੇ ਬੈੱਡ ਵਾਲਾ ਰੂਮ ਮੇਟ ਦੀਪ। ਸਵੇਰੇ ਹੁੰਦਿਆਂ ਈ ਸੁੱਕਾ ਬਹਿਆ ਟੁੱਕੜ ਚੱਬਦਿਆਂ ਕਰੀਬ ਸਾਰੇ ਹੀ ਕੰਮਕਾਰ ਲਈ ਨਿਕਲ ਤੁਰੇ ਸਨ। ਜਿੱਥੇ ਉਨ੍ਹਾਂ ਦੇ ਜੁੱਸਿਆਂ ਦਾ ਕੰਮਕਾਰ ਦੀ ਸਮਰੱਥਾ ਅਨੁਸਾਰ ਮੁੱਲ ਪੈਣਾ ਸੀ। ਪਕੇਰੀ ਉਮਰ ਵਾਲਿਆਂ ਨੂੰ ਤਾਂ ਦਿਹਾੜੀ ਉਤੇ ਲਿਜਾਣੋਂ ਹਮੇਸ਼ਾਂ ਨੱਕ ਬੁੱਲ੍ਹ ਵੱਟਿਆ ਜਾਂਦਾ ਤੇ ਕਈ ਵਾਰ ਉਨ੍ਹਾਂ ਨੂੰ ਬਗੈਰ ਦਿਹਾੜੀ ਪਾਇਆਂ ਵਾਪਸ ਹੀ ਮੁੜਨਾ ਪੈਂਦਾ।
‘‘ਉੱਠ ਭਾਊ ਦੀਪ ! ਬਾਈ ਕੰਮ ’ਤੇ ਜਾਣ ਦਾ ਵੇਲਾ ਹੋ ਗਿਆ ਈ।’’ ਛਿੰਦੇ ਨੇ ਉਸ ਨੂੰ ਹਲੂਣਿਆ।
‘‘ਓ ਬਈ ਛਿੰਦੇ! ਮੇਰਾ ਸਰੀਰ ਨ੍ਹੀਂ ਠੀਕ’’ ਆਖਦਿਆਂ ਬੜੀ ਔਖਿਆਈ ਨਾਲ ਉਸ ਨੇ ਪਾਸਾ ਵੱਟਿਆ।
‘‘ਭਾਊ ਦੀਪ ਤੈਨੂੰ ਤਾਂ ਬਹੁਤ ਹੀ ਬੁਖਾਰ ਐ।’’ ਛਿੰਦੇ ਨੇ ਦੀਪ ਦੇ ਮੱਥੇ ’ਤੇ ਹੱਥ ਧਰਦਿਆਂ ਕਿਹਾ।
‘ਚੱਲ ਭਾਊ...ਪਹਿਲਾਂ ਤੈਨੂੰ ਦਵਾਈ ਦਵਾ ਲਿਆਵਾਂ।’’ ਛਿੰਦੇ ਨੇ ਹਮਦਰਦੀ ਜਤਾਈ।
‘‘ਨਹੀਂ ਬਈ ਛਿੰਦੇ. ਤੂੰ ਮੇਰੇ ਕਰਕੇ ਆਪਣੀ ਦਿਹਾੜੀ ਨਾ ਭੰਨੀ, ਮੇਰਾ ਤਾਂ ਸ਼ਾਇਦ ਹੁਣ ਇਹੋ ਈ ਹਾਲ ਰਹਿਣੈ।’’
‘‘ਵੇਖ ਭਾਊ ਦੀਪ ਇੱਥੇ ਪ੍ਰਦੇਸਾਂ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਆਪਾਂ ਈ ਇੱਕ ਦੂਜੇ ਨੇ ਸਹਾਰਾ ਬਣਨੈ।’’
