ਕੈਂਸਰ ਪ੍ਰਤੀ ਜਾਗਰੂਕਤਾ ਲਈ ਸਾਈਕਲ ਰੈਲੀ
ਸਰੀ: ਕੈਨੇਡੀਅਨ ਕੈਂਸਰ ਸੁਸਾਇਟੀ ਵੱਲੋਂ ਲਾਅ ਇਨਫੋਰਸਮੈਂਟ ਅਤੇ ਐਮਰਜੈਂਸੀ ਸਰਵਿਸਿਜ ਦੇ ਸਹਿਯੋਗ ਨਾਲ ‘ਕੌਪਸ ਫਾਰ ਕੈਂਸਰ’ ਸਾਈਕਲ ਰੈਲੀ ਕੀਤੀ ਗਈ। ਇਹ ਰੈਲੀ ਵੈਨਕੂਵਰ ਆਈਲੈਂਡ ਦੇ ਨਨੈਮੋ, ਵਿਕਟੋਰੀਆ, ਲੋਅਰ ਮੇਨਲੈਂਡ, ਸਨਸ਼ਾਈਨ ਕੋਸਟ ਅਤੇ ਸੀ ਟੂ ਸਕਾਈ ਕੌਰੀਡੋਰ ਵਿੱਚ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਇਹ ਰੈਲੀ ਵੈਨਕੂਵਰ ਆਈਲੈਂਡ ਵਿਖੇ ਕੀਤੀ ਗਈ ਜਿਸ ਦੌਰਾਨ ਸਾਈਕਲ ਚਲਾਉਣ ਵਾਲੇ ਜਵਾਨਾਂ ਨੇ ਨਨੈਮੋ ਵਿਖੇ ਪੜਾਅ ਕੀਤਾ।
ਰੈਲੀ ਦੌਰਾਨ ਕਰੀਬ ਦੋ ਦਰਜਨ ਸਾਈਕਲ ਸਵਾਰ ‘ਕੌਪਸ ਫਾਰ ਕੈਂਸਰ’ ਵਾਲੀਆਂ ਇੱਕੋ ਰੰਗ ਦੀਆਂ ਟੀ ਸ਼ਰਟਾਂ ਪਹਿਨ ਕੇ ਇੱਕੋ ਲਾਈਨ ਵਿੱਚ ਸਾਈਕਲ ਚਲਾ ਰਹੇ ਸਨ। ਇਨ੍ਹਾਂ ਦੇ ਅੱਗੇ ਮੋਟਰਸਾਈਕਲਾਂ ’ਤੇ ਸਵਾਰ ਕੈਨੇਡੀਅਨ ਪੁਲੀਸ ਦੇ ਜਵਾਨ ਆਪਣੀਆਂ ਵਿਸ਼ੇਸ਼ ਲਾਈਟਾਂ ਲਗਾ ਕੇ ਜਾ ਰਹੇ ਸਨ ਅਤੇ ਇਸ ਦੇ ਪਿੱਛੇ ਕਈ ਗੱਡੀਆਂ ਪੁਲੀਸ ਜਵਾਨਾਂ ਤੋਂ ਇਲਾਵਾ ਐਂਬੂਲੈਂਸ ਵੀ ਕਾਫ਼ਲੇ ਮਗਰ ਚੱਲ ਰਹੀ ਸੀ। ਇਹ ਰੈਲੀ ਨਨੈਮੋ ਤੋਂ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੱਕ ਸੜਕੀ ਰਸਤੇ ਪੁੱਜੀ।
ਸਾਈਕਲ ਰੈਲੀ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਹੋਣ ਵਾਲੇ ਕੈਂਸਰ ’ਤੇ ਖੋਜ ਕਰਨ ਅਤੇ ਜਾਗਰੂਕਤਾ ਸਬੰਧੀ ਕੈਂਪ ਲਗਾਉਣ ਲਈ ਫੰਡ ਇਕੱਤਰ ਕਰਨਾ ਹੈ। ਇਸ ਤੋਂ ਬਿਨਾਂ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੰਡ ਦਾ ਪ੍ਰਬੰਧ ਕਰਨਾ ਹੀ ਮੁੱਖ ਉਦੇਸ਼ ਹੈ। ਵੱਖ-ਵੱਖ ਖਿੱਤਿਆਂ ਦੇ ਲੋਕਾਂ ਵੱਲੋਂ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸੁਸਾਇਟੀ ਦੇ ਬੁਲਾਰੇ ਅਨੁਸਾਰ ਇਹ ਰੈਲੀਆਂ ਫੰਡ ਇਕੱਤਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀਆਂ ਜਾ ਰਹੀਆਂ ਹਨ। ਕੌਪਸ ਫਾਰ ਕੈਂਸਰ ਸਬੰਧੀ ਵਿਸ਼ਾਲ ਪ੍ਰੋਗਰਾਮ 15 ਤੋਂ 20 ਸਤੰਬਰ ਤੱਕ ਉਲੀਕਿਆ ਗਿਆ ਹੈ ਜਿਸ ਵਿੱਚ 2 ਲੱਖ 85 ਹਜ਼ਾਰ ਤੱਕ ਦਾ ਫੰਡ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਦਕਿ ਹੁਣ ਤੱਕ 1 ਲੱਖ 33 ਹਜ਼ਾਰ 657 ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ।
ਸੰਪਰਕ: 77898-09196