ਇਹ ਆਖ ਛਿੰਦਾ ਬਦੋ ਬਦੀ ਉਠਾ ਕੇ ਦੀਪ ਨੂੰ ਹਸਪਤਾਲ ਲੈ ਗਿਆ। ਲੋੜੀਂਦੇ ਟੈਸਟ ਹੋਏ ਜਿਨ੍ਹਾਂ ਦੀ ਰਿਪੋਰਟ ਕਿਸੇ ਭਿਆਨਕ ਰੋਗ ਦਾ ਸੰਕੇਤ ਦੇ ਰਹੀ ਸੀ। ਇਸ ਨਾਮੁਰਾਦ ਰੋਗ ਦੀ ਭਿਣਕ ਉਸ ਨੇ ਦੀਪ ਨੂੰ ਤਾਂ ਨਾ ਪੈਣ ਦਿੱਤੀ, ਪਰ ਦੂਜੇ ਸਾਥੀਆਂ ਨੂੰ ਦੱਸ ਕੇ ਉਸ ਦੇ ਇਲਾਜ ਦਾ ਚਾਰਾ ਕਰਨ ਲੱਗ ਪਿਆ। ਹਰ ਕੋਈ ਸਰਦੀ ਬਣਦੀ ਉਗਰਾਹੀ ਦਈ ਜਾਂਦਾ। ਇਸ ਤਰ੍ਹਾਂ ਦੀਪ ਦਾ ਇਲਾਜ ਭਾਵੇਂ ਚੱਲੀ ਜਾਂਦਾ, ਪਰ ਨਾ ਮੁਰਾਦ ਬਿਮਾਰੀ ਦਾ ਜ਼ੋਰ ਵਧਦਾ ਈ ਜਾ ਰਿਹਾ ਸੀ। ਛਿੰਦੇ ਨੂੰ ਜਿੰਨਾ ਵੀ ਸਮਾਂ ਮਿਲਦਾ, ਉਹ ਦੀਪ ਦੀ ਸਾਂਭ ਸੰਭਾਲ ਕਰਨ ’ਤੇ ਲਾਉਣ ਦਾ ਯਤਨ ਕਰਦਾ। ਇੱਕ ਦਿਨ ਛਿੰਦਾ ਦੀਪ ਦੇ ਸਰੀਰ ਦੀ ਮਾਲਿਸ਼ ਕਰ ਰਿਹਾ ਸੀ ਤੇ ਦੀਪ ਆਪਣੀ ਹੱਡਬੀਤੀ ਸੁਣਾਉਣ ਲੱਗ ਪਿਆ।
‘‘ਛੋਟੇ ਵੀਰ, ਜਦੋਂ ਮੈਂ ਜੰਮਿਆ ਸੀ ਤਾਂ ਮ...ਮੇਰੇ...ਮ...ਮਾਪਿਆਂ ਨੇ ਮੇਰਾ ਨਾਂ ਦੀਪ ਰੱਖਿਆ ਸੀ ਦੀਪ, ਭਲਾ ਪੁੱਛ ਕਿਉਂ?’’
‘‘ਕਿਉਂ ਭਾਊ?’’
‘‘ਤਾਂ ਕਿ ਮੈਂ ਵੱਡਾ ਹੋ ਕੇ ਇੱਕ ‘ਦੀਪ’ ਵਾਂਗ ਘਰ ਪਰਿਵਾਰ ਨੂੰ ਰੋਸ਼ਨ ਕਰਾਂ ਰੋਸ਼ਨ। ਬਾਪੂ ਨੇ ਬੜੀਆਂ ਆਸਾਂ ਉਮੀਦਾਂ ਨਾਲ ਆਪਣੀ ਹੈਸੀਅਤ ਤੋਂ ਵੱਧ ਸਹੂਲਤਾਂ ਦੇ ਕੇ ਪਾਲਿਆ ਪੋਸਿਆ। ਚਾਰ ਅੱਖਰ ਉਠਾਲਣ ਲਈ ਉਸ ਜ਼ਮਾਨੇ ਦੇ ਵਧੀਆ ਸਕੂਲ ਵਿੱਚ ਵੀ ਭੇਜਿਆ। ਮੈਂ ਸਕੂਲ ਗਿਆ ਵੀ, ਪਰ ਜਿਉਂ ਜਿਉਂ ਜਵਾਨੀ ਦੇ ਖੰਭ ਨਿਕਲਣੇ ਸ਼ੁਰੂ ਹੋਏ ਤਾਂ ਤਿਉਂ ਤਿਉਂ ਮੇਰੀ ਹੋਸ਼ ਮਾਰੀ ਜਾਣ ਲੱਗੀ।’’ ਦੀਪ ਨੂੰ ਉੱਥੂ ਛਿੜ ਗਿਆ। ਛਿੰਦੇ ਨੇ ਉਸ ਦੇ ਬੁੱਲ੍ਹਾਂ ਨੂੰ ਪਾਣੀ ਲਾਇਆ ਤੇ ਉਸ ਦਾ ਦਮ ਕੁਝ ਟਿਕਾਣੇ ਆਇਆ।
ਲੰਮਾਂ ਜਿਹਾ ਸਾਹ ਖਿੱਚ ਕੇ ਬਾਹਰ ਛੱਡਦਿਆਂ ਦੀਪ ਨੇ ਫਿਰ ਅਗਾਂਹ ਗੱਲ ਤੋਰੀ ‘‘ਵਿਗੜੀ ਢਾਣੀ ਵਿੱਚ ਜਾ ਰਲਿਆ, ਉਨ੍ਹਾਂ ਦੇ ਆਖੇ ਮਜ਼ੇ ਮਜ਼ੇ ’ਚ ਨਸ਼ਿਆਂ ਨਾਲ ਯਾਰੀ ਲਾ ਕੇ ਪੁੱਠੇ ਸਿੱਧੇ ਚੱਕਰਾਂ ਵਿੱਚ ਪੈ ਗਿਆ ਤੇ ਮੇਰਾ ਨਾਂ ਵਿਗੜਿਆਂ ਤਿਗੜਿਆਂ ਕਾਕਿਆਂ ਵਿੱਚ ਸ਼ੁਮਾਰ ਹੋ ਗਿਆ. ਨਾਲ ਬਾਹਰ ਵਿਦੇਸ਼ ਜਾਣ ਦਾ ਭੂਤ ਵੀ ਸਵਾਰ ਹੋ ਗਿਆ। ਮਾਪਿਆਂ ਦੇ ਗਲ਼ ਜਾ ਅੰਗੂਠਾ ਦਿੱਤਾ ਕਿ ਮੇਰੇ ਬਾਹਰ ਜਾਣ ਦਾ ਪ੍ਰਬੰਧ ਕਰੋ। ਨਾ ਚਾਹੁੰਦਿਆਂ ਹੋਇਆਂ ਬਾਪੂ ਨੇ ਆਪਣੇ ਚੁੱਲ੍ਹੇ ਚੌਕੇ ਤੱਕ ਗਹਿਣੇ ਰੱਖ ਦਿੱਤਾ ਤੇ ਆਪਣੇ ‘ਦੀਪ’ ਦੀ ਲਾਟ ਜਗਦੀ ਰੱਖਣ ਲਈ ਆਪ ਘਾਹੀਆ ਬਣ ਕੇ ਲਹੂ ਪਸੀਨੇ ਦਾ ਤੇਲ ਪਾਉਣ ਲੱਗਾ। ਏਜੰਟਾਂ ਨੇ ਕਿਸੇ ਵਧੀਆ ਦੇਸ਼ ਭੇਜਣ ਲਈ ਭਾਰੀ ਰਕਮ ਲੈ ਲਈ, ਪਰ ਧੋਖੇ ਨਾਲ ਇੱਥੇ ਲਿਆ ਸੁੱਟਿਆ।’’ ਦੀਪ ਨੇ ਦੁੱਖ ਫਰੋਲਿਆ।
‘‘ਇੱਥੇ ਆ ਕੇ ਵੀ ਮੇਰੇ ਭਉਂ ਨਹੀਂ ਸਨ ਲੱਥੇ. ਨਸ਼ੇ ਦੇ ਨਾਲ ਨਾਲ ਹਵਸ ਪੂਰੀ ਕਰਨ ਲਈ ਏਧਰ ਓਧਰ ਖੁਰਲੀਆਂ ਵਿੱਚ ਮੂੰਹ ਵੀ ਮਾਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਬਹੁਤੀ ਹੁੰਦੀ ਕਮਾਈ ਨੂੰ ਆਪਣੇ ਐਸ਼ਾਂ ਲਈ ਪਾਣੀ ਵਾਂਗ ਰੋੜ੍ਹਿਆ.ਪਾਣੀ ਵਾਂਗ.ਤੇ ਇੱਕ ਢੇਲਾ ਵੀ ਪਿੱਛੇ ਨਾ ਭੇਜਿਆ। ਵਿਆਜ ਨਾਲ ਹੁੰਦੀ ਜਾਂਦੀ ਕਰਜ਼ੇ ਦੀ ਭਾਰੀ ਪੰਡ ਨੇ ਬਾਪੂ ਦਾ ਲੱਕ ਤੋੜ ਕੇ ਰੱਖ ਦਿੱਤਾ ਤੇ ਆਖਰ ਉਹ ਮੰਜੇ ’ਤੇ ਪੈ ਗਿਆ। ਥੋੜ੍ਹੀ ਥੋੜ੍ਹੀ ਵਿੱਥ ’ਤੇ ਬਾਪੂ-ਬੇਬੇ ਦੋਵੇਂ ਹੀ ਚੱਲ ਵੱਸੇ, ਪਰ ਉਨ੍ਹਾਂ ਦਾ ‘ਦੀਪ’ ਉਨ੍ਹਾਂ ਦੇ ਸਿਵੇ ਜਲਾਉਣ ਵੀ ਨਾ ਪਹੁੰਚਿਆ। ਮਾਂ-ਪਿਓ ਜਾਈਆਂ ਛੋਟੀਆਂ ਭੈਣਾਂ ਰਾਣੋ ਤੇ ਹੰਸੋ ਪਤਾ ਨਹੀਂ ਕਿਸ ਹਾਲਤ ਵਿੱਚ ਹੋਣਗੀਆਂ, ਕਿੱਥੇ ਠੋਕਰਾਂ ਖਾ ਰਹੀਆਂ ਹੋਣਗੀਆਂ।’’ ਦੀਪ ਦੇ ਗਲ਼ੇ ਵਿੱਚ ਖੰਗਾਰ ਫਸਣ ਕਰ ਕੇ ਬਾਕੀ ਦੀ ਗੱਲ ਵਿੱਚ ਹੀ ਅੜਕ ਗਈ।
‘‘ਏਧਰ ਓਧਰ ਖੁਰਲੀ ਵਿੱਚ ਮੂੰਹ ਮਾਰਨਾ’’ ਦੀ ਗੱਲ ਸੁਣ ਕੇ ਛਿੰਦੇ ਨੂੰ ਸਮਝ ਆ ਗਈ ਸੀ ਕਿ ਨਾ ਮੁਰਾਦ ਬਿਮਾਰੀ ਏਡਜ਼ ਦਾ ਦੀਪ ਕਿਵੇਂ ਸ਼ਿਕਾਰ ਬਣਿਆ ਸੀ। ਇਹ ਰੋਗ ਆਖ਼ਰੀ ਸਟੇਜ ’ਤੇ ਹੋਣ ਕਾਰਨ ਕੋਈ ਦਵਾਈ ਅਸਰ ਨਹੀਂ ਕਰ ਰਹੀ ਸੀ।
ਖੰਘੂਰੇ ਨਾਲ ਗਲ਼ਾ ਸਾਫ਼ ਕਰਦਿਆਂ ਦੀਪ ਨੇ ਫਿਰ ਉੱਖੜੇ ਜਿਹੇ ਸਾਹ ਨਾਲ ਆਖਣਾ ਸ਼ੁਰੂ ਕੀਤਾ ‘‘ਹੁਣ ਜਦੋਂ ਵੀ ਮੇਰੀ ਅੱਖ ਲੱਗਦੀ ਆ ਨਾ., ਉਦੋਂ ਹੀ ਇਹ ਭਖਲਾਅ ਜਿਹਾ ਆਉਂਦਾ ਹੈ ਜਿਵੇਂ ਇੱਕ ਬਜ਼ੁਰਗ ਜੋੜਾ ‘ਦੀਪ’ ਦੀ ਲਾਟ ਨੂੰ ਘੁੱਟ ਘੁੱਟ ਕੇ ਜੱਫੀਆਂ ਪਾਉਂਦਾ ਹੋਇਆ ਖ਼ੁਦ ਹੀ ਬਲਣਾ ਸ਼ੁਰੂ ਕਰ ਦਿੰਦੈ।’’ ਆਖਦਿਆਂ ਹੀ ਦੀਪ ਦੇ ਜੀਵਨ ਦੀ ਲਾਟ ਵੀ ਡਾਵਾਂ ਡੋਲ ਹੋਣ ਲੱਗ ਪਈ ਤੇ ਸਾਹ ਏਨਾ ਉੱਖੜ ਗਿਆ ਕਿ ਦੀਪ ਦੇ ਜੀਵਨ ਦਾ ਦੀਵਾ ਇਕਦਮ ਬੁਝ ਗਿਆ।
ਬੁਝੇ ਹੋਏ ਦੀਵੇ (ਦੀਪ) ਦੇ ਅਗਲੇ ਪਿਛਲੇ ਥਹੁ ਟਿਕਾਣੇ ਬਾਰੇ ਕੋਈ ਅਤਾ ਪਤਾ ਨਾ ਹੋਣ ਕਰਕੇ ਛਿੰਦੇ ਤੇ ਸਾਥੀਆਂ ਨੂੰ ਭਰੇ ਮਨਾਂ ਨਾਲ ਦੀਪ ਦੀ ਅੰਤਿਮ ਕਿਰਿਆ ਦੀਆਂ ਰਸਮਾਂ ਨੂੰ ਉੱਥੇ ਹੀ ਪੂਰਾ ਕਰਨ ਲਈ ਮਜਬੂਰ ਹੋਣਾ ਪਿਆ।
ਸੰਪਰਕ: 61430204